
ਸਪੋਕਸਮੈਨ ਟੀਵੀ 'ਤੇ ਸੁਖਦੇਵ ਢੀਂਡਸਾ ਦੀ ਬੇਬਾਕ ਇੰਟਰਵਿਊ
ਚੰਡੀਗੜ੍ਹ: ਬਾਦਲ ਪਰਵਾਰ ਵਿਰੁਧ ਬਗਾਵਤ ਦਾ ਝੰਡਾ ਉਠਾਉਣ ਵਾਲੇ ਸੀਨੀਅਰ ਅਕਾਲੀ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਮੁੜ ਤੋਂ ਪੰਥਕ ਬਣਾਉਣ ਦਾ ਜ਼ਿੰਮਾ ਚੁੱਕਿਆ ਹੈ। ਪਰ ਕੀ ਉਹ ਅੱਜ ਅਜਿਹੇ ਸੈਨਾਪਤੀ ਰਹਿ ਗਏ ਹਨ, ਜਿਨ੍ਹਾਂ ਦੀ ਸੈਨਾ ਹੀ ਗਾਇਬ ਹੋ ਗਈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਸੀਨੀਅਰ ਅਕਾਲੀ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂ ਦੀ ਲੜਾਈ ਸਬੰਧੀ ਕਈ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ।
Photo
ਸਵਾਲ- ਅੱਜ ਉਹ ਮੌਕਾ ਹੈ ਜਦੋਂ ਬੋਨੀ ਅਜਨਾਲਾ ਇਸ ਲੜਾਈ ਨੂੰ ਛੱਕ ਕੇ ਵਾਪਸ ਅਕਾਲੀ ਦਲ ਕੋਲ ਪਰਤ ਗਏ, ਤੁਸੀਂ ਉਸ ਸੈਨਾ ਨੂੰ ਨਾਲ ਲੈ ਕੇ ਇੰਨੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ, ਜਿਹੜੀ ਉਹਨਾਂ ਵਿਚੋਂ ਹੀ ਨਿਕਲ ਕੇ ਆਈ ਹੈ। ਅਜਿਹੀ ਸੈਨਾ ਨਾਲ ਤੁਸੀਂ ਇਹ ਲੜਾਈ ਜਿੱਤ ਪਾਓਗੇ?
ਜਵਾਬ- ਬਿਲਕੁਲ ਜਿੱਤਾਂਗੇ। ਕਿਉਂਕਿ ਬੋਨੀ ਟਕਸਾਲੀਆਂ ਨਾਲ ਹਨ, ਟਕਸਾਲੀ ਸਾਡਾ ਇਕ ਹਿੱਸਾ ਹਨ। ਅਸੀਂ ਤਿੰਨ ਪਾਰਟੀਆਂ ਨੂੰ ਮਿਲਾ ਕੇ ਇਕੱਠੇ ਹੋਏ ਹਾਂ। ਅਕਾਲੀ ਦਲ 1920, ਟਕਸਾਲੀ ਅਕਾਲੀ ਦਲ ਤੇ ਅਸੀਂ। ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਈਆਂ ਤਾਂ ਉਸ ਦੇ ਲਈ ਅਸੀਂ ਬਾਕੀਆਂ ਦੀ ਵੀ ਸਪੋਰਟ ਲਵਾਂਗੇ।
Photo
ਕਿਉਂਕਿ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਉਹਨਾਂ ਨੇ ਸਿਰਫ ਐਸਜੀਪੀਸੀ ਚੋਣ ਲੜਨੀ ਹੈ। ਫੂਲਕਾ ਸਾਹਿਬ ਨੇ ਵੀ ਇਹੀ ਕਿਹਾ ਹੈ। ਇਸ ਤਰ੍ਹਾਂ ਕਈ ਹੋਰ ਲੋਕ ਹਨ, ਜਿਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਐਸਜੀਪੀਸੀ ਚੋਣਾਂ ਲੜਾਂਗੇ। ਇਸ ਲਈ ਸਾਨੂੰ ਬੋਨੀ ਨਾਲ ਕੋਈ ਫਰਕ ਨਹੀਂ ਪੈਂਦਾ।
Photo
ਸਵਾਲ- ਜਿਹੜੇ ਇਹਨਾਂ ਤਿੰਨੇ ਧੜਿਆਂ ਤੋਂ ਆਏ ਨੇ, ਜਿਨ੍ਹਾਂ ਨੇ ਅੱਗੇ ਜ਼ਿੰਮੇਵਾਰੀ ਲੈਣੀ ਹੈ, ਲੜਾਈ ਲੜਨੀ ਹੈ। ਤੁਸੀਂ ਬਹੁਤ ਕੁਰਬਾਨੀਆਂ ਦਿੱਤੀਆਂ, ਤੁਸੀਂ ਜਦੋਂ ਕੇਂਦਰੀ ਮੰਤਰੀ ਬਣਨਾ ਸੀ ਓਦੋਂ ਵੀ ਤੁਸੀਂ ਚੁੱਪ ਰਹੇ, ਤੁਸੀਂ ਗਵਰਨਰਸ਼ਿਪ ਛੱਡ ਦਿੱਤੀ, ਤੁਹਾਨੂੰ ਅਹੁਦਿਆਂ ਨਾਲ ਪਿਆਰ ਨਹੀਂ ਹੈ ਪਰ ਤੁਹਾਡੀ ਸੈਨਾ ਵਿਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਅਹੁਦਿਆਂ ਨਾਲ ਪਿਆਰ ਹੈ। ਸੋ ਇਹਨਾਂ ਵਾਸਤੇ ਇਹ ਲਾਲਚ ਪੰਥ ਤੋਂ ਉੱਪਰ ਨਹੀਂ ਆਵੇਗਾ?
