
ਭਾਰਤ ਦੇ ਸਿਖਿਆ ਸ਼ਾਸਤਰੀ, ਅਧਿਆਪਕ ਤੇ ਮਾਪਿਆਂ ਨੇ ਅਪਣੀ ਸਿਖਿਆ ਪ੍ਰਣਾਲੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ?............
ਭਾਰਤ ਦੇ ਸਿਖਿਆ ਸ਼ਾਸਤਰੀ, ਅਧਿਆਪਕ ਤੇ ਮਾਪਿਆਂ ਨੇ ਅਪਣੀ ਸਿਖਿਆ ਪ੍ਰਣਾਲੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ? ਮੈਂ ਤਾਂ ਕਹਾਗਾ ਕਿ ਕਦੇ ਨਹੀਂ। ਕਦੇ ਵਿਚਾਰ ਕੀਤਾ ਕਿ ਦਸਵੀਂ ਜਾਂ 10+2 ਦੀ ਪ੍ਰੀਖਿਆ ਦੇ ਨਤੀਜਿਆਂ ਵਿਚ ਬੱਚਾ ਫ਼ੇਲ੍ਹ ਹੋ ਜਾਂਦਾ ਹੈ ਪਰ ਉਹੀ ਜੇ.ਈ.ਈ ਦੇ ਪੇਪਰ ਵਿਚ ਚੰਗੇ ਨੰਬਰ ਲੈ ਲੈਂਦਾ ਹੈ। ਇਹ ਕਿਹੋ ਜਹੀ ਵਿਦਿਆ ਹੈ? ਕੋਈ ਟਿਪਣੀ ਨਹੀਂ ਕਰਦਾ, ਕੋਈ ਵਿਚਾਰ ਨਹੀਂ ਕਰਦਾ ਪਰ ਇਸ ਹੈਰਾਨਗੀ ਦੇ ਚਲਦਿਆਂ ਬੱਚਿਆਂ ਉਤੇ ਕੀ ਗੁਜ਼ਰਦੀ ਹੈ?
ਕਦੇ ਕਿਸੇ ਨੇ ਦਸਵੀਂ ਦੇ ਕਿਸੇ ਬੱਚੇ ਦੇ ਫ਼ੇਲ੍ਹ ਹੋ ਜਾਣ ਤੋਂ ਬਾਅਦ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਗਿਆ ਆਖ਼ਰੀ ਪੱਤਰ ਪੜ੍ਹਿਆ ਹੈ ਜਿਸ ਨੂੰ ਪੁਲਿਸ ਵਾਲੇ 'ਖ਼ੁਦਕੁਸ਼ੀ ਨੋਟ' ਕਹਿੰਦੇ ਹਨ ਤੇ ਜੋ ਉਨ੍ਹਾਂ ਲਈ ਬਹੁਤ ਕੀਮਤੀ ਦਸਤਾਵੇਜ਼ ਹੁੰਦਾ ਹੈ? ਜਦੋਂ ਵੀ ਅਜਿਹੇ ਪੱਤਰ ਵੇਖਦੇ ਹਾਂ ਤਾਂ ਪੜ੍ਹਨ ਤੋਂ ਪਹਿਲਾਂ ਹੀ ਸਾਡਾ ਗਲਾ ਭਰ ਆਉਂਦਾ ਹੈ। ਪਲਭਰ ਲਈ ਹੀ ਸਾਡੀ ਨਬਜ਼ ਰੁਕ ਹੀ ਜਾਂਦੀ ਹੈ ਤੇ ਅੱਖਾਂ ਵਿਚ ਹੰਝੂ ਉਭਰ ਆਉਂਦੇ ਹਨ। ਅਜਿਹੇ ਇਕ ਖ਼ੁਦਕੁਸ਼ੀ ਨੋਟ ਮੈਨੂੰ ਵੀ ਨੂੰ ਪੜ੍ਹਨ ਦਾ ਮੌਕਾ ਮਿਲਿਆ। ਪਹਿਲਾ ਵਾਕ ਪੜ੍ਹਦਾ ਹਾਂ, ''ਪਾਪਾ, ਮੰਮੀ, ਮੈਨੂੰ ਮਾਫ਼ ਕਰ ਦਿਉ। ਮੈਂ ਤੁਹਾਡੇ ਸੁਪਨਿਆਂ ਨੂੰ ਸੱਚ ਨਹੀਂ ਕਰ ਸਕੀ।
ਮੈਂ ਤੁਹਾਡੀ ਉਮੀਦਾਂ ਉਤੇ ਖਰੀ ਨਹੀਂ ਉਤਰੀ। ਮੈਂ ਤੁਹਾਨੂੰ ਬਹੁਤ ਦੁੱਖ ਦਿਤੇ। ਮੈਂ ਇਸ ਦੁਨੀਆਂ ਤੋਂ ਹੀ ਜਾ ਰਹੀ ਹਾਂ, ਹਮੇਸ਼ਾ ਲਈ। ਉਥੇ ਜਿਥੇ ਕਦੇ ਪੇਪਰ ਨਹੀਂ ਹੁੰਦੇ ਤੇ ਨਾ ਹੀ ਸਕੂਲ ਦਾ ਡਰ।'' ਏਨਾ ਪੜ੍ਹਦੇ ਤਕ ਮੇਰੇ ਹਲਕ ਵਿਚ ਫਸਿਆ ਹੋਇਆ ਗੋਲਾ ਹੋਰ ਭਾਰੀ ਹੋ ਜਾਂਦਾ ਹੈ ਤੇ ਮੈਂ ਰੋ ਪਿਆ। ਇਕ ਦਸਵੀਂ ਵਿਚ ਪੜ੍ਹਨ ਵਾਲੀ 15 ਸਾਲਾ ਬੱਚੀ ਸਿਰਫ਼ ਇਸ ਲਈ ਖ਼ੁਦਕੁਸ਼ੀ ਕਰ ਲਵੇ ਕਿ ਉਸ ਦੇ ਪੇਪਰਾਂ ਵਿਚ ਨੰਬਰ ਚੰਗੇ ਨਹੀਂ ਆਏ ਅਤੇ ਫ਼ੇਲ੍ਹ ਹੋ ਕੇ ਉਹ ਕਿਵੇਂ ਅਪਣੇ ਮਾਂ-ਬਾਪ ਦਾ ਸਾਹਮਣਾ ਕਰੇਗੀ। ਇਸ ਤੋਂ ਵੱਡੀ ਕੀ ਤਰਾਸਦੀ ਹੋ ਸਕਦੀ ਹੈ ਸਾਡੇ ਸਮਾਜ ਦੀ?
ਇਹ ਤਰਾਸਦੀ ਸਿਰਫ਼ ਉਸ ਪ੍ਰਵਾਰ ਦੀ ਨਹੀਂ, ਸਗੋਂ ਸਾਡੇ ਸਮਾਜ ਤੇ ਸਾਡੇ ਰਾਸ਼ਟਰ ਦੀ ਹੈ। ਇਸ ਲਈ ਮੈਂ ਇਸ ਖ਼ੁਦਕੁਸ਼ੀ ਦਾ ਜ਼ਿੰਮੇਵਾਰ ਬੱਚੀ ਦੇ ਮਾਤਾ-ਪਿਤਾ, ਉਸ ਦੇ ਅਧਿਆਪਕ, ਸਕੂਲ ਦੇ ਨਾਲ ਨਾਲ ਪੂਰੇ ਸਮਾਜ ਨੂੰ ਠਹਿਰਾਉਂਦਾ ਹਾਂ। ਪ੍ਰੀਖਿਆ ਵਿਚ ਫ਼ੇਲ੍ਹ ਹੋਣ ਜਾਂ ਘੱਟ ਨੰਬਰ ਆਉਣ ਕਾਰਨ ਖ਼ੁਦਕੁਸ਼ੀਆਂ ਵਰਗਾ ਕਦਮ ਚੁੱਕਣ ਨੂੰ ਮਜਬੂਰ ਹੋਣ ਵਾਲੇ ਬੱਚੇ ਬਹੁਤ ਮਾਸੂਮ ਹੁੰਦੇ ਹਨ। ਉਹ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਉਹ ਖ਼ੁਦਕੁਸ਼ੀ ਨਹੀਂ ਕਰ ਰਹੇ ਹੁੰਦੇ, ਸਗੋਂ ਇਹ ਉਨ੍ਹਾਂ ਦਾ ਕਤਲ ਹੋ ਰਿਹਾ ਹੈ। ਇਸ ਕਤਲ ਲਈ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਜ਼ਿਆਦਾ ਉਨ੍ਹਾਂ ਦੇ ਮਾਤਾ-ਪਿਤਾ ਹੀ ਦੋਸ਼ੀ ਹੁੰਦੇ ਹਨ।
