ਤੇਲਗੁ ਦੇਸਮ ਪਾਰਟੀ ਬਨਾਮ ਅਕਾਲੀ ਦਲ
Published : May 19, 2018, 7:15 am IST
Updated : May 19, 2018, 7:35 am IST
SHARE ARTICLE
BJP & SAD
BJP & SAD

ਸਿਰਲੇਖ ਪੜ੍ਹ ਕੇ ਤੁਸੀ ਕਹੋਗੇ ਕਿ ਤੇਲਗੂ ਦੇਸਮ ਪਾਰਟੀ ਅਤੇ ਅਕਾਲੀ ਦਲ ਦਾ ਕੀ ਸਬੰਧ ਹੈ ਕਿਉਂਕਿ ਟੀ.ਡੀ.ਪੀ. ਆਂਧਰਾ ਦੀ ਪਾਰਟੀ ਹੈ ਤੇ ਅਕਾਲੀ ਦਲ ਸਿੱਖਾਂ ਦੀ ਪਾਰਟੀ? ...

ਸਿਰਲੇਖ ਪੜ੍ਹ ਕੇ ਤੁਸੀ ਕਹੋਗੇ ਕਿ ਤੇਲਗੂ ਦੇਸਮ ਪਾਰਟੀ ਅਤੇ ਅਕਾਲੀ ਦਲ ਦਾ ਕੀ ਸਬੰਧ ਹੈ ਕਿਉਂਕਿ ਟੀ.ਡੀ.ਪੀ. ਆਂਧਰਾ ਦੀ ਪਾਰਟੀ ਹੈ ਤੇ ਅਕਾਲੀ ਦਲ ਸਿੱਖਾਂ ਦੀ ਪਾਰਟੀ? ਹਾਂ ਇਹ ਜ਼ਰੂਰ ਹੈ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ ਹੁਣ ਇਹ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ ਰਹੀ। ਇਹ ਹੁਣ ਪੰਜਾਬੀ ਪਾਰਟੀ ਬਣ ਚੁੱਕੀ ਹੈ। ਹੁਣ ਤਾਂ ਇਸ ਦਾ ਹਾਲ ਉਸ ਟਰੱਕ ਵਰਗਾ ਹੋ ਗਿਆ ਹੈ ਜਿਸ ਦਾ ਮੂੰੰਹ ਤਾਂ ਬੱਸ ਦਾ ਹੈ ਪਰ ਪਿਛਲਾ ਹਿੱਸਾ ਟਰੱਕ ਦਾ ਹੈ।

ਅਕਾਲੀ ਦਲ ਦਾ ਨਾਂ ਇਸ ਕਰ ਕੇ ਨਹੀਂ ਹਟਾ ਰਹੇ ਤਾਕਿ ਸਿੱਖਾਂ ਨੂੰ ਧੋਖੇ ਵਿਚ ਰੱਖ ਕੇ ਇਹ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰ ਸਕਣ ਪਰ ਇਨ੍ਹਾਂ ਚੋਣਾਂ ਨਾਲ ਦੋਹਾਂ ਪਾਰਟੀਆਂ ਦਾ ਬਹੁਤ ਡੂੰਘਾ ਸਬੰਧ ਹੈ। ਦੋਵੇਂ ਪਾਰਟੀਆਂ ਖੇਤਰੀ ਪਾਰਟੀਆਂ ਹਨ। ਦੋਹਾਂ ਦੇ ਮੁਖੀ ਹੀ ਇਨ੍ਹਾਂ ਪਾਰਟੀਆਂ ਨੂੰ ਚਲਾ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ (ਹੁਣ ਸਰਪ੍ਰਸਤ) ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।

ਉਧਰ ਸ੍ਰੀ ਨਾਇਡੂ ਵੀ ਆਂਧਰਾ ਪ੍ਰਦੇਸ਼ ਦੇ ਪਹਿਲਾਂ ਵੀ ਦੋ ਵਾਰ ਮੁੱਖ ਮੰਤਰੀ ਰਹੇ ਹਨ ਅਤੇ ਹੁਣ ਵੀ ਆਂਧਰਾ ਦੇ ਮੁੱਖ ਮੰਤਰੀ ਹਨ। ਦੋਵੇਂ ਪਾਰਟੀਆਂ ਭਾਜਪਾ ਨਾਲ ਭਾਈਵਾਲੀ ਕਰ ਕੇ ਚੋਣਾਂ ਲੜਦੀਆਂ ਰਹੀਆਂ ਹਨ। 2014 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਜਗਰਾਉਂ ਰੈਲੀ ਵਿਚ ਆਏ ਤਾਂ ਬਾਦਲ ਜੀ ਨੇ ਉਨ੍ਹਾਂ ਦੇ ਸਿਰ ਤੇ ਦਸਤਾਰ ਸਜਾਈ (ਮੇਰੀ ਨਿਜੀ ਰਾਏ ਹੈ ਕਿ ਜਿਸ ਆਦਮੀ ਨੂੰ ਦਸਤਾਰ ਦੀ ਕਦਰ ਨਹੀਂ, ਉਸ ਨੂੰ ਦਸਤਾਰ ਸਜਾਉਣੀ

ਹੀ ਨਹੀਂ ਚਾਹੀਦੀ।) ਉਨ੍ਹਾਂ ਦਿਨਾਂ ਵਿਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਅਕਾਲੀ ਦਲ ਵਾਲੇ ਮਤਰੇਈ ਮਾਂ ਸਮਝਦੇ ਹਨ ਜਿਸ ਕਾਰਨ ਅਕਾਲੀ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਈ ਮਦਦ ਨਹੀਂ ਕਰਦੀ, ਜਿਸ ਕਾਰਨ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਹੈ। ਜਦੋਂ ਮੋਦੀ ਬੋਲੇ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੀ ਦਸਤਾਰ ਮੇਰੇ ਸਿਰ ਤੇ ਬਾਦਲ ਜੀ ਨੇ ਸਜਾਈ ਹੈ, ਮੈਂ ਉਸ ਦੀ ਜ਼ਰੂਰ ਲਾਜ ਰੱਖਾਂਗਾ। ਮੇਰੀ ਸਰਕਾਰ ਬਣ ਲੈਣ ਦਿਉ, ਮੈਂ ਪੰਜਾਬ ਵਿਚ ਪੈਸਿਆਂ ਦਾ ਹੜ੍ਹ ਲਿਆ ਦਿਆਂਗਾ। ਬਸ ਫਿਰ ਕੀ ਸੀ ਅਕਾਲੀਆਂ ਨੇ ਜੈਕਾਰੇ ਛਡਣੇ ਸ਼ੁਰੂ ਕਰ ਦਿਤੇ।

ਅਕਾਲੀ ਲੀਡਰ ਹਰ ਸਟੇਜ ਤੇ ਇਹ ਕਹਿੰਦੇ ਨਾ ਥਕਦੇ ਭਾਜਪਾ ਦੀ ਸਰਕਾਰ ਆ ਲੈਣ ਦਿਉ, ਦਿੱਲੀ ਤੋਂ ਪੈਸਿਆਂ ਦੇ ਟਰੱਕ ਭਰ-ਭਰ ਕੇ ਆਉਣਗੇ। 
ਪਿਛਲੇ ਚਾਰ ਸਾਲਾਂ ਵਿਚ ਜਿਹੜੇ ਦਿੱਲੀ ਤੋਂ ਪੈਸਿਆਂ ਦੇ ਟਰੱਕ ਭਰ ਕੇ ਆਏ ਉਹ ਸੱਭ ਦੇ ਸਾਹਮਣੇ ਹੈ। ਜਿਸ ਤਰ੍ਹਾਂ ਪੰਜਾਬ ਨਾਲ ਭਾਜਪਾ ਵਲੋਂ ਵਾਅਦੇ ਕੀਤੇ ਗਏ, ਉਸੇ ਤਰ੍ਹਾਂ ਟੀ.ਡੀ.ਪੀ. ਨਾਲ ਵੀ ਬਹੁਤ ਸਾਰੇ ਵਾਅਦੇ ਕੀਤੇ ਗਏ, ਕਿਉਂਕਿ ਜਦੋਂ ਦਾ ਆਂਧਰਾ ਪ੍ਰਦੇਸ਼ ਤੇਲੰਗਾਨਾ ਨਾਲੋਂ ਵਖਰਾ ਹੋਇਆ ਹੈ, ਉਦੋਂ ਦੀ ਆਂਧਰਾ ਪ੍ਰਦੇਸ਼ ਦੀ ਆਮਦਨ ਬਹੁਤ ਘੱਟ ਗਈ ਹੈ, ਕਿਉਂਕਿ ਆਮਦਨ ਦੇ ਸਾਰੇ ਸਾਧਨ ਤੇਲੰਗਾਨਾ ਕੋਲ ਚਲੇ ਗਏ ਹਨ।

ਟੀ.ਡੀ.ਪੀ. ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਭਾਜਪਾ ਸਰਕਾਰ ਬਣੇਗੀ ਤਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਤਾ ਜਾਵੇਗਾ, ਜਿਸ ਤਰ੍ਹਾਂ ਪਹਿਲਾਂ 11 ਰਾਜਾਂ ਨੂੰ ਦਿਤਾ ਗਿਆ ਹੈ। ਇਸ ਨਾਲ ਆਂਧਰਾ ਪ੍ਰਦੇਸ਼ ਦੀ ਸਾਰੀ ਗ਼ਰੀਬੀ ਦੂਰ ਹੋ ਜਾਵੇਗੀ। ਜਦੋਂ 2014 ਵਿਚ ਭਾਜਪਾ ਸਰਕਾਰ ਬਣੀ ਤਾਂ ਉਸ ਵਿਚ ਦੋ ਮੰਤਰੀ ਤੇਲਗੂ ਦੇਸਮ ਪਾਰਟੀ ਦੇ ਵੀ ਮੰਤਰੀ ਬਣਾਏ ਗਏ। ਇਸ ਸਮੇਂ ਲੋਕਸਭਾ ਵਿਚ ਤੇਲਗੂ ਪਾਰਟੀ ਦੇ 16 ਮੈਂਬਰ ਹਨ। ਟੀ.ਡੀ.ਪੀ. ਵਲੋਂ ਸਮੇਂ-ਸਮੇਂ ਤੇ ਭਾਜਪਾ ਦੇ ਲੀਡਰਾਂ ਨੂੰ ਅਪਣੇ ਵਾਅਦੇ ਪੂਰੇ ਕਰਨ ਲਈ ਬੇਨਤੀ ਕੀਤੀ ਜਾਂਦੀ ਰਹੀ ਪਰ ਹਰ ਵਾਰ ਕੇਂਦਰੀ ਸਰਕਾਰ ਵਲੋਂ ਮਿੱਠੀ ਗੋਲੀ ਦੇ ਦਿਤੀ ਜਾਂਦੀ ਰਹੀ।

ਇਨ੍ਹਾਂ ਲਾਰਿਆਂ ਤੋਂ ਤੰਗ ਆ ਕੇ ਪਹਿਲਾਂ ਟੀ.ਡੀ.ਪੀ. ਨੇ ਅਪਣੇ ਮੰਤਰੀਆਂ ਨੂੰ ਅਹੁਦੇ ਤੋਂ ਅਸਤੀਫ਼ੇ ਦੇਣ ਦਾ ਹੁਕਮ ਦਿਤਾ ਜਿਸ ਨੂੰ ਮੰਨਦੇ ਹੋਏ ਦੋਹਾਂ ਮੰਤਰੀਆਂ ਨੇ ਅਸਤੀਫ਼ੇ ਦੇ ਦਿਤੇ। ਪਰ ਟੀ.ਡੀ.ਪੀ. ਨੇ ਸਰਕਾਰ ਨੂੰ ਅਪਣਾ ਸਮਰਥਨ ਜਾਰੀ ਰਖਿਆ। ਉਨ੍ਹਾਂ ਨੂੰ ਆਮ ਸੀ ਕਿ ਭਾਜਪਾ ਵਾਲੇ ਸ਼ਾਇਦ ਉਨ੍ਹਾਂ ਨੂੰ ਮਨਾ ਲੈਣਗੇ। ਟੀ.ਡੀ.ਪੀ. ਨੂੰ ਇਹ ਵੀ ਆਸ ਸੀ ਕਿ ਵਿੱਤੀ ਬਿਲ ਪਾਸ ਹੋਣ ਤੋਂ ਪਹਿਲਾਂ ਕੇਂਦਰੀ ਸਰਕਾਰ ਜ਼ਰੂਰ ਟੀ.ਡੀ.ਪੀ. ਦੀ ਮੰਗ ਨੂੰ ਮੰਨ ਲਵੇਗੀ।

BJP & SADBJP & SAD


ਪਰ ਜਿਉਂ ਹੀ ਲੋਕ ਸਭਾ ਵਿਚ ਬਜਟ ਪਾਸ ਹੋ ਗਿਆ ਤਾਂ ਟੀ.ਡੀ.ਪੀ. ਨੂੰ ਇਹ ਸਮਝ ਆ ਗਈ ਕਿ ਭਾਜਪਾ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਜਿਸ ਦੇ ਸਿੱਟੇ ਵਜੋਂ 16 ਮਾਰਚ 2018 ਨੂੰ ਟੀ.ਡੀ.ਪੀ. ਨੇ ਐਨ.ਡੀ.ਏ. ਤੋਂ ਅਪਣਾ ਸਮਰਥਨ ਵਾਪਸ ਲੈ ਲਿਆ। ਇਸ ਦੇ ਨਾਲ ਹੀ ਵਾਈ.ਐਸ.ਆਰ. ਕਾਂਗਰਸ ਨੇ ਵੀ ਅਪਣਾ ਸਮਰਥਨ ਵਾਪਸ ਲੈ ਲਿਆ ਅਤੇ ਨਾਲ ਹੀ ਲੋਕ ਸਭਾ ਵਿਚ ਮੋਦੀ ਸਰਕਾਰ ਵਿਰੁਧ ਬੇਭਰੋਸਗੀ ਦਾ ਨੋਟਿਸ ਦੇ ਦਿਤਾ ਭਾਵੇਂ ਕਿ ਇਹ ਮਨਜ਼ੂਰ ਨਹੀਂ ਹੋਇਆ। ਟੀ.ਡੀ.ਪੀ. ਅਤੇ ਜੀ.ਐਸ.ਆਰ. ਕਾਂਗਰਸ ਦੇ ਮੈਂਬਰਾਂ ਵਲੋਂ ਅਪਣੇ ਨਿਜੀ ਹਿਤਾਂ ਨਾਲੋਂ ਅਪਣੇ ਰਾਜ ਦੇ ਹਿਤ ਪਿਆਰੇ ਹੋਣ ਦਾ ਸਬੂਤ ਦਿਤਾ। 

ਪਰ ਜਦੋਂ ਅਸੀ ਪੰਜਾਬ ਦੇ ਲੀਡਰਾਂ ਨੂੰ ਵੇਖਦੇ ਹਾਂ ਭਾਵੇਂ ਉਹ ਕਾਂਗਰਸੀ ਹਨ ਜਾਂ ਅਕਾਲੀ ਦਲ ਦੇ, ਉਨ੍ਹਾਂ ਹਮੇਸ਼ਾ ਅਪਣੇ ਨਿਜੀ ਹਿਤਾਂ ਨੂੰ ਸਾਹਮਣੇ ਰਖਿਆ ਅਤੇ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ। ਜਿਹੜਾ 1920 ਵਿਚ ਅਕਾਲੀ ਦਲ ਬਣਾਇਆ ਗਿਆ ਤਾਕਿ ਸਿੱਖੀ ਦਾ ਪ੍ਰਚਾਰ, ਪ੍ਰਸਾਰ ਹੋ ਸਕੇ। ਜਿਸ ਦਾ ਮੈਂਬਰ ਬਣਨ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ ਜਿਸ ਦਾ ਖੁੱਲ੍ਹਾ ਦਾੜ੍ਹਾ ਅਤੇ ਸਿਰ ਤੇ ਦਸਤਾਰ ਹੁੰਦੀ ਸੀ ਜਿਸ ਕਾਰਨ ਲੋਕ ਅਕਾਲੀ ਦਲ ਦੇ ਮੈਂਬਰ ਨੂੰ ਜਥੇਦਾਰ ਕਹਿ ਕੇ ਬੁਲਾਉਂਦੇ ਸਨ। ਉਸ ਅਕਾਲੀ ਦਲ ਨੂੰ ਹੁਣ ਨਸ਼ੇ ਕਰਨ ਵਾਲਿਆਂ ਦੀ ਪਾਰਟੀ ਬਣਾ ਦਿਤਾ ਗਿਆ ਹੈ।

ਅੱਜ ਅਕਾਲੀ ਦਲ ਨੇ ਉਸ ਪਾਰਟੀ ਨਾਲ ਸਾਂਝ ਪਾਈ ਹੋਈ ਸੀ ਜਿਸ ਨੇ ਪੈਰ-ਪੈਰ ਤੇ ਪੰਜ ਵਾਰ ਧੋਖਾ ਕੀਤਾ। ਜਿਹੜੀ ਜਨਸੰਘ ਪੰਜਾਬੀ ਸੂਬਾ ਬਣਾਉਣ ਦਾ ਵਿਰੋਧ ਕਰਦੀ ਰਹੀ, ਉਸੇ ਨਾਲ ਗਠਜੋੜ ਕਰ ਕੇ ਅਕਾਲੀਆਂ ਨੇ 1967 ਵਿਚ ਪਹਿਲੀ ਸਰਕਾਰ ਬਣਾਈ। ਜਦੋਂ 1969 ਵਿਚ ਬਾਬਾ ਨਾਨਕ ਦੇ 500 ਸਾਲ ਜਨਮ ਸ਼ਤਾਬਦੀ ਤੇ ਗੁਰੂ ਨਾਨਕ ਯੂਨੀਵਰਸਟੀ ਬਣਾਉਣ ਦਾ ਐਲਾਨ ਕੀਤਾ, ਉਸ ਦਾ ਵੀ ਜਨਸੰਘ ਨੇ ਵਿਰੋਧ ਕੀਤਾ।

ਜੇਕਰ ਪੰਜਾਬੀ ਯੂਨੀਵਰਸਟੀ ਬਣਾਈ ਗਈ ਤਾਂ ਉਸ ਦਾ ਵਿਰੋਧ ਕੀਤਾ। 1961 ਦੀ ਮਰਦਮਸ਼ੁਮਾਰੀ ੇਵੇਲੇ ਇਨ੍ਹਾਂ ਦੇ ਲੀਡਰਾਂ ਨੇ ਪੰਜਾਬ ਵਿਚ ਰਹਿੰਦੇ ਹਿੰਦੂਆਂ ਨੂੰ ਅਪਣੀ ਮਾਤਭਾਸ਼ਾ ਹਿੰਦੀ ਲਿਖਵਾਉਣ ਲਈ ਕਿਹਾ। ਦੇਸ਼ ਵਿਚ ਬਹੁਤ ਪਾਰਟੀਆਂ ਹਨ ਜਿਨ੍ਹਾਂ ਦੀ ਇਕ-ਦੂਜੇ ਨਾਲ ਸਾਂਝ ਹੈ ਪਰ ਕਿਸੇ ਪਾਰਟੀ ਨੇ ਇਹ ਕਦੇ ਨਹੀਂ ਕਿਹਾ ਕਿ ਸਾਡਾ ਪਤੀ-ਪਤਨੀ ਵਾਲਾ ਰਿਸ਼ਤਾ ਹੈ। ਸਿਰਫ਼ ਅਕਾਲੀ ਲੀਡਰ ਹੀ ਹਨ ਜਿਹੜੇ ਇਹ ਕਹਿੰਦੇ ਹਨ ਕਿ ਸਾਡਾ ਭਾਜਪਾ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਹੈ। 

ਭਾਵੇਂ ਅਕਾਲੀ ਦਲ ਅਪਣੇ ਆਪ ਨੂੰ ਭਾਜਪਾ ਦੀ ਪਤਨੀ ਦਸਦਾ ਹੈ ਪਰ ਭਾਜਪਾ ਨੇ ਹਮੇਸ਼ਾ ਇਸ ਨੂੰ ਅਪਣੀ ਰਖੇਲ ਸਮਝਿਆ। ਭਾਜਪਾ ਨੇ ਹਮੇਸ਼ਾ ਅਕਾਲੀ ਦਲ ਨਾਲ ਰਖੇਲਾਂ ਵਾਂਗ ਸਲੂਕ ਕੀਤਾ। ਜਿਵੇਂ ਰਖੇਲ ਦਾ ਅਪਣੇ ਘਰ ਤੇ ਕੋਈ ਅਧਿਕਾਰ ਨਹੀਂ ਹੁੰਦਾ ਕਿਉਂਕਿ ਯਾਰ ਨੂੰ ਪਤਾ ਹੈ ਕਿ ਇਹ ਤਾਂ ਅਪਣੇ ਲਾਲਚ ਨੂੰ ਮੇਰੇ ਪਿਛੇ ਤੁਰੀ ਫਿਰਦੀ ਹੈ, ਇਸੇ ਤਰ੍ਹਾਂ ਭਾਜਪਾ ਨੂੰ ਪਤਾ ਹੈ ਕਿ ਅਕਾਲੀ ਲੀਡਰ ਅਪਣੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਉਸ ਮਗਰ ਤੁਰੇ ਫਿਰਦੇ ਹਨ। ਜਦੋਂ 1999 ਤੋਂ 2004 ਤਕ ਵਾਜਪਾਈ ਦੀ ਸਰਕਾਰ ਰਹੀ ਤਾਂ ਉਸ ਵੇਲੇ ਹਿਮਾਚਲ ਪ੍ਰਦੇਸ਼ ਸਮੇਤ ਕੁੱਝ ਰਾਜਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦਾ ਹੱਕਦਾਰ ਬਣਾ ਦਿਤਾ।

ਜਦੋਂ ਇਹ ਫ਼ੈਸਲਾ ਹੋਇਆ ਤਾਂ ਉਸ ਕੈਬਨਿਟ ਮੀਟਿੰਗ ਵਿਚ ਸ. ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਰਾਜ ਮੰਤਰੀ ਸਨ, ਉਹ ਵੀ ਵਿਚ ਬੈਠੇ ਸਨ। ਉਨ੍ਹਾਂ ਨੇ ਆਵਾਜ਼ ਤਕ ਨਾ ਉਠਾਈ ਜਿਸ ਦਾ ਸਿੱਟਾ ਇਹ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਕਾਰਖਾਨੇ ਹਿਮਾਚਲ ਵਿਚ ਚਲੇ ਗਏ। ਇਹ ਉਹ ਲੋਕ ਹਨ ਜਿਨ੍ਹਾਂ ਕਦੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ। ਜੇਕਰ ਅਕਾਲੀ ਦਲ 1982 ਵਿਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਮੋਰਚਾ ਲਾਇਆ ਤਾਂ ਭਾਜਪਾ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ। ਇਥੋਂ ਤਕ ਕਿ ਇਸ ਦੇ ਲੀਡਰਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਏ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜ ਦਿਤਾ ਅਤੇ ਨਾਹਰੇ ਲਾਉਂਦੇ

ਰਹੇ 'ਕੰਘਾ, ਕੜਾ ਕੱਛ ਕ੍ਰਿਪਾਨ ਭੇਜ ਦਿਆਂਗੇ ਪਾਕਿਸਤਾਨ।' ਜੇਕਰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤਾਂ ਭਾਜਪਾ ਵਾਲਿਆਂ ਨੇ ਲੱਡੂ ਵੰਡੇ ਅਤੇ ਭਾਜਪਾ ਦੇ ਸੱਭ ਤੋਂ ਵੱਡੇ ਨੇਤਾ ਵਾਜਪਾਈ ਨੇ ਇੰਦਰਾ ਨੂੰ ਦੁਰਗਾ ਦਾ ਖ਼ਿਤਾਬ ਦਿਤਾ ਅਤੇ ਇਹ ਕਿਹਾ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ। ਅਡਵਾਨੀ ਨੇ ਅਪਣੀ ਕਿਤਾਬ ਵਿਚ ਇਹ ਲਿਖ ਦਿਤਾ ਕਿ ਇਹ ਹਮਲਾ ਮੈਂ ਕਰਵਾਇਆ ਹੈ। ਕੀ ਕੋਈ ਪਤਨੀ ਅਪਣੇ ਭਰਾਵਾਂ ਨਾਲ ਏਨਾ ਜ਼ੁਲਮ ਜਰ ਸਕਦੀ ਹੈ?

ਇਹ ਕੰਮ ਤਾਂ ਰਖੇਲ ਹੀ ਕਰਵਾ ਸਕਦੀ ਹੈ ਜਿਹੜੀ ਇਸ਼ਕ ਵਿਚ ਅੰਨ੍ਹੀ ਹੋਈ ਅਪਣੇ ਭਰਾਵਾਂ ਨੂੰ ਮਰਵਾ ਦਿੰਦੀ ਹੈ। ਕਈ ਸਾਲ ਪਹਿਲਾਂ ਜਦੋਂ ਹਰਿਆਣਾ ਨੂੰ ਜੋੜਨ ਦਾ ਮਤਾ ਪਾਸ ਹੋਇਆ ਤਾਂ ਉਦੋਂ ਵੀ ਅਕਾਲੀ ਮੰਤਰੀ ਵਿਚ ਬੈਠਾ ਹੋਇਆ ਸੀ। ਉਸ ਨੇ ਕਦੇ ਵੀ ਵਿਰੋਧ ਨਾ ਕੀਤਾ। ਜਦੋਂ ਵਾਜਪਾਈ ਦੀ ਸਰਕਾਰ ਸੀ ਉਦੋਂ ਵੀ ਅਕਾਲੀ ਦਲ ਨੇ ਬੜੀਆਂ ਮਿੰਨਤਾਂ ਕੀਤੀਆਂ ਕਿ ਪੰਜਾਬ ਨੂੰ ਕਰਜ਼ੇ ਵਿਚੋਂ ਕੁੱਝ ਰਾਹਤ ਦਿਤੀ ਜਾਵੇ। ਪਰ ਕਦੇ ਵੀ ਵਾਜਪਾਈ ਨੇ ਇਨ੍ਹਾਂ ਦੀ ਕੋਈ ਮੰਗ ਨਾ ਮੰਨੀ।

ਸਿਰਫ਼ ਖ਼ਾਲਸੇ ਦਾ ਤਿੰਨ ਸੌ ਸਾਲਾ ਜਨਮ ਦਿਵਸ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ। ਉਸ ਵਿਚੋਂ ਵੀ 50 ਕਰੋੜ ਰਾਸ਼ਟਰੀ ਸਿੱਖ ਸੰਗਤ ਨੂੰ ਦੇ ਦਿਤੇ ਗਏ। ਹੁਣ ਫਿਰ 4 ਸਾਲਾਂ ਤੋਂ ਭਾਜਪਾ ਸਰਕਾਰ ਚਲ ਰਹੀ ਹੈ। ਜਦੋਂ ਬਾਦਲ ਦੀ ਨਵੀਂ ਨਵੀਂ ਸਰਕਾਰ ਬਣੀ ਤਾਂ ਉਦੋਂ ਦਿੱਲੀ ਪੰਜਾਬ ਲਈ ਰਾਹਤ ਲੈਣ ਗਏ ਤਾਂ ਜੇਤਲੀ ਜੀ ਕਹਿਣ ਲੱਗੇ, ਰਾਹਤ ਦੀ ਗੱਲ ਛੱਡੋ ਸਗੋਂ ਜਿਹੜੇ ਸ. ਮਨਮੋਹਨ ਸਿੰਘ ਨੇ ਪਹਿਲੇ ਪੈਸੇ ਦਿਤੇ ਹਨ, ਉਨ੍ਹਾਂ ਦਾ ਹਿਸਾਬ ਦਿਉ।

ਇਥੋਂ ਤਕ ਕਿ ਅਗਲੇ ਸਾਲ ਬਾਬੇ ਨਾਨਕ ਦਾ 550 ਸਾਲਾ ਜਨਮ ਦਿਵਸ ਮਨਾਇਆ ਜਾਣਾ ਹੈ। ਉਸ ਲਈ ਇਕ ਵੀ ਪੈਸਾ ਨਹੀਂ ਦਿਤਾ ਗਿਆ। ਉਲਟਾ ਗੁਰੂ ਘਰਾਂ ਵਿਚ ਚਲਦੇ ਲੰਗਰਾਂ ਤੇ ਕਰੋੜਾਂ ਰੁਪਏ ਦਾ ਜੀ.ਐਸ.ਟੀ ਲਾ ਦਿਤਾ ਗਿਆ। ਫ਼ਰਾਂਸ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਪੱਗ ਬੰਨ੍ਹਣ ਤੇ ਪਾਬੰਦੀ ਲੱਗੀ ਹੋਈ ਹੈ ਜਿਸ ਬਾਰੇ ਅਕਾਲੀ ਦਲ ਵਲੋਂ ਬੇਨਤੀਆਂ ਕੀਤੀਆਂ ਗਈਆਂ ਕਿ ਫ਼ਰਾਂਸ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਜਾਵੇ ਕਿ ਉਹ ਸਿੱਖਾਂ ਦੀ ਪੱਗ ਤੇ ਲਗਾਈ ਗਈ ਪਾਬੰਦੀ ਵਾਪਸ ਕਰੇ। ਜਦੋਂ 2016 ਵਿਚ ਫਰਾਂਸ ਦੇ ਪ੍ਰਧਾਨ ਮੰਤਰੀ 26 ਜਨਵਰੀ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਆਏ ਤਾਂ ਉਸ ਸਾਲ ਖ਼ਾਲਸਾ ਪਲਟਨ ਦੀ ਜਿਹੜੀ ਟੁਕੜੀ

ਹਿੱਸਾ ਲੈਂਦੀ ਸੀ ਉਸ ਨੂੰ ਹੀ ਬੰਦ ਕਰ ਦਿਤਾ ਗਿਆ। ਪਿਛਲੇ ਮਹੀਨੇ ਫਿਰ ਫ਼ਰਾਂਸ ਦੇ ਪ੍ਰਧਾਨ ਮੰਤਰੀ ਆਏ ਤਾਂ ਅਕਾਲੀ ਦਲ ਨੇ ਫਿਰ ਅਪੀਲ ਕੀਤੀ ਕਿ ਸਿੱਖਾਂ ਦੀ ਪੱਗ ਤੇ ਪਾਬੰਦੀ ਹਟਾਉਣ ਬਾਰੇ ਅਪੀਲ ਕੀਤੀ ਜਾਵੇ। ਪਰ ਫਿਰ ਵੀ ਕਿਸੇ ਨੇ ਨਾ ਹੀ ਅਕਾਲੀਆਂ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਬਾਕੀ ਸਿੱਖਾਂ ਦੀਆਂ ਅਪੀਲਾਂ ਵਲ ਕੋਈ ਧਿਆਨ ਦਿਤਾ। 

ਇਸ ਦੇ ਉਲਟ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ ਤੇ ਆਏ ਤਾਂ ਉਨ੍ਹਾਂ ਨੂੰ ਬਣਦਾ ਸਤਿਕਾਰ ਵੀ ਨਾ ਦਿਤਾ ਗਿਆ ਕਿਉਂਕਿ ਕੈਨੇਡਾ ਵਿਚ 16 ਸਿੱਖ ਮੈਂਬਰ ਪਾਰਲੀਮੈਂਟ ਹਨ ਤੇ 4 ਮੰਤਰੀ ਹਨ। ਇਕ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਇਹ ਕਿਹਾ ਗਿਆ ਸੀ ਕਿ ਮੋਦੀ ਜੀ ਤੁਹਾਡੀ ਕੈਬਨਿਟ ਨਾਲੋਂ ਮੇਰੇ ਮੰਤਰੀ ਮੰਡਲ ਵਿਚ ਜ਼ਿਆਦਾ ਸਿੱਖ ਮੰਤਰੀ ਹਨ। ਸਿੱਖਾਂ ਨਾਲ ਹਮਦਰਦੀ ਕਰ ਕੇ ਹੀ ਨਾ ਹੀ ਬਿਜਲਈ ਮੀਡੀਏ ਅਤੇ ਨਾ ਹੀ ਸਰਕਾਰ ਨੇ ਕੋਈ ਤਵੱਜੋਂ ਦਿਤੀ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਅਕਾਲੀ ਲੀਡਰਾਂ ਦੀ ਕਦੇ ਜ਼ਮੀਰ ਨਹੀਂ ਜਾਗੀ।

ਜਿਹੜਾ ਅਕਾਲੀ ਦਲ ਸਿੱਖਾਂ ਦੀ ਚੜ੍ਹਦੀ ਕਲਾ ਲਈ ਬਣਾਇਆ ਗਿਆ ਸੀ ਉਹ ਅਕਾਲੀ ਦਲ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਿਚ ਲੱਗਾ ਹੋਇਆ ਹੈ। ਅੱਜ ਦੇ ਅਕਾਲੀ ਲੀਡਰ ਆਰ.ਐਸ.ਐਸ ਤੇ ਭਾਜਪਾ ਨੂੰ ਖ਼ੂਸ਼ ਕਰਨ ਲਈ ਜਿਹੜੇ ਸਿੱਖਾਂ ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ, ਉਨ੍ਹਾਂ ਵਿਚੋਂ ਹਜ਼ਾਰਾਂ ਵਿਚ ਸ਼ਹੀਦ ਹੋ ਗਏ ਹਨ, ਕਈ ਜੇਲ੍ਹਾਂ ਵਿਚ ਬੰਦ ਹਨ ਅਤੇ ਕਈ ਜਾਨਾਂ ਬਚਾ ਕੇ ਬਾਹਰਲੇ ਦੇਸ਼ਾਂ ਵਿਚ ਚਲੇ ਗਏ। ਅੱਜ ਇਨ੍ਹਾਂ ਨੂੰ ਇਹ ਲੋਕ ਅਤਿਵਾਦੀ, ਵੱਖਵਾਦੀ ਅਤੇ ਦੇਸ਼ਧ੍ਰੋਹੀ ਕਹਿ ਰਹੇ ਹਨ।

ਗੱਲ ਕਾਹਦੀ ਕਿ ਅਕਾਲੀ ਲੀਡਰਾਂ ਦੀ ਕੁਰਸੀ ਦੀ ਭੁੱਖ ਦਾ ਹੀ ਨਤੀਜਾ ਹੈ। ਅਕਾਲ ਤਖ਼ਤ ਦਾ ਜਥੇਦਾਰ ਅਪਣੇ ਸਾਰੇ ਹੁਕਮ ਨਾਗਪੁਰ ਤੋਂ ਲੈਂਦਾ ਹੈ ਅਤੇ ਉਹ ਸਿੱਖਾਂ ਦੀ ਅੱਡਰੀ ਪਛਾਣ ਨੂੰ ਖ਼ਤਮ ਕਰਨ ਲਈ ਨਾਨਕਸ਼ਾਹੀ ਕੈਲੰਡਰ ਨੂੰ ਖ਼ਤਮ ਕਰ ਕੇ ਹੀ ਸਾਹ ਲਵੇਗਾ ਹੈ। ਪੰਜਾਬ ਦਾ ਪਹਿਲਾ ਕਰਜ਼ਾ ਤਾਂ ਕੀ ਮਾਫ਼ ਕਰਾਉਣਾ ਸੀ ਸਗੋਂ ਅਕਾਲੀ ਸਰਕਾਰ ਜਾਂਦੀ ਜਾਂਦੀ 2017 ਵਿਚ ਪੰਜਾਬ ਸਿਰ 32800 ਕਰੋੜ ਦਾ ਹੋਰ ਕਰਜ਼ਾ ਚੜ੍ਹਾ ਗਈ। ਪੰਜਾਬ ਸਰਕਾਰ ਕਣਕ ਅਤੇ ਝੋਨਾ ਖ਼ਰੀਦਣ ਲਈ ਕੇਂਦਰ ਸਰਕਾਰ ਦੇ ਏਜੰਟ ਵਜੋਂ ਕੰਮ ਕਰਦੀ ਹੈ।

ਕਣਕ ਅਤੇ ਝੋਨੇ ਦੀ ਜਿਹੜੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਂਦੀ ਹੈ, ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਖ਼ਰਚੇ ਆਉਂਦੇ ਹਨ ਪਰ ਕੇਂਦਰ ਸਰਕਾਰ ਬਾਕੀ ਖ਼ਰਚੇ ਦੇਣ ਤੋਂ ਇਨਕਾਰੀ ਹੈ। ਤਿੰਨ ਕੁ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਵਲ 31 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਕੱਢ ਮਾਰਿਆ। ਲੇਖਕ ਨੇ ਜਦੋਂ ਇਸ ਬਾਰੇ ਇਕ ਸਾਬਕਾ ਅਧਿਕਾਰੀ ਨਾਲ ਗੱਲ ਕੀਤੀ ਜਿਹੜਾ ਕਾਫ਼ੀ ਸਮਾਂ ਇਸ ਦਾ ਸਕੱਤਰ ਰਿਹਾ ਤਾਂ ਉਸ ਨੇ ਹੀ ਇਹ ਗੱਲ ਦੱਸੀ।

ਦੋ ਤਿੰਨ ਸਾਲ ਤਾਂ ਇਹ ਝਗੜਾ ਚਲਦਾ ਰਿਹਾ ਪਰ 2017 ਦੀ ਚੋਣ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ 31 ਹਜ਼ਾਰ ਕਰੋੜ ਰੁਪਏ + 1800 ਕਰੋੜ ਰੁਪਏ ਚਾਲੂ ਸਾਲ ਦਾ ਕੁੱਲ 32800 ਕਰੋੜ ਰੁਪਏ ਕਰਜ਼ਾ ਚੁੱਕ ਕੇ ਕੇਂਦਰ ਨੂੰ ਵਾਪਸ ਕਰ ਦਿਤਾ ਅਤੇ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿਤੀ ਗਈ। ਭਾਜਪਾ ਸਰਕਾਰ ਨੇ ਅਪਣੇ ਦਸ ਸਾਲ ਦੇ ਰਾਜ ਵਿਚ ਜਿਸ ਵਿਚ ਅਕਾਲੀ ਦਲ ਦੇ ਵੀ ਇਕ ਦੋ ਮੰਤਰੀ ਸ਼ਾਮਲ ਰਹੇ ਹਨ, ਉਨ੍ਹਾਂ ਨੇ ਕਦੇ ਵੀ ਕੋਈ ਪੰਜਾਬ ਦੀ ਮੰਗ ਨਹੀਂ ਮੰਨੀ।

ਦੂਜੇ ਪਾਸੇ ਟੀ.ਡੀ.ਪੀ. ਹੈ ਜਿਸ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਇਹ ਸਾਬਤ ਕਰ ਦਿਤਾ ਹੈ ਕਿ ਸਾਨੂੰ ਨਿਜੀ ਹਿੱਤਾਂ ਨਾਲੋਂ ਆਂਧਰਾ ਪ੍ਰਦੇਸ਼ ਦੇ ਹਿੱਤ ਪਿਆਰੇ ਹਨ। ਉਹ ਇਹ ਸਮਝਦੇ ਹਨ ਕਿ ਜੇਕਰ ਆਂਧਰਾ ਪ੍ਰਦੇਸ਼ ਖ਼ੁਸ਼ ਹੈ ਤਾਂ ਉਹ ਖ਼ੁਸ਼ ਹਨ, ਜੇਕਰ ਆਂਧਰਾ ਪ੍ਰਦੇਸ਼ ਹੀ ਬਰਬਾਦ ਹੋ ਗਿਆ ਤਾਂ ਉਨ੍ਹਾਂ ਦੀ ਖ਼ੁਸ਼ਹਾਲੀ ਕਿਸੇ ਕੰਮ ਨਹੀਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਛੋਟੇ ਆ ਕੇ ਮਿਲ ਜਾ"wish of Bedridden Jagtar Singh Hawara's mother|Appeals for his parole to Govt|SGPC

02 Oct 2025 3:17 PM

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM
Advertisement