
ਭਾਰਤ ਅਤੇ ਏਸ਼ੀਆ ਵਿਚ ਸ਼ਾਟ-ਪੁੱਟ ‘ਚ ਪਹਿਲੇ ਨੰਬਰ ‘ਤੇ ਆਉਣ ਵਾਲੇ ਐਥਲੀਟ ਤੇਜਿੰਦਰਪਾਲ ਸਿੰਘ ਤੂਰ।
ਭਾਰਤ ਅਤੇ ਏਸ਼ੀਆ ਵਿਚ ਸ਼ਾਟ-ਪੁੱਟ ‘ਚ ਪਹਿਲੇ ਨੰਬਰ ‘ਤੇ ਆਉਣ ਵਾਲੇ ਐਥਲੀਟ ਤੇਜਿੰਦਰਪਾਲ ਸਿੰਘ ਤੂਰ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਤੇਜਿੰਦਰਪਾਲ ਸਿੰਘ ਤੂਰ ਏਸ਼ੀਆਈ ਖੇਡਾਂ ਦਾ ਰਿਕਾਰਡ 20.75 ਮੀਟਰ ਹੈ।
ਪਰਿਵਾਰਿਕ ਪਿਛੋਕੜ
ਤੇਜਿੰਦਰਪਾਲ ਸਿੰਘ ਦਾ ਜਨਮ 13 ਨਵੰਬਰ 1994 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਵਿਚ ਹੋਇਆ ਹੈ। ਬਚਪਨ ਵਿਚ ਤੇਜਿੰਦਰਪਾਲ ਸਿੰਘ ਇਕ ਕ੍ਰਿਕੇਟਰ ਬਣਨਾ ਚਾਹੁੰਦੇ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕ੍ਰਿਕੇਟ ਦੀ ਬਜਾਏ ਵਿਅਕਤੀਗਤ ਤੌਰ ‘ਤੇ ਕੁਝ ਖੇਡਣ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਚਾਚਾ ਜੀ ਵੀ ਸ਼ਾਟ-ਪੁੱਟ ਖੇਡਦੇ ਸਨ ਅਤੇ ਉਹਨਾਂ ਨੂੰ ਦੇਖ ਕੇ ਹੀ ਤੇਜਿੰਦਰ ਪਾਲ ਨੇ ਸ਼ਾਟ-ਪੁੱਟ ਨੂੰ ਚੁਣਿਆ। ਤੇਜਿੰਦਰ ਪਾਲ ਦਾ ਸ਼ਾਟ-ਪੁੱਟ ਨੂੰ ਚੁਣਨਾ ਇਕ ਸੌਖਾ ਫੈਸਲਾ ਸੀ ਪਰ ਇਕ ਕਿਸਾਨ ਪਰਿਵਾਰ ਲਈ ਇਹ ਬਹੁਤ ਔਖਾ ਸੀ।
ਤੇਜਿੰਦਰਪਾਲ ਸਿੰਘ ਦਾ ਸਫਰ
ਤੇਜਿੰਦਰ ਸਿੰਘ ਤੂਰ ਪਹਿਲੀ ਵਾਰ ਸੁਰਖੀਆਂ ਵਿਚ ਉਸ ਸਮੇਂ ਆਏ ਜਦੋਂ 2017 ਵਿਚ ਉਹਨਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ।2018 ਵਿਚ ਉਹਨਾਂ ਨੇ 57ਵੀ ਰਾਸ਼ਟਰੀ ਇੰਟਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਜਿੱਤੀ। ਵਰਲਡ ਚੈਂਪੀਅਨਸ਼ਿਪ ਲੰਡਨ ਵਿਚ ਜਾਣ ਲਈ ਯੋਗਤਾ 20.50 ਮੀਟਰ ਸੀ ਪਰ ਉਹਨਾਂ ਦਾ ਰਿਕਾਰਡ ਸਿਰਫ 19.46 ਮੀਟਰ ਹੀ ਸੀ। ਜਿਸ ਕਰਕੇ ਉਹ ਵਰਲਡ ਚੈਂਪੀਅਨਸ਼ਿਪ ਲੰਡਨ ਨਹੀਂ ਜਿੱਤ ਸਕੇ ਅਤੇ ਉਹ ਬਹੁਤ ਨਿਰਾਸ਼ ਹੋਏ।