ਜਵਾਬ-ਤੁਸੀਂ ਦੇਖਿਓ ਅਗਲੇ 15 ਕੁ ਦਿਨਾਂ ‘ਚ ਵੱਡੇ-ਵੱਡੇ ਮੰਤਰੀ, ਲੀਡਰ, ਐਮਐਲਏ ਹਨ, ਉਹ ਸਾਡੇ ਨਾਲ ਆਉਣ ਲਈ ਤਿਆਰ ਬੈਠੇ ਹਨ।
Photo
ਸਵਾਲ-ਢੀਂਡਸਾ ਸਾਹਿਬ ਤੁਸੀਂ ਅਕਾਲੀ ਦਲ ਕਿਸ ਉਮਰ ‘ਚ ਜੁਆਇਨ ਕੀਤਾ?
ਜਵਾਬ-ਵੈਸੇ ਤਾਂ ਸਾਡਾ ਪਰਿਵਾਰ ਹੀ ਅਕਾਲੀ ਸੀ ਪਰ ਜਦੋਂ ਮੈਂ ਕਾਲਜ ਯੂਨੀਅਨ ਦਾ ਪ੍ਰਧਾਨ ਬਣਿਆ, ਉਸ ਸਮੇਂ ਇਕ ਕਿਸਮ ਦੀ ਕਾਂਗਰਸ ਲਹਿਰ ਚੱਲੀ ਸੀ। ਉਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਨਹੀਂ ਸੀ। ਉਸ ਸਮੇਂ ਥੌੜਾ ਜਿਹਾ ਲੈਫਟ ਵੱਲ਼ ਧਿਆਨ ਰਿਹਾ। ਪਰ ਉਸ ਤੋਂ ਬਾਅਦ ਮੈਂ ਕਈ ਲੋਕਲ ਚੋਣਾਂ ਲੜਦਾ ਰਿਹਾ। ਉਦੋਂ ਕੋਈ ਪਾਰਟੀ ਦਾ ਸਵਾਲ ਹੀ ਨਹੀਂ ਸੀ।
Photo
ਸਵਾਲ- ਇਹ ਸਵਾਲ ਮੈਂ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਜੋ ਤੁਸੀਂ 1960 ਵਿਚ ਸੀ ਤੇ ਅੱਜ ਤੁਸੀਂ ਜੋ ਨੌਜਵਾਨ ਵੇਖਦੇ ਹੋ, ਉਹਨਾਂ ਵਿਚ ਤੇ ਅਪਣੇ ਵਿਚ ਕੀ ਫਰਕ ਵੇਖਦੇ ਹੋ। ਕਿਉਂਕਿ ਜੋ ਉਹ ਜੋਸ਼, ਉਹ ਪਿਆਰ ਸੀ ਤੁਸੀਂ ਵਾਰ ਵਾਰ ਅਪਣੇ ਫਾਇਦੇ ਤੋਂ ਉੱਪਰ ਪੰਥ ਦੇ ਮੁੱਦੇ ਰੱਖੇ ਹਨ। ਜਿਸ ਉਮਰ ‘ਚ ਲੋਕ ਰਿਟਾਇਰ ਹੋ ਰਹੇ ਹਨ ਤੁਸੀਂ ਉਹ ਲੜਾਈ ਚੁੱਕੀ ਹੈ?
ਜਵਾਬ-ਬਹੁਤ ਫਰਕ ਹੈ। ਉਸ ਸਮੇਂ ਲੋਕ ਸੇਵਾ ਦੇ ਫਰਜ਼ ਵਜੋਂ ਆਉਂਦੇ ਸੀ। ਉਦੋਂ ਕੋਈ ਅਜਿਹਾ ਲਾਲਚ ਨਹੀਂ ਸੀ। ਮੈਂ ਪਹਿਲੀ ਵਾਰ 1972 ‘ਚ ਐਮਐਲਏ ਬਣਿਆ ਸੀ। ਉਸ ਸਮੇਂ ਕਾਰਾਂ ਨਹੀਂ ਸੀ ਹੁੰਦੀਆਂ। ਉਸ ਸਮੇਂ ਐਮਐਲਏ ਲਈ ਬੱਸਾਂ ਫਰੀ ਕੀਤੀਆਂ ਸੀ। ਹੁਣ ਤਾਂ ਐਮਐਲਏ ਬੱਸਾਂ ‘ਚ ਹੀ ਨਹੀਂ ਚੜ੍ਹਦੇ। ਹੁਣ 90 ਫੀਸਦੀ ਤੋਂ ਜ਼ਿਆਦਾ ਲੋਕ ਪੈਸਾ ਕਮਾਉਣ ਆਉਂਦੇ ਹਨ। ਅਸੀਂ ਉਹਨਾਂ ਲੋਕਾਂ ਵਿਚੋਂ ਨਹੀਂ ਸੀ ਆਏ।
Photo
ਸਵਾਲ- ਮੈਂ ਇਸੇ ਸਵਾਲ ‘ਤੇ ਆ ਰਹੀ ਹਾਂ ਕਿ ਅੱਜ ਅਸੀਂ ਚਾਹੁੰਦੇ ਹਾਂ ਕਿ ਉਹ ਲੜਾਈ ਲੜੀਏ, ਇਹਨਾਂ ਨੌਜਵਾਨਾਂ ਵਿਚ ਤੁਹਾਨੂੰ ਪੰਥ ਦੀ ਗੱਲ ਨਜ਼ਰ ਆਉਂਦੀ ਹੈ?
ਜਵਾਬ- ਜੇਕਰ ਨਾ ਵੀ ਹੋਵੇ ਤਾਂ ਕੁਝ ਤਾਂ ਕਰਨਾ ਪਵੇਗਾ। ਜੇਕਰ ਅਸੀਂ ਇਹ ਇੱਥੇ ਹੀ ਛੱਡ ਦਿੱਤਾ ਫਿਰ ਤਾਂ ਗੱਲ ਹੀ ਮੁੱਕ ਗਈ।
ਸਵਾਲ-ਇਕ ਹੋਰ ਸਵਾਲ ਮੇਰੇ ਦਿਮਾਗ ‘ਚ ਆ ਰਿਹਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦਾ ਕਸੂਰ ਨਹੀਂ ਹੈ ਪਰ ਜੇ ਅਸੀਂ ਪੰਥ ਦੀ ਗਿਰਾਵਟ ਦੀ ਗੱਲ ਕਰੀਏ ਜੋ ਸਾਨੂੰ ਸਭ ਤੋਂ ਵੱਡੀ ਕਮਜ਼ੋਰੀ ਰੱਖਦੀ ਹੈ ਪਿਛਲੇ 35 ਸਾਲਾਂ ਤੋਂ। ਜੋ 1984 ਵਿਚ ਸਾਡੇ ਨਾਲ ਹੋਇਆ। ਜੋ ਪੀੜਤ ਪਰਿਵਾਰ ਸੀ ਅਸੀਂ ਉਹਨਾਂ ਦੀ ਕੋਈ ਸੰਭਾਲ ਨਹੀਂ ਕੀਤੀ।
ਅੱਜ ਵੀ ਦਿੱਲੀ ਵਿਚ ਇਕ ਵਿਧਵਾ ਕਲੋਨੀ ਹੈ। ਸਿੱਖ ਪੰਥ ਕੋਲ ਤੁਸੀਂ ਰਹਿ ਚੁੱਕੇ ਹੋ ਤੁਹਾਨੂੰ ਪਤਾ ਹੈ ਗੋਲਕ ‘ਚ ਕਿੰਨਾ ਧੰਨ ਹੈ। ਅਸੀਂ ਤਾਂ ਕਰੋੜਾਂ ਦੇ ਘਰ ਬਣਾ ਸਕਦੇ ਹਾਂ ਕਰੋੜਾਂ ਬੱਚਿਆਂ ਨੂੰ ਪਾਲ ਸਕਦੇ ਹਾਂ। ਜਿਨ੍ਹਾਂ ਦੀ ਅਗਵਾਈ ਹੇਠ ਸਾਡੀ ਸੈਨਾ ਕਮਜ਼ੋਰ ਹੋਈ ਹੈ, ਜਿਨ੍ਹਾਂ ਦੀ ਅਗਵਾਈ ਹੇਠ ਅਸੀਂ ਸਿੱਖ ਕੌਮ ਦਾ ਹੀ ਆਸਰਾ ਨਹੀਂ ਬਣੇ। ਉਹਨਾਂ ਨੂੰ ਤੁਸੀਂ ਕਸੂਰਵਾਰ ਨਹੀਂ ਮੰਨਦੇ ?
Photo
ਜਵਾਬ: ਦੇਖੋ ਮੈਂ ਸਮਝਦਾ ਜਿੰਨਾ ਤੁਸੀਂ ਕਹਿ ਰਹੇ ਹੋ, ਇਸ ਤਰ੍ਹਾਂ ਨਹੀਂ ਸੀ। ਉਦੋਂ ਸਰਕਾਰ ਵੇਲੇ ਕਾਫੀ ਕੁਝ ਕੀਤਾ ਗਿਆ। ਪੰਜਾਬ ਵਿਚ ਵੀ ਇਕ ਕਲੋਨੀ ਬਣੀ ਸੀ। ਇਹ ਨਹੀਂ ਕਿ ਉਹਨਾਂ ਨੂੰ ਮਿਲਿਆ ਨਹੀਂ ਸੀ। ਉਹਨਾਂ ‘ਚ ਕੁਝ ਵੇਚ ਕੇ ਚਲੇ ਗਏ, ਕੁਝ ਗਲਤ ਆ ਕੇ ਲੈ ਗਏ।
ਸਵਾਲ-ਜਿਨ੍ਹਾਂ ਨੇ ਕੇਸ ਲੜਿਆ, ਜਿਵੇਂ ਜਗਜੀਤ ਕੌਰ ਨੇ ਕੇਸ ਲੜਿਆ ਉਹਨਾਂ ਨੂੰ ਅਕਾਲੀ ਦਲ ਜਾਂ ਐਸਜੀਪੀਸੀ ਤੋਂ ਸਹਾਰਾ ਨਹੀਂ ਮਿਲਿਆ। ਮੈਂ ਅਜਿਹੀ ਔਰਤਾਂ ਨੂੰ ਮਿਲੀ ਹਾਂ ਜਿਨ੍ਹਾਂ ਨੂੰ ਗੰਦੇ ਨਾਮ ਕਹੇ ਹਨ। ਇਕ ਔਰਤ ਨੂੰ ਮੈ ਮਿਲੀ ਸੀ, ਜਿਨ੍ਹਾਂ ਨੂੰ ਸੁਰਿੰਦਰ ਕੌਰ ਬਾਦਲ ਨੇ ਕਿਹਾ ਸੀ ਕਿ ‘ਹੁਣ 20 ਸਾਲ ਹੋ ਗਏ ਭੁੱਲ ਜਾ ਇਸ ਗੱਲ ਨੂੰ ਕਦ ਤੋਂ ਉਹੀ ਰੌਲਾ ਪਾ ਕੇ ਬੈਠੀ ਰਹੇਗੀ’। ਇਹ ਗੱਲਾਂ ਵੀ ਸਾਡੇ ਨਾਲ ਹੋਈਆਂ ਹਨ।
ਮੈਂ ਨਿੱਜੀ ਗੱਲਾਂ ਵੀ ਦੱਸਦੀ ਹਾਂ। ਮੈਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਮੈਂ 23 ਸਾਲ ਦੀ ਸੀ। ਮੈਂ ਨਿਸ਼ਕਾਮ ਵਿਚ ਕੰਮ ਸ਼ੁਰੂ ਕੀਤਾ ਜਿੱਥੇ ਚੁਰਾਸੀ ਦੇ ਪੀੜਤਾਂ ਦੇ ਅਨਾਥ ਬੱਚੇ ਸੀ। ਉੱਥੇ ਜਿਹੜੀ ਹਾਰ ਸੀ ਉਹ ਆਗੂ ਦੀ ਹੀ ਹੈ, ਜਿਨ੍ਹਾਂ ਦੀ ਅਗਵਾਈ ‘ਚ ਸਿੱਖ ਪੰਥ ਸੀ?
Photo
ਜਵਾਬ-ਨਹੀਂ ਇਸ ‘ਚ ਕੋਈ ਰੌਲਾ ਨਹੀਂ ਕਿ ਕੰਮ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ। ਕਿਉਂਕਿ ਕੁਝ ਗੈਰ-ਸਿਆਸੀ ਸੰਸਥਾਵਾਂ ਨੇ ਬਹੁਤ ਕੰਮ ਕੀਤਾ। ਓਨਾ ਸਰਕਾਰ ਨਹੀਂ ਕਰ ਸਕੀ ਜਾਂ ਸਰਕਾਰ ਨੇ ਨਹੀਂ ਕੀਤਾ। ਸਾਡੀ ਹੁਣ ਲੜਾਈ ਹੀ ਗੋਲਕ ਨੂੰ ਬਚਾਉਣਾ ਹੈ। ਕਿਉਂਕਿ ਜੇਕਰ ਅਸੀਂ ਅਜਿਹਾ ਨਾ ਕਰਦੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ।
SGPC
ਸਵਾਲ-ਜੇਕਰ ਤੁਸੀਂ ਐਸਜੀਪੀਸੀ ਚੋਣਾਂ ਲੜਦੇ ਹੋ ਤਾਂ ਕਿਸ ਤਰ੍ਹਾਂ ਦੇ ਲੀਡਰ ਖੜ੍ਹੇ ਕਰਦੇ ਹੋ? ਅੱਜ ਕੱਲ ਤਾਂ ਉਹੀ ਲੋਕ ਆਉਂਦੇ ਹਨ, ਜਿਨ੍ਹਾਂ ਕੋਲ ਪੈਸੇ ਹੁੰਦਾ ਹੈ ਜਾਂ ਜਿਨ੍ਹਾਂ ਨੇ ਚਾਪਲੂਸੀ ਕੀਤੀ ਹੁੰਦੀ ਹੈ। ਵਿਦਵਾਨ ਜਾਂ ਸਿੱਖੀ ਨਾਲ ਜੁੜੇ ਲੋਕ ਘੱਟ ਦਿਖਦੇ ਹਨ?
ਜਵਾਬ- ਮੈਂ ਮਹਿਸੂਸ ਕਰਦਾ ਕਿਉਂਕਿ ਮੈਂ ਤਾਂ ਚੋਣ ਲੜਨੀ ਨਹੀਂ। ਲੋਕਾਂ ਨੇ ਐਸਜੀਪੀਸੀ ਨੂੰ ਇਕ ਪੌੜੀ ਬਣਾ ਲਿਆ ਸੀ। ਉਸ ਤੋਂ ਬਾਅਦ ਟਿਕਟ ਮੰਗੋ, ਐਮਐਲਏ ਬਣੋ ਤੇ ਉੱਪਰ ਜਾਓ। ਅਸੀਂ ਫੈਸਲਾ ਕੀਤਾ ਕਿ ਜਿਹੜਾ ਚੋਣ ਲੜੇਗਾ, ਉਹ ਐਫੀਡੈਵਿਟ ਦੇਵੇਗਾ ਕਿ ਉਹ ਕੋਈ ਵੀ ਸਿਆਸੀ ਅਹੁਦਾ ਨਹੀਂ ਲਵੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਅਜਿਹਾ ਬੰਦਾ ਲਿਆਈਏ, ਜਿਸ ਦਾ ਕੰਮ ਸਿਆਸਤ ‘ਚ ਆਉਣਾ ਨਹੀਂ ਹੋਵੇਗਾ।
Photo
ਸਵਾਲ-ਇਕ ਤਾਂ ਮੁੱਦਾ ਇਹ ਹੋ ਗਿਆ ਕਿ ਅਸੀਂ ਧਰਮ ਤੇ ਸਿਆਸਤ ਨੂੰ ਵੱਖਰਾ ਕਰਨਾ ਹੈ। ਦੂਜਾ ਮੁੱਦਾ ਇਹ ਉੱਠ ਕੇ ਆਉਂਦਾ ਹੈ ਜੋ ਧਰਮ ਵਿਚ ਗਿਰਾਵਟ ਹੈ, ਜਿਵੇਂ ਜਥੇਦਾਰ ਜਾਂ ਪ੍ਰਧਾਨ ਰੱਖੇ ਜਾਂਦੇ ਹਨ, ਗੁਰਦੁਆਰਿਆਂ ਨੂੰ ਵੰਡਿਆ ਜਾਂਦਾ ਹੈ, ਅਸੀਂ ਹਾਲੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਹੀਂ ਚੱਲ ਰਹੇ। ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਮੁੱਦਾ ਚੁੱਕੋਗੇ।
ਜਵਾਬ- ਸਭ ਤੋਂ ਪਹਿਲਾ ਮੁੱਦਾ ਐਸਜੀਪੀਸੀ ਨੂੰ ਅਜ਼ਾਦ ਕਰਵਾਉਣਾ ਹੈ। ਦੂਜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਜਿਹਾ ਹੋਵੇ, ਜਿਸ ਦਾ ਹੁਕਮ ਸਾਰੇ ਮੰਨਣ। ਸਾਡੀ ਸੁਖਬੀਰ ਨਾਲ ਕੋਈ ਜ਼ਿਆਤੀ ਲੜਾਈ ਨਹੀਂ, ਪਹਿਲਾਂ ਸਾਰੇ ਗੁਰੂ ਘਰਾਂ ਦਾ ਕੰਮ ਕਾਰ-ਸੇਵਾ ਵਾਲੇ ਕਰਦੇ ਸੀ। ਹੁਣ ਠੇਕੇ ‘ਤੇ ਕਰਵਾਇਆ ਜਾ ਰਿਹਾ ਸੀ। ਜਦਕਿ ਸੰਤ ਤਿਆਰ ਹਨ ਕੰਮ ਕਰਨ ਲਈ ਪਰ ਉਹ ਠੇਕੇ ਦਿੰਦੇ ਹਨ। ਉਹ ਕਹਿੰਦੇ ਸੀ ਕਿ 8-10 ਕਰੋੜ ਦੇ ਦਿਓ ਅਸੀਂ ਲੰਗਰ ਹਾਲ ਉਸ ਤੋਂ ਵੀ ਬਿਹਤਰ ਬਣਾਵਾਂਗੇ ਪਰ 40 ਕਰੋੜ ਦਾ ਠੇਕਾ ਦਿੱਤਾ ਗਿਆ, ਜੇਕਰ ਉਹਨਾਂ ਨੂੰ ਹੀ 5-10 ਕਰੋੜ ਦਾ ਸਮਾਨ ਦੇ ਦਿੰਦੇ ਤਾਂ 30 ਕਰੋੜ ਇੱਥੋਂ ਬਚ ਜਾਂਦਾ।
Photo
ਸਵਾਲ- ਢੀਂਡਸਾ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ। ਅਸੀਂ ਮੰਨਦੇ ਹਾਂ ਕਿ ਸੁਖਬੀਰ ਬਾਦਲ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸੁਖਬੀਰ ਬਾਦਲ ਨੇ ਜੋ ਵੀ ਸਿੱਖਿਆ ਅਪਣੇ ਪਿਤਾ ਤੋਂ ਸਿੱਖਿਆ। ਫਿਰ ਇਹ ਗਿਰਾਵਟ ਆਉਣੀ ਕਿੱਥੋਂ ਸ਼ੁਰੂ ਹੋਈ। ਤੁਸੀਂ ਪਹਿਲੀ ਵਾਰ ਕਦੋਂ ਦੇਖਿਆ ਕਿ ਤੁਹਾਨੂੰ ਲੱਗਿਆ ਕਿ ਤੁਹਾਨੂੰ ਅਵਾਜ਼ ਚੁੱਕਣੀ ਚਾਹੀਦੀ ਹੈ। ਉਹ ਪਹਿਲਾ ਕਿਹੜਾ ਮੌਕਾ ਸੀ ਕਿ ਤੁਹਾਨੂੰ ਲੱਗਿਆ ਕਿ ਤੁਸੀਂ ਘਬਰਾ ਗਏ ਹੋ?
ਜਵਾਬ-ਇਹ ਗੱਲ ਉਦੋਂ ਹੋਈ ਕਿ ਬਾਦਲ ਸਾਹਿਬ ਦਾ ਤਰੀਕਾ ਹੋਰ ਸੀ। ਉਹ ਸਾਰਿਆਂ ਨੂੰ ਕਾਨਫੀਡੈਂਸ ‘ਚ ਲੈ ਕੇ ਕੰਮ ਕਰਾਉਂਦੇ ਸੀ ਚਾਹੇ ਉਹ ਕੰਮ ਗਲਤ ਹੋਵੇ। ਇਹ ਉੱਪਰੋਂ ਹੁਕਮ ਚਾੜ੍ਹਦਾ ਸੀ। ਜਦੋਂ ਅਸੀਂ ਅਸੈਂਬਲੀ ਚੋਣਾਂ ਹਾਰ ਗਏ ਤਾਂ ਮੈਂ ਕੋਰ ਕਮੇਟੀ ਵਿਚ ਕਿਹਾ ਸੁਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਤੇ ਬਾਦਲ ਸਾਹਿਬ ਨੂੰ ਸੰਭਾਲਣਾ ਚਾਹੀਦਾ ਹੈ ਸਭ ਕੁੱਝ।
Photo
ਪਰ ਬਾਦਲ ਸਾਹਿਬ ਨੇ ਕਿਹਾ ਕਿ ਮੇਰੀ ਸਿਹਤ ਨਹੀਂ ਮਨਜ਼ੂਰੀ ਦਿੰਦੀ। ਤਾਂ ਸੁਖਬੀਰ ਗੁੱਸੇ ਹੋ ਗਿਆ ਕਿ ਜਦੋਂ ਪਿਛਲੀ ਵਾਰ ਜਿੱਤੇ ਸੀ, ਉੱਦੋਂ ਸੁਖਬੀਰ ਚੰਗਾ ਸੀ, ਹੁਣ ਮਾੜਾ ਹੋ ਗਿਆ। ਮੈਂ ਕਿਹਾ ਕੁਦਰਤੀ ਹੈ। ਜੇ ਜਿੱਤੋਗੇ ਤਾਂ ਕ੍ਰੈਡਿਟ ਪ੍ਰਧਾਨ ਨੂੰ ਜਾਊਗਾ, ਜੇ ਹਾਰੋਗਾ ਤਾਂ ਵੀ ਕ੍ਰੈਡਿਟ ਪ੍ਰਧਾਨ ਨੂੰ ਜਾਊਗਾ। ਪਰ ਮੈਂ ਹੈਰਾਨ ਹਾਂ ਕਿ ਉਦੋਂ ਤਾਂ ਬਾਦਲ ਸਾਹਿਬ ਨੇ ਸਿਹਤ ਦਾ ਹਵਾਲਾ ਦੇ ਦਿੱਤਾ ਪਰ ਹੁਣ ਬਾਦਲ ਸਾਹਿਬ ਇੰਨੇ ਸਾਲਾਂ ਬਾਅਦ ਫਿਰ ਖੜ੍ਹੇ ਹੋ ਗਏ।
Photo
ਸਵਾਲ- ਜਦੋਂ ਅਕਾਲੀ ਦਲ ਦੀ 10 ਸਾਲ ਸਰਕਾਰ ਦੀ ਕੁਝ ਅਜਿਹੀਆਂ ਚੀਜ਼ਾਂ ਹੋਈਆਂ। ਜਿਵੇਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ। ਬਰਗਾੜੀ ‘ਚ ਗੋਲੀ ਚੱਲੀ, ਡੀਜੀਪੀ ਸੁਮੇਧ ਸੈਣੀ ਦਾ ਜੋ ਰਿਕਾਰਡ ਰਿਹਾ ਉਹਨਾਂ ਦਾ ਅਕਾਲੀ ਸਰਕਾਰ ‘ਚ ਪੰਜਾਬ ਦਾ ਪੁਲਿਸ ਮੁਖੀ ਬਣਨਾ ਤੁਸੀਂ ਉਦੋਂ ਅਵਾਜ਼ਾਂ ਚੁੱਕੀਆਂ?
ਜਵਾਬ- ਹਾਂ ਚੁੱਕੀਆਂ ਸੀ। ਜਦੋਂ ਵਾਕਿਆ ਹੋਇਆ। ਪਹਿਲਾਂ ਬਾਦਲ ਸਾਹਿਬ ਡੀਜੀਪੀ ਨੂੰ ਟ੍ਰਾਂਸਫਰ ਕਰਨ ਲਈ ਤਿਆਰ ਨਹੀਂ ਸੀ। ਬਾਦਲ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਪੁਲਿਸ ‘ਚ ਬਗਾਵਤ ਨਾ ਹੋਜੇ। ਮੈਂ ਕਿਹਾ ਕਿ ਇਸ ਬਾਰੇ ਪੁਲਿਸ ‘ਚ ਬਗਾਵਤ ਕਿਵੇਂ ਹੋ ਜਾਉ। ਅਸੀਂ ਬੜੀ ਮੁਸ਼ਕਲ ਨਾਲ ਉਸ ਦੀ ਟ੍ਰਾਂਸਫਰ ਕਰਵਾਈ।ਸਾਡੀ ਡੀਜੀਪੀ ਨਾਲ ਬਹਿਸ ਵੀ ਹੋਈ। ਕਿ ਗੋਲੀ ਚਲਾਉਣ ਦਾ ਕੀ ਮਕਸਦ ਸੀ।
Photo
ਸਵਾਲ-ਪਰ ਅਕਾਲੀ ਸਰਕਾਰ ਵਿਚ ਉਹ ਡੀਜੀਪੀ ਲਗਾਇਆ ਗਿਆ ਜਿਸ ਦਾ ਸਿੱਖ ਕਤਲੇਆਮ ਵਿਚ ਵੱਡਾ ਹਿੱਸਾ ਪਾਇਆ ਗਿਆ। ਉਸ ਸਮੇਂ ਕਿਸੇ ਨੇ ਨਹੀਂ ਕਿਹਾ ?
ਜਵਾਬ- ਬਹੁਤ ਕਹਿੰਦੇ ਰਹੇ, ਪਰ ਮੰਨਿਆ ਨਹੀਂ ਕਿਸੇ ਨੇ? ਜਦੋਂ ਅਸੀਂ ਪੁੱਛਦੇ ਸੀ ਤਾਂ ਬਾਦਲ ਸਾਹਿਬ ਚੁੱਪ ਕਰ ਜਾਂਦੇ ਸੀ।
ਸਵਾਲ- 2014 ਵਿਚ ਕੇਂਦਰੀ ਮੰਤਰੀ ਬਣਨ ਦੀ ਵਾਰੀ ਤੁਹਾਡੀ ਬਣਦੀ ਸੀ ਤੁਸੀਂ ਉਦੋਂ ਵੀ ਚੁੱਪ ਰਹੇ ਤੇ ਕੁਰਸੀ ਜਾਣ ਦਿੱਤੀ।
ਜਵਾਬ- ਨਹੀਂ। 2014 ਵਿਚ ਮੈਂ ਲੋਕ ਸਭਾ ਚੋਣਾਂ ਹਾਰ ਗਿਆ ਸੀ ਪਰ ਰਾਜ ਸਭਾ ਵਿਚ ਮੈਂ ਸੀ। ਮੈਂ ਝੂਠ ਨਹੀਂ ਬੋਲਦਾ ਬਾਦਲ ਸਾਹਿਬ ਮੇਰੇ ਕੋਲ ਆਏ ਸੀ। ਉਹਨਾਂ ਕਿਹਾ ਕਿ ਮੰਤਰੀ ਕਿਸ ਨੂੰ ਬਣਾਈਏ। ਮੈਂ ਕਿਹਾ ਕਿ ਮੇਰਾ ਤਾਂ ਹੱਕ ਨਹੀਂ ਬਣਦਾ। ਮੈਂ ਕਿਹਾ ਕਿ ਬ੍ਰਹਮਪੁਰਾ, ਭੂੰਦੜ ਸਾਹਿਬ ਜਾਂ ਚੰਦੂਮਾਜਰਾ ਸਾਹਿਬ ਕਿਸੇ ਨੂੰ ਵੀ ਬਣਾ ਦਿਓ। ਮੈਂ ਕਿਹਾ ਹਰਸਿਮਰਤ ਬਾਦਲ ਤਾਂ ਉਹਨਾਂ ਕਿਹਾ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਅਖੀਰ ਵਿਚ ਉਹਨਾਂ ਨੇ ਹਰਸਿਮਰਤ ਨੂੰ ਹੀ ਬਣਾ ਦਿੱਤਾ।
Photo
ਸਵਾਲ-ਤੁਹਾਨੂੰ ਗਵਰਨਰਸ਼ਿਪ ਵੀ ਦੋ ਵਾਰ ਆਫਰ ਹੋਈ, ਜਿਹੜੀ ਇਹਨਾਂ ਨੇ ਪਾਸ ਨਹੀਂ ਹੋਣ ਦਿੱਤੀ।
ਜਵਾਬ- ਹਾਂ ਇਕ ਵਾਰ ਤਾਂ ਅਡਵਾਨੀ ਸਾਹਿਬ ਨੇ ਬਾਦਲ ਸਾਹਿਬ ਨੂੰ ਕਿਹਾ ਸੀ ਪਰ ਸਾਰਾ ਕੁਝ ਹੋ ਗਿਆ ਤੇ ਉਧਮ ਸਿੰਘ ਨਗਰ ਵਿਚ ਝਗੜਾ ਹੋ ਗਿਆ ਜਿਸ ਕਰਕੇ ਮੈਂ ਨਹੀਂ ਬਣ ਸਕਿਆ, ਮੈਂ ਆਪ ਮਨਾਂ ਕਰ ਦਿੱਤਾ। ਦੂਜੀ ਵਾਰ ਪਤਾ ਨਹੀਂ ਕੀ ਹੋਇਆ ਕਿ ਚੁੱਪ ਹੀ ਗਏ।
Photo
ਸਵਾਲ-ਬਹੁਤ ਵਾਰੀ ਕਿਹਾ ਜਾਂਦਾ ਸੀ ਕਿ ਤੁਹਾਨੂੰ ਸੰਗਰੂਰ ਤੋਂ ਜਾਣ-ਬੂਝ ਕੇ ਹਰਾਇਆ ਜਾਂਦਾ ਸੀ?
ਜਵਾਬ- ਇਹ ਬਿਲਕੁਲ ਸੀ। ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਉਸ ਨੇ ਇਕ ਨਾਲ ਨਹੀਂ ਅਜਿਹਾ ਕੀਤਾ। ਇਹ ਅਪਣੇ ਫਾਇਦੇ ਲਈ ਜਾਂ ਹਰਸਿਮਰਤ ਨੂੰ ਜਿਤਾਉਣ ਲਈ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰ ਲੈਂਦਾ ਸੀ। ਬਾਦਲ ਸਾਹਿਬ ਵੇਲੇ ਨਹੀਂ ਅਜਿਹਾ ਹੁੰਦਾ ਸੀ। ਇਹ ਜਾਣਦੇ ਹੋਏ ਵੀ ਸਾਰੇ ਚੁੱਪ ਹਨ।
Photo
ਸਵਾਲ-ਤੁਸੀਂ ਅਪਣੇ ਆਪ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ 10 ਸਾਲ ਪਹਿਲਾਂ ਬੋਲਦੇ?
ਜਵਾਬ- ਮੈਂ ਮੰਨਦਾ ਹਾਂ। ਤੁਹਾਨੂੰ ਯਾਦ ਹੋਵੇਗਾ, ਜਿਸ ਦਿਨ ਮੈਂ ਛੱਡਿਆ ਮੈਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਗਿਆ ਕਿ ਗੁਰੂ ਸਾਹਿਬ ਸਾਥੋਂ ਵੀ ਕਈ ਭੁੱਲਾਂ ਹੋਈਆਂ ਹੋਣਗੀਆਂ। ਮੈਂ ਮੁਆਫੀ ਮੰਗੀ। ਉਦੋਂ ਛੱਡਦੇ ਵੱਖਰੀ ਗੱਲ ਸੀ, ਹੁਣ ਵੱਖਰੀ ਗੱਲ ਹੈ।
Photo
ਸਵਾਲ-ਢੀਂਡਸਾ ਸਾਹਿਬ ਸੰਗਰੂਰ ਹੁਣ ਲ਼ੜਾਈ ਦਾ ਕੇਂਦਰ ਬਣ ਗਿਆ ਹੈ, ਅਕਾਲੀ ਦਲ ਤੁਹਾਡੇ ਹਲਕੇ ਵਿਚ ਜਾ ਕੇ ਤੁਹਾਡੇ ਬਾਰੇ ਕਾਫੀ ਕੁਝ ਕਹਿ ਰਹੇ ਹਨ। ਤੁਹਾਨੂੰ ਅਹਿਸਾਨ ਫਰਾਮੋਸ਼ ਕਿਹਾ ਜਾ ਰਿਹਾ ਹੈ। ਇਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ?
ਜਵਾਬ-ਪਹਿਲਾਂ ਤਾਂ ਇਹ ਦੱਸੋ ਕਿ ਮੈਨੂੰ ਤੇ ਮੇਰੇ ਪੁੱਤਰ ਨੂੰ ਇਹ ਨਹੀਂ ਕਿ ਅਸੀਂ ਕੋਈ ਕੁਰਬਾਨੀ ਨਹੀਂ ਦਿੱਤੀ। ਸੁਖਬੀਰ ਬਾਦਲ ਦੱਸੇ ਕਿ ਉਸ ਨੇ ਪਾਰਟੀ ਲਈ ਕੀ ਕੁਰਬਾਨੀ ਦਿੱਤੀ। ਉਸ ਦਾ ਕੋਈ ਜਵਾਬ ਨਹੀਂ ਆਇਆ। ਮੈਂ ਮੰਨਦਾ ਹਾਂ ਕਿ ਪਾਰਟੀ ਨ ਮੈਨੂੰ ਬਹੁਤ ਕੁਝ ਦਿੱਤਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ ਜੋ ਮਰਜੀ ਕਰੀ ਜਾਵੇ। ਅਸੀਂ ਤਾਂ ਸਭ ਕੁਝ ਛੱਡ ਕੇ ਆਏ ਹਾਂ। ਜੋ ਉਹਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਖਿਲਾਫ਼ ਬੋਲਿਆ ਹੈ, ਲੋਕਾਂ ‘ਚ ਗੁੱਸਾ ਬਹੁਤ ਹੈ।
Photo
ਸਵਾਲ- ਬੱਸਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਬੱਸਾਂ ਦਾ ਨਿੱਜੀ ਕਾਰੋਬਾਰ ਹੈ। ਇਸੇ ਤਰ੍ਹਾਂ ਬਹੁਤ ਵਪਾਰ ਫੈਲੇ ਪਰ ਜਿਹੜਾ ਨਸ਼ੇ ਦਾ ਵਪਾਰ ਫੈਲਿਆ ਉਹ ਵੀ 10 ਸਾਲਾਂ ਦੇ ਅਕਾਲੀ ਰਾਜ ਵਿਚ ਫੈਲਿਆ। ਇਸ ਬਾਰੇ ਅਕਾਲੀ ਦਲ ਦੇ ਅੰਦਰ ਚਰਚਾ ਹੋਈ?
ਜਵਾਬ-ਹੁੰਦੀ ਰਹੀ। ਅਸੀਂ ਕਹਿੰਦੇ ਰਹੇ ਕਿ ਜਿਹੜਾ ਰੇਤਾ-ਬਜਰੀ, ਠੇਕਿਆਂ ਦਾ, ਬੱਸਾਂ ਦਾ ਇਸ ਦਾ ਰੌਲਾ ਬਹੁਤ ਪੈਂਦਾ ਕੋਈ ਹੱਲ ਕਰੋ। ਪਰ ਉਹ ਕਿਸੇ ਦੀ ਸੁਣਦੇ ਨਹੀਂ ਸੀ।
Photo
ਸਵਾਲ- ਅੱਜ ਤੁਹਾਨੂੰ ਇਹ ਘਬਰਾਹਟ ਤਾਂ ਨਹੀਂ ਹੋ ਰਹੀ ਕਿ ਜਿਵੇਂ ਬੋਨੀ ਵਾਪਸ ਚਲਾ ਗਿਆ, ਪਰਮਿੰਦਰ ਤਾਂ ਨਹੀਂ ਵਾਪਸ ਚਲਾ ਜਾਵੇਗਾ
ਜਵਾਬ- ਨਹੀਂ ਪਰਮਿੰਦਰ ਮੇਥੋਂ ਬਾਹਰ ਨਹੀਂ ਜਾ ਸਕਦਾ। ਮੈਨੂੰ ਖੁਦ ਬਾਦਲ ਸਾਹਿਬ ਕਹਿੰਦੇ ਸੀ ਕਿ ਤੁਹਾਡੇ ਵਰਗਾ ਪੁੱਤਰ ਰੱਬ ਸਾਰਿਆਂ ਨੂੰ ਦੇਵੇ। ਉਹ ਪੂਰੀ ਮਿਹਨਤ ਕਰ ਰਿਹਾ ਹੈ। ਉਹ ਅਜਿਹਾ ਸੋਚ ਵੀ ਨਹੀਂ ਰਿਹਾ।
Photo
ਸਵਾਲ-ਸੁਖਬੀਰ ਨੇ ਇਸੇ ਗੱਲ ਨੂੰ ਫੜਿਆ ਹੈ ਕਿ ਢੀਂਡਸਾ ਸਾਹਿਬ ਪਰਮਿੰਦਰ ਨੂੰ ਸੋਚਣ ਦਾ ਮੌਕਾ ਨਹੀਂ ਦੇ ਰਹੇ। ਪਰਮਿੰਦਰ ਜ਼ਬਰਦਸਤੀ ਆਇਆ ਹੈ।
ਜਵਾਬ-ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਮੈਨੂੰ ਸਿਆਸਤ ‘ਚ ਆਇਆਂ ਲੰਬਾ ਸਮਾਂ ਹੋ ਗਿਆ ਹੈ ਪਰਮਿੰਦਰ ਨੂੰ ਘੱਟ ਸਮਾਂ ਹੋਇਆ ਹੈ। ਮੈਂ ਸਮਝਦਾ ਹਾਂ ਕਿ ਉਹ ਮੇਰੇ ਨਾਲੋਂ ਕਈ ਗੱਲਾਂ ‘ਚ ਸਿਆਣਾ ਹੈ।
ਸਵਾਲ- ਜਿਵੇਂ ਅੱਜ ਢੱਡਰੀਆਂ ਵਾਲੇ ‘ਤੇ ਅਕਾਲ ਤਖ਼ਤ ਸਾਹਿਬ ‘ਚ ਤਰਕਬਾਜ਼ੀ ਚੱਲ ਰਹੀ ਹੈ। ਤੁਸੀਂ ਇਸ ‘ਚ ਕਿਸ ਪਾਸੇ ਜਾਓਗੇ।
ਜਵਾਬ- ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਬੈਠ ਕੇ ਅਪਣੀ ਦੁਸ਼ਮਣੀ ਘਟਾਉਣੀ ਚਾਹੀਦੀ ਹੈ। ਇਸ ਦਾ ਨੁਕਸਾਨ ਸਿੱਖ ਪੰਥ ਲਈ ਹੈ। ਇਸ ਪੂਰੀ ਇੰਟਰਵਿਊ ਨੂੰ ਤੁਸੀਂ ਸਾਡੇ ਪੇਜ਼ https://www.facebook.com/RozanaSpokesmanOfficial/ ‘ਤੇ ਜਾ ਕੇ ਦੇਖ ਸਕਦੇ ਹੋ।