
ਇਕ ਦਿਨ ਨਸੀਰਉਦੀਨ, ਇਕ ਪਿੰਡ ਵਿਚੋਂ ਲੰਘ ਰਿਹਾ ਸੀ। ਪਿੰਡ ਦੇ ਕੁੱਝ ਲੋਕਾਂ ਨੇ ਸਵਾਲ ਕੀਤਾ, ਨਸੀਰਉਦੀਨ ਤੂੰ ਥਾਂ-ਥਾਂ ਘੁੰਮਦਾ ਫਿਰਦਾ ਏਂ।
ਮਨੁੱਖ ਅਖਵਾਉਂਦਾ ਏ ਅਸ਼ਰਫ਼ ਉਲ ਮਖ਼ਲੂਕਾਤ ਭਾਵ ਸਰਵ ਸ੍ਰੇਸ਼ਠ ਪ੍ਰਾਣੀ, ਧਰਤੀ ਦਾ ਰਾਣਾ, ਚੁਫੇਰੇ ਹੈ ਇਸ ਦੀ ਸਰਦਾਰੀ। ਜੀਵਨ ਜਾਚ ਪੱਖੋਂ, ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਵਿਅਕਤੀ ਅਪਣੀ ਯੋਗਤਾ, ਸਮਰੱਥਾ, ਤੌਫ਼ੀਕ ਤੇ ਔਕਾਤ ਵੇਖੇ। ਉਹ ਇਹ ਵੇਖੇ ਕਿ ਉਹ ਕਿੰਨੇ ਕੁ ਪਾਣੀ ਵਿਚ ਹੈ? ਆਚਾਰ ਵਿਹਾਰ ਪੱਖੋਂ ਕਿਥੇ ਖੜਾ ਹੈ? ਨੈਤਿਕ ਪੱਖੋਂ ਕਿੰਨਾ ਕੁ ਉਜਵਲ ਹੈ? ਬੋਲ ਬਾਣੀ ਵਿਚ ਕਿੰਨਾ ਕੁ ਪ੍ਰਪੱਕ ਹੈ। ਸੂਝ-ਬੂਝ ਦੀ ਧਾਰ ਕਿੰਨੀ ਕੁ ਤੀਖਣ ਏ। ਕਾਰ ਵਿਹਾਰ ਵਿਚ ਕਿੰਨਾ ਕੁ ਸੁਚੇਰਾ ਹੈ। ਸੌ ਗ਼ਜ਼ ਰੱਸਾ ਸਿਰੇ ਤੇ ਗੰਢ, ਜੀਵਨ ਜਾਚ ਦਾ ਸੱਭ ਤੋਂ ਮਹੱਤਵਪੂਰਨ ਤੱਤ ਏ ਮਨੁੱਖੀ ਯੋਗਤਾ। ਚੇਤੇ ਰਹੇ, ਅਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਨਾ, ਸੱਭ ਤੋਂ ਵੱਡੀ ਜਾਣਕਾਰੀ ਏ।
ਅਪਣੇ ਗੁਣਾਂ ਤੇ ਔਗੁਣਾਂ ਦੀ ਜਾਣਕਾਰੀ ਹੋਣੀ, ਮਨੁੱਖ ਦੀ ਸਰਵ ਸ੍ਰੇਸ਼ਠ ਪ੍ਰਵਿਰਤੀ ਮਿਲ ਜਾਂਦੀ ਹੈ। ਅਪਣੇ ਜੀਵਨ ਦੀ ਅਸਲੀਅਤ ਬਾਰੇ ਅਗਿਆਨਤਾ ਹੋਣੀ, ਨਾ ਕੇਵਲ ਨਾਦਾਨੀ ਤੇ ਕਮਜ਼ੋਰੀ ਹੈ, ਸਗੋਂ ਜੀਵਨ ਲਈ ਸੱਭ ਤੋਂ ਵੱਡੀ ਫਿਟਕਾਰ ਵੀ ਹੈ। ਅਪਣੀਆਂ ਨਾਦਾਨੀਆਂ ਨੂੰ ਦੂਰ ਕਰਨ ਦੇ ਉਪਰਾਲੇ ਕਰਨ ਵਾਲਾ ਮਨੁੱਖ ਜੀਵਨ ਜਾਚ ਦਾ ਸੁਚੱਜਾ ਪਾਰਖੂ ਹੈ। ਅਪਣੇ ਜੀਵਨ ਬਾਰੇ ਅਗਿਆਨਤਾ ਹੋਣੀ, ਜੀਵਨ ਦਾ ਧੁੰਦਲਾ ਪੱਖ ਹੈ।
ਸਾਰੰਸ਼ : ਅਪਣੇ ਆਪ ਦੀ ਠੀਕ ਪਰਖ ਹੀ ਮਨੁੱਖੀ ਜੀਵਨ ਦੀ ਸੱਭ ਤੋਂ ਵੱਡੀ ਸਰਦਾਰੀ ਹੈ। ਹਕੀਕਤ ਸੂਰਜ ਦੀ ਕਿਰਨ ਦੀ ਤਰ੍ਹਾਂ ਰੋਸ਼ਨ ਹੁੰਦੀ ਹੈ। ਦਿਨ ਚੜ੍ਹਿਆ ਭਾਵ ਸੂਰਜ ਨਿਕਲਿਆ ਸੱਭ ਨੂੰ ਨਜ਼ਰ ਆਉਂਦਾ ਹੈ। ਵਿਅਕਤੀ ਉਹੀ ਆਦਰ ਦਾ ਪਾਤਰ ਹੈ ਜਿਸ ਨੂੰ ਅਪਣੀ ਤੌਫ਼ੀਕ, ਸਮਰੱਥਾ ਤੇ ਯੋਗਤਾ ਦਾ ਪੂਰਾ-ਪੂਰਾ ਗਿਆਨ ਏ। ਅਪਣੇ ਬਾਰੇ ਅਗਿਆਨਤਾ ਜੀਵਨ ਦਾ ਘਾਤਕ ਪਹਿਲੂ ਏ।
ਬਿਨਾਂ ਅਪਣੀ ਅਸਲੀਅਤ ਜਾਣੇ, ਹਵਾਈ ਕਿਲ੍ਹੇ ਬਣਾਉਣੇ, ਭੁੰਨੇ ਤਿੱਤਰ ਉਡਾਉਣੇ, ਸ਼ੇਖ਼ ਚਿੱਲੀ ਦੀ ਤਰ੍ਹਾਂ ਮਨਸੂਬੇ ਘੜਨੇ, ਹਵਾ ਨੂੰ ਤਲਵਾਰਾਂ ਮਾਰਨੀਆਂ, ਅਪਣੇ ਆਪ ਨੂੰ ਅਪਣੀ ਯੋਗਤਾ ਤੇ ਸਮਰੱਥਾ ਤੋਂ ਵਧੇਰੇ ਦਰਸਾਉਣਾ, ਨਾ ਹੀ ਜੀਵਨ ਦਾ ਮਨੋਰਥ ਹੈ ਤੇ ਨਾ ਹੀ ਜੀਵਨ ਨੂੰ ਸੋਭਦਾ ਹੈ। ਹਕੀਕਤ 'ਚ ਵਿਚਰਨਾ ਹੀ ਜੀਵਨ ਲਈ ਆਦੇਸ਼ ਅਤੇ ਸੰਦੇਸ਼ ਹੈ। ਦੂਜਿਆਂ ਪਾਸੋਂ ਕਦੇ ਵੀ ਅਜਿਹੀ ਯੋਗਤਾ ਤੇ ਸਮਰੱਥਾ ਦੀ ਆਸ ਨਾ ਰੱਖੋ ਜਿਸ ਤੋਂ ਤੁਸੀ ਆਪ ਵੰਚਿਤ ਹੋਵੋ। ਇਸ ਸਬੰਧੀ ਸੁਧਾਰਕ ਤੇ ਪ੍ਰਚਾਰਕ ਨਸੀਰਉਦੀਨ ਦੀ ਇਕ ਵਾਰਤਾਲਾਪ ਉਪਯੋਗੀ ਵੀ ਹੈ ਤੇ ਦਿਸ਼ਾ ਸੂਚਕ ਵੀ ਹੈ।
ਸੂਫ਼ੀ ਫ਼ਕੀਰ ਨਸੀਰਉਦੀਨ ਇਕ ਵਿਸ਼ਾਲ ਦ੍ਰਿਸ਼ਟੀ ਵਾਲਾ ਪ੍ਰਚਾਰਕ ਤੇ ਸੁਧਾਰਕ ਹੋਇਆ ਹੈ। ਉਹ ਜੀਵਨ ਦੀਆਂ ਅਟੱਲ ਸਚਾਈਆਂ ਦੇ ਰੇੜਕੇ ਵਿਚੋਂ ਜੀਵਨ ਜਾਚ ਰੂਪੀ ਮੱਖਣ ਕਢਣਾ ਜਾਣਦਾ ਸੀ। ਉਸ ਦੀ ਸਰਲ ਬਾਣੀ ਵਿਚੋਂ ਸਾਰਥਕ ਤੇ ਉਪਯੋਗੀ ਉਦੇਸ਼ ਝਾਤ ਪਾਉਂਦਾ ਸੀ। ਉਸ ਦਾ ਸਰਲ ਪ੍ਰਚਾਰ ਆਮ ਲੋਕਾਂ ਨੂੰ ਜੀਵਨ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਸੀ। ਉਹ ਘਰੇਲੂ ਖਾਣ ਪੀਣ ਦੀਆਂ ਚੀਜ਼ਾਂ ਇਕ ਗਧੇ ਤੇ ਲੱਦ ਕੇ ਅਤੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਵਿਚ ਵੇਚ ਕੇ ਅਪਣੀ ਉਪਜੀਵਕਾ ਵੀ ਕਮਾਉਂਦਾ ਸੀ ਅਤੇ ਸਾਧਾਰਣ ਗੱਲਾਂ ਬਾਤਾਂ ਰਾਹੀਂ, ਪਿੰਡਾਂ ਦੇ ਲੋਕਾਂ ਨੂੰ ਉਪਦੇਸ਼ ਵੀ ਦਿੰਦਾ ਸੀ। ਸੁਚੱਜੀ ਜੀਵਨ ਜਾਚ ਪੱਖੋਂ, ਉਹ ਲੋਕਾਂ ਲਈ ਚਾਨਣ ਮੁਨਾਰਾ ਸੀ।
ਇਕ ਦਿਨ ਨਸੀਰਉਦੀਨ, ਇਕ ਪਿੰਡ ਵਿਚੋਂ ਲੰਘ ਰਿਹਾ ਸੀ। ਪਿੰਡ ਦੇ ਕੁੱਝ ਲੋਕਾਂ ਨੇ ਸਵਾਲ ਕੀਤਾ, ਨਸੀਰਉਦੀਨ ਤੂੰ ਥਾਂ-ਥਾਂ ਘੁੰਮਦਾ ਫਿਰਦਾ ਏਂ। ਟਿਕਾਉ ਵਾਲਾ ਜੀਵਨ ਜਿਊਣ ਲਈ ਤੂੰ ਸ਼ਾਦੀ ਕਿਉਂ ਨਹੀਂ ਕਰਵਾ ਲੈਂਦਾ? ਨਸੀਰਉਦੀਨ ਨੇ ਉਤਰ ਦਿਤਾ, ''ਵਿਆਹ ਇਕ ਅਜਿਹਾ ਵਿਸ਼ਾ ਹੈ, ਜਿਸ ਤੇ ਸਾਰੀਆਂ ਔਰਤਾਂ ਦਾ ਇਕ ਮੱਤ ਹੈ। ਪ੍ਰੰਤੂ ਸਾਰੇ ਮਰਦਾਂ ਦਾ ਵੱਖ-ਵੱਖ। ਮੇਰੇ ਵਿਚਾਰ ਵਿਚ ਹਰ ਔਰਤ ਦਾ ਕਰਤੱਵ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਸ਼ਾਦੀ ਕਰਵਾ ਲਵੇ। ਪਰ ਹਰ ਪੁਰਸ਼ ਦਾ ਕਰਤਵ ਹੈ ਕਿ ਜਿਥੋਂ ਤਕ ਸੰਭਵ ਹੋ ਸਕੇ, ਉਹ ਅਜਿਹੇ ਕਾਰਜ ਤੋਂ ਦੂਰ ਰਹੇ। ਮੰਨਦਾ ਹਾਂ ਜ਼ਿੰਦਗੀ ਪਿਆਰ ਹੈ, ਸਾਂਝ ਹੈ ਤੇ ਰਲਵੀਂ ਮਿਲਵੀਂ ਤੋਰ ਹੈ, ਫਿਰ ਵੀ ਮੇਰੇ ਵਿਚਾਰ ਵਿਚ ਔਰਤ ਨੂੰ ਵਿਆਹ ਕਰਵਾਉਣਾ ਚਾਹੀਦਾ ਹੈ, ਮਰਦ ਨੂੰ ਨਹੀਂ।
ਫਿਰ ਵੀ ਮੈਂ ਤੁਹਾਡੀ ਨੇਕ ਤੇ ਸੁਚੱਜੀ ਰਾਏ ਤੇ ਅਮਲ ਜ਼ਰੂਰ ਕਰਾਂਗਾ। ਜਿਸ ਦਿਨ ਮੈਨੂੰ ਮੁਕੰਮਲ ਔਰਤ ਮਿਲ ਗਈ, ਮੈਂ ਉਸ ਨਾਲ ਸ਼ਾਦੀ ਜ਼ਰੂਰ ਕਰ ਲਵਾਂਗਾ। ਮੈਂ ਦੰਪਤੀ ਜੀਵਨ ਵਿਚ ਦੋਹਾਂ ਧਿਰਾਂ ਪਾਸੋਂ ਸੱਚਾ ਸੁੱਚਾ ਪਿਆਰ ਚਾਹੁੰਦਾ ਹਾਂ। ਸੁੱਚਾ ਪਿਆਰ ਸਮੇਂ ਦਾ ਗ਼ੁਲਾਮ ਨਹੀਂ ਹੁੰਦਾ।'' ਕੁੱਝ ਸਮਾਂ ਪਾ ਕੇ ਨਸੀਰਉਦੀਨ ਦਾ ਉਸੇ ਪਿੰਡ ਵਿਚੋਂ ਗੁਜ਼ਰਨਾ ਹੋਇਆ। ਇਤਫ਼ਾਕ ਨਾਲ ਉਨ੍ਹਾਂ ਲੋਕਾਂ ਨੇ ਹੀ ਨਸੀਰਉਦੀਨ ਨੂੰ ਪੁਛਿਆ, ''ਕੀ ਤੂੰ ਅਜੇ ਤਕ ਸ਼ਾਦੀ ਨਹੀਂ ਕਰਵਾਈ? ਕੀ ਤੈਨੂੰ ਅਜੇ ਮੁਕੰਮਲ ਔਰਤ ਨਹੀਂ ਮਿਲੀ?'' ਨਸੀਰਉਦੀਨ ਨੇ ਉਤਰ ਦਿਤਾ, ''ਮਿਲੀ ਸੀ।'' ''ਫਿਰ ਤੂੰ ਉਸ ਨਾਲ ਸ਼ਾਦੀ ਕਿਉਂ ਨਹੀਂ ਕੀਤੀ?'' ਲੋਕਾਂ ਨੇ ਪੁਛਿਆ। ਉਸ ਨੇ ਉਤਰ ਦਿਤਾ, ''ਉਸ ਔਰਤ ਨੇ ਕਿਹਾ ਸੀ ਕਿ ਮੈਂ ਕਿਸੇ ਮੁਕੰਮਲ ਆਦਮੀ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ, ਤੇਰੇ ਨਾਲ ਨਹੀਂ।'' ਲੋਕ ਹੱਸ ਪਏ। ਨਸੀਰਉਦੀਨ ਇਹ ਸੰਦੇਸ਼ ਦੇ ਕੇ ਤੁਰਦਾ ਬਣਿਆ।
ਸੰਦੇਹਸ਼ੀਲ ਹੈ ਸਾਡੀ ਪ੍ਰਵਿਰਤੀ, ਭੁਲੇਖਾ ਪਾਊ ਹੈ ਸਾਡੀ ਵਿਵਹਾਰਕ ਸੋਚ। ਅਸੀ ਦੂਜਿਆਂ 'ਚ ਲੋਚਦੇ ਹਾਂ ਅਜਿਹੇ ਗੁਣ ਜਿਨ੍ਹਾਂ ਨਾਲ ਨਹੀਂ ਹੁੰਦਾ ਸਾਡਾ ਦੂਰ ਦਾ ਵੀ ਕੋਈ ਸਬੰਧ। ਚੰਗੀਆਂ ਧਾਰਣਾਵਾਂ ਜਾਂ ਅਸੂਲਾਂ ਲਈ ਹੱਕ ਜ਼ਮਾਣਾ ਸੌਖਾ ਹੈ ਪਰ ਅਜਿਹੇ ਅਸੂਲਾਂ ਅਨੁਸਾਰ ਆਪ ਜਿਊਣਾ ਔਖਾ ਹੈ। ਜੀਵਨ ਵਾਸਤਵਿਕ ਗੁਣਾਂ ਦੀ ਕਰਮ ਭੂਮੀ ਹੈ, ਇੱਛਾਵਾਂ ਦਾ ਗੁਲਦਸਤਾ ਨਹੀਂ, ਕੇਵਲ ਅਪਣੀਆਂ ਸੱਧਰਾਂ ਦੀ ਤਾਣੀ ਨਹੀਂ। ਮੰਨਦਾ ਹਾਂ, 'ਚੰਗੀ ਤਰ੍ਹਾਂ ਸੋਚਣਾ ਬੁਧੀਮਾਨੀ ਹੈ ਪਰ ਚੰਗੀ ਤਰ੍ਹਾਂ ਕੰਮ ਨੂੰ ਨੇਪਰੇ ਚਾੜ੍ਹਨਾ, ਵਧੇਰੇ ਬੁਧੀਮਾਨ ਹੋਣ ਦਾ ਪ੍ਰਮਾਣ ਹੈ।
ਸ਼ਖ਼ਸੀਅਤ ਮਨੁੱਖ ਲਈ ਉਸੇ ਤਰ੍ਹਾਂ ਹੈ, ਜਿਵੇਂ ਫੁੱਲ ਲਈ ਸੁਗੰਧੀ। ਹਾਂ, ਅਪਣੀ ਸ਼ਖ਼ਸੀਅਤ 'ਚ ਵਿਸ਼ਵਾਸ ਹੋਣਾ ਵੀ ਸ਼ਕਤੀਮਾਨ ਹੋਣਾ ਹੈ।' ਮੈਂ ਸੋਚਦਾ ਹਾਂ, ਸੱਚ ਮੁੱਚ ਮਨੁੱਖੀ ਜੀਵਨ ਕੁੱਝ ਅਨਮੋਲ ਧਾਰਣਾਵਾਂ, ਪਰੰਪਰਾਵਾਂ ਤੇ ਮਨੋਰਥਾਂ ਤੇ ਖੜਾ ਹੈ। ਹਜ਼ਾਰਾਂ ਸਾਲਾਂ ਦੀ ਕਸੌਟੀ ਤੇ ਪਰਖੀਆਂ ਜਾਣ ਵਾਲੀਆਂ ਧਾਰਣਾਵਾਂ ਅਤੇ ਪਰੰਪਰਾਵਾਂ, ਨਾ ਕੇਵਲ ਮਨੁੱਖ ਨੂੰ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ, ਸਗੋਂ ਮਨੁੱਖ ਨੂੰ ਕੁਰਾਹੇ ਪੈਣ ਤੋਂ ਵੀ ਵਰਜਿਤ ਕਰਦੀਆਂ ਹਨ। ਮਨੁੱਖ ਨੂੰ ਚੇਤਾਵਨੀ ਦਿੰਦੇ ਹੋਏ ਦਰਸਾਉਂਦੀਆਂ ਹਨ ਕਿ ਉਸ ਦੀ ਕੀ ਔਕਾਤ ਹੈ ਅਤੇ ਉਹ ਕਿੰਨੇ ਕੁ ਪਾਣੀ 'ਚ ਖੜਾ ਹੈ?
ਮਨੁੱਖ ਨਹੀਂ ਉਤਰਦਾ ਇਨ੍ਹਾਂ ਵਾਸਤਵਿਕਤਾਵਾਂ ਤੇ ਖਰਾ। ਉਹ ਕਬੂਤਰ ਦੀ ਤਰ੍ਹਾਂ ਅੱਖਾਂ ਮੀਟ ਛਡਦਾ ਏ। ਕਰ ਛਡਦਾ ਏ ਇਨ੍ਹਾਂ ਨੂੰ ਅੱਖਾਂ ਤੋਂ ਓਹਲੇ। ਉਪਮਾ ਦਾ ਭੁੱਖਾ ਤੇ ਹਉਮੈ ਦਾ ਸ਼ਿਕਾਰ ਹੋਣ ਕਾਰਨ, ਮਨੁੱਖ ਚਾਹੁੰਦਾ ਹੈ ਦੂਜਿਆਂ ਤੇ ਅਪਣੀ ਸਰਦਾਰੀ। ਨਾ ਤਾਂ ਪਰਖਦਾ ਏ ਅਪਣੀ ਯੋਗਤਾ ਅਤੇ ਨਾ ਜਾਂਚਦਾ ਏ ਅਪਣੇ ਖੰਭਾਂ ਦੇ ਤਾਣ। ਪ੍ਰਸਿੱਧ ਕਹਾਵਤ ਏ, 'ਉਹ ਦਿਨ ਡੁੱਬਾ ਜਿਸ ਦਿਨ ਘੋੜੀ ਚੜ੍ਹਿਆ ਕੁੱਬਾ।' ਇਹ ਕਹਾਵਤ ਦਰਸਾਉਂਦੀ ਏ ਕਿ ਜੋ ਵਿਅਕਤੀ ਸ੍ਰੀਰਕ ਪੱਖੋਂ ਅਪਾਹਜ ਹੈ, ਚਲਣ ਫਿਰਨ ਤੋਂ ਲਾਚਾਰ ਹੈ, ਜੇ ਉਹ ਸੋਚੇ ਕਿ ਉਹ ਰਿਸ਼ਟ ਪੁਸ਼ਟ ਗਭਰੂ ਵਾਂਗ ਲਾੜੇ ਵਾਂਗ ਸੱਜ ਧੱਜ ਕੇ ਸਹਿਜੇ ਹੀ ਘੋੜੀ ਤੇ ਸਵਾਰੀ ਕਰ ਲਵੇਗਾ ਤਾਂ ਸਮਝੋ ਉਹ ਮੂਰਖਾਂ ਦੀ ਦੁਨੀਆਂ ਵਿਚ ਵਿਚਰ ਰਿਹਾ ਹੈ। ਬਿਨਾਂ ਅਪਣੀ ਯੋਗਤਾ ਜਾਣੇ ਉਹ ਭੁੰਨੇ ਤਿੱਤਰ ਉਡਾ ਰਿਹਾ ਹੈ।
'ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ' ਦੀ ਕਹਾਵਤ ਦਰਸਾਉਂਦੀ ਏ ਕਿ ਦੋਸ਼ ਭਰਪੂਰ ਵਿਅਕਤੀ ਗੁਣਵਾਨ ਅਤੇ ਲਾਭਦਾਇਕ ਵਿਅਕਤੀ ਦੀ ਨਿਆਈਂ ਨਾ ਹੀ ਸਮਾਜ 'ਚ ਵਿਚਰ ਸਕਦਾ ਹੈ ਅਤੇ ਨਾ ਹੀ ਉਸ ਦੀ ਤਰ੍ਹਾਂ ਮਾਣ ਪ੍ਰਾਪਤ ਕਰ ਸਕਦਾ ਹੈ। 'ਘੁਮਿਆਰੀ ਅਪਣਾ ਭਾਂਡਾ ਸਲਾਹੁੰਦੀ ਏ, ਭਾਵੇਂ ਪਿੱਲਾ ਕਿਉਂ ਨਾ ਹੋਵੇ ਦੀ ਕਹਾਵਤ ਅਨੁਸਾਰ, ਇਹ ਦਰਸਾਇਆ ਗਿਆ ਹੈ ਕਿ ਦੋਸ਼ ਹੁੰਦਿਆਂ ਹੋਇਆਂ ਵੀ ਅਪਣੇ ਗੁਣਾਂ ਦੀ ਰਾਗਣੀ ਗਾਈ ਜਾਣਾ ਨਾ ਹੀ ਉਚਿਤ ਹੈ ਅਤੇ ਨਾ ਹੀ ਸ਼ੋਭਦਾ ਹੈ।
ਬਾਲੂਤ ਦਾ ਦਰੱਖ਼ਤ ਤਿੰਨ ਸੌ ਸਾਲ ਖੜਾ ਰਹਿੰਦਾ ਹੈ। ਉਸ ਦੇ ਫੱਲ, ਫੁਲ ਤੇ ਪੱਤੇ ਕਿਸੇ ਕੰਮ ਨਹੀਂ ਆਉਂਦੇ। ਉਹ ਕਿਉਂ ਤੇ ਕਾਹਦਾ ਅਭਿਮਾਨ ਕਰੇ? ਉਸ ਨਾਲੋਂ ਤਾਂ ਲਿੱਲੀ ਦਾ ਫੁੱਲ ਹਜ਼ਾਰ ਦਰਜੇ ਚੰਗਾ ਹੈ, ਜੋ ਭਾਵੇਂ ਇਕ ਦਿਨ ਰਹਿੰਦਾ ਹੈ ਪਰ ਦੂਜਿਆਂ ਨੂੰ ਫੱਲ, ਫੁੱਲ ਤੇ ਸੁਗੰਧੀ ਦੇ ਜਾਂਦਾ ਹੈ। ਜੇਕਰ ਜੱਟ ਕਿੱਕਰ ਬੀਜ ਕੇ ਦਾਖਾਂ ਦੀ ਆਸ ਰਖੇ ਤਾਂ ਉਹ ਭੁਲੇਖੇ ਤੇ ਭਰਮ ਦੀ ਦੁਨੀਆਂ ਵਿਚ ਜੀਅ ਰਿਹਾ ਹੈ। ਅਸਲੀਅਤ ਇਹੀ ਹੈ ਕਿ ਅਪਣੀ ਯੋਗਤਾ ਤੇ ਸਮਰੱਥਾ ਦੀ ਠੀਕ ਪਹਿਚਾਣ ਹੀ ਵਿਅਕਤੀ ਨੂੰ ਸਾਵਾਂ ਪੱਧਰਾ ਜੀਵਨ ਜਿਊਣ ਦੇ ਸਮਰੱਥ ਬਣਾਉਂਦੀ ਹੈ। ਜੀਵਨ ਦਾ ਸਾਰ ਤਾਂ ਇਹੀ ਹੈ ਕਿ ਜੀਅ ਸਦਕੇ ਗਗਨ ਵਿਚ ਲਾਉ ਉਡਾਰੀ ਪਰ ਪਹਿਲਾਂ ਪਰਖ ਲਉ ਅਪਣੇ ਖੰਭਾਂ ਦੇ ਤਾਣ...।
ਸੰਪਰਕ : 90506-80370
ਪ੍ਰਿੰਸੀਪਲ ਜੋਗਿੰਦਰ ਸਿੰਘ