
ਜਦੋਂ ਕੋਈ ਵੀ ਵਿਅਕਤੀ ਔਰਤ ਦੀ ਸ਼ਲਾਘਾ ਲਈ ਭਾਸ਼ਣ ਦਿੰਦਾ ਹੈ ਤਾਂ ਉਹ ਬਾਬੇ ਨਾਨਕ ਦੇ ਇਸ ਵਾਕ ਦਾ ਜ਼ਰੂਰ ਉਚਾਰਨ ਕਰਦਾ ਹੈ ਕਿ ''ਸੋ ਕਿਉਂ ਮੰਦਾ ਆਖਿਐ ਜਿਤੁ ...
ਜਦੋਂ ਕੋਈ ਵੀ ਵਿਅਕਤੀ ਔਰਤ ਦੀ ਸ਼ਲਾਘਾ ਲਈ ਭਾਸ਼ਣ ਦਿੰਦਾ ਹੈ ਤਾਂ ਉਹ ਬਾਬੇ ਨਾਨਕ ਦੇ ਇਸ ਵਾਕ ਦਾ ਜ਼ਰੂਰ ਉਚਾਰਨ ਕਰਦਾ ਹੈ ਕਿ ''ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨ।'' ਇਸ ਦਾ ਮਤਲਬ ਇਹ ਨਹੀਂ ਕਿ ਸਿਰਫ਼ ਉਨ੍ਹਾਂ ਔਰਤਾਂ ਜਾਂ ਮਾਵਾਂ ਨੂੰ ਚੰਗਾ ਮੰਦਾ ਨਹੀਂ ਆਖਣਾ ਚਾਹੀਦਾ, ਜਿਨ੍ਹਾਂ ਨੇ ਰਾਜਿਆਂ ਮਹਾਂਰਾਜਿਆਂ ਨੂੰ ਜਨਮ ਦਿਤਾ ਹੈ ਤੇ ਬਾਕੀਆਂ ਬਾਰੇ ਛੋਟ ਹੈ। ਮਾਂ ਪਰਮਾਤਮਾ ਦਾ ਹੀ ਇਕ ਰੂਪ ਹੁੰਦੀ ਹੈ, ਭਾਵੇਂ ਉਹ ਕਿਸੇ ਚੋਰ, ਡਾਕੂ ਜਾਂ ਕਿਸੇ ਬਲਾਤਕਾਰੀ ਦੀ ਮਾਂ ਹੀ ਕਿਉਂ ਨਾ ਹੋਵੇ। ਮਾਂ ਪੂਜਣਯੋਗ ਹੁੰਦੀ ਹੈ।
ਔਰਤ ਦਾ ਮਾਂ, ਭੈਣ ਪਤੀ ਅਤੇ ਧੀ ਦਾ ਰੂਪ ਇਹ ਉਸ ਦੀਆਂ ਜ਼ਿੰਮੇਵਾਰੀਆਂ ਦੇ ਵਖਰੇ-ਵਖਰੇ ਨਾਮ ਹਨ ਜਿਨ੍ਹਾਂ ਨੂੰ ਉਹ ਸਾਰੀ ਉਮਰ ਬਾਖੂਬੀ ਨਾਲ ਨਿਭਾਉਂਦੀ ਹੈ ਜੇ ਔਰਤ ਨਾ ਹੁੰਦੀ ਆਦਮੀ ਨੇ ਤਾਂ ਉਂਜ ਹੀ ਕੀੜੇ ਪੈ ਕੇ ਮਰ ਜਾਣਾ ਸੀ। ਇਹ ਔਰਤ ਹੀ ਹੈ ਜੋ ਆਦਮੀ ਨੂੰ ਬਾਪ ਬਣਨ ਦਾ ਰੁਤਬਾ ਬਖ਼ਸ਼ਦੀ ਹੈ, ਨਹੀਂ ਤਾਂ ਜ਼ਮਾਨੇ ਨੇ ਮਰਦ ਨੂੰ ਨਾ-ਮਰਦ ਹੀ ਕਹਿਣਾ ਸੀ।
ਇਨਸਾਨ ਹਰ ਸਮੇਂ ਔਰਤ ਦੀ ਮਿਹਰਬਾਨੀ ਮੰਗਦਾ ਹੈ। ਧਨ ਦੀ ਲੋੜ ਹੋਵੇ ਤਾਂ ਮਾਤਾ ਲਕਸ਼ਮੀ ਜੀ ਕੋਲ, ਵਿਦਿਆ ਦੀ ਜ਼ਰੂਰਤ ਹੈ ਤਾਂ ਸਰਸਵਤੀ ਦੇਵੀ ਕੋਲ, ਜੇਕਰ ਸ਼ਕਤੀ ਦੀ ਜ਼ਰੂਰਤ ਹੈ ਤਾਂ ਦੁਰਗਾ ਜਾਂ ਕਾਲੀ ਕੋਲ ਭਜਦੇ ਹਨ, ਉਸ ਦੀ ਪੂਜਾ ਕਰਦੇ ਹਨ ਪਰ ਫਿਰ ਵੀ ਇਨਸਾਨ ਇਨ੍ਹਾਂ ਨਾ-ਸੁਕਰਾ ਹੈ ਔਰਤ ਜਾਤੀ ਉਤੇ ਜ਼ੁਲਮ ਕਿਉਂ ਕਰਦਾ ਰਹਿੰਦੈ?
ਔਰਤ ਧਰਤੀ ਵਾਂਗ ਹੁੰਦੀ ਹੈ, ਸੱਭ ਸਹਿ ਲੈਂਦੀ ਹੈ ਮਰਦ ਬੱਦਲ ਵਾਂਗ ਹੈ ਵਰ੍ਹ ਲੈਂਦੇ ਹਨ। ਔਰਤਾਂ ਵਿਚ ਧੀਰਜ, ਸ਼ਕਤੀ, ਸਹਿਨਸ਼ੀਲਤਾ, ਦ੍ਰਿੜਤਾ, ਸ਼ਾਂਤੀ ਅਤੇ ਉਪਕਾਰ, ਜਿਹੇ ਗੁਣ ਬੇਸ਼ੁਮਾਰ ਹੁੰਦੇ ਹਨ ਜੋ ਇਨ੍ਹਾਂ ਨੂੰ ਪ੍ਰਮਾਤਮਾ ਵਲੋਂ ਹੀ ਵਿਰਸੇ ਵਿਚ ਮਿਲੇ ਹੁੰਦੇ ਹਨ। ਮਰਦ ਦੀਆਂ ਸਾਰੀਆਂ ਦਲੀਲਾਂ ਔਰਤ ਦੇ ਇਕ ਜਜ਼ਬੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਔਰਤ ਹਰ ਉਸ ਰਿਸ਼ਤੇ ਦੀ ਕਦਰ ਕਰਦੀ ਹੈ, ਜੋ ਕਿਸੇ ਤਰ੍ਹਾਂ ਵੀ ਉਸ ਦੇ ਪਤੀ ਨਾਲ ਸਬੰਧਤ ਹੁੰਦਾ ਹੈ। ਹਰ ਨਾਰੀ ਪੂਜਣਯੋਗ ਹੈ, ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। ਜਿਸ ਘਰ ਵਿਚ ਨਾਰੀ ਦਾ ਸਤਕਾਰ ਨਹੀਂ ਉਥੇ ਦੇਵਤਾ ਵੀ ਵਾਸ ਨਹੀਂ ਕਰਦੇ ਜਾਂ ਇਸ ਤਰ੍ਹਾਂ ਕਹਿ ਲਉ:-
ਉਸ ਘਰ ਦੀ ਰੋਸ਼ਨੀ ਵਿਚੋਂ ਵੀ ਅੰਧੇਰਾ ਝਾਕਦੈ,
ਜਿਸ ਘਰ ਵਿਚ ਕੋਈ ਨਾਹ ਦੀਪਕ ਨਾ ਜਲਾਏ ਦਿਨ ਢਲ੍ਹੇ।
ਔਰਤ ਨਾਲ ਹੀ ਆਦਮੀ ਦੀ ਇੱਜ਼ਤ ਹੁੰਦੀ ਹੈ। ਕਿਹਾ ਜਾਂਦਾ ਹੈ ਹਰ ਆਦਮੀ ਦੀ ਕਾਮਯਾਬੀ ਪਿੱਛੇ ਇਕ ਔਰਤ ਦਾ ਹੱਥ ਜ਼ਰੂਰ ਹੁੰਦੈ। ਸਾਡੇ ਸਮਾਜ ਵਿਚ ਛੜੇ ਆਦਮੀ ਦੀ ਕੋਈ ਇਜ਼ਤ ਨਹੀਂ ਕਰਦਾ ਸਾਰੇ ਉਸ ਨੂੰ ਭੈੜੀ ਨਜ਼ਰ ਨਾਲ ਹੀ ਵੇਖਦੇ ਹਨ। ਔਰਤ ਅਤੇ ਮਰਦ ਇਕ ਦੂਜੇ ਬਿਨਾਂ ਅਧੂਰੇ ਹੁੰਦੇ ਹਨ, ਇਸੇ ਕਰ ਕੇ ਔਰਤ ਨੂੰ ਮਰਦ ਦੀ ਵਿਆਹੁਤਾ ਕਿਹਾ ਜਾਂਦਾ ਹੈ।
ਔਰਤ ਬਿਨਾਂ ਇਨਸਾਨ ਦੀ ਜ਼ਿੰਦਗੀ ਦਾ ਸਫ਼ਰ ਰੁਕ ਜਾਂਦਾ ਹੈ, ਪੈਰ ਭਾਵੇਂ ਚਲਦੇ ਰਹਿਣ, ਪਰ ਉਸ ਦਾ ਵੰਸ਼ ਤੇ ਗਿਆਨ ਰੁਕਿਆ ਰਹਿੰਦਾ ਹੈ। ਜੀਵਨ ਸਾਥੀ ਦੇ ਵਿਛੜਨ ਉਪਰੰਤ ਇਨਸਾਨ ਨੂੰ ਸੰਸਾਰ ਓਪਰਾ, ਜੀਵਨ ਫਿੱਕਾ ਤੇ ਰਿਸ਼ਤੇ ਖੋਖਲੇ ਤੇ ਭੋਜਨ ਬੇ-ਸੁਆਦ ਲੱਗਣ ਲਗਦਾ ਹੈ ਤੇ ਦੁਨੀਆਂ ਤੋਂ ਉਸ ਦਾ ਮਨ ਉਚਾਟ ਹੋ ਜਾਂਦਾ ਹੈ।
Punjabi Woman
ਮੂਰਖ ਹੁੰਦੇ ਹਨ ਉਹ ਲੋਕ ਜੋ ਔਰਤ ਨੂੰ ਇਕ ਕਟੀ ਪਤੰਗ ਸਮਝਦੇ ਹਨ। ਹਰ ਕੋਈ ਉਸ ਤੇ ਡੋਰ ਸੁਟਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ ਅਤੇ ਉਸ ਨੂੰ ਕਮਜ਼ੋਰ ਸਮਝਦਾ ਹੈ।
ਕਮਜ਼ੋਰ ਜੋ ਸਮਝਣ ਔਰਤ ਨੂੰ, ਉਹ ਸੋਚ ਜ਼ਰਾ ਨਾ ਕਰਦੇ ਨੇ,
ਔਰਤ ਦੀ ਤਾਕਤ ਅੱਗੇ ਤਾਂ, ਬ੍ਰਹਿਮੰਡ ਖੰਡ ਸੱਭ ਡਰਦੇ ਨੇ।
ਇਹ ਔਰਤ ਹੀ ਹੈ ਜੋ ਆਦਮੀ ਦੇ ਸੱਭ ਗੁਨਾਹ ਮਾਫ਼ ਕਰ ਦਿੰਦੀ ਹੈ, ਪਰ ਭੁਲਦੀ ਨਹੀਂ। ਔਰਤ ਨਾਜ਼ੁਕ ਤੇ ਭੋਲੀ ਹੁੰਦੀ ਹੈ। ਕਈ ਵਾਰ ਆਦਮੀ ਦੇ ਲਾਰਿਆਂ ਨੂੰ ਵਾਅਦੇ ਸਮਝਣ ਲੱਗ ਜਾਂਦੀ ਹੈ, ਪਰ ਇਹ ਆਦਮੀ ਦੇ ਇਰਾਦਿਆਂ ਨੂੰ ਬਹੁਤ ਜਲਦੀ ਭਾਂਪ ਲੈਂਦੀ ਹੈ।
ਔਰਤ ਤਿਆਗ ਅਤੇ ਬਲੀਦਾਨ ਦੀ ਮੂਰਤ ਹੈ। ਇਤਿਹਾਸ ਔਰਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਔਰਤ ਅਜਕਲ ਹਰ ਖੇਤਰ ਵਿਚ ਆਦਮੀ ਤੋਂ ਅੱਗੇ ਹੈ।
ਔਰਤਾਂ ਪਵਿੱਤਰ ਹਨ, ਘਰ ਦੀ ਸ਼ੋਭਾ ਹਨ, ਉਨ੍ਹਾਂ ਦੀ ਇਜ਼ਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦੈ। ਇਨਸਾਨ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣੀ ਚਾਹੀਦੀ ਹੈ। ਪੁਰਸ਼ ਦੀ ਤਸੀਰ ਬਲਦ ਵਰਗੀ ਹੁੰਦੀ ਹੈ, ਜੋ ਅਪਣਾ ਇਕ ਨੰਬਰ ਦਾ ਮਾਲ ਛੱਡ ਕੇ ਏਧਰ-ਉਧਰ ਮੂੰਹ ਮਾਰਨੋ ਨਹੀਂ ਹਟਦਾ। ਮਰਦ ਨੂੰ ਅਪਣੀ ਜ਼ਮੀਰ ਜਾਗ੍ਰਿਤੀ ਕਰਨੀ ਚਾਹੀਦੀ ਹੈ ਤੇ ਔਰਤ ਪ੍ਰਤੀ ਅਪਣੀ ਗੰਦੀ ਸੋਚ ਤਿਆਗਣੀ ਚਾਹੀਦੀ ਹੈ।
ਸਾਡੀ ਸਰਕਾਰ ਨੂੰ ਵੀ ਨਾਰੀ ਸ਼ੋਸ਼ਣ ਸਬੰਧੀ ਸਖ਼ਤ ਰੁਖ ਅਪਨਾਉਣਾ ਚਾਹੀਦਾ ਹੈ। ਸਜ਼ਾਵਾਂ ਸਖ਼ਤ ਹੋਣੀਆਂ ਚਾਹੀਦੀਆਂ ਹਨ ਕਿ ਬੰਦਾ ਦੂਜੀ ਵਾਰ ਗੁਨਾਹ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਮਾਂ-ਬਾਪ ਨੂੰ ਵੀ ਇਸ ਮਾਮਲੇ ਵਿਚ ਅਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਸੱਭ ਦੇ ਸਹਿਯੋਗ ਨਾਲ ਹੀ ਔਰਤ ਦੀ ਆਜ਼ਾਦੀ ਬਹਾਲ ਹੋ ਸਕਦੀ ਹੈ ਇਕ ਉਜਵਲ ਸਮਾਜ ਦਾ ਨਿਰਮਾਣ ਹੋ ਸਕਦੈ।
ਸੰਪਰਕ : 99888-73637