ਗੋਲਡ ਕੋਸਟ ਕਾਮਨਵੈਲਥ ਖੇਡਾਂ ਉਹਨਾਂ ਲਈ ਇਹ ਸੁਨਿਹਰੀ ਮੌਕਾ ਸੀ। ਉਹ ਵਧੀਆ ਰਿਕਾਰਡ ਬਣਾ ਕੇ 20.24 ਮੀਟਰ ਨਾਲ ਇਹਨਾਂ ਖੇਡਾਂ ਲਈ ਚੁਣੇ ਗਏ ਅਤੇ ਚੁਣੇ ਗਏ ਖਿਡਾਰੀਆਂ ਵਿਚੋਂ ਉਹਨਾਂ ਦਾ ਛੇਵਾਂ ਸਥਾਨ ਸੀ। ਉਹਨਾਂ ਨੇ ਪਹਿਲੀਆਂ ਦੋ ਵਾਰੀਆਂ ਵਿਚ 18.49 ਮੀਟਰ ਅਤੇ 18.43 ਮੀਟਰ ਦੀ ਦੂਰੀ ‘ਤੇ ਸ਼ਾਟ-ਪੁੱਟ ਸੁੱਟਿਆ ਅਤੇ ਆਖਰੀ ਵਾਰ ‘ਚ ਉਹਨਾਂ ਨੇ 19.10 ਮੀਟਰ ‘ਤੇ ਸ਼ਾਟਪੁੱਟ ਸੁੱਟਿਆ। ਇਹਨਾਂ ਖੇਡਾਂ ਵਿਚ ਵੀ ਤੇਜਿੰਦਰਪਾਲ ਸਿੰਘ ਨੂੰ ਨਿਰਾਸ਼ ਹੋਣਾ ਪਿਆ ਅਤੇ ਉਹ ਫਾਈਨਲ ਵਿਚ ਅੱਠਵੇਂ ਨੰਬਰ ‘ਤੇ ਆਏ। ਸਿਲਵਰ ਮੈਡਲ ਜਿੱਤਣ ਤੋਂ ਬਾਅਦ ਉਹਨਾਂ ਦਾ ਕਾਮਨਵੈਲਥ ਖੇਡਾਂ ਵਿਚ ਅੱਠਵੇਂ ਨੰਬਰ ‘ਤੇ ਆਉਣਾ ਬਹੁਤ ਹੀ ਨਿਰਾਸ਼ਾਜਨਕ ਸੀ।
ਟਰੇਨਿੰਗ ਸਮੇਂ ਆਉਣ ਵਾਲੀਆਂ ਚੁਣੌਤੀਆਂ
ਇਕ ਛੋਟੇ ਪਰਿਵਾਰ ਲਈ ਖੇਡਾਂ ‘ਤੇ ਆਉਣ ਵਾਲੇ ਖਰਚੇ ਪੂਰੇ ਕਰਨਾ ਬਹੁਤ ਔਖਾ ਸੀ। ਖਿਡਾਰੀਆਂ ਦੀ ਟ੍ਰੇਨਿੰਗ ਅਤੇ ਭੋਜਨ ਆਦਿ ਲਈ ਖਰਚੇ ਜ਼ਿਆਦਾ ਹੁੰਦੇ ਹਨ। ਇਸ ਸਬੰਧ ਵਿਚ ਤੇਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸ਼ਾਟ-ਪੁੱਟ ਖੇਡਣ ਸਮੇਂ ਜਿਵੇਂ-ਜਿਵੇਂ ਖਿਡਾਰੀ ਦਾ ਪੱਧਰ ਵਧਦਾ ਹੈ ਉਸਦੇ ਨਾਲ ਹੀ ਉਸਦੇ ਖਰਚੇ ਵੀ ਵਧਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਕ ਖਿਡਾਰੀ ਨੂੰ ਵਧੀਆ ਜਿਮ, ਵਧੀਆ ਬੂਟ ਆਦਿ ਚਾਹੀਦੇ ਹੁੰਦੇ ਹਨ।
ਤੇਜਿੰਦਰ ਪਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਬੂਟ 2 ਮਹੀਨੇ ਤੱਕ ਰਹਿੰਦੇ ਸਨ ਅਤੇ ਉਹਨਾਂ ਦਾ ਮਹੀਨੇ ਦਾ ਖਰਚਾ 50 ਹਜ਼ਾਰ ਤੱਕ ਚਲਾ ਜਾਂਦਾ ਸੀ। ਤੇਜਿੰਦਰਪਾਲ ਸਿੰਘ ਅਨੁਸਾਰ ਜੇਕਰ ਸਰਕਾਰ ਵੱਲੋਂ ਉਭਰਦੇ ਖਿਡਾਰੀਆਂ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਉਹ ਉਹਨਾਂ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ।
