
ਸ੍ਰੀ ਅਖੰਡ ਪਾਠ ਸਾਹਿਬ ਸਮੇਂ ਬਾਣੀ ਪੜ੍ਹਨ ਦੀ ਸੇਵਾ ਨਿਭਾਉਂਦਿਆਂ ਇਹ ਸ਼ਬਦ ਦਾਸ ਦੇ ਧਿਆਨ ਗੋਚਰੇ ਆਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1038 ਉਪਰ ‘ਮਾਰੂ ਮਹਲਾ1॥’
ਕੁੱਝ ਦਿਨ ਪਹਿਲਾਂ ਇਕ ਲੇਖਕ ਸਾਹਬ ਜੀ ਦਾ ਸੋਮਵਾਰ ਦੀ ਸੰਪਾਦਕੀ ਪਾਠਕਾਂ ਵਲੋਂ ਵਿਚ ਇਕ ਲੇਖ ਸਪੋਕਸਮੈਨ ’ਚ ਛਪਿਆ ਸੀ, ਜਿਸ ਵਿਚ ਇਹ ਜਾਣਕਾਰੀ ਦਿਤੀ ਗਈ ਸੀ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਕ ਵਾਰ ਵੀ ‘ਅਕਾਲ ਪੁਰਖੁ’ ਸ਼ਬਦ ਵਰਤੋਂ ’ਚ ਨਹੀਂ ਆਇਆ।
Guru Granth Sahib Ji
ਮੈਨੂੰ ਲੇਖਕ ਸਾਹਬ ਦਾ ਨਾਮ ਜਾਂ ਉਸ ਤਰੀਕ ਦਾ ਚੇਤਾ ਤਾਂ ਨਹੀਂ ਇਸ ਵਕਤ ਕਿਉਂਕਿ ਮੈਂ ਵੀ ਇਹ ਮੰਨ ਹੀ ਲਿਆ ਸੀ ਕਿ ‘ਸਪੋਕਸਮੈਨ’ ਵਿਚ ਛਪੀ ਹੈ ਤਾਂ ਜ਼ਰੂਰ ਹੀ ਠੀਕ ਜਾਣਕਾਰੀ ਹੋਵੇਗੀ ਪਰ ਹੁਣੇ ਹੀ ਧੰਨ ਬਾਬਾ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਧਰਮਸ਼ਾਲਾ ਅੰਬੇਡਕਰ ਨਗਰ, ਨੇੜੇ ਬਾਬਾ ਥਾਨ ਸਿੰਘ ਚੌਕ, ਲੁਧਿਆਣਾ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਸਮੇਂ ਬਾਣੀ ਪੜ੍ਹਨ ਦੀ ਸੇਵਾ ਨਿਭਾਉਂਦਿਆਂ ਇਹ ਸ਼ਬਦ ਦਾਸ ਦੇ ਧਿਆਨ ਗੋਚਰੇ ਆਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1038 ਉਪਰ ‘ਮਾਰੂ ਮਹਲਾ1॥’
Guru Granth Sahib Ji
ਸਿਰਲੇਖ ਨਾਲ ਇਹ ਸ਼ਬਦ ਇਸ ਤਰ੍ਹਾਂ ਹੈ, ‘‘ਜਹ ਦੇਖਾ ਤਹ ਦੀਨ ਦਇਆਲਾ...॥ ਤੂ ਅਕਾਲ ਪੁਰਖ ਨਾਹੀ ਸਿਰਿ ਕਾਲਾ॥’’ ਸੁਸ਼ੋਭਿਤ ਹੈ। ਲੇਖਕ ਵੀਰਾਂ ਨੂੰ ਹੱਥ ਜੋੋੜ ਕੇ ਬੇਨਤੀ ਹੈ ਕਿ ਉਹ ਗੁਰਬਾਣੀ ਪ੍ਰਤੀ ਲਿਖਤ ਲਿਖਦਿਆਂ ਪੂਰੀ ਸਾਵਧਾਨੀ ਅਤੇ ਸੁਚੇਤਤਾ ਵਰਤਣ। ਉਸ ਲੇਖ ਨੂੰ ਪੜ੍ਹ ਕੇ ਬਹੁਤ ਜਣਿਆਂ ਦੇ ਵਿਚਾਰ ਬਣ ਗਏ ਹੋਣੇ ਨੇ ਕਿ ਵਾਕਿਆ ਹੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਨਹੀਂ ਆਇਆ ਹੋਵੇਗਾ ਤੇ ਕਈਆਂ ਨੂੰ ਅੱਗੇ ਇਸ ਗੱਲ ਦਾ ਪ੍ਰਚਾਰ ਵੀ ਕੀਤਾ ਹੋਵੇਗਾ, ਇਸ ਤਰ੍ਹਾਂ ਅਗਿਆਨਤਾ ਘਟਣ ਦੀ ਬਜਾਏ ਸਗੋਂ ਵਧੀ।
Guru Granth Sahib Ji
ਮੇਰੀ ਸਪੋਕਸਮੈਨ ਦੇ ਸੰਪਾਦਕ ਜੀ ਨੂੰ ਵੀ ਬੇਨਤੀ ਹੈ ਕਿ ਉਹ ਅਜਿਹੇ ਲੇਖਾਂ ਨੂੰ ‘ਸਪੋਕਸਮੈਨ’ ਵਿਚ ਥਾਂ ਦੇਣ ਤੋਂ ਪਹਿਲਾਂ ਗੁਰਮਤਿ ਦੇ ਕੁੱਝ ਵਿਦਵਾਨਾਂ ਤੋਂ ਉਸ ਲੇਖ ਦੇ ਮੁੱਖ ਨੁਕਤੇ ਪ੍ਰਤੀ ਰਾਏ ਜ਼ਰੂਰ ਲਿਆ ਕਰਨ। ਭਾਵੇਂ ਕਿ ਸ: ਜੋਗਿੰਦਰ ਸਿੰਘ ਜੀ ਗੁਰਬਾਣੀ ਦੇ ਗੂੜ੍ਹ ਗਿਆਤਾ ਅਤੇ ਵਿਦਵਾਨ ਹਨ ਪਰ ਕਈ ਵਾਰ ਕਿਸੇ ਖਾਸ ਸ਼ਬਦ ਬਾਰੇ ਪੂਰੀ ਜਾਣਕਾਰੀ ਚੇਤੇ ਵਿਚ ਰਹਿਣੀ ਮੁਮਕਿਨ ਨਹੀਂ ਹੁੰਦੀ। ਇਸ ਲਈ ਸਾਵਧਾਨੀ ਦੀ ਬਿਰਤੀ ਜ਼ਰੂਰੀ ਹੈ ਕਿਉਂਕਿ ਪਾਠਕ ‘ਸਪੋਕਸਮੈਨ’ ਵਲੋਂ ਦਿਤੀ ਜਾਣਕਾਰੀ ਨੂੰ ਪਰਖਣ ਦੀ ਜ਼ਰੂਰਤ ਨਹੀਂ ਸਮਝਦੇ ਤੇ ਮੰਨਦੇ ਹਨ ਕਿ ‘ਸਪੋਕਸਮੈਨ’ ਦੀ ਜਾਣਕਾਰੀ ਪੂਰੀ ਤਰ੍ਹਾਂ ਵਿਸ਼ਵਾਸ ਕਰਨਯੋਗ ਹੈ।
Rozana Spokesman
ਇਵੇਂ ਹੀ ਪਾਠਕਾਂ ਵਲੋਂ ਸੰਪਾਦਕੀ ਤਹਿਤ ਜਲੰਧਰ ਤੋਂ ਸ: ਦਵਿੰਦਰ ਸਿੰਘ ਜੀ ਦਾ ਲੇਖ ਕਿ ਅਕਾਲ ਤਖ਼ਤ ਸ਼ਬਦ ਇਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਆਇਆ, ਇਸ ਕਰ ਕੇ ਇਸ ਦੀ ਹੋਂਦ ਤੋਂ ਇਨਕਾਰ ਕਰ ਦਿਤਾ। ਭਾਵੇਂ ਇਹ ਦਰੁਸਤ ਹੈ ਕਿ ਇਹ ਸ਼ਬਦ ਗੁਰਬਾਣੀ ਵਿਚ ਨਹੀਂ ਆਇਆ ਤੇ ਇਸ ਦਾ ਪਹਿਲਾ ਪ੍ਰਚਲਤ ਨਾਮ ਵੀ ‘ਅਕਾਲ ਬੁੰਗਾ’ ਵਰਤਿਆ ਦਸਿਆ ਜਾਂਦਾ ਹੈ ਪਰ ਇਹ ਕੈਸੀ ਕਸਵੱਟੀ ਹੈ ਕਿ ਜੇ ਗੁਰਬਾਣੀ ਵਿਚ ਕੋਈ ਸ਼ਬਦ ਨਹੀਂ ਵਰਤਿਆ ਗਿਆ ਤਾਂ ਅਸੀ ਉਸ ਦੀ ਇਤਿਹਾਸਕ ਮਹੱਤਤਾ ਤੇ ਹੋਂਦ ਤੋਂ ਹੀ ਇਨਕਾਰੀ ਹੋ ਜਾਈਏ।
Gurbani
ਇਸ ਤਰ੍ਹਾਂ ਤਾਂ ਗੁਰਬਾਣੀ ਵਿਚ ਗੁਰੂ ਕਾ ਲਾਹੌਰ/ਕੇਸ ਗੜ੍ਹ ਅਸਥਾਨ/ ਚਮਕੌਰ ਸਾਹਿਬ/ ਪੰਜ ਪਿਆਰਿਆਂ ਦਾ, ਇਥੋਂ ਤਕ ਕਿ ‘ਗੁਰੂ ਗੋਬਿੰਦ ਸਿੰਘ’ ਸ਼ਬਦ ਦਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਨਹੀਂ ਹੈ। ਤਾਂ ਕੀ ਫਿਰ ਅਸੀ ਇਸ ਸੱਭ ਤੋਂ ਇਨਕਾਰੀ ਹੋ ਜਾਵਾਂਗੇ? ਨਹੀਂ। ਸੋ ਇਸ ਕਰ ਕੇ ਲੋੜੀਂਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਲੋੜੀਂਦੀ ਜਾਣਕਾਰੀ ਵੀ ਹੋਣੀ ਬਹੁਤ ਜ਼ਰੂਰੀ ਹੈ। ਪੰਥ ਵਿਚ ਦੁਬਿਧਾ ਪਹਿਲਾਂ ਘੱਟ ਨਹੀਂ, ਦੁਬਿਧਾ ਘਟਣੀ ਜਾਂ ਮਿਟਣੀ ਚਾਹੀਦੀ ਹੈ ਨਾਕਿ ਵਧਣੀ ਚਾਹੀਦੀ ਹੈ।
Sikh
ਫਿਰ ਇਸ ਸੱਭ ਤੋਂ ਉਪਰੰਤ ਜੇ ਕੋਈ ਜਗਿਆਸੂ ਵੀਰ ਲੇਖ ਸਬੰਧੀ ਫੋਨ ਕਰ ਲਵੇ ਤੇ ਲੇਖ ਵਿਚਲੇ ਕਿਸੇ ਸਿਧਾਂਤ ਜਾਂ ਨੁਕਤੇ ਨੂੰ ਸਪੱਸ਼ਟ ਕਰਨ ਲਈ ਜਾਣਕਾਰੀ ਮੰਗੇ ਤਾਂ ਲੇਖਕ ਵਲੋਂ ਖਿਝ ਕੇ ਜੁਆਬ ਦੇਣਾ ਜਾਂ ਫ਼ੋਨ ਹੀ ਬੰਦ ਕਰ ਦੇਣਾ ਜਾਂ ਸਵਾਲ ਨੂੰ ਹੋਰ ਹੀ ਗੇੜੇ ਦੇਈ ਜਾਣ ਨਾਲੋਂ ਚੰਗਾ ਹੋਵੇਗਾ ਕਿ ਨਿਮਰਤਾ, ਹਲੀਮੀ, ਠਰੰਮੇ, ਦਲੀਲ ਤੇ ਸਿਧਾਂਤ ਨਾਲ ਨੁਕਤਾ ਸਪੱਸ਼ਟ ਕਰ ਕੇ ਸਮਝਾਇਆ ਜਾਵੇ। ਜੇ ਇਹ ਸਮਝ ਲੱਗ ਜਾਵੇ ਲੇਖਕ ਨੂੰ ਕਿ ਮੈਂ ਯੋਗ ਜੁਆਬ ਨਹੀਂ ਦੇ ਪਾ ਰਿਹਾ ਤਾਂ ਅਪਣੀ ਅਧੂਰੀ ਤੇ ਸੀਮਤ ਜਾਣਕਾਰੀ ਮੰਨ ਕੇ ਭੁੱਲ ਮੰਨ ਲੈਣੀ ਹੀ ਸਿਆਣਪ ਹੈ।
- ਕੁਲਦੀਪ ਸਿੰਘ, ਪੋਲਰ ਸਿਲਾਈ ਮਸ਼ੀਨ ਵਾਲੇ, ਲੁਧਿਆਣਾ, ਸੰਪਰਕ : 94630-59296