ਜਾਗੋ ਸਿੱਖੋ ਜਾਗੋ
Published : Jul 19, 2018, 7:00 am IST
Updated : Jul 19, 2018, 7:00 am IST
SHARE ARTICLE
Sarbat Khalsa
Sarbat Khalsa

ਜਦ ਤੋਂ ਸਿੱਖ ਕੌਮ ਦੀ ਸਥਾਪਨਾ ਹੋਈ ਹੈ, ਉਸ ਵੇਲੇ ਤੋਂ ਹੀ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਵਿਊਂਤਾਂ ਬਣਾਈਆਂ ਜਾਂਦੀਆਂ ਰਹੀਆਂ ਹਨ। ਸਿੱਖ ਧਰਮ ਸੱਭ ਤੋਂ ਨਿਰਾਲਾ...

ਜਦ ਤੋਂ ਸਿੱਖ ਕੌਮ ਦੀ ਸਥਾਪਨਾ ਹੋਈ ਹੈ, ਉਸ ਵੇਲੇ ਤੋਂ ਹੀ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਵਿਊਂਤਾਂ ਬਣਾਈਆਂ ਜਾਂਦੀਆਂ ਰਹੀਆਂ ਹਨ। ਸਿੱਖ ਧਰਮ ਸੱਭ ਤੋਂ ਨਿਰਾਲਾ ਧਰਮ ਹੈ। ਸਿੱਖ ਧਰਮ ਦੇ ਲੋਕਾਂ ਨੇ ਦੁਨੀਆਂਭਰ ਵਿਚ ਅਪਣੀ ਚੜ੍ਹਦੀਕਲਾ ਦੇ ਝੰਡੇ ਗੱਡੇ ਹੋਏ। ਦਸਵੇਂ ਜਾਮੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸਿੱਖ ਧਰਮ ਨੂੰ ਖ਼ਾਲਸਾ ਪੰਥ ਦਾ ਨਾਮ ਦਿਤਾ ਅਤੇ ਜਿਥੇ ਹਰ ਸਿੱਖ ਦੇ ਪਿਛੇ ਸਿੰਘ ਤੇ ਉਥੇ ਬੀਬੀ ਦੇ ਨਾਮ ਪਿਛੇ ਕੌਰ ਸ਼ਬਦ ਲਗਾਉਣ ਦੀ ਹਦਾਇਤ ਕੀਤੀ।

ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ''ਪੰਚ ਪਰਵਾਣ ਪੰਚ ਪਰਧਾਨੁ£ ਪੰਚੇ ਪਾਵਹਿ ਦਰਗਹਿ ਮਾਨੁ£'' ਦਾ ਸ਼ਬਦ ਉਚਾਰ ਕੇ ਪੰਚ ਪ੍ਰਧਾਨੀ ਨੂੰ ਮਾਣ ਬਖ਼ਸ਼ਿਆ ਕਿਉਂਕਿ ਗੁਰੂ ਸਾਹਿਬ ਜਾਨੀ ਜਾਣ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਵਾਗਡੋਰ ਕਿਸੇ ਇਕ ਆਦਮੀ ਦੇ ਹੱਥ ਵਿਚ ਆ ਜਾਂਦੀ ਹੈ ਤਾਂ ਉਸ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਅੱਜ ਸਿੱਖ ਕੌਮ ਜਿਹੜੇ ਹਾਲਾਤਾਂ ਵਿਚੋਂ ਲੰਘ ਰਹੀ ਹੈ ਉਸ ਦਾ ਕਾਰਨ ਵੀ ਸਾਰੀ ਵਾਗਡੋਰ ਇਕ ਪ੍ਰਵਾਰ ਦੇ ਹੱਥ ਵਿਚ ਆ ਜਾਣਾ ਹੈ। 

ਦਸਵੇਂ ਪਾਤਸ਼ਾਹ ਵਲੋਂ ਪੰਜ ਪਿਆਰੇ ਚੁਣਨ ਅਤੇ ਉਨ੍ਹਾਂ ਨੂੰ ਕੌਮ ਅਗਵਾਈ ਸੌਂਪਣ ਨੂੰ ਪੂਰਾ ਕਰਨ ਲਈ ਸਿੱਖ ਸੰਗਤਾਂ ਨੂੰ 1966 ਵਿਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦਾ ਸੱਦਾ ਦਿਤਾ ਗਿਆ ਸੀ ਜਦ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਤਾਂ ਸ੍ਰੀ ਕੇਸਗੜ੍ਹ ਸਾਹਿਬ ਵਿਚ ਵਿਸ਼ਾਲ ਪੰਡਾਲ ਲਗਾਇਆ ਗਿਆ। ਇਸ ਦੇ ਨਾਲ ਹੀ ਇਕ ਵਖਰਾ ਤੰਬੂ ਲਗਾਇਆ ਗਿਆ। ਇਕ ਇਕੱਠ ਵਿਚ ਕੀ ਵਿਚਾਰਾਂ ਹੋਣਗੀਆਂ ਕੀ ਕੀਤਾ ਜਾਵੇਗਾ। ਇਹ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ। ਵਿਸਾਖੀ ਵਾਲੇ ਦਿਨ ਪੰਡਾਲ ਵਿਚ ਭਾਰੀ ਇਕੱਠ ਸੀ।