ਯਾਰੋ ਜ਼ਰਾ ਕੁ ਸੋਚੋ ਤਾਂ ਸਹੀ ਹੱਸਣ ਖੇਡਣ ਦੀ ਉਮਰ ਵਿਚ ਮਾਪੇ ਕੱਚੀ ਨੀਂਦਰੇ ਉਠਾ ਕੇ ਸਕੂਲ ਭੇਜ ਦਿੰਦੇ ਹਨ। ਭਾਵੇਂ ਸਕੂਲਾਂ ਨੂੰ ਪਲੇ-ਵੇ ਜਾਂ ਪ੍ਰੀ-ਨਰਸਰੀ ਕਹੋ ਕਿ ਉਥੇ ਬੱਚਾ ਖੇਡਦਾ ਹੀ ਹੈ ਪਰ ਨਹੀਂ, ਉਹ ਅਪਣੇ ਆਪ ਨੂੰ ਕੈਦ ਹੋਇਆ ਮਹਿਸੂਸ ਕਰਦਾ ਹੈ। ਇਕ ਬੱਚਾ ਜੋ ਅਪਣੇ ਖ਼ੁਦਕੁਸ਼ੀ ਨੋਟ ਵਿਚ 'ਮੈਨੂੰ ਮਾਫ਼ ਕਰ ਦਿਉ ਪਾਪਾ' ਲਿਖ ਕੇ ਚਲਾ ਜਾਂਦਾ ਹੈ। ਉਸ ਦੇ ਮਾਪੇ ਇਹ ਲਾਈਨ ਪੜ੍ਹ ਕੇ ਕਿਵੇਂ ਜਿਊਂਦੇ ਰਹਿ ਸਕਦੇ ਹਨ? ਮਾਪਿਆਂ ਦਾ ਹੀ ਤਾਂ ਇਹ ਫ਼ਰਜ਼ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਜਾਂ ਪੁੱਤਰ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਾਂ ਤਕਲੀਫ਼ ਨਾ ਆਵੇ।
ਪ੍ਰੀਖਿਆਵਾਂ ਦੇ ਦਿਨਾਂ ਵਿਚ ਤਾਂ ਉਨ੍ਹਾਂ ਨੂੰ ਹੋਰ ਚੇਤੰਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਵਲੋਂ ਬੱਚੇ ਉਤੇ ਦਬਾਅ ਨਹੀਂ ਹੈ ਤਾਂ ਵੀ ਅਧਿਆਪਕਾਂ ਤੇ ਸਮਾਜ ਦਾ ਦਬਾਅ ਤਾਂ ਹੁੰਦਾ ਹੀ ਹੈ। ਮਾਪਿਆਂ ਦਾ ਹੀ ਇਹ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਕਿ ਇਕ ਵਧੀਆ ਜੀਵਨ ਜਿਊਣ ਲਈ ਦਸਵੀਂ ਵਿਚ ਹਿਸਾਬ ਦੇ ਪੇਪਰ ਵਿਚ ਆਉਣ ਵਾਲੇ ਅੰਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਮਦਰ ਟੈਰੇਸਾ ਨੂੰ ਮਦਰ ਟੈਰੇਸਾ ਬਣਨ ਲਈ ਹਾਈ ਸਕੂਲ ਵਿਚ ਹਿਸਾਬ ਦੇ ਨੰਬਰਾਂ ਨੇ ਕੋਈ ਮਦਦ ਨਹੀਂ ਕੀਤੀ ਸੀ।
