
Shaheed Udham Singh: 1919 ਦਾ ਜਲਿਆਂਵਾਲਾ ਬਾਗ਼ ਕਾਂਡ ਸਚਮੁਚ ਹੀ ਗ਼ੈਰ-ਮਨੁੱਖੀ ਤੇ ਕਾਲਾ ਕਾਰਨਾਮਾ ਸੀ।
Shaheed Udham Singh: ਸ਼ਹੀਦ ਊਧਮ ਸਿੰਘ ਬਾਰੇ ਆਮ ਪਾਠਕ ਸਿਰਫ਼ ਐਨਾ ਈ ਜਾਣਦੇ ਹਨ ਕਿ ਉਸ ਨੇ ਜਨਰਲ ਡਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ਼ ਦੇ ਸਾਕੇ ਦਾ ਬਦਲਾ ਲਿਆ ਹੈ। ਲੋਕ ਇਸ ਗੱਲੋਂ ਵੀ ਅਨਜਾਣ ਹਨ ਕਿ ਜਨਰਲ ਡਾਇਰ ਕੌਣ ਸੀ ਅਤੇ ਊਧਮ ਸਿੰਘ ਨੇ ਜਿਸ ਅੰਗਰੇਜ਼ ਅਫ਼ਸਰ ਨੂੰ ਮਾਰਿਆ ਉਹ ਕੌਣ ਸੀ?
1919 ਦਾ ਜਲਿਆਂਵਾਲਾ ਬਾਗ਼ ਕਾਂਡ ਸਚਮੁਚ ਹੀ ਗ਼ੈਰ-ਮਨੁੱਖੀ ਤੇ ਕਾਲਾ ਕਾਰਨਾਮਾ ਸੀ।
ਸਾਡੇ ਵਾਂਗ ਊਧਮ ਸਿੰਘ ਨੂੰ ਵੀ ਇਸ ਦਾ ਡਾਢਾ ਰੋਸ ਸੀ। ਉਸ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਅੰਗਰੇਜ਼ ਸਰਕਾਰ ਦੁਆਰਾ ਭਾਰਤੀ ਲੋਕਾਂ ’ਤੇ ਕੀਤੇ ਗਏ ਜ਼ੁਲਮਾਂ ਵਿਰੁਧ ਅਪਣਾ ਰੋਸ ਪ੍ਰਗਟਾਅ ਕੇ ਗੋਰੀ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਜਿਸ ਦੀ ਆਵਾਜ਼ ਪੂਰੀ ਦੁਨੀਆਂ ਨੇ ਸੁਣੀ ਸੀ। ਉਸ ਦੇ ਰੋਸ ਪ੍ਰਗਟਾਉਣ ਦਾ ਆਧਾਰ ਬਹੁਤ ਵਿਸ਼ਾਲ ਸੀ। ਕੇਵਲ ਇਕ ਸਾਕੇ ਨੂੰ ਹੀ ਉਸ ਦਾ ਕਾਰਨ ਦਸਣਾ ਉਸ ਦੀ ਉੱਚੀ ਸੋਚ ਨੂੰ ਛੋਟਾ ਕਰ ਕੇ ਵਿਖਾਉਣਾ ਹੈ।
ਅੰਗਰੇਜ਼ਾਂ ਨੇ ਭਾਰਤੀਆਂ ਨੂੰ ਥਾਂ ਥਾਂ ਗੋਲੀਆਂ ਨਾਲ ਭੁੰਨਿਆ, ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਕੇ ਹਜ਼ਾਰਾਂ ਭਾਰਤੀਆਂ ਨੂੰ ਜੇਲ੍ਹਾਂ ਵਿਚ ਸਾੜਿਆ ਅਤੇ ਲੋਕਾਂ ਦੀ ਆਵਾਜ਼ ਦਬਾਉਣ ਲਈ ਹਰ ਗ਼ੈਰ-ਮਨੁੱਖੀ ਤਸ਼ੱਦਦ ਕੀਤਾ। ਊਧਮ ਸਿੰਘ ਇਸ ਸਭ ਨੂੰ ਵਾਚਦਾ ਰਿਹਾ ਤੇ ਅੰਤ ਨੂੰ ਗ਼ੁਲਾਮ ਬਣਾਏ ਭਾਰਤੀਆਂ ਤੇ ਹੋ ਰਹੇ ਇਸ ਜ਼ਬਰ ਜ਼ੁਲਮ ਨੂੰ ਆਧਾਰ ਬਣਾ ਚਾਰ ਬਿ੍ਰਟਿਸ਼ ਉੱਚ ਅਧਿਕਾਰੀਆਂ ’ਤੇ ਗੋਲੀਆਂ ਚਲਾ ਕੇ ਅਪਣਾ ਰੋਸ ਪ੍ਰਗਟਾਉਂਦਿਆਂ ਗਿ੍ਰਫ਼ਤਾਰ ਹੋ ਗਿਆ।
ਮਾਈਕਲ ਓਡਵਾਇਰ ਨੂੰ ਕਿਉਂ ਮਾਰਿਆ? ਤੇ ਉਹ ਸੀ ਕੌਣ?
ਊਧਮ ਸਿੰਘ ਨੇ ਜਿਸ ਅਫ਼ਸਰ ਨੂੰ ਮਾਰਿਆ ਉਹ ਜਨਰਲ ਡਾਇਰ ਨਹੀਂ ਮਾਇਕਲ ਓਡਵਾਇਰ ਸੀ ਜੋ 26 ਮਈ 1919 ਤਕ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਰਿਹਾ। ਉਸ ਨੂੰ ਲਾਰਡ ਜੈੱਟਲੈਂਡ, ਲਾਰਡ ਲਾਮੈਂਗਟਨ ਅਤੇ ਲੂਈਸ ਡੇਨ, ਤਿੰਨ ਅੰਗਰੇਜ਼ ਅਫ਼ਸਰਾਂ ਦੇ ਨਾਲ ਗੋਲੀਆਂ ਮਾਰੀਆਂ ਸਨ ਜਿਨ੍ਹਾਂ ਵਿਚੋਂ ਮਾਈਕਲ ਓਡਵਾਇਰ ਮਾਰਿਆ ਗਿਆ ਅਤੇ ਦੂਜੇ ਤਿੰਨ ਜ਼ਖ਼ਮੀ ਹੋਏ ਸਨ।
ਸੱਭ ਤੋਂ ਪਹਿਲਾਂ ਗੋਲੀ ਮਾਰਕੀਸ ਆਫ਼ ਜੈੱਟਲੈਂਡ ਦੇ ਮਾਰੀ ਜਿਹੜਾ ਹਿੰਦੋਸਤਾਨ ਵਿਚ 1935-40 ਤਕ ਸੈਕਟਰੀ ਆਫ਼ ਸਟੇਟ ਨਿਯੁਕਤ ਕੀਤਾ ਹੋਇਆ ਸੀ ਅਤੇ ਫਿਰ ਮਾਈਕਲ ਓਡਵਾਇਰ ਦੇ ਅਤੇ ਬਾਅਦ ’ਚ ਲੁਈਸ ਡੇਨ ਜੋ ਚਾਲੀ ਸਾਲ ਤੋਂ ਭਾਰਤੀ ਸਿਵਲ ਸਰਵਿਸਿਜ ’ਚ ਸ਼ਾਮਲ ਸੀ ਅਤੇ 1908 ਤੋਂ 1912 ਤਕ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਰਿਹਾ। ਅਗਲੀ ਗੋਲੀ ਲਾਰਡ ਲੈਮਿੰਗਟਨ ਸਾਬਕਾ ਗਵਰਨਰ ਬੰਬਈ (ਮੁੰਬਈ) ਅਤੇ ਉਸ ਵਕਤ ਈਸਟ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਮਾਰੀ। ਇਹ ਰੀਪੋਰਟ ਓਡਵਾਇਰ ਸਮੇਤ ਚਾਰਾਂ ਦੇ ਗੋਲੀ ਮਾਰਨ ਦੇ ਅਗਲੇ ਦਿਨ 14 ਮਾਰਚ 1940 ਦੇ ਲੰਡਨ ਤੋਂ ਛਪਦੇ ‘ਡੇਲੀ ਮਿਰਰ’ ਦੇ ਮੁੱਖ ਪੰਨੇ ਉਤੇ ਛਪੀ।
ਓਡਵਾਇਰ ਨੂੰ ਦਸੰਬਰ 1912 ਤੋਂ 26 ਮਈ 1919 ਤਕ ਪੰਜਾਬ ਦਾ ਗਵਰਨਰ ਜਨਰਲ ਲਗਾਇਆ ਗਿਆ ਸੀ। ਉਸ ਨੇ ਲੰਡਨ ਜਾ ਕੇ ਅਪਣੀ ਭੜਕਾਊ ਪੁਸਤਕ ‘ਭਾਰਤ ਜਿਵੇਂ ਮੈਂ ਜਾਣਿਆ’ ਲਿਖੀ, ਜਿਸ ਵਿਚ ਉਸ ਨੇ ਅਪਣੇ ਜ਼ੁਲਮੀ ਕਾਰਨਾਮਿਆਂ ਦੀ ਬੜੀ ਸ਼ੇਖੀ ਮਾਰੀ, ਜੋ ਉਹ ਅਕਸਰ ਹੀ ਅਖ਼ਬਾਰਾਂ ਅਤੇ ਤਕਰੀਰਾਂ ਵਿਚ ਮਾਰਿਆ ਕਰਦਾ ਸੀ। ਉਹ ਬਹੁਤ ਹੀ ਜ਼ਾਲਮ ਗਵਰਨਰ ਸੀ ਜਿਸ ਨੇ ਵਿਸ਼ੇਸ਼ ਅਦਾਲਤਾਂ ਰਾਹੀਂ ਗ਼ਦਰੀਆਂ ਨੂੰ ਫਾਂਸੀ, ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀਆਂ ਸਜ਼ਾਵਾਂ ਕਰਵਾਈਆਂ ਸਨ।
ਉਸ ਨੇ ਗ਼ਦਰੀਆਂ ਦੇ ਕੇਸਾਂ ਲਈ ਖ਼ਾਸ ਅਦਾਲਤਾਂ ਸਥਾਪਤ ਕੀਤੀਆਂ ਜੋ ਮਾਮੂਲੀ ਸੁਣਵਾਈ ਪਿੱਛੋਂ ਮੌਤ ਦੀ ਸਜ਼ਾ ਵੀ ਦੇ ਸਕਦੀਆਂ ਸਨ। ਉਸ ਦੇ ਮੂੰਹੋਂ ਨਿਕਲੇ ਸ਼ਬਦ ਵੀ ਕਾਨੂੰਨ ਬਣ ਜਾਂਦੇ ਸਨ। ਅੰਗਰੇਜ਼ ਅਫ਼ਸਰਾਂ ਨੂੰ ਸਲਾਮ ਨਾ ਕਰਨ ਵਾਲੇ ਆਦਮੀਆਂ ਨੂੰ ਨੰਗੇ ਪਿੰਡੇ ਕੋੜੇ ਮਾਰੇ ਜਾਂਦੇ ਸਨ। ਔਰਤਾਂ ਦੇ ਮੂੰਹ ’ਤੇ ਥੁਕਵਾਇਆ ਜਾਂਦਾ ਸੀ। ਉਸ ਨੇ ਜਨਰਲ ਡਾਇਰ ਦੇ ਕਾਲੇ ਕਾਰਨਾਮੇ ਨੂੰ ਹੰਟਰ ਕਮਿਸ਼ਨ ਅੱਗੇ ਜ਼ਾਇਜ਼ ਠਹਿਰਾਇਆ ਸੀ ਅਤੇ ਕਾਨੂੰਨੀ ਲੜਾਈ ਵਿਚ ਉਸ ਦੀ 10000 ਡਾਲਰ ਦੀ ਮਦਦ ਵੀ ਕੀਤੀ ਸੀ। ਬੰਬਈ ਕਰੋਨੀਕਲ ਅਖ਼ਬਾਰ ਨੇ ਉਸ ਨੂੰ ਜ਼ਾਲਮ ਹੋਣ ਕਰ ਕੇ ‘ਨਾਦਰ ਸ਼ਾਹ’ ਗਰਦਾਨਿਆ ਸੀ।
ਗੁਰੂ ਕੇ ਲਾਡਲੇ, ਨਾ ਨਾਦਰ ਕਿਆਂ ਨੂੰ ਬਖ਼ਸ਼ਣ ਤੇ ਨਾ ਬਾਬਰ ਕਿਆਂ ਨੂੰ। ਇਸੇ ਕਰ ਕੇ ਊਧਮ ਸਿੰਘ ਨੂੰ ਸਮਿੱਥ ਐਂਡ ਵੈਸਨ ਕੰਪਨੀ ਦਾ 6 ਬੋਰ ਦਾ ਪਿਸਤੌਲ ਓਡਵਾਇਰ ਵਰਗੇ ਜ਼ਾਲਮ ਅੰਗਰੇਜ਼ ਅਫ਼ਸਰ ਸਮੇਤ ਚਾਰ ਉੱਚ ਅਧਿਕਾਰੀ ਗੋਰਿਆਂ ਉਤੇ ਖ਼ਾਲੀ ਕਰਨਾ ਪਿਆ।
ਵੇਖਿਆ ਜਾਵੇ ਤਾਂ ਊਧਮ ਸਿੰਘ ਬਹੁਤ ਵੱਡੀ ਸੋਚ ਵਾਲਾ ਵਿਅਕਤੀ ਸੀ ਜੋ ਵੱਡੇ ਮਕਸਦ ਲਈ ਹੀ ਜਿਉਂਦਾ ਰਿਹਾ ਅਤੇ ਵੱਡੇ ਮਕਸਦ ਲਈ ਹੀ ਕੁਰਬਾਨ ਹੋਇਆ। ਉਸ ਦੇ ਸੰਘਰਸ਼ਮਈ ਗ਼ਦਰੀ ਜੀਵਨ ਵਿਚੋਂ ਸੰਪੂਰਨ ਊਧਮ ਸਿੰਘ ਪੇਸ਼ ਹੁੰਦਾ ਹੈ।
ਊਧਮ ਸਿੰਘ ਗ਼ਦਰ ਪਾਰਟੀ, ਇੰਡੀਅਨ ਵਰਕਰ ਐਸੋਸ਼ੀਏਸ਼ਨ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਨਾਲ ਜੁੜਿਆ ਗੱਭਰੂ ਸੀ। ਅਮਰੀਕਾ ’ਚ ਰਹਿੰਦਿਆਂ ਗ਼ਦਰ ਪਾਰਟੀ ਵਲੋਂ ਉਸ ਦੀ ਡਿਊਟੀ ਲਗੀ ਸੀ ਕਿ ਉਹ ਪੰਜਾਬ ਜਾ ਕੇ ਫ਼ੰਡ ਇਕੱਠਾ ਕਰੇ। 27 ਜੁਲਾਈ 1927 ਨੂੰ ਉਹ ਕਰਾਚੀ ਪਹੁੰਚਿਆ ਤਾਂ ਉੱਥੇ ਫੜਿਆ ਗਿਆ। ਉਸ ਕੋਲੋਂ ਗ਼ਦਰੀ ਸਾਹਿਤ ਮਿਲਣ ਕਰ ਕੇ ਉਸ ਨੂੰ ਜ਼ੁਰਮਾਨਾ ਕੀਤਾ ਗਿਆ। ਸਰਕਾਰੀ ਜਾਸੂਸਾਂ ਨੇ ਉਸ ਦਾ ਪਿੱਛਾ ਕਰਨਾ ਜਾਰੀ ਰਖਿਆ ਅਤੇ 30 ਅਗੱਸਤ 1927 ਨੂੰ ਅੰਮ੍ਰਿਤਸਰ ਵਿਖੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਗ਼ਦਰੀ ਸਾਹਿਤ ਦੇ ਨਾਲ ਹੀ ਇਕ ਪਿਸਤੌਲ ਵੀ ਬਰਾਮਦ ਹੋਇਆ। ਇਸ ਕਰ ਕੇ ਉਸ ਨੂੰ ਪੰਜ ਸਾਲ ਦੀ ਸਜ਼ਾ ਵੀ ਹੋਈ।
ਊਧਮ ਸਿੰਘ ਗ਼ਦਰ ਪਾਰਟੀ ਦਾ ਹੀ ਅਗਲਾ ਰੂਪ ਜਾਣੇ ਜਾਂਦੇ ਬੱਬਰ ਅਕਾਲੀ ਲਹਿਰ ਨਾਲ ਵੀ ਜੁੜਿਆ ਰਿਹਾ। ਊਧਮ ਸਿੰਘ ਉਸ ਜੱਥੇ ਦਾ ਮੈਂਬਰ ਵੀ ਬਣਿਆ ਜੋ 1923 ਵਿਚ ਉਸ ਅੰਗਰੇਜ਼ ਪੁਲਸ ਅਫ਼ਸਰ, ਬੀ.ਟੀ ਨੂੰ ਸੋਧਾ ਲਾਉਣ ਲਈ ਬਣਿਆ ਸੀ ਜਿਸ ਨੇ ਗੁਰੂ ਕੇ ਬਾਗ਼ ਮੋਰਚੇ ਵਿਚ ਸਿੱਖਾਂ ਨੂੰ ਡਾਂਗਾਂ ਨਾਲ ਕੁਟਿਆ ਸੀ। ਬਾਅਦ ਵਿਚ ਉਹ ਚੌਧਰੀ ਸ਼ੇਰ ਜੰਗ ਅਤੇ ਹੋਰ 15-16 ਮੈਂਬਰਾਂ ਦਾ ਜਥਾ ਬਣਾ ਕੇ ਭਗਤ ਸਿੰਘ ਨਾਲ ਨੌਜਵਾਨ ਭਾਰਤ ਸਭਾ ਵਿਚ ਕੰਮ ਕਰਨ ਲਗਿਆ। ਅੰਮ੍ਰਿਤਸਰ ਵਿਚ ਉਸ ਦੇ ਨਾਲ ਲੱਕੜ ਦੇ ਕੰਮ ਦੀ ਦੁਕਾਨ ਤੇ ਭਗਤ ਸਿੰਘ ਨਾਲ ਮਿਲਣੀਆਂ ਬਾਰੇ ਵੀ ਲਿਖਿਆ ਮਿਲਦਾ ਹੈ। ਅਪਣੇ ਹੱਥ ਲਿਖਤ ਨੋਟਾਂ ’ਚ ਨਨਕਾਣਾ ਸਾਹਿਬ ’ਚ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤਾਂ ਦੁਆਰਾ 200 ਸਿੱਖਾਂ ਨੂੰ ਮਾਰਨ ਅਤੇ ਹੋਰਨਾਂ ਨੂੰ ਜ਼ਿੰਦਾ ਜਲਾਉਣ ਦਾ ਉਸ ਨੂੰ ਰੋਸ ਸੀ ਅਤੇ ਉਹ ਕਰਤਾਰ ਸਿੰਘ ਸਰਾਭਾ ਨੂੰ ਅਪਣਾ ਆਦਰਸ਼ ਮੰਨਦਾ ਸੀ। ਉਸ ਨੇ ਭਗਤ ਸਿੰਘ ਵਾਂਗ 42 ਦਿਨ ਭੁੱਖ ਹੜਤਾਲ ਵੀ ਕੀਤੀ ਸੀ।
ਊਧਮ ਸਿੰਘ 5 ਜੂਨ 1940 ਨੂੰ ਜਿਹੜੇ 8 ਪੰਨੇ ਅਦਾਲਤ ਵਿਚ ਅਪਣੇ ਬਿਆਨਾਂ ਵਜੋਂ ਬੋਲਣ ਲਈ ਲੈ ਕੇ ਗਿਆ ਸੀ, ਉਨ੍ਹਾਂ ਦੀ ਸ਼ੁਰੂਆਤ ‘ਬਿ੍ਰਟਿਸ਼ ਸਾਮਰਾਜ ਮੁਰਦਾਬਾਦ, ਇੰਗਲੈਂਡ ਮੁਰਦਾਬਾਦ’ ਨਾਲ ਕੀਤੀ ਹੋਈ ਸੀ। ਇਸ ਬਿਆਨ ’ਚ ਕਰਤਾਰ ਸਿੰਘ ਸਰਾਭੇ ਦੇ ਸ਼ਿਅਰ ਵੀ ਲਿਖੇ ਸਨ ਅਤੇ ਉਨ੍ਹਾਂ ’ਚ 1918 ਵਿਚ ਬਜਬਜ ਘਾਟ ਵਾਲੇ ਗੋਲੀਕਾਂਡ ਦਾ ਜ਼ਿਕਰ ਵੀ ਸੀ। ਜਦ ਉਹ ਅੰਗਰੇਜ਼ ਹਕੂਮਤ ਦੁਆਰਾ ਭਾਰਤੀ ਜਨਤਾ ਉਤੇ ਕੀਤੇ ਜਾ ਚੁੱਕੇ ਅਤੇ ਹੋ ਰਹੇ ਜ਼ੁਲਮਾਂ ਬਾਰੇ ਅਦਾਲਤਾਂ ’ਚ ਬੋਲ ਰਿਹਾ ਸੀ ਤਾਂ ਜੱਜ ਨੇ ਰੁਕਣ ਲਈ ਕਿਹਾ ਪਰ ਉਹ ਬੋਲੀ ਗਿਆ।
ਜਦੋਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਹਿੰਦੋਸਤਾਨੀ ਭਾਸ਼ਾ ਵਿਚ ਤਿੰਨ ਵਾਰ ਇਨਕਲਾਬ, ਇਨਕਲਾਬ, ਇਨਕਲਾਬ ਬੋਲਿਆ। ਫਿਰ ਉੱਚੀ ਆਵਾਜ਼ ਵਿਚ ‘ਬ੍ਰਿਟਿਸ਼ ਸਾਮਰਾਜ ਮੁਰਦਾਬਾਦ, ਅੰਗਰੇਜ਼ ਕੁੱਤੇ ਮੁਰਦਾਬਾਦ, ਭਾਰਤ ਅਮਰ ਰਹੇ’ ਦੇ ਨਾਹਰੇ ਲਾਏ। ਊਧਮ ਸਿੰਘ ਨੇ ਫ਼ੈਸਲਾ ਸੁਣ ਕੇ ਕਾਨੂੰਨੀ ਸਲਾਹਕਾਰਾਂ ਦੇ ਮੇਜ਼ ਦੇ ਉਪਰ ਦੀ ਜਿਊਰੀ ਵਲ ਥੁਕਿਆ। ਜੱਜ ਨੇ ਉਸ ਦੇ ਕਟਹਿਰੇ ਵਿਚ ਦਿਤੇ ਇਸ ਭਾਸ਼ਣ ਦੇ ਛਪਣ ’ਤੇ ਪਾਬੰਦੀ ਲਗਾ ਦਿਤੀ ਸੀ। 31 ਜੁਲਾਈ 1940 ਨੂੰ ਉਡਵਾਇਰ ਕਤਲ ਕੇਸ ’ਚ ਊਧਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਰਾਮ ਮੁਹੰਮਦ ਸਿੰਘ ਆਜ਼ਾਦ ਨਾਂ ਦਾ ਪ੍ਰਚਾਰ
ਊਧਮ ਸਿੰਘ ਦਾ ਜੋ ਰਿਕਾਰਡ ਮਿਲਿਆ ਹੈ, ਉਸ ਵਿਚ ਉਸ ਦੇ ਕਈ ਨਾਮ ਮਿਲਦੇ ਹਨ ਜਿਵੇਂ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਮੁਹੰਮਦ ਆਜ਼ਾਦ ਸਿੰਘ, ਆਜ਼ਾਦ ਸਿੰਘ, ਬਾਵਾ ਸਿੰਘ, ਸ਼ੇਰ ਸਿੰਘ, ਉਦੈ ਸਿੰਘ, ਫਰੈਂਕ ਬ੍ਰਾਜ਼ੀਲ ਸਿਬਦੂ ਸਿੰਘ, ਯੂ ਐੱਸ ਸਿੱਧੂ ਪਰ ਰਾਮ ਮੁਹੰਮਦ ਸਿੰਘ ਕਿਤੇ ਨਹੀਂ ਮਿਲਦਾ।
ਸਾਨੂੰ ਇਸ ਮਹਾਨ ਦੇਸ਼ ਭਗਤ ਸੂਰਮੇ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ।
ਉਸ ਤੋਂ ਪਹਿਲਾਂ ਉਸ ਦੀ ਸਹੀ ਸੋਚ ਬਾਰੇ ਨਵੇਂ ਲੇਖ, ਗੀਤ, ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ। ਉਸ ਦੀਆਂ ਵਿਸ਼ੇਸ਼ ਚੀਜ਼ਾਂ ਜੋ ਵੱਖ-ਵੱਖ ਥਾਵਾਂ ’ਤੇ ਪਈਆਂ ਹਨ, ਉਹ ਇਕ ਥਾਂ ਇਕੱਠੀਆਂ ਕਰ ਕੇ ਰਖੀਆਂ ਜਾਣ। ਉਸ ਦੀਆਂ ਹੋਰ ਚੀਜ਼ਾਂ ਜਿਵੇਂ ਰਿਵਾਲਵਰ, ਗੋਲੀਆਂ, ਡਾਇਰੀ ਜੋ ਇੰਗਲੈਂਡ ’ਚ ਪਈਆਂ ਹਨ, ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇ। ਇਤਿਹਾਸਕਾਰ, ਬੁੱਧੀਜੀਵੀ ਅਤੇ ਸੁਹਿਰਦ ਪੰਜਾਬੀ ਪਾਠਕ ਇਸ ਮਹਾਨ ਸ਼ਹੀਦ ਬਾਰੇ ਚਰਚਾ ਛੇੜ ਕੇ ਲੋਕਾਂ ’ਚ ਅਸਲੀ ਊਧਮ ਸਿੰਘ ਪ੍ਰਗਟ ਕਰਨ।