ਜਿਉਂ ਹੀ ਗੁਰੂ ਸਾਹਿਬ ਸੰਗਤਾਂ ਦੇ ਸਨਮੁੱਖ ਹੋਏ ਤਾਂ ਉਹ ਅੱਜ ਇਕ ਵਖਰੇ ਰੂਪ ਵਿਚ ਸਨ। ਉਨ੍ਹਾਂ ਦੇ ਹੱਥ ਵਿਚ ਨੰਗੀ ਤਲਵਾਰ ਸੀ। ਹਜ਼ਾਰਾਂ ਸਿੱਖ ਸੰਗਤਾਂ ਦਾ ਇਕੱਠ ਗੁਰੂ ਸਾਹਿਬ ਨੂੰ ਇਸ ਰੂਪ ਵਿਚ ਵੇਖ ਕੇ ਹੈਰਾਨ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਸੰਗਤਾਂ ਨੇ ਗੁਰੂ ਸਾਹਿਬ ਨੂੰ ਇਸ ਰੂਪ ਵਿਚ ਨਹੀਂ ਸੀ ਵੇਖਿਆ। 
ਜਿਉਂ ਹੀ ਗੁਰੂ ਸਾਹਿਬ ਨੇ ਇਕੱਠ ਵਿਚੋਂ ਇਕ ਸਿਰ ਦੀ ਮੰਗ ਕੀਤੀ ਤਾਂ ਇਹ ਸੁਣ ਕੇ ਸੰਗਤਾਂ ਵਿਚ ਸਨਾਟਾ ਛਾ ਗਿਆ। ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਗੁਰੂ ਜੀ ਸਿਰ ਕਿਉਂ ਮੰਗ ਰਹੇ ਹਨ?

ਆਦਮੀ ਨੂੰ ਸੱਭ ਤੋਂ ਪਿਆਰੀ ਜਾਨ ਹੁੰਦੀ ਹੈ। ਇਕੱਠੀ ਹੋਈ ਸੰਗਤ ਵਿਚੋਂ ਬਹੁਤ ਸਾਰੇ ਲੋਕ ਅਪਣੀ ਜਾਨ ਬਚਾਉਣ ਲਈ ਖਿਸਕਣੇ ਸ਼ੁਰੂ ਹੋ ਗਏ। ਗੁਰੂ ਸਾਹਬ ਦੀ ਮੰਗ ਨੂੰ ਮੁੱਖ ਰੱਖ ਕੇ ਭਾਈ ਦਇਆ ਰਾਮ ਨਾਮ ਦਾ ਵਿਅਕਤੀ ਖੜਾ ਹੋਇਆ ਤੇ ਕਹਿਣ ਲੱਗਾ ''ਗੁਰੂ ਜੀ ਮੇਰਾ ਸਿਰ ਹਾਜ਼ਰ ਹੈ।'' ਗੁਰੂ ਸਾਹਿਬ ਨੇ ਉਸ ਨੂੰ ਬਾਂਹੋਂ ਫੜਿਆ ਤੇ ਤੰਬੂ ਵਿਚ ਲੈ ਗਏ। ਤੰਬੂ ਵਿਚੋਂ ਤਲਵਾਰ ਚਲਣ ਦੀ ਆਵਾਜ਼ ਆਈ। ਖ਼ੂਨ ਨਾਲ ਲਥਪਥ ਤਲਵਾਰ ਲੈ ਕੇ ਜਿਉਂ ਹੀ ਗੁਰੂ ਸਾਹਿਬ ਬਾਹਰ ਆਏ ਤਾਂ ਉਨ੍ਹਾਂ ਇਕ ਸਿਰ ਦੀ ਮੰਗ ਹੋਰ ਕੀਤੀ ਜਿਸ ਨੂੰ ਵੇਖ ਕੇ ਸੰਗਤਾਂ ਹੋਰ ਡਰ ਗਈਆਂ।