ਮੈਂ ਵੀ ਜਦੋਂ ਗਿਆਰਵੀਂ ਵਿਚ ਫ਼ੇਲ੍ਹ ਹੋਇਆਂ ਤਾਂ ਮੇਰੇ ਮਾਪਿਆਂ ਨੇ ਸਾਰੇ ਬਜ਼ਾਰ ਵਿਚ ਬਰਫ਼ੀ ਵੰਡੀ ਸੀ ਤਾਕਿ ਮੇਰੇ ਵਿਚ ਫ਼ੇਲ੍ਹ ਹੋਣ ਦਾ ਇਕ ਮਿਠਾ ਜਿਹਾ ਅਹਿਸਾਸ ਹੋਵੇ। ਅਗਲੀ ਵਾਰ ਮੈਂ ਚੰਗੇ ਨੰਬਰਾਂ ਵਿਚ ਪਾਸ ਹੋਇਆ ਸੀ। ਦੁਨੀਆਂਭਰ ਵਿਚ ਬੇਸ਼ੁਮਾਰ ਲੋਕ ਹਨ, ਜੋ ਹਾਈ ਸਕੂਲ ਵਿਚ ਚੰਗੇ ਅੰਕ ਲਏ ਬਿਨਾਂ, ਸਫ਼ਲ ਤੇ ਖ਼ੁਸ਼ਹਾਲ ਜੀਵਨ ਜੀਅ ਰਹੇ ਹਨ। ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਦਸਣਾ ਚਾਹੀਦਾ ਹੈ ਕਿ ਤੁਸੀ ਜੇਕਰ ਅਪਣੇ ਮੰਮੀ-ਪਾਪਾ ਨੂੰ ਖੁਸ਼ ਕਰਣਾ ਚਾਹੁੰਦੇ ਹੋ ਤਾਂ ਪ੍ਰੀਖਿਆ ਤੋਂ ਪਹਿਲਾਂ ਵੀ ਮੁਸਕਰਾਉਂਦੇ ਹੋਏ ਸਕੂਲ ਜਾਉ ਤੇ ਪ੍ਰੀਖਿਆ ਤੋਂ ਬਾਅਦ ਵੀ ਮੁਸਕਰਾਉਂਦੇ ਹੋਏ ਘਰ ਆਉ।
ਪਰ ਮੈਂ ਵੇਖਦਾ ਹਾਂ ਕਿ ਕੀ ਪਾਪਾ ਅਤੇ ਕੀ ਮੰਮੀ, ਸਾਰੇ ਅਪਣੇ ਬੱਚਿਆਂ ਉੱਤੇ ਡੰਡਾ ਲੈ ਕੇ ਪਏੇ ਹੁੰਦੇ ਹਨ ਕਿ ਹਾਈ ਸਕੂਲ ਦੇ ਬੋਰਡ ਇਮਤਿਹਾਨਾਂ ਵਿਚ ਨੰਬਰ ਨਾ ਆਏ ਤਾਂ ਪੂਰੀ ਜ਼ਿੰਦਗੀ ਖ਼ਰਾਬ ਹੋ ਜਾਵੇਗੀ, ਸਾਡਾ ਸਾਰਾ ਪੈਸਾ ਡੁੱਬ ਜਾਵੇਗਾ। ਅਸੀ ਜੋ ਤੁਹਾਡੇ ਲਈ ਸੁਪਨਾ ਵੇਖਿਆ ਹੈ ਕਿ ਵੱਡੀ ਹੋ ਕੇ ਤੂੰ ਸਾਡੇ ਸੁਪਨੇ ਪੂਰੇ ਕਰੋਗੀ ਉਹ ਸੁਪਨਾ ਟੁੱਟ ਜਾਵੇਗਾ। ਸੋਚੋ ਜ਼ਰਾ ਮਾਪਿਆਂ ਦੀ ਅਜਿਹੀ ਗੱਲਾਂ ਨਾਲ ਬੱਚਾ ਕਿੰਨੇ ਦਬਾਅ ਵਿਚ ਆ ਜਾਂਦਾ ਹੋਵੇਗਾ?
ਜੇਕਰ ਅਜਿਹੇ ਦਬਾਅ ਵਿਚ ਪੇਪਰ ਖ਼ਰਾਬ ਹੋ ਗਿਆ ਤੇ ਫ਼ੇਲ੍ਹ ਹੋਣ ਦੀ ਨੌਬਤ ਆ ਹੀ ਗਈ ਤਾਂ ਕਿਹੜਾ ਬੱਚਾ ਜਿਊਂਦਾ ਰਹਿਣ ਦੀ ਹਿੰਮਤ ਕਰ ਸਕੇਗਾ? ਬੱਚਿਆਂ ਦੀ ਖ਼ੁਦਕੁਸ਼ੀ ਲਈ ਮੈਂ ਉਨ੍ਹਾਂ ਸਕੂਲਾਂ ਨੂੰ ਵੀ ਜ਼ਿੰਮੇਦਾਰ ਮੰਨਦਾ ਹਾਂ ਜਿਨ੍ਹਾਂ ਨੇ ਸਿਖਿਆ ਨੂੰ ਮੁਨਾਫ਼ਾ ਕਮਾਉਣ ਦੇ ਧੰਦੇ ਵਿਚ ਬਦਲ ਦਿਤਾ ਹੈ। ਅੱਜ ਨਿਜੀ ਸਕੂਲਾਂ ਤੇ ਹਸਪਤਾਲਾਂ ਵਿਚ ਕੋਈ ਫ਼ਰਕ ਨਹੀਂ ਰਹਿ ਗਿਆ। ਹਸਪਤਾਲਾਂ ਵਿਚ ਜੇਕਰ ਕਸਾਈ ਬਣੇ ਡਾਕਟਰਾਂ ਦਾ ਪਹਿਲਾ ਧਰਮ ਰੋਗੀਆਂ ਨੂੰ ਇਲਾਜ ਕਰ ਕੇ ਨਿਰੋਗ ਕਰਨਾ ਨਾ ਰਹਿ ਕੇ ਇਲਾਜ ਦੇ ਨਾਮ ਉੱਤੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਹੈ।
ਸਕੂਲਾਂ ਵਿਚ ਪ੍ਰਸ਼ਾਸਨ ਤੇ ਅਧਿਆਪਕਾਂ ਦਾ ਪਹਿਲਾ ਧਰਮ ਬੱਚਿਆਂ ਨੂੰ ਗਿਆਨ ਦੇ ਕੇ ਸਿਖਿਅਤ ਕਰਨਾ ਨਾ ਹੋ ਕੇ ਉਨ੍ਹਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਹੈ। ਜ਼ਿਆਦਾ ਪੈਸਾ ਕਮਾਉਣ ਲਈ ਜ਼ਰੂਰੀ ਹੈ ਕਿ ਸਕੂਲਾਂ ਵਿਚ ਦਾਖ਼ਲੇ ਦੀ ਇਕ ਹਵਾ ਹੋਵੇ। ਦਾਖ਼ਲਾ ਉਦੋਂ ਮਿਲੇਗਾ ਜਦੋਂ ਬੱਚੇ ਜ਼ਿਲ੍ਹੇ, ਸ਼ਹਿਰ, ਰਾਜ ਤੇ ਰਾਸ਼ਟਰ ਵਿਚ ਚੋਟੀ ਦੇ ਹੋਣ। ਬੱਚਿਆਂ ਨੂੰ ਲਗਾਤਾਰ ਬੇਹਿਸਾਬ ਦਬਾਅ ਹੇਠ ਰਖਿਆ ਜਾਂਦਾ ਹੈ। ਜਿੰਨੇ ਉਪਰਲੇ ਬਣਦੇ ਹਨ, ਸਕੂਲ ਉਨੇ ਵੱਡੇ ਇਸ਼ਤੇਹਾਰ ਸ਼ਹਿਰ ਭਰ ਵਿਚ ਲਗਾਉਂਦੇ ਹਨ ਤਾਕਿ ਲੋਕ ਅਪਣੇ ਬੱਚਿਆਂ ਨੂੰ ਵੀ ਚੋਟੀ ਦੇ ਬੱਚਿਆਂ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਕੋਲ ਆਉਣ ਤੇ ਉਹ ਹੋਰ ਜ਼ਿਆਦਾ ਮੁਨਾਫ਼ਾ ਕਮਾਉਣ।
ਜੇਕਰ ਵੇਖਿਆ ਜਾਵੇ ਤਾਂ ਸਾਡਾ ਪੂਰਾ ਸਮਾਜ ਹੀ ਈਰਖਾ, ਮੁਕਾਬਲੇਬਾਜ਼ੀ, ਜਿੱਤ, ਹਰ ਹਾਲ ਵਿਚ ਜਲਦੀ ਤੋਂ ਜਲਦੀ ਸਫ਼ਲਤਾ, ਭੱਜ-ਨੱਠ, ਤਣਾਅ, ਗੁੱਸਾ, ਮਾਰਕੁੱਟ, ਇਨ੍ਹਾਂ ਸੱਭ ਵਿਚ ਫਸਿਆ ਹੋਇਆ ਹੈ। ਹਾਲਾਂਕਿ ਪਿਛਲੀ ਪੀੜ੍ਹੀ ਦੇ ਜੀਵਨ ਵਿਚ ਇਹ ਸੱਭ ਰਿਹਾ ਹੈ, ਇਸ ਲਈ ਅਗਲੀ ਪੀੜ੍ਹੀ ਨੂੰ ਵੀ ਵਿਰਾਸਤ ਵਿਚ ਇਹੀ ਕੁੱਝ ਮਿਲ ਰਿਹਾ ਹੈ। ਪਰ ਮਾਤਾ-ਪਿਤਾ ਨੂੰ ਸਮਝਣਾ ਚਾਹੀਦਾ ਹੈ ਕਿ ਪੂਰੇ ਸਮਾਜ ਨੂੰ ਤਾਂ ਸੁਧਾਰਿਆ ਨਹੀਂ ਜਾ ਸਕਦਾ ਪਰ ਘੱਟੋ-ਘੱਟ ਘਰ ਦੀ ਚਾਰ ਦੀਵਾਰੀ ਦੇ ਅੰਦਰ ਤਾਂ ਉਹ ਮਾਹੌਲ ਵਿਚ ਪਿਆਰ ਤੇ ਸਕੂਨ ਭਰ ਸਕਦੇ ਹਨ।
ਬੱਚਿਆਂ ਦੇ ਜੀਵਨ ਤੇ ਸੋਚਣ ਦੇ ਢੰਗ ਉੱਤੇ ਸੱਭ ਤੋਂ ਵੱਧ ਪ੍ਰਭਾਵ ਮਾਤਾ-ਪਿਤਾ ਦਾ ਪੈਂਦਾ ਹੈ। ਜੇਕਰ ਮਾਤਾ-ਪਿਤਾ ਇਹ ਸਮਝ ਲੈਣ ਕਿ ਉਨ੍ਹਾਂ ਲਈ ਜ਼ਿਆਦਾ ਜ਼ਰੂਰੀ ਬੱਚਿਆਂ ਦੀਆਂ ਖੁਸ਼ੀਆਂ ਭਰਿਆ ਤੰਦਰੁਸਤ ਤੇ ਸੰਤੁਲਤ ਜੀਵਨ ਹੈ ਨਾਕਿ ਉਨ੍ਹਾਂ ਦੇ ਦਸਵੀਂ-ਬਾਰ੍ਹਵੀਂ ਦੇ ਅੰਕ ਤਾਂ ਅਸੀ ਇਸ ਨਾਲ ਹੀ ਉਹ ਕਾਤਲ ਬਣਨ ਤੋਂ ਬੱਚ ਸਕਦੇ ਹਾਂ। ਸੰਪਰਕ : 98152-00134