2015 ਵਿਚ ਤੇਜਿੰਦਰਪਾਲ ਸਿੰਘ ਦੇ ਪਿਤਾ ਨੂੰ ਚਮੜੀ ਦਾ ਕੈਂਸਰ ਹੋ ਗਿਆ ਪਰ ਇਹ ਕੈਂਸਰ ਦੀ ਪਹਿਲੀ ਸਟੇਜ ਸੀ ਜੋ ਕਿ ਇਕ ਸਰਜਰੀ ਨਾਲ ਠੀਕ ਹੋ ਗਿਆ। ਪਰ ਇਕ ਸਾਲ ਬਾਅਦ ਉਹਨਾਂ ਦੇ ਪਿਤਾ ਨੂੰ ਚੌਥੀ ਸਟੇਜ ‘ਤੇ ਹੱਡੀਆਂ ਦਾ ਕੈਂਸਰ ਹੋ ਗਿਆ ਜਿਸਦਾ ਇਲਾਜ ਨਹੀਂ ਹੋ ਸਕਿਆ। ਇਸਦੇ ਲਈ ਭਾਰਤੀ ਜਲ ਸੈਨਾ ਨੇ ਉਹਨਾਂ ਨੂੰ ਨੌਕਰੀ ਦੇਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਅਤੇ ਉਹਨਾਂ ਨੇ ਸਾਰੇ ਇਲਾਜ ਮੁਫ਼ਤ ਕਰਕੇ ਵੀ ਉਹਨਾਂ ਦੇ ਪਰਿਵਾਰ ਦੀ ਸਹਾਇਤਾ ਕੀਤੀ।
ਏਸ਼ੀਅਨ ਖੇਡਾਂ
ਏਸ਼ੀਅਨ ਖੇਡਾਂ ਲਈ ਕਈ ਖਿਡਾਰੀ ਵਿਦੇਸ਼ ਗਏ ਪਰ ਤੂਰ ਨੇ ਧਰਮਸ਼ਾਲਾ ਨੂੰ ਪਹਿਲ ਦਿੱਤੀ ਕਿਉਂਕਿ ਧਰਮਸ਼ਾਲਾ ਸਮੁੰਦਰੀ ਤੱਲ ਤੋਂ ਜ਼ਿਆਦਾ ਉਚਾਈ ‘ਤੇ ਸਥਿਤ ਹੈ। ਉਹਨਾਂ ਨੇ ਜਕਾਰਤਾ ਪਾਲੇਮਬੰਗ ਏਸ਼ੀਅਨ ਖੇਡਾਂ ਲਈ ਬਹੁਤ ਮਿਹਨ ਕੀਤੀ। ਗੋਲਡ ਕੋਸਟ ਕਾਮਨਵੈਲਥ ਖੇਡਾਂ ਵਿਚ ਨਿਰਾਸ਼ ਹੋਣ ਤੋਂ ਬਾਅਦ ਉਹਨਾਂ ਲਈ ਚੀਜ਼ਾਂ ਨੂੰ ਬਦਲਣਾ ਜਰੂਰੀ ਸੀ।
25 ਅਗਸਤ 2018 ਨੂੰ ਤੇਜਿੰਦਰਪਾਲ ਸਿੰਘ ਤੂਰ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ 2018 ਏਸ਼ੀਆਈ ਖੇਡਾਂ ਦੌਰਾਨ ਸ਼ਾਟ-ਪੁੱਟ ਮੁਕਾਬਲੇ ‘ਚ ਸੋਨੇ ਦਾ ਮੈਡਲ ਜਿੱਤਿਆ। ਉਹਨਾਂ ਨੇ 20.75 ਮੀਟਰ ‘ਤੇ ਸ਼ਾਟ-ਪੁੱਟ ਸੁੱਟਿਆ ਅਤੇ ਏਸ਼ੀਆਈ ਖੇਡਾਂ ਵਿਚ ਇਕ ਰਿਕਾਰਡ ਬਣਾਇਆ। ਤੇਜਿੰਦਰਪਾਲ ਸਿੰਘ ਨੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿਚ ਵੀ ਸ਼ਾਟ-ਪੁੱਟ 'ਚ ਗੋਲਡ ਮੈਡਲ ਜਿੱਤਿਆ ਹੈ।