
Special article : ਸਮੇਂ ਨੇ ਬਦਲੇ ਬਜ਼ੁਰਗਾਂ ਦੇ ਹਾਲਾਤ
Special article : ਸਮੇਂ ਨੇ ਬਦਲੇ ਬਜ਼ੁਰਗਾਂ ਦੇ ਹਾਲਾਤ : - ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲ ਗਿਆ, ਬਦਲਣਾ ਵੀ ਚਾਹੀਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਸਿਆਣੇ ਕਹਿੰਦੇ ਹਨ ਕਿ ਖੜੇ ਪਾਣੀ ’ਚੋਂ ਬਦਬੂ ਆਉਣ ਲਗਦੀ ਹੈ ਪਰ ਪਾਣੀ ਬੰਨ੍ਹ ਤੋਂ ਬਾਹਰ ਆ ਜਾਵੇ ਤਾਂ ਤਬਾਹੀ ਮੱਚ ਜਾਂਦੀ ਹੈ। ਸਮੇਂ ਦੇ ਨਾਲ-ਨਾਲ ਲੋਕਾਂ ਦੀ ਸੋਚ ਵਿਚ ਬਦਲਾਅ ਆਇਆ। ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਅਤੇ ਇਕ ਦੂਸਰੇ ਪ੍ਰਤੀ ਭਾਵਨਾਵਾਂ ’ਚ ਬਦਲਾਅ ਆ ਗਿਆ। ਬਹੁਤ ਨੇੜੇ ਦੇ ਰਿਸ਼ਤੇ ਵੀ ਬੋਝ ਲੱਗਣ ਲੱਗ ਗਏ। ਰਿਸ਼ਤੇ ਪੈਸੇ ਦੇ ਆਲੇ-ਦੁਆਲੇ ਘੁੰਮਣ ਲੱਗੇ। ਜੇਕਰ ਮਾਪਿਆਂ ਜਾਂ ਬਜ਼ਰਗਾਂ ਦੀ ਗੱਲ ਕਰੀਏ ਤਾਂ ਬਦਲਦੇ ਹਾਲਾਤ ਨੇ ਉਨ੍ਹਾਂ ਦਾ ਰਹਿਣਾ ਔਖਾ ਕਰ ਦਿਤਾ। ਬੱਚਿਆਂ ਨੂੰ ਉੱਚ ਸਿਖਿਆ ਦੇਣ ’ਚ ਕਾਫ਼ੀ ਹੱਦ ਤਕ ਕਾਮਯਾਬ ਹੋ ਗਏ। ਪਰ ਅਪਣੇ ਹਾਲਾਤ ਬਾਰੇ ਜਾਂ ਉਸ ਬਦਲਾਅ ਦੇ ਨਤੀਜਿਆਂ ਬਾਰੇ ਸੋਚਿਆ ਹੀ ਨਹੀਂ। ਮਾਪਿਆਂ ਨੇ ਬੱਚਿਆਂ ਦੇ ਵਧੀਆ ਭਵਿੱਖ ਬਾਰੇ ਸੋਚ ਕੇ ਹਰ ਤਰ੍ਹਾਂ ਦੇ ਹਾਲਾਤ ਅਤੇ ਸਥਿਤੀਆਂ ਨੂੰ ਕਬੂਲਣਾ ਸ਼ੁਰੂ ਕਰ ਦਿਤਾ। ਪਰ ਉਸ ਦਾ ਅਸਰ ਮਾਪਿਆਂ ਜਾਂ ਕਹਿ ਲਵੋ ਬਜ਼ੁਰਗਾਂ ’ਤੇ ਬਹੁਤ ਪਿਆ।
ਇਸ ਵਕਤ ਮਾਪਿਆਂ ਦਾ ਬੋਲਣਾ ਜਾਂ ਕੁੱਝ ਕਹਿਣਾ ਬੱਚਿਆਂ ਨੂੰ ਬਰਦਾਸ਼ਤ ਹੀ ਨਹੀਂ। ਮਾਪਿਆਂ ਨੇ ਬੱਚੇ ਦੇ ਪਹਿਲੇ ਤੋਤਲੇ ਸ਼ਬਦ ਦੀ ਜੋ ਖ਼ੁਸ਼ੀ ਮਹਿਸੂਸ ਕੀਤੀ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇਕ ਇਕ ਗੱਲ ਦਾ ਪਤਾ ਨਹੀਂ ਕਿੰਨੀ ਵਾਰ ਜਵਾਬ ਦਿਤਾ। ਸਾਰੀ ਜ਼ਿੰਦਗੀ ਬੱਚਿਆਂ ਦੇ ਲੇਖੇ ਲਗਾ ਦਿਤੀ। ਪਰ ਬੱਚੇ ਉਨ੍ਹਾਂ ਨੂੰ ਹੀ ਦਸਦੇ ਹਨ ਕਿ ਤੁਹਾਨੂੰ ਬੋਲਣ ਦਾ ਸਲੀਕਾ ਨਹੀਂ ਹੈ। ਬੱਚੇ ਇਹ ਕਹਿਣ ਤੋਂ ਵੀ ਨਹੀਂ ਝਿਜਕਦੇ ਕਿ ਤੁਸੀਂ ਪੈਦਾ ਕੀਤਾ ਸੀ, ਸਾਡਾ ਸਾਰਾ ਕੁੱਝ ਕਰਨਾ ਡਿਊਟੀ ਹੈ। ਪਰ ਉਹ ਅਪਣੀ ਡਿਊਟੀ ਬਾਰੇ ਨਾ ਗੱਲ ਕਰਦੇ ਹਨ ਅਤੇ ਨਾ ਸੁਣਨਾ ਚਾਹੁੰਦੇ ਹਨ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ, ‘‘ਹਮਨੇ ਤੋ ਉਮਰ ਬਿਤਾ ਦੀ ਬੱਚੋਂ ਕਾ ਫ਼ਿਕਰ ਕਰਨੇ ਮੇਂ, ਔਰ ਬੱਚੇ ਵਿਅਸਤ ਹੈਂ, ਹਮਾਰੀ ਕਮੀ ਕਾ ਜ਼ਿਕਰ ਕਰਨੇ ਮੇਂ।’’ ਜਦੋਂ ਕਲਮਾਂ ਕੁੱਝ ਕਹਿਣ ਲੱਗ ਜਾਣ ਤਾਂ ਉਹ ਸਮਾਜ ਦੇ ਵੱਡੇ ਹਿੱਸੇ ਵਿਚ ਜਾਂ ਵੱਡੀ ਗਿਣਤੀ ’ਚ ਵਾਪਰ ਰਿਹਾ ਹੁੰਦਾ ਹੈ।
ਮੈਂ ਕੱਲ ਕਿਸੇ ਪੱਤਰਕਾਰ ਵਲੋਂ ਕੀਤੇ ਸਵਾਲ ਦਾ ਸੱਥ ’ਚ ਬੈਠੇ ਬਜ਼ੁਰਗ ਦਾ ਜਵਾਬ ਸੁਣ ਰਹੀ ਸੀ ਤੇ ਲਗਿਆ ਕਿ ਇਹ ਤਾਂ ਇਸ ਵੇਲੇ ਦੀ ਹਕੀਕਤ ਹੈ। ਉਸ ਨੇ ਕਿਹਾ, ‘‘ਪਹਿਲਾਂ ਮਾਪਿਆਂ ਤੋਂ ਡਰਦੇ ਰਹੇ ਤੇ ਹੁਣ ਔਲਾਦ ਤੋਂ ਡਰ ਰਹੇ ਹਾਂ।” ਪਹਿਲਾਂ ਘਰਾਂ ’ਚ ਬਜ਼ੁਰਗ ਹੀ ਸਾਰੇ ਘਰ ਦੇ ਖ਼ਰਚ ਤੇ ਆਮਦਨ ਵੇਖਦੇ ਸੀ। ਸਾਰਿਆਂ ਦੀ ਕਮਾਈ ਬਾਪੂ ਮਤਲਬ ਘਰ ਦੇ ਬਜ਼ੁਰਗ ਕੋਲ ਹੀ ਹੁੰਦੀ ਸੀ। ਆਪੋ ਅਪਣੀ ਡਫ਼ਲੀ ਨਹੀਂ ਵਜਾਈ ਜਾਂਦੀ ਸੀ। ਘਰਾਂ ’ਚ ਬਰਕਤ ਵੀ ਸੀ ਤੇ ਹਿਸਾਬ ਕਿਤਾਬ ਵੀ ਸੀ। ਹੁਣ ਹਾਲਾਤ ਇਹ ਹਨ ਕਿ ਕੁੱਝ ਕੁ ਨੂੰ ਛੱਡ ਕੇ ਬਜ਼ੁਰਗਾਂ ਦੀ ਜਾਇਦਾਦ ਤੇ ਸਾਰਿਆਂ ਦੀ ਬਾਜ ਅੱਖ ਹੈ। ਪਰ ਬਜ਼ੁਰਗਾਂ ਦਾ ਘਰਾਂ ’ਚ ਰਹਿਣਾ ਵਧੇਰੇ ਕਰ ਕੇ ਪਸੰਦ ਨਹੀਂ ਹੈ। ਜਿਹੜੀ ਮਾਂ ਨੇ ਔਲਾਦ ਨੂੰ ਪੜ੍ਹਾਇਆ ਲਿਖਾਇਆ, ਕਮਾਉਣ ਕਾਬਲ ਬਣਾਇਆ, ਪਤੀ ਨਾਲ ਮਿਲ ਕੇ ਘਰ ਬਾਰ ਬਣਾਇਆ, ਉਸ ਨੂੰ ਹੀ ਬੇਅਕਲ ਤੇ ਬੇਸਮਝ ਦਸਿਆ ਜਾਂਦਾ ਹੈ। ਇਹ ਹਾਲਾਤ ਉਨ੍ਹਾਂ ਮਾਂਵਾਂ ਦੇ ਵੀ ਹਨ, ਜਿਨ੍ਹਾਂ ਨੇ ਚੰਗੇ ਅਹੁਦਿਆਂ ’ਤੇ ਨੌਕਰੀਆਂ ਕੀਤੀਆਂ ਹੋਈਆਂ ਹਨ। ਇੰਜ ਹੀ ਚੰਗੀਆਂ ਪੜ੍ਹੀਆਂ ਲਿਖੀਆਂ ਮਾਂਵਾਂ ਨੂੰ ਵੀ ਇਹ ਸਾਰਾ ਕੁੱਝ ਸੁਣਨਾ ਪੈਂਦਾ ਹੈ। ਪਿਤਾ ਜਿਸ ਨੇ ਵਧੀਆ ਵਪਾਰ ਚਲਾਇਆ ਹੁੰਦੈ, ਉਸ ਨੂੰ ਵੀ ਬਹੁਤ ਕੁੱਝ ਸੁਣਨਾ ਪੈਂਦੈ। ਚੁੱਪ ਰਹੋ, ਤੁਹਾਨੂੰ ਕੁੱਝ ਨਹੀਂ ਪਤਾ, ਤੁਸੀਂ ਕੁੱਝ ਵੀ ਸਹੀ ਤਰੀਕੇ ਨਹੀਂ ਕੀਤਾ, ਬਹੁਤ ਕੁੱਝ ਸੁਣਨ ਨੂੰ ਮਿਲ ਰਿਹੈ। ਹਾਂ, ਬਜ਼ੁਰਗ ਇਸ ਵੇਲੇ ਦੀ ਤੇਜ਼ੀ ਨਾਲ ਬਦਲਦੀ ਟੈਕਨਾਲੋਜੀ ਤੋਂ ਮਾਤ ਖਾ ਸਕਦੇ ਹਨ ਪਰ ਅਪਣੇ ਸਮੇਂ ਅਨੁਸਾਰ ਤਾਂ ਸਹੀ ਤੇ ਵਧੀਆ ਹੀ ਕੀਤਾ ਹੁੰਦਾ ਹੈ। ਹਾਲਾਤ ਇਹ ਹਨ ਕਿ ਮਾਪਿਆਂ ਦੀ ਬਣਾਈ ਜਾਇਦਾਦ ਤੇ ਪੈਸੇ ਜਲਦੀ ਲੈਣ ਦੀ ਕਾਹਲ ਹੈ। ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਜਾਇਦਾਦ ਬਣਾਈ ਹੈ, ਉਨ੍ਹਾਂ ਨੂੰ ਮੂਰਖ ਦਸਦੇ ਹਨ ਤੇ ਨਾਮ ’ਤੇ ਕਰਵਾਉਣ ਦਾ ਦਬਾਅ ਵੀ ਪਾਉਂਦੇ ਹਨ। ਮਾਪੇ ਦਿੰਦੇ ਹਨ ਤਾਂ ਵੀ ਨਰਕ ਵਰਗੀ ਜ਼ਿੰਦਗੀ ਬਣ ਜਾਂਦੀ ਹੈ ਤੇ ਜੇ ਨਹੀਂ ਦਿੰਦੇ ਤਾਂ ਵੀ ਨਰਕ ਵਰਗਾ ਜਿਊਣਾ ਹੋ ਜਾਂਦੈ। ਮਾਂਵਾਂ ਦੀ ਹਾਲਤ ਇਸ ਕਰ ਕੇ ਵਧੇਰੇ ਤਰਸਯੋਗ ਹੁੰਦੀ ਹੈ ਕਿਉਂਕਿ ਉਮਰ ਭਰ ਜਿਸ ਔਲਾਦ ਲਈ ਉਹ ਸਾਰਿਆਂ ਨਾਲ ਲੜਨ ਤਕ ਚਲੀ ਜਾਂਦੀ ਹੈ, ਉਸ ਮਾਂ ਨੂੰ ਸੱਭ ਤੋਂ ਮਾੜਾ ਐਲਾਨ ਕਰ ਦਿਤਾ ਜਾਂਦੈ। ਔਲਾਦ ਨੂੰ ਉਨ੍ਹਾਂ ਵਲੋਂ ਜਾਇਦਾਦ ਨਾ ਦੇਣਾ ਬੁਰਾ ਲਗਦੈ ਪਰ ਉਨ੍ਹਾਂ ਨੂੰ ਦਿਤੀ ਤਕਲੀਫ਼ ਦਾ ਅਹਿਸਾਸ ਹੀ ਨਹੀਂ ਹੁੰਦਾ। ਜਿਹੜੀ ਔਲਾਦ ਇਸ ਸੋਚ ਦੀ ਮਾਲਕ ਹੈ, ਉਹ ਮਾਪਿਆਂ ਦੀ ਦੇਖਭਾਲ ਕਦੇ ਵੀ ਨਹੀਂ ਕਰੇਗੀ। ਮਾਪਿਆਂ ਨੂੰ ਮਜ਼ਬੂਤ ਹੋ ਜਾਣਾ ਚਾਹੀਦੈ ਤੇ ਸਾਰਾ ਕੁੱਝ ਦੇਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਇਹ ਕੌੜਾ ਸੱਚ ਹੈ ਕਿ ਦੋਹਾਂ ’ਚੋਂ ਇਕ ਨੇ ਪਹਿਲਾਂ ਜਾਣਾ ਹੈ। ਪਤੀ ਨੂੰ ਅਪਣੀ ਪਤਨੀ ਦੀ ਜ਼ਿੰਦਗੀ ਜਿਉਣ ਜੋਗਾ ਪ੍ਰਬੰਧ ਕਰਨਾ ਚਾਹੀਦਾ ਹੈ।
ਕੁੱਝ ਇਕ ਬੱਚਿਆਂ ਨੂੰ ਛੱਡ ਕੇ ਇਸ ਵਕਤ ਮਾਪਿਆਂ ਨਾਲ ਸਹੀ ਢੰਗ ਤਰੀਕੇ ਨਹੀਂ ਵਰਤਦੇ। ਉਨ੍ਹਾਂ ਨੂੰ ਤੰਗੀਆਂ ਤਰੁਟੀਆਂ ਸਹਿਣ ਦੀ ਆਦਤ ਨਹੀਂ। ਵਿਖਾਵਾ ਤੇ ਫੁਕਰਾਪਣ ਬਹੁਤ ਭਾਰੂ ਹੈ। ਵਕਤ ਬਦਲਿਆ, ਉਸ ਨਾਲ ਸੋਚ ਬਦਲੀ ਤੇ ਉਸ ਨਾਲ ਪ੍ਰਵਾਰਕ ਢਾਂਚਾ ਵੀ ਹਿਲ ਗਿਆ। ਬਜ਼ੁਰਗਾਂ ਨੇ ਬੱਚਿਆਂ ਨੂੰ ਉੱਚ ਸਿਖਿਆ ਦੇ ਕੇ ਆਧੁਨਿਕ ਬਣਾ ਦਿਤਾ ਪਰ ਅਪਣੇ ਆਪ ਨੂੰ ਮਾਪਿਆਂ ਨੇ ਨਹੀਂ ਬਦਲਿਆ। ਜਿਵੇਂ ਔਲਾਦ ਆਜ਼ਾਦ ਰਹਿਣਾ ਚਾਹੁੰਦੀ ਹੈ, ਮਾਪਿਆਂ ਨੂੰ ਵੀ ਆਜ਼ਾਦ ਰਹਿਣ ਦੀ ਸੋਚ ਬਣਾ ਲੈਣੀ ਚਾਹੀਦੀ ਹੈ। ਅਪਣਾ ਘਰ ਅਪਣੇ ਕੋਲ ਜ਼ਰੂਰ ