ਅਲੋਪ ਹੁੰਦਾ ਜਾ ਰਿਹੈ ਸਿਆਲ ’ਚ ਧੂਣੀ ਸੇਕਣ ਦਾ ਰਿਵਾਜ
Published : Jan 15, 2021, 8:33 am IST
Updated : Jan 15, 2021, 8:33 am IST
SHARE ARTICLE
Winter
Winter

ਭਾਵੇਂ ਅੱਜ ਬਾਜ਼ਾਰ ਵਿਚ ਅਨੇਕਾਂ ਪ੍ਰਕਾਰ ਦੇ ਇਲੈਕਟ੍ਰਾਨਿਕ ਹੀਟਰ ਆ ਗਏ ਹਨ ਪਰ ਜੋ ਨਜ਼ਾਰਾ ਪਿੰਡਾਂ ਵਿਚ ਲੋਕਾਂ ਦੁਆਰਾ ਇਕੱਠੇ ਹੋ ਕੇ ਧੂਣੀ ਸੇਕਣ ਦਾ ਹੁੰਦਾ ਸੀ...

ਪੰਜਾਬ ਵਿਚ ਤਕਰੀਬਨ ਹਰ ਵਾਰ ਨਵੰਬਰ ਮਹੀਨੇ ਤੋਂ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਜੋ ਲਗਾਤਾਰ ਫ਼ਰਵਰੀ-ਮਾਰਚ ਤਕ ਜਾਰੀ ਰਹਿੰਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਤਕਰੀਬਨ ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤਕ ਪੰਜਾਬ ਵਿਚ ਸਰਦੀ ਅਪਣਾ ਬੇਹੱਦ ਜ਼ੋਰ ਵਿਖਾਉਂਦੀ ਹੈ। ਬਹੁਤ ਵਾਰ ਇਨ੍ਹਾਂ ਦਿਨਾਂ ਵਿਚ ਤਾਪਮਾਨ ਦਾ ਸੈਲਸੀਅਸ ਪਾਰਾ ਬੇਹੱਦ ਹੇਠ ਚਲਿਆ ਜਾਂਦਾ ਹੈ। ਕਈ ਵਾਰ ਤਾਂ ਅਸੀ ਅਕਸਰ ਹੀ ਵੇਖਦੇ ਹਾਂ ਕਿ ਇਨ੍ਹਾਂ ਮਹੀਨਿਆਂ ਦੌਰਾਨ ਕਈ-ਕਈ ਦਿਨ ਪੰਜਾਬ ਵਿਚ ਸੰਘਣੀ ਧੁੰਦ ਹੀ ਛਾਈ ਰਹਿੰਦੀ ਹੈ ਜਿਸ ਨਾਲ ਹਰ ਕੋਈ ਠਰੂੰ-ਠਰੂੰ ਕਰਨ ਲਈ ਮਜਬੂਰ ਹੋ ਜਾਂਦਾ ਹੈ। 

WinterWinter

ਠੰਢ ਤੋਂ ਬਚਣ ਲਈ ਭਾਵੇਂ ਅੱਜ ਬਾਜ਼ਾਰ ਵਿਚ ਅਨੇਕਾਂ ਪ੍ਰਕਾਰ ਦੇ ਇਲੈਕਟ੍ਰਾਨਿਕ ਹੀਟਰ ਆ ਗਏ ਹਨ ਪਰ ਜੋ ਨਜ਼ਾਰਾ ਪਿੰਡਾਂ ਵਿਚ ਲੋਕਾਂ ਦੁਆਰਾ ਇਕੱਠੇ ਹੋ ਕੇ ਧੂਣੀ ਸੇਕਣ ਦਾ ਹੁੰਦਾ ਸੀ, ਉਹ ਅੱਜ ਸਮੇਂ ਦੀ ਤੇਜ਼ ਹਨੇਰੀ ਅੰਦਰ ਕਿਤੇ ਦੂਰ ਉੱਡ-ਪੁੱਡ ਗਿਆ ਪ੍ਰਤੀਤ ਹੁੰਦਾ ਹੈ। ਅੱਜ ਤੋਂ ਜੇਕਰ ਕੁੱਝ ਸਾਲ ਪਹਿਲਾਂ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਇਨ੍ਹਾਂ ਠੰਢ ਦੇ ਦਿਨਾਂ ਵਿਚ ਅਕਸਰ ਹੀ ਲੋਕਾਂ ਵਲੋਂ ਕਿਸੇ ਸਾਂਝੀ ਥਾਂ ਜਾਂ ਅਪਣੇ ਦਰਵਾਜ਼ੇ ਅੱਗੇ ਬਾਹਰ ਗਲੀ ਵਿਚ ਗੋਹੇ ਦੀਆਂ ਪਾਥੀਆਂ ਬਾਲ ਕੇ ਸਵੇਰੇ-ਸਵੇਰੇ ਧੂਣੀ ਸੇਕਣੀ ਸ਼ੁਰੂ ਕਰ ਦਿਤੀ ਜਾਂਦੀ ਹੈ।

Winter SeasonWinter Season

ਹੌਲੀ-ਹੌਲੀ ਆਂਢ-ਗੁਆਂਢ ਤੇ ਹੋਰ ਪਿੰਡ ਵਿਚੋਂ ਲੋਕ ਅਪਣੇ ਘਰਾਂ ਵਿਚੋਂ ਥੋੜਾ-ਥੋੜਾ ਬਾਲਣ (ਪਾਥੀਆਂ, ਲੱਕੜਾਂ, ਹਰਹਰ, ਛਟੀਆਂ) ਲਿਆ ਕੇ ਇਸ ਧੂਣੀ ਉਪਰ ਅਪਣੀ ਹਾਜ਼ਰੀ ਜ਼ਰੂਰ ਲਗਾਇਆ ਕਰਦੇ ਸਨ। ਧੂਣੀ ਦੁਆਲੇ ਗੋਲ ਚੱਕਰ ਵਿਚ ਬੈਠੇ ਬਜ਼ੁਰਗਾਂ, ਨੌਜੁਆਨਾਂ ਤੇ ਬਚਿਆਂ ਵਲੋਂ ਘੰਟਾ-ਘੰਟਾ ਇਕੱਠੇ ਬੈਠ ਕੇ ਵੱਖ-ਵੱਖ ਵਿਸ਼ਿਆਂ ਤੇ ਖ਼ੂਬ ਵਿਚਾਰਾਂ ਅਤੇ ਹਾਸਾ-ਠੱਠਾ ਕੀਤਾ ਜਾਇਆ ਕਰਦਾ ਸੀ। ਇਸ ਧੂਣੀ ਦੁਆਲੇ ਹੁੰਦੀਆਂ ਆਪਸੀ ਗੱਲਾਂਬਾਤਾਂ ਦੌਰਾਨ ਬੱਚਿਆਂ ਅਤੇ ਨੌਜੁਆਨਾਂ ਨੂੰ ਅਪਣੇ ਬਜ਼ੁਰਗਾਂ ਦੇ ਤਜਰਬਿਆਂ  ਵਿਚੋਂ ਬਹੁਤ ਕੁੱਝ ਸਿਖਣ ਨੂੰ ਮਿਲ ਜਾਇਆ ਕਰਦਾ ਸੀ। ਹੋਰ ਤਾਂ ਹੋਰ ਲੋਕਾਂ ਦੇ ਛੋਟੇ-ਮੋਟੇ ਗਿਲੇ-ਸ਼ਿਕਵੇ ਵੀ ਬਜ਼ੁਰਗਾਂ ਵਲੋਂ ਪਿਆਰ ਦੀ ਇਕ ਝਿੜਕ ਨਾਲ ਇਸ ਧੂਣੀ ਦੀ ਅੱਗ ਵਿਚ ਹੀ ਭਸਮ ਕਰ ਦਿਤੇ ਜਾਂਦੇ ਸਨ।

Winter SeasonWinter Season

ਪਰ ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਾਹਲ ਦੀ ਇਸ ਜ਼ਿੰਦਗੀ ਵਿਚ ਕਿਸੇ ਕੋਲ ਇਕੱਠੇ ਹੋ ਕੇ ਇਨ੍ਹਾਂ ਧੂਣੀਆ ਨੂੰ ਸੇਕਣ ਦਾ ਸਮਾਂ ਹੀ ਨਹੀਂ ਰਿਹਾ। ਹਰ ਕੋਈ ਅਪਣੇ ਕੰਮ ਧੰਦਿਆਂ ਵਿਚ ਬੇਹੱਦ ਮਸ਼ਰੂਫ਼ ਨਜ਼ਰ ਆ ਰਿਹਾ ਹੈ। ਪਬਲਿਕ ਸਕੂਲਾਂ ਵਿਚ ਪੜ੍ਹਾਉਣ ਦੀ ਹੋੜ ਵਿਚ ਮਾਪਿਆਂ ਵਲੋਂ ਅਪਣੇ ਛੋਟੇ-ਛੋਟੇ ਬੱਚਿਆਂ ਨੂੰ ਸਵੇਰੇ-ਸਵੇਰੇ ਜਲਦੀ-ਜਲਦੀ ਤਿਆਰ ਕਰ ਕੇ ਅੱਖਾਂ ਮਲਦਿਆਂ ਹੀ ਸ਼ਹਿਰ ਦੇ ਸਕੂਲਾਂ ਦੀਆਂ ਵੈਨਾਂ ਵਿਚ ਚਾੜ੍ਹ ਦਿਤਾ ਜਾਂਦਾ ਹੈ, ਜੋ ਸਾਰਾ ਦਿਨ ਸਕੂਲ ਗੁਜ਼ਾਰ ਕੇ ਅਤੇ ਕੁੱਝ ਸਮਾਂ ਟਿਊਸ਼ਨ ਪੜ੍ਹ ਕੇ ਸ਼ਾਮਾਂ ਨੂੰ ਘਰ ਪਰਤਦੇ ਹਨ।

winter in DelhiWinter

ਇਸ ਤਰ੍ਹਾਂ ਕਈ ਬੱਚੇ ਹਫ਼ਤਾ-ਹਫ਼ਤਾ ਅਪਣੇ ਚਾਚੇ-ਤਾਇਆਂ ਅਤੇ ਦਾਦਾ-ਦਾਦੀ ਨਾਲ ਪੂਰੀ ਤਰ੍ਹਾਂ ਗੱਲ ਵੀ ਨਹੀਂ ਕਰ ਪਾਉਂਦੇ ਜਿਸ ਨਾਲ ਬੱਚਿਆਂ ਵਿਚ ਅਪਣੇ ਵੱਡਿਆਂ ਲਈ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ ਪਰ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਰ ਕੇ ਬੱਚਿਆਂ ਵਿਚ ਮਿਲਵਰਤਨ ਵਾਲਾ ਰਵਈਆ ਕੁੱਝ ਹੱਦ ਤਕ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌੜ ਭੱਜ ਦੀ ਜ਼ਿੰਦਗੀ ਵਿਚ ਅਸੀ ਅਕਸਰ ਹੀ ਵੇਖਦੇ ਹਾਂ ਕਿ ਅਜੋਕਾ ਮਨੁੱਖ ਬੜਾ ਗੁੱਸੇਖੋਰ ਅਤੇ ਮਤਲਬੀ ਜਿਹਾ ਹੁੰਦਾ ਜਾ ਰਿਹਾ ਹੈ। 

Relief from winter Winter

ਅਜਕਲ ਅਪਣਾ ਦੁੱਖ-ਸੁੱਖ ਇਕ ਦੂਜੇ ਨਾਲ ਸਾਂਝਾ ਕਰਨ ਦੀ ਬਜਾਏ ਅਪਣੇ ਆਪ ਨਾਲ ਗੱਲਾਂ ਕਰਨੀਆਂ ਲੋਕਾਂ ਦਾ ਸੁਭਾਅ ਜਿਹਾ ਬਣਦਾ ਜਾ ਰਿਹਾ ਹੈ। ਸਹਿਣਸ਼ੀਲਤਾ ਦੀ ਘਾਟ ਕਾਰਨ ਕਿਸੇ ਦੁਆਰਾ ਹਾਸੇ-ਠੱਠੇ ਵਿਚ ਆਖੀ ਕਿਸੇ ਗੱਲ ਨੂੰ ਬਰਦਾਸ਼ਤ ਕਰਨਾ ਅਜੋਕੀ ਨੌਜੁਆਨ ਪੀੜ੍ਹੀ ਦੇ ਵੱਸ ਤੋਂ ਪਰੇ ਦੀ ਗੱਲ ਬਣਦੀ ਜਾ ਰਹੀ ਹੈ। ਸੋ ਸਾਨੂੰ ਸੱਭ ਨੂੰ ਇਸ ਰੁਝੇਵਿਆਂ ਭਰੀ ਜ਼ਿਦਗੀ ਵਿਚੋਂ ਕੁੱਝ ਪਲ ਅਪਣੇ ਪ੍ਰਵਾਰਾਂ ਦੇ ਨਾਲ-ਨਾਲ ਅਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਲਈ ਵੀ ਕਢਣੇ ਚਾਹੀਦੇ ਹਨ ਤਾਕਿ ਦਿਨ-ਬ-ਦਿਨ ਬਿਖਰਦੀ ਜਾ ਰਹੀ ਪਿੰਡਾਂ ਵਿਚਲੀ ਆਪਸੀ ਭਾਈਚਾਰਕ ਸਾਂਝ ਨੂੰ ਸਮੇਂ ਸਿਰ ਬਚਾਇਆ ਜਾ ਸਕੇ।

ਸੰਪਰਕ : 94654-11585
ਰਾਜਾ ਗਿੱਲ ‘ਚੜਿੱਕ’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement