
ਸਾਉਣ ਦਾ ਮਹੀਨਾ ਸਾਡੇ ਪੰਜਾਬ ਵਿਚ ਵਿਸ਼ੇਸ਼ ਮਹੱਤਤਾ ਵਾਲਾ ਮਹੀਨਾ ਮੰਨਿਆਂ ਜਾਂਦਾ ਹੈ..............
ਸਾਉਣ ਦਾ ਮਹੀਨਾ ਸਾਡੇ ਪੰਜਾਬ ਵਿਚ ਵਿਸ਼ੇਸ਼ ਮਹੱਤਤਾ ਵਾਲਾ ਮਹੀਨਾ ਮੰਨਿਆਂ ਜਾਂਦਾ ਹੈ। ਸਭਿਅਕ ਬੋਲੀ ਕੁੜੀਆਂ ਪਾਉਂਦੀਆਂ ਸੀ ਕਿ 'ਸਾਉਣ ਵੀਰ ਕੱਠਿਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।' ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ, ਜੋ ਮੈਂ ਅਖੀਂ ਵੇਖਿਆ ਜਾ ਮਾਣਿਆ ਹੁੰਦਾ ਹੈ, ਉਹ ਹੀ ਲਿਖਿਆ ਜਾਵੇ। ਸੰਨ 86-87 ਦੇ ਨੇੜੇ ਸਾਡੇ ਪਿੰਡ ਕਈ ਮੁਹੱਲਿਆਂ ਵਿਚ ਲਗਦੀਆਂ ਸਾਉਣ ਦੇ ਮਹੀਨੇ ਤੀਆਂ ਮੈਨੂੰ ਚੰਗੀ ਤਰ੍ਹਾਂ ਯਾਦ ਹਨ। ਭਾਵੇਂ ਅਸੀ ਉਸ ਵੇਲੇ ਬਹੁਤ ਛੋਟੇ ਹੁੰਦੇ ਸਾਂ ਪਰ ਮੇਰੇ ਦਿਮਾਗ਼ ਵਿਚ ਅੱਜ ਵੀ ਉਹ ਸਾਉਣ ਦਾ ਮਹੀਨਾ ਘੁੰਮ ਰਿਹਾ ਹੈ।
ਜੇਕਰ ਸਾਉਣ ਚੜ੍ਹਦੇ ਨਾਲ ਮੀਂਹ ਨਾ ਪਵੇ ਤਾਂ ਕੁੜੀਆਂ ਇਕੱਠੀਆਂ ਹੋ ਕੇ ਗੁੱਡੀ ਫ਼ੂਕਣ ਦੀ ਤਿਆਰੀ ਕਰਦੀਆਂ। ਲੀਰਾਂ ਤੇ ਛੋਟੇ ਡੰਡਿਆਂ ਨੂੰ ਬੰਨ੍ਹ ਕੇ ਕੁੜੀਆਂ ਗੁੱਡੀ ਬਣਾਉਂਦੀਆਂ। ਸਾਡੀ ਛੋਟੇ ਹੋਣ ਕਰ ਕੇ ਆਟਾ, ਗੁੜ ਘੀ ਘਰ-ਘਰ ਜਾ ਕੇ ਇਕੱਠਾ ਕਰਨ ਦੀ ਡਿਊਟੀ ਹੁੰਦੀ ਸੀ। ਅਸੀ ਉਸ ਵੇਲੇ ਬੜੇ ਮਾਣ ਨਾਲ ਮੰਗਣ ਜਾਂਦੇ ਸੀ ਤੇ ਸਾਰੇ ਘਰ ਬੜੇ ਮਾਣ ਨਾਲ ਹਰ ਚੀਜ਼ ਦੇਂਦੇ ਸੀ। ਰਸਦ ਇਕੱਠੀ ਕਰ ਕੇ ਇਕ ਦੇ ਘਰ ਮਿੱਠੀਆਂ ਰੋਟੀਆਂ ਜਾਂ ਗੁਲਗਲੇ ਬਣਦੇ ਸੀ। ਜਦੋਂ ਸਾਡੇ ਘਰ ਦੀ ਵਾਰੀ ਆਉਂਦੀ ਹੁੰਦੀ ਸੀ ਤਾਂ ਮੇਰੀ ਮਾਂ ਚੁੱਲ੍ਹੇ ਨੂੰ ਪਾਂਡੂ ਦਾ ਪਰੋਲਾ ਦੇਣਾ ਨਹੀਂ ਸੀ ਭੁਲਦੀ। ਇਹ ਲਿਖਣ ਲੱਗਿਆਂ ਵੀ ਮੈਂ ਮਾਂ ਨੂੰ ਯਾਦ ਕਰਦਾ ਹਾਂ।
ਪਿੰਡ ਦੇ ਬਾਹਰ ਜਾਂ ਨਹਿਰ ਦੇ ਕਿਨਾਰੇ ਗੁੱਡੀ ਫ਼ੂਕੀ ਜਾਂਦੀ ਸੀ ਤੇ ਉਥੇ ਹੀ ਬੈਠ ਕੇ ਮਿੱਠੇ ਪ੍ਰਸ਼ਾਦੇ ਜਾ ਗੁਲਗਲੇ ਵਰਤਾਏ ਜਾਂਦੇ ਸੀ। ਖਾਣ ਤੋਂ ਬਾਅਦ ਸਾਡੀ ਡਿਊਟੀ ਇਹ ਉਚੀ-ਉਚੀ ਗਾਉਣ ਦੀ ਹੁੰਦੀ ਸੀ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰੋ-ਜ਼ੋਰ,
ਜਾਂ
ਗੁੱਡੀ ਤੇਰੇ ਮਰਨੇ ਨੂੰ ਕਾਲੀਆਂ ਘਟਾਵਾਂ ਚੜ੍ਹ ਆਈਆਂ।
ਇਹ ਵੀ ਪੱਕਾ ਸੀ ਕਿ ਮੀਂਹ ਵੀ ਉਸੇ ਟਾਈਮ ਬਹੁਤ ਜ਼ੋਰ ਨਾਲ ਆ ਜਾਂਦਾ ਸੀ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਤਰ੍ਹਾਂ ਦੇ ਮੀਂਹ ਬਾਰੇ ਜਿਸ ਵਿਚ ਅਸੀ ਭਿੱਜ ਕੇ ਹੀ ਘਰ ਵੜਦੇ ਸੀ। ਉਸ ਤੋਂ ਬਾਅਦ ਸਾਡੇ ਮੁਹੱਲੇ ਵਿਚ ਇਕ ਪੁਰਾਣਾ ਪਿੱਪਲ ਦਾ ਦਰੱਖ਼ਤ ਹੁੰਦਾਂ ਸੀ। ਲੱਜ (ਰੱਸੇ) ਨਾਲ ਉਸ ਪਿੱਪਲ ਤੇ ਸਵੇਰੇ ਸਾਝਰੇ ਪੀਂਘ ਪਾ ਦਿਤੀ ਜਾਂਦੀ ਸੀ। ਝੂਟਣ ਲਈ ਲੱਜ ਹਮੇਸ਼ਾ ਸਤਿਕਾਰਯੋਗ ਸਵਰਗ ਵਾਸੀ ਨਛੱਤਰ ਬਾਬੇ ਦੀ ਹੁੰਦੀ ਸੀ ਤੇ ਪੀਂਘ ਨੂੰ ਉਪਰ ਚੜ੍ਹ ਕੇ ਅਕਰਾ ਤਾਇਆ (ਸਵ. ਅਕਬਰ ਖ਼ਾਨ) ਪਾਉਂਦਾ ਹੁੰਦਾਂ ਸੀ। ਜਿਸ ਦਿਨ ਤਾਇਆ ਕਿਤੇ ਸਵੱਖਤੇ ਨਿਕਲ ਜਾਂਦਾ ਸੀ ਤਾਂ ਸਾਰੀਆਂ ਕੁੜੀਆਂ ਨੂੰ ਫਿਕਰ ਪੈ ਜਾਂਦਾ ਸੀ, ਹੁਣ ਕੌਣ ਪੀਂਘ ਪਾਊ।
ਫਿਰ ਸਾਰੀਆਂ ਕੁੜੀਆਂ ਨੇ ਇਕ ਦੂਜੇ ਦੇ ਮੁਕਾਬਲੇ ਜ਼ੋਰ ਲਗਾ ਕੇ ਉੱਚੀ ਤੋਂ ਉੱਚੀ ਪੀਂਘ ਚੜ੍ਹਾਉਣੀ। ਅਸੀ ਵੇਖਦੇ ਹੁੰਦੇ ਸੀ ਕਿ ਕਿਸ ਦੀ ਪੀਂਘ ਸੱਭ ਤੋਂ ਉਚੀ ਜਾਂਦੀ ਹੈ। ਸ਼ਾਮ ਦੇ ਸਮੇਂ ਫਿਰ ਕੁੜੀਆਂ ਨੇ ਡੇਢ ਦੋ ਘੰਟੇ ਗਿੱਧਾ ਪਾਉਣਾ ਜਿਸ ਨੂੰ ਤੀਆਂ ਦਾ ਨਾਂ ਦਿਤਾ ਜਾਂਦਾ ਹੈ। ਜੇਕਰ ਕੋਈ ਸ਼ਰਾਰਤ ਕਰਦਾ ਤਾਂ ਬਾਬੇ ਅਜਾਇਬ ਸਿੰਘ ਦੀ ਬੁੜ੍ਹਕ ਬਾਰੀ ਵਿਚੋਂ ਹੀ ਬੁੜਕਦੀ ਆਉਂਦੀ ਹੁੰਦੀ ਸੀ। ਇਕ ਤਾਈ ਗੌਮਤੀ ਦਾ ਡਰ ਹਮੇਸ਼ਾ ਰਹਿੰਦਾ ਸੀ ਸਾਰਿਆਂ ਦੇ ਮਨਾਂ ਵਿਚ ਕਿ ਪਤਾ ਨਹੀਂ ਕਿਸ ਦੇ ਗਲ ਕਦੋਂ ਪੈ ਜਾਵੇ। ਇਹ ਸਾਰੇ ਪਾਤਰ ਸਵਰਗ ਸਿਧਾਰ ਗਏ।
ਤੀਆਂ ਦੇ ਅਖ਼ੀਰਲੇ ਦਿਨ ਪੰਜੀਰੀ ਬਣਾ ਕਿ ਸਾਰਿਆਂ ਵਿਚ ਵੰਡੀ ਜਾਂਦੀ ਸੀ। ਇਸ ਤੋਂ ਇਲਾਵਾ ਮੈਂ ਅਪਣੇ ਨਾਨਕੇ ਪਿੰਡ ਧਮੋਟ ਕਲਾਂ ਵਿਚ ਟੋਭੇ ਦੇ ਕੰਢੇ ਲਗਦੀਆਂ ਤੀਆਂ ਦੋ ਕੁ ਵਾਰ ਛੋਟੇ ਹੁੰਦੇ ਵੇਖੀਆਂ ਹਨ। ਉਥੇ ਵੀ ਰੰਗ ਵੇਖਦਿਆਂ ਹੀ ਬਣਦਾ ਸੀ। ਇਹ ਸੀ ਉਹ ਪੁਰਾਣਾ ਸਾਉਣ ਦਾ ਮਹੀਨਾ। ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਸ਼ਾਇਦ ਅਜਕਲ ਦੀਆਂ ਕੁੜੀਆਂ ਨੂੰ ਇਨ੍ਹਾਂ ਰਿਵਾਜਾਂ ਬਾਰੇ ਦਸਿਆ ਹੀ ਨਹੀਂ ਗਿਆ।
ਅਜਕਲ ਤੀਆਂ ਦੇ ਜਾਂ ਤਾਂ ਕੁੱਝ ਮੇਲੇ ਹੁੰਦੇ ਹਨ ਜਾਂ ਫਿਰ ਕਿਸੇ ਪਾਰਕ ਵਿਚ ਨਵੀਂ ਸ਼ਿੰਗਾਰੀ ਹੋਈ ਰੱਸੀ ਤੇ ਫੱਟੀ ਲੈ ਕੇ ਕੁੜੀਆਂ ਪਹੁੰਚ ਜਾਂਦੀਆਂ ਹਨ। ਦੋ ਢਾਈ ਘੰਟੇ ਲਗਾ ਕੇ ਪੀਜ਼ੇ ਬਰਗਰ ਖਾ ਕੇ ਘਰ ਨੂੰ ਆ ਜਾਂਦੀਆਂ ਹਨ। ਅਫ਼ਸੋਸ ਕਈ ਵਾਰ ਇਹ ਹੁੰਦਾ ਹੈ ਕਿ ਉਹ ਦੋ ਢਾਈ ਘੰਟੇ ਦਾ ਸਮਾਂ ਵੀ ਫ਼ੋਟੋਆਂ ਖਿਚਣ ਵਿਚ ਹੀ ਗੁਜ਼ਾਰ ਛਡਦੀਆਂ ਹਨ। ਸਾਉਣ ਦੇ ਮਹੀਨੇ ਦੇ ਪਕਵਾਨ ਗੁਲਗਲੇ ਕਚੌਰੀਆਂ, ਮਿੱਠੇ ਪ੍ਰਸ਼ਾਦੇ ਅੰਬ ਦੇ ਅਚਾਰ ਨਾਲ, ਮਾਲ ਪੂੜੇ ਬਣਾਉਣੇ ਤੇ ਖਾਣੇ ਸ਼ੁੱਭ ਮੰਨੇ ਜਾਂਦੇ ਹਨ।
ਸੰਪਰਕ : 98148-26711