ਗੁਰੂ ਸਾਹਿਬ ਨੂੰ ਕਿੰਨੇ ਸਿਰਾਂ ਦੀ ਲੋੜ ਹੈ? ਇਹ ਕਿਸੇ ਨੂੰ ਕੁੱਝ ਵੀ ਨਹੀਂ ਸੀ ਪਤਾ, ਕਿਉਂਕਿ ਗੁਰੂ ਸਾਹਿਬ ਨੇ ਇਹ ਕਿਸੇ ਨੂੰ ਵੀ ਨਹੀਂ ਸੀ ਦਸਿਆ ਕਿ ਉਨ੍ਹਾਂ ਨੂੰ ਕਿੰਨੇ ਸਿਰਾਂ ਦੀ ਲੋੜ ਹੈ। ਪਰ ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੁੰਦਾ ਹੈ ਉਹ ਜਾਨ ਦੀ ਪ੍ਰਵਾਹ ਨਹੀਂ ਕਰਦੇ। ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਸਾਹਿਬ ਨੇ ਪੰਜ ਵਾਰ ਸਿਰਾਂ ਦੀ ਮੰਗ ਕੀਤੀ ਆਖ਼ਰੀ ਵਾਰ ਜਦੋਂ ਗੁਰੂ ਸਾਹਿਬ ਨੇ ਸਿਰ ਦੀ ਮੰਗ ਕੀਤੀ ਤਾਂ ਉਦੋਂ ਤਕ ਸਾਰਾ ਪੰਡਾਲ ਖ਼ਾਲੀ ਵਰਗਾ ਸੀ। ਕੁੱਝ ਸਿੱਖ ਤਾਂ ਮਾਤਾ ਜੀ ਕੋਲ ਵੀ ਚਲੇ ਗਏ।

TurbanSikh

ਜਿਉਂ ਹੀ ਗੁਰੂ ਸਾਹਿਬ ਪੰਜੇ ਸਿੰਘਾਂ ਨੂੰ ਇਕ ਨਵੇਂ ਰੂਪ ਵਿਚ ਲੈ ਕੇ ਤੰਬੂ ਵਿਚੋਂ ਬਾਹਰ ਆਏ ਤਾਂ ਸਿੱਖ ਸੰਗਤਾਂ ਹੈਰਾਨ ਰਹਿ ਗਈਆਂ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿਤਾ । ਅਸਲ ਵਿਚ ਗੁਰੂ ਸਾਹਿਬ ਅੱਜ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਕੌਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪ ਰਹੇ ਸਨ। ਗੁਰੂ ਸਾਹਿਬ ਨੂੰ ਪਤਾ ਸੀ ਕਿ ਉਹੀ ਆਦਮੀ ਕੌਮ ਦੀ ਅਗਵਾਈ ਕਰ ਸਕਦਾ ਹੈ ਜਿਹੜਾ ਅਪਣਾ ਸਿਰ ਵੀ ਕੁਰਬਾਨ ਕਰਨ ਤੋਂ ਪਿਛੇ ਨਹੀਂ ਹਟਦਾ।

ਇਸੇ ਵਾਸਤੇ ਗੁਰੂ ਸਾਹਿਬ ਵੀ ਚਾਹੁੰਦੇ ਤਾਂ ਉਹ ਜਿਹੜੇ ਮਰਜ਼ੀ ਪੰਜ ਪਿਆਰੇ ਥਾਪ ਸਕਦੇ ਸਨ। ਪਰ ਉਨ੍ਹਾਂ ਨੇ ਬੜੇ ਪਾਰਦਰਸ਼ੀ ਢੰਗ ਨਾਲ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਲੋਕਾਂ ਦੀ ਅਗਵਾਈ ਕਰਨ ਦਾ ਹੁਕਮ ਦਿਤਾ। ਇਥੇ ਹੀ ਬਸ ਨਹੀਂ, ਉਨ੍ਹਾਂ ਪੰਜ ਪਿਆਰਿਆਂ ਤੋਂ ਖ਼ੁਦ ਵੀ ਅੰਮ੍ਰਿਤ ਮੰਗ ਕੇ ਛਕਿਆ ਤੇ ਆਪ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ। ਜਿਥੇ ਸਿੱਖ ਧਰਮ ਨੂੰ ਪੰਜ ਪਿਆਰਿਆਂ ਦਾ ਹੁਕਮ ਮੰਨਣ ਦਾ ਹੁਕਮ ਕੀਤਾ। ਉਥੇ ਆਪ ਵੀ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਐਲਾਨ ਕੀਤਾ। 

ਅੱਜ ਵੀ ਸਿੱਖ ਕੌਮ ਵਿਚ ਪੰਜ ਪਿਆਰਿਆਂ ਦਾ ਹੁਕਮ ਮੰਨਣ ਦੀ ਰਵਾਇਤ ਚਲ ਰਹੀ ਹੈ। ਇਨ੍ਹਾਂ ਪੰਜ ਪਿਆਰਿਆਂ ਵਿਚ ਸ਼ਾਮਲ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ  ਦਮਦਮਾ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ। ਇਨ੍ਹਾਂ ਪੰਜਾਂ ਵਿਚ ਤਿੰਨ ਤਖ਼ਤਾਂ ਦੇ ਜਥੇਦਾਰ ਦੀ ਚੋਣ ਕਰਦਾ ਹੈ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਲੈਣੀ ਹੁੰਦੀ ਹੈ, ਉਦੋਂ ਤਾਂ ਅੰਮ੍ਰਿਤ ਛੱਕ ਕੇ ਸ੍ਰੀ ਸਾਹਿਬ ਪਾ ਲੈਂਦਾ ਹੈ, ਬਾਅਦ ਵਿਚ ਉਹ ਸ੍ਰੀ ਸਾਹਿਬ ਕਿੱਲੀ ਉਤੇ ਟੰਗ ਦਿੰਦਾ ਹੈ।

ਜਦੋਂ ਉਸ ਨੂੰ ਵਿਧਾਨ ਸਭਾ ਵਿਚ ਸ੍ਰੀ ਸਾਹਿਬ ਵਿਖਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਖਚਰੀ ਜਹੀ ਹਸੀ ਹੱਸ ਕੇ ਕਹਿੰਦਾ ਹੈ ਕਿ ''ਸ੍ਰੀ ਸਾਹਿਬ ਤਾਂ ਘਰ ਰਹਿ ਗਈ।'' ਇਸੇ ਪ੍ਰਵਾਰ ਦਾ ਇਕ ਹੋਰ ਮੈਂਬਰ ਗਿੱਦੜਬਾਹੇ ਦੀ ਚੋਣ ਜਿੱਤਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਦਾ ਹੈ ਤੇ ਜਦੋਂ ਚੋਣ ਜਿੱਤ ਜਾਂਦਾ ਹੈ ਤਾਂ ਦਾੜ੍ਹੀ ਵੀ ਕਟਵਾ ਲੈਂਦਾ ਹੈ ਪਰ ਸਾਡੇ ਤਖ਼ਤਾਂ ਉਤੇ ਬੈਠੇ ਜਥੇਦਾਰਾਂ ਨੇ ਕਦੇ ਵੀ ਇਹੋ ਜਹੇ ਲੋਕਾਂ ਦੀ ਜਵਾਬ ਤਕਲੀ ਨਹੀਂ ਕੀਤੀ ਕਿ ਤੁਸੀ ਕੌਮ ਨਾਲ ਧੋਖਾ ਕਿਉਂ ਕਰ ਰਹੇ ਹੋ? 

TurbanTurban

ਉਹ ਪੁੱਛ ਵੀ ਕਿਵੇਂ ਸਕਦੇ ਹਨ ਜਦੋਂ ਉਨ੍ਹਾਂ ਕਰ ਕੇ ਤਾਂ ਉਹ ਤਖ਼ਤਾਂ ਦੇ ਜਥੇਦਾਰ ਹਨ। ਇਨ੍ਹਾਂ ਜਥੇਦਾਰਾਂ ਕਰ ਕੇ ਹੀ ਅੱਜ ਸਿੱਖ ਕੌਮ ਭਰਾ ਮਾਰੂ ਜੰਗ ਵਲ ਵੱਧ ਰਹੀ ਹੈ। ਜਿਹੜੀ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ। ਪੁਰਾਣੇ ਸਮੇਂ ਵਿਚ ਜਦੋਂ ਵੀ ਕੋਈ ਮੁਸੀਬਤ ਪੈਂਦੀ ਤਾਂ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਇਕੱਠਾ ਹੁੰਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ ਉਹ ਅਪਣੇ ਹਥਿਆਰ ਬਾਹਰ ਰੱਖ ਕੇ ਜਾਂਦੇ। ਅੱਜ ਤਾਂ ਹਾਲਾਤ ਇਹ ਹੋ ਗਏ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਜਦੋਂ ਸੰਗਤਾਂ ਨੂੰ ਸੰਬੋਧਨ ਵੀ ਕਰਦਾ ਹੈ ਤਾਂ ਉਸ ਦੇ ਆਲੇ ਦੁਆਲੇ ਹਥਿਆਰਬੰਦ ਜਵਾਨ ਘੇਰਾ ਪਾਈ ਖੜੇ ਹੁੰਦੇ ਹਨ।

