
15-16 ਜੂਨ 20 ਦੀ ਰਾਤ ਨੂੰ ਜੋ ਚੀਨੀ ਫ਼ੌਜੀਆਂ ਨੇ ਸਾਡੀ ਭਾਰਤੀ ਫ਼ੌਜ ਨਾਲ ਵਿਸ਼ਵਾਸਘਾਤ ਕੀਤਾ,
15-16 ਜੂਨ 20 ਦੀ ਰਾਤ ਨੂੰ ਜੋ ਚੀਨੀ ਫ਼ੌਜੀਆਂ ਨੇ ਸਾਡੀ ਭਾਰਤੀ ਫ਼ੌਜ ਨਾਲ ਵਿਸ਼ਵਾਸਘਾਤ ਕੀਤਾ, ਉਹ ਅਸੀ ਸੱਭ ਚੰਗੀ ਤਰ੍ਹਾਂ ਜਾਣਦੇ ਹਾਂ। ‘ਇਕ ਤਾਂ ਚੋਰੀ ਉਪਰੋਂ ਸੀਨਾ ਜ਼ੋਰੀ’ ‘ਸਾਡੀ ਹੀ ਜ਼ਮੀਨ ਉਤੇ ਆ ਕੇ ਫਿਰ ਸਾਨੂੰ ਹੀ ਧਮਕੀਆਂ ਕਿ ਪਿੱਛੇ ਹੱਟ ਜਾਉ, ਇਹ ਕਿਵੇਂ ਹੋ ਸਕਦਾ ਸੀ? ਜਿਨ੍ਹਾਂ ਯੋਧਿਆਂ ਨੇ ਸ਼ੇਰਨੀਆਂ ਮਾਵਾਂ ਦਾ ਦੁਧ ਪੀਤਾ ਹੋਵੇ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ, ਗ਼ੈਰਾਂ ਦੀਆਂ ਗਿੱਦੜ ਭਬਕੀਆਂ?
Naib Subedar Mandeep Singh
ਦੁੱਖ ਇਸ ਗੱਲ ਦਾ ਹੈ ਕਿ ਸਾਡੇ ਸੂਰਬੀਰਾਂ ਨੂੰ ਕਿਹਾ ਗਿਆ ਕਿ ਉਥੇ ਸਿਰਫ਼ ਗੱਲਬਾਤ ਰਾਹੀਂ ਹੀ ਮਸਲਾ ਹੱਲ ਕਰਨਾ ਹੈ ਕਿਸੇ ਅਸਲੇ ਦੀ ਜ਼ਰੂਰਤ ਨਹੀਂ ਜਿਸ ਕਰ ਕੇ ਸਾਡੇ ਫ਼ੌਜੀ ਜਵਾਨ ਨਿਹੱਥੇ ਹੀ ਚਲੇ ਗਏ ਤੇ ਚੀਨ ਵਾਲੇ ਪਹਿਲਾਂ ਹੀ ਪੂਰੇ ਸਾਜ਼ੋ ਸਮਾਨ ਨਾਲ ਲੈਸ ਹੋ ਕੇ ਤਿਆਰ ਬੈਠੇ ਸਨ। ਬਸ ਉਨ੍ਹਾਂ ਨੇ ਐਵੇਂ ਇਕ ਲੜਾਈ ਦਾ ਬਹਾਨਾ ਹੀ ਬਣਾ ਲਿਆ ਤੇ ਨਿਹੱਥਿਆਂ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ।
Indian Army
ਸਾਡੇ ਫ਼ੌਜੀਆਂ ਨੇ ਫਿਰ ਵੀ ਬੜੇ ਹੋਸ਼ ਤੋਂ ਕੰਮ ਲਿਆ ਪਰ ਜਦੋਂ ਪਾਣੀ ਸਿਰ ਤੋਂ ਲੰਘਦਾ ਦਿਸਿਆ ਫਿਰ ਇਨ੍ਹਾਂ ਨੇ ਖ਼ਾਲਸੇ ਵਾਲਾ ਜੌਹਰ ਵਿਖਾਉਣਾ ਸ਼ੁਰੂ ਕਰ ਦਿਤਾ। ਸਾਡੇ ਸੂਰਬੀਰਾਂ ਨੇ ਚਮਗਿੱਦੜ ਖਾਣੀ ਫ਼ੌਜ ਨੂੰ ਦਿਨੇ ਹੀ ਤਾਰੇ ਵਿਖਾ ਦਿਤੇ। ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਅਖ਼ੀਰ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸਾਡੇ ਦੇਸ਼ ਦੇ ਜਾਂਬਾਜ਼ ਇਕ ਕਰਨਲ ਤੇ ਵੀਹ ਯੋਧੇ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਵਿਚੋਂ ਇਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸੀ।
Naib Subedar Mandeep Singh
ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਪਿੰਡ ਸੀਲ ਜੋ ਜ਼ਿਲ੍ਹਾ ਪਟਿਆਲਾ ਵਿਚ ਪੈਂਦਾ ਹੈ, ਪਟਿਆਲੇ ਤੋਂ 12 ਕਿਲੋਮੀਟਰ ਤੇ ਬਹਾਦਰਗੜ੍ਹ ਦੇ ਨੇੜੇ ਹੈ। ਸੀਲ ਪਿੰਡ ਵਿਚ 20 ਮਾਰਚ 1980 ਨੂੰ ਮਾਤਾ ਸ਼ਕੁੰਤਲਾ ਤੇ ਪਿਤਾ ਸਰਦਾਰ ਲਛਮਣ ਸਿੰਘ ਦੇ ਘਰ ਜਨਮ ਲਿਆ। ਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ। ਮਨਦੀਪ ਸਿੰਘ ਦੇ ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿੰਡ ਦੇ ਸਕੂਲ ਵਿਚ ਦਸਵੀਂ ਤਕ ਦੀ ਪੜ੍ਹਾਈ ਕਰ ਕੇ 24 ਦਸੰਬਰ 1997 ਨੂੰ ਪਟਿਆਲਾ ਦੇ ਭਰਤੀ ਦਫ਼ਤਰ ਵਿਚ ਜਾ ਕੇ ਦਿਲ ਵਿਚ ਦੇਸ਼ ਦੀ ਸੇਵਾ ਭਾਵਨਾ ਲੈ ਕੇ ਫ਼ੌਜ ਵਿਚ ਭਰਤੀ ਹੋ ਗਿਆ।
File Photo
ਉਸ ਦਿਨ ਤੋਂ ਲੈ ਕੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ, ਦਿਨ-ਬ-ਦਿਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੀ ਗਿਆ। ਟ੍ਰੇਨਿੰਗ ਆਰਟਿਲੇਰੀ ਸੈਂਟਰ ਨਾਸਕ ਰੋਡ ਮਹਾਰਾਸ਼ਟਰ ਵਿਚ ਕੀਤੀ। ਮਨਦੀਪ ਸਿੰਘ ਨੇ ਟ੍ਰੇਂਨਿੰਗ ਦੌਰਾਨ ਬੈਸਟ ਕੇਡਿਡ ਦਾ ਐਵਾਰਡ ਵੀ ਹਾਸਲ ਕੀਤਾ। ਉਪਰੰਤ ਪਹਿਲੀ ਪੋਸਟਿੰਗ ਥ੍ਰੀ ਮੀਡੀਅਮ ਰੈਜੀਮੈਂਟ ਵਿਚ ਹੋਈ, ਜੋ ਉਸ ਵਕਤ ਵੀ ਕਸ਼ਮੀਰ ਵੈਲੀ ਵਿਚ ਕਾਰਗਿਲ ਦੀ ਲੜਾਈ ਲੜ ਰਹੀ ਸੀ। ਉਸ ਵਕਤ ਵੀ ਮਨਦੀਪ ਸਿੰਘ ਨੂੰ ਲੜਾਈ ਵਿਚ ਹਿੱਸਾ ਲੈਣ ਦਾ ਬੜਾ ਸ਼ੌਂਕ ਸੀ।
File Photo
ਇਕ ਤੋਪ ਦਾ ਚੰਗਾ ਮਾਹਰ ਹੋਣ ਕਰ ਕੇ ਇਸ ਨੂੰ ਹਮੇਸ਼ਾ ਤੋਪ ਦੇ ਨਾਲ ਰਖਿਆ ਜਾਂਦਾ ਸੀ। ਮਨਦੀਪ ਸਿੰਘ ਸ੍ਰੀਰਕ ਤੌਰ ਉਤੇ ਬਹੁਤ ਤੰਦਰੁਸਤ ਸੀ ਜਿਸ ਕਰ ਕੇ ਇਸ ਨੇ ਪੁਣੇ ਵਿਚ ਪੀ.ਟੀ.ਆਈ. ਦਾ ਕੋਰਸ ਕੀਤਾ। ਚੰਗਾ ਰਿਜ਼ਲਟ ਹੋਣ ਕਰ ਕੇ ਇਸ ਨੂੰ ਹੈਦਰਾਬਾਦ ਵਿਚ ਰੰਗਰੂਟਾਂ ਨੂੰ ਟ੍ਰੇਨਿੰਗ ਦੇਣ ਲਈ ਇੰਸਟ੍ਰਕਟਰ ਲਗਾਇਆ ਗਿਆ।
Naib Subedar Mandeep Singh
ਤਿੰਨ ਸਾਲ ਤੋਂ ਬਾਅਦ ਫਿਰ ਥ੍ਰੀ ਮੀਡੀਅਮ ਵਿਚ ਜਦੋਂ ਵਾਪਸ ਆਇਆ ਤੇ ਇਸ ਦੀ ਅਗਲੇਰੀ ਪੜ੍ਹਾਈ ਵਾਸਤੇ ਤਿਆਰੀ ਕਰਵਾਉਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ। ਮੈਂ ਦਿਨ-ਰਾਤ ਮਨਦੀਪ ਸਿੰਘ ਨੂੰ ਤਿਆਰੀ ਕਰਵਾਉਂਦਾ ਰਿਹਾ ਤੇ ਉਹ ਪਹਿਲੀ ਵਾਰ ਵਿਚ ਹੀ ਸਹਾਇਕ ਇੰਸਟਰਕਟਰ ਆਫ਼ ਗਨਰੀ ਵਾਸਤੇ ਸਿਲੈਕਟ ਹੋ ਗਿਆ। ਸਕੂਲ ਆਫ਼ ਅਥਾਰਟੀ ਦੇਵਲਾਲੀ, ਮਹਾਰਾਸ਼ਟਰ ਵਿਚ ਡੇਢ ਸਾਲ ਟ੍ਰੇਨਿੰਗ ਕਰਨ ਉਪਰੰਤ ਫਿਰ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਚ ਇੰਸਟਰਕਟਰ ਵਜੋਂ ਸੇਵਾ ਨਿਭਾਉਂਦੇ ਰਹੇ।
Naib Subedar Mandeep Singh
ਹੁਣ ਮਨਦੀਪ ਸਿੰਘ ਲੇਹ ਦੇ ਨਿਬੁ ਸਟੇਸ਼ਨ ਤੇ ਤਾਇਨਾਤ ਸਨ। ਥੋੜੇ ਦਿਨ ਪਹਿਲਾਂ ਹੀ ਜਦੋਂ ਚੀਨ ਨਾਲ ਹਾਲਾਤ ਵਿਗੜ ਗਏ ਤਾਂ ਮਨਦੀਪ ਅਪਣੀ ਟੁਕੜੀ ਨਾਲ ਗਲਵਾਨ ਘਾਟੀ ਵਿਚ ਡਿਊਟੀ ਉਤੇ ਪਹੁੰਚ ਗਏ ਜਿਥੇ ਇਨ੍ਹਾਂ ਨੇ ਅਪਣੇ ਸਾਥੀਆਂ ਸਮੇਤ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀਤਾ। ਸ਼ਹੀਦ ਮਨਦੀਪ ਸਿੰਘ ਅਪਣੇ ਪਿੱਛੇ ਬਜ਼ੁਰਗ 65 ਸਾਲ ਦੀ ਮਾਤਾ, ਤਿੰਨ ਭੈਣਾਂ ਜੋ ਸਾਰੀਆਂ ਵਿਆਹੀਆਂ ਹੋਈਆਂ ਹਨ, ਪਤਨੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ (15) ਬੇਟਾ ਜੋਬਨਪ੍ਰੀਤ ਸਿੰਘ (12) ਛੱਡ ਗਏ। ਪਿੰਡ ਤੇ ਦੇਸ਼ ਨੂੰ ਅਪਣੇ ਮਹਾਨ ਸਪੂਤ ਤੇ ਪੂਰਾ ਫ਼ਖ਼ਰ ਹੈ। ਅੱਜ ਸਾਰਾ ਦੇਸ਼ ਅਪਣੇ ਮਹਾਨ ਸਪੂਤਾਂ ਨੂੰ ਸ਼ਰਧਾਂਜ਼ਲੀਆਂ ਦੇ ਰਿਹਾ ਹੈ। ਦੇਸ਼ ਹਮੇਸ਼ਾ ਇਨ੍ਹਾਂ ਯੋਧਿਆਂ ਦਾ ਸਨਮਾਨ ਕਰਦਾ ਰਹੇਗਾ। ਸੰਪਰਕ : 75891-55501