 ਅੱਜ ਸਾਡੇ ਜਥੇਦਾਰ ਇਕ ਸਿਆਸੀ ਪ੍ਰਵਾਰ ਦੇ ਹੱਥ ਠੋਕੇ ਬਣ ਕੇ ਰਹਿ ਗਏ ਹਨ ਜਿਸ ਤਰ੍ਹਾਂ ਉਹ ਸਿਆਸੀ ਪ੍ਰਵਾਰ ਚਾਹੁੰਦਾ ਹੈ, ਉਸੇ ਤਰ੍ਹਾਂ ਉਹ ਕਰਦੇ ਹਨ, ਜਿਨ੍ਹਾਂ ਨੂੰ ਮਰਜ਼ੀ ਉਹ ਫ਼ਖਰੇ ਕੌਮ ਦਾ ਖ਼ਿਤਾਬ ਦਿਵਾ ਦੇਣ, ਜਿੰਨਾ ਮਰਜ਼ੀ ਉਹ ਸਿੱਖੀ ਵਿਚੋਂ ਖ਼ਾਰਜ ਕਰਵਾ ਦੇਣ। ਤਖ਼ਤਾਂ ਦੇ ਜਥੇਦਾਰਾਂ ਦਾ ਸਿਆਸੀਕਰਨ ਹੋਣ ਕਰ ਕੇ ਹੀ ਅੱਜ ਸਿੱਖਾਂ ਵਿਚ ਪਤਾ ਨਹੀਂ ਕਿੰਨੇ ਕੁ ਡੇਰੇ ਬਣ ਚੁੱਕੇ ਹਨ। ਹਰ ਡੇਰੇਦਾਰ ਅਪਣੇ ਆਪ ਨੂੰ ਸੱਭ ਤੋਂ ਵੱਡਾ ਕੌਮ ਦਾ ਡੇਰੇਦਾਰ ਸਮਝਣ ਲੱਗ ਪਿਆ ਹੈ। ਹਰ ਡੇਰੇ ਅਪਣੇ ਮੁਤਾਬਕ ਅਪਣੀ ਮਰਿਆਦਾ ਬਣਾਈ ਬੈਠਾ ਹੈ।

ਇਥੋਂ ਤਕ ਕਿ ਇਨ੍ਹਾਂ ਡੇਰੇਦਾਰਾਂ ਨੇ ਅਪਣੀਆਂ ਯੂਨੀਅਨਾਂ ਬਣਾ ਕੇ ਕਈਆਂ ਹਨ। ਇਕ ਡੇਰੇਦਾਰ ਦੂਜੇ ਡੇਰੇਦਾਰ ਦਾ ਦੁਸ਼ਮਣ ਬਣੀ ਬੈਠਾ ਹੈ। ਭਾਵੇਂ ਇਹ ਲੋਕਾਂ ਨੂੰ ਈਰਖਾ ਭੇਦਭਾਵ ਮਾਇਆ ਤੋਂ ਦੂਰ ਰਹਿਣ ਦੀਆਂ ਸਲਾਹਾਂ ਦੇਂਦੇ ਨਹੀਂ ਥਕਦੇ। ਆਪ ਇਨ੍ਹਾਂ ਵਿਚ ਉਹ ਸਾਰੇ ਔਗੁਣ ਮੌਜੂਦ ਹਨ। ਕਈਆਂ ਨੇ ਅਪਣੇ ਖੇਤਰ ਵਿਚ ਵੰਡ ਲਏ ਹਨ। ਦੂਜੇ ਨੂੰ ਅਪਣੇ ਖੇਤਰ ਵਿਚ ਵੜ ਜਾਵੇ ਤਾਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। 

ਜਿਸ ਤਰ੍ਹਾਂ ਭਾਈ ਢਡਰੀਆਂ ਵਾਲੇ ਨੂੰ ਮਾਰਨ ਲਈ ਛਬੀਲ ਲਗਾਉਣ ਦਾ ਡਰਾਮਾ ਰਚਿਆ ਗਿਆ। ਇਹ ਕਿਹੜੀ ਮਰਿਆਦਾ ਸੀ। ਜੇਕਰ ਅਕਾਲ ਤਖ਼ਤ ਦਾ ਜਥੇਦਾਰ ਨਿਰਪੱਖ ਹੁੰਦਾ ਤਾਂ ਉਹ ਇਹ ਕਾਰਾ ਕਰਨ ਵਾਲੇ ਨੂੰ ਜ਼ਰੂਰ ਪੁਛਦਾ ਕਿ ਇਸ ਤਰ੍ਹਾਂ ਛਬੀਲਾਂ ਦਾ ਡਰਾਮਾ ਰਚ ਕੇ ਸਿੱਖਾਂ ਨੂੰ ਮਾਰਨਾ ਕਿਹੜੀ ਕੌਮ ਦੀ ਸੇਵਾ ਹੈ? ਪਿਛਲੇ ਦਿਨੀ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਵਿਦੇਸ਼ ਵਿਚ ਅਪਮਾਨ ਕੀਤਾ ਗਿਆ। ਉਨ੍ਹਾਂ ਦੀ ਪੱਗ ਉਤਾਰ ਦਿਤੀ ਗਈ, ਇਹ ਕਿਹੜੀ ਬਹਾਦਰੀ ਹੈ।

ਜਦੋਂ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਨੂੰ ਪੁਛਿਆ ਗਿਆ ਤਾਂ ਉਹ ਉਲਟਾ ਪ੍ਰਚਾਰਕਾਂ ਨੂੰ ਸਲਾਹਾਂ ਦੇਣ ਲੱਗ ਪਏ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਜਾਂ ਜਥੇਦਾਰ ਕੌਮ ਦੇ ਪ੍ਰਧਾਨ ਜਾਂ ਜਥੇਦਾਰ ਨਹੀਂ, ਸਗੋਂ ਉਹ ਇਕ ਧੜੇ ਦੇ ਬੁਲਾਰੇ ਹਨ। ਦੂਜੇ ਪਾਸੇ ਉਨ੍ਹਾਂ ਜਾਂ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਗਤਾਂ ਦੇ ਪੈਸਿਆਂ ਨੂੰ ਅਪਣੇ ਕੀਮਤੀ ਮੋਬਾਈਲ ਫ਼ੋਨਾਂ, ਮਹਿੰਗੀਆਂ ਗੱਡੀਆਂ ਜਾਂ ਡੇਰੇ ਬਣਾਉਣ ਉਤੇ ਹੀ ਖ਼ਰਚ ਨਾ ਕਰੀ ਜਾਣ, ਸਗੋਂ ਉਨ੍ਹਾਂ ਗ਼ਰੀਬ ਸਿੱਖ ਬੱਚਿਆਂ ਉਤੇ ਖ਼ਰਚ ਕਰਨ ਜਿਹੜੇ ਅਪਣੀ ਪੜ੍ਹਾਈ ਕਰਨ ਤੋਂ ਅਸਮਰਥ ਹਨ। 

ਹਾਲਾਤ ਇਹ ਹੈ ਕਿ ਪਹਿਲਾਂ ਸਿੱਖੀ ਨੂੰ ਸਿਰਫ਼ ਬਾਹਰਲਿਆਂ ਤੋਂ ਖ਼ਤਰਾ ਸੀ ਪਰ ਅੱਜ ਤਾਂ ਸਿੱਖੀ ਨੂੰ ਅੰਦਰਲਿਆਂ ਤੋਂ ਵੱਧ ਖ਼ਤਰਾ ਹੈ। ਜਿਹੜੇ ਸਿੱਖੀ ਸਰੂਪ ਵਿਚ ਰਹਿ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਹਨ। ਬਾਦਲ ਅਕਾਲੀ ਦਲ ਤਾਂ ਸਿੱਖੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਉਸ ਨੂੰ ਗੱਦੀ ਚਾਹੀਦੀ ਹੈ। ਇਸ ਲਈ ਉਹ ਸੌਦਾ ਸਾਧ, ਨੂਰਮਹਿਲੀਏ, ਰਾਧਾ ਸਵਾਮੀ, ਆਰਐਸਐਸ ਨਾਲ ਯਾਰੀਆਂ ਪੁਗਾ ਰਿਹਾ ਹੈ।

ਪਰ ਜਿਹੜੇ ਬਾਕੀ 20 ਅਕਾਲੀ ਦਲ ਹਨ। ਉਹ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਨ। ਰੋਜ਼ ਇਕ ਨਵਾਂ ਅਕਾਲੀ ਦਲ ਬਣ ਰਿਹਾ ਹੈ ਜਦੋਂ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਸੱਟ ਮਾਰੀ ਗਈ ਤਾਂ ਉਸ ਵੇਲੇ ਸਿੱਖ ਕੌਮ ਵਿਚ ਅਥਾਹ ਗੁੱਸਾ ਸੀ ਜਿਸ ਨੂੰ ਭੜਕਾਉਣ ਲਈ ਅਕਾਲੀ ਦਲ ਵਿਰੋਧੀਆਂ ਵਲੋਂ ਸਰਬੱਤ ਖ਼ਾਲਸਾ ਸੱਦਿਆ ਗਿਆ ਜਿਸ ਵਿਚ ਸਿੱਖ ਸੰਗਤ ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਈ। ਵਿਦੇਸ਼ਾਂ ਤੋਂ ਬਹੁਤ ਸਿੱਖ ਸੰਗਤ ਆਈ। ਸਿੱਖਾਂ ਨੂੰ ਆਸ ਸੀ ਕਿ ਉਥੇ ਜਿਹੜੇ ਜਥੇਦਾਰ ਥਾਪੇ ਜਾਣਗੇ ਉਹ ਬੜੇ ਪੜ੍ਹੇ ਲਿਖੇ, ਸਿਆਣੇ ਕੌਮ ਦਾ ਦਰਦ ਰੱਖਣ ਵਾਲੇ ਹੋਣਗੇ, ਜਿਸ ਨਾਲ ਕੌਮ ਦਾ ਕੋਈ ਭਲਾ ਹੋਵੇਗਾ। 

ਪਰ ਉਦੋਂ ਸਿੱਖਾਂ ਨੂੰ ਅਫ਼ਸੋਸ ਹੋਇਆ ਜਦੋਂ ਉਥੇ ਵੀ ਧੜਿਆਂ ਨੂੰ ਸਾਹਮਣੇ ਰੱਖ ਕੇ ਜਥੇਦਾਰੀਆਂ ਵੰਡੀਆਂ ਗਈਆਂ। ਇਹ ਠੀਕ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਬਹੁਤ ਹੈ ਪਰ ਉਹ ਤਾਂ ਵਿਚਾਰਾ ਜੇਲ ਵਿਚ ਬੈਠਾ ਹੈ। ਉਹ ਬਾਹਰ ਬੈਠੇ ਲੀਡਰਾਂ ਦੀ ਸਿਆਸੀ ਚਾਲਾਂ ਨੂੰ ਕਿਵੇਂ ਸਮਝ ਸਕਦਾ ਹੈ ਜਿਸ ਕਾਰਨ ਜਿਹੜੇ ਜਥੇਦਾਰ ਥਾਪੇ ਗਏ ਹਨ, ਉਹ ਲੋਕਾਂ ਨੂੰ ਅਪਣੇ ਮਗਰ ਲਗਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਬਾਦਲ ਅਕਾਲੀ ਦਲ 15 ਸਾਲ ਰਾਜ ਕਰ ਚੁੱਕਾ ਹੈ ਜਿਸ ਕਾਰਨ ਲੋਕ ਅਪਣੇ ਨਿਜੀ ਕੰਮ ਕਰਵਾਉਣ ਲਈ ਉਸ ਨਾਲ ਲੱਗੇ ਹੋਏ ਹਨ।

ਲੋਕ ਉਦੋਂ ਹੀ ਦੂਜੇ ਧੜੇ ਨਾਲ ਜੁੜਦੇ ਹਨ ਜਦੋਂ ਉਨ੍ਹਾਂ ਨੂੰ ਇਹ ਹੋਵੇ ਕਿ ਜਿਹੜਾ ਨਵਾਂ ਧੜਾ ਹੈ। ਉਹ ਵੀ ਉਨ੍ਹਾਂ ਦੀਆਂ ਰਾਜਸੀ ਲੋੜਾਂ ਪੂਰੀਆਂ ਕਰ ਸਕਦਾ ਹੈ, ਸਾਡੇ ਸਾਹਮਣੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਰਾਜਸੀ ਲੋੜਾਂ ਪੂਰੀਆਂ ਕਰ ਸਕਦੀ ਹੈ ਤਾਂ ਲੋਕੀ ਰਾਤੋ ਰਾਤ ਬਦਲ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਸਿੱਖ ਬਾਦਲ ਪ੍ਰਵਾਰ ਨੂੰ ਨਫ਼ਰਤ ਕਰਦੇ ਹਨ ਪਰ ਦੂਜੇ ਪਾਸੇ ਅਜੇ ਤਕ ਕੋਈ ਸਿੱਖ ਲੀਡਰ ਨਹੀਂ ਦਿਸ ਰਿਹਾ ਜਿਹੜਾ ਸਿੱਖਾਂ ਦੀ ਅਗਵਾਈ ਕਰ ਸਕੇ ਜਿਸ ਕਾਰਨ ਅੱਜ ਸਿੱਖਾਂ ਨੂੰ ਜਾਗਣ ਦੀ ਲੋੜ ਹੈ। ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਲਈ ਇਕ ਮੰਚ ਉਤੇ ਇਕੱਠੇ ਹੋ ਕੇ ਲੜਣ ਦੀ ਲੋੜ ਹੈ। 

ਸਿੱਖ ਕੌਮ ਨੂੰ ਇਕੱਠੇ ਹੋ ਕੇ ਇਕ ਮੈਂਬਰੀ ਸਿੱਖ  ਵਿਦਵਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਜਿਸ ਵਿਚ ਸਿੱਖ ਅਫ਼ਸਰ, ਫ਼ੌਜੀ, ਜੱਜ ਵਿਦੇਸ਼ੀ ਸਿੱਖ ਸ਼ਾਮਲ ਕੀਤੇ ਜਾਣ। ਜਿਹੜੇ ਬਿਲਕੁਲ ਨਿਰਪੱਖ ਹੋਣ, ਕਿਸੇ ਧੜੇ ਨਾਲ ਸਬੰਧਤ ਨਾ ਹੋਣ। ਉਹ ਸੱਭ ਤੋਂ ਪਹਿਲਾਂ ਤਖ਼ਤਾਂ ਦੇ ਜਿਹੜੇ ਜਥੇਦਾਰ ਲਗਾਉਣੇ ਹਨ, ਉਨ੍ਹਾਂ ਦੀ ਵਿਦਿਅਕ ਯੋਗਤਾ ਉਨ੍ਹਾਂ ਦੇ ਪ੍ਰਵਾਰ  ਦਾ ਸਿੱਖੀ ਪ੍ਰਤੀ ਪਿਆਰ, ਉਨ੍ਹਾਂ ਦਾ ਤਜਰਬਾ ਆਦਿ ਬਾਰੇ ਕਿਤਾਬਚਾ ਤਿਆਰ ਕਰਨ। ਉਸ ਮੁਤਾਬਕ ਉਹ

ਇਸ਼ਤਿਹਾਰ ਦੇ ਕੇ ਅਰਜ਼ੀਆਂ ਲੈਣ ਫਿਰ ਉਨ੍ਹਾਂ ਨਾਲ ਨਿਜੀ ਮਿਲਣੀ ਕੀਤੀ ਜਾਵੇ ਤਾਕਿ ਉਨ੍ਹਾਂ ਦੀ ਗੱਲਬਾਤ ਕਰਨ ਦਾ ਕੰਮ ਅਤੇ ਹੋਰ ਗੁਣਾਂ ਦੀ ਪੜ੍ਹਚਲ ਕੀਤੀ ਜਾਵੇ। ਜਿਹੜੇ ਪੰਜ ਸੱਭ ਤੋਂ ਵੱਧ ਗੁਣਾਂ ਵਾਲੇ ਹੋਣ, ਉਨ੍ਹਾਂ ਨੂੰ ਜਥੇਦਾਰ ਨਿਯੁਕਤ ਕੀਤਾ ਜਾਵੇ। ਜਦੋਂ ਨਿਰਪੱਖ ਤਰੀਕੇ ਨਾਲ ਚੋਣ ਕੀਤੀ ਜਾਵੇਗੀ ਤਾਂ ਕੌਮ ਵੀ ਉਨ੍ਹਾਂ ਦਾ ਹਰ ਹੁਕਮ ਮੰਨਣ ਲਈ ਤਿਆਰ ਹੋਵੇਗੀ। ਇਸ ਕੰਮ ਨੂੰ ਪੂਰਾ ਕਰਨ ਲਈ ਦੋ ਮਹੀਨੇ ਲਗਾ ਸਕਦੇ ਹਨ। ਜਦੋਂ ਸੋਚ ਦਾ ਸੂਰਜ ਚੜ੍ਹਦਾ ਹੈ ਤਾਂ ਝੂਠ ਦੇ ਤਾਰੇ ਆਪੇ ਹੀ ਅਲੋਪ ਹੋ ਜਾਂਦੇ ਹਨ। 

ਸੰਪਰਕ : 94646-96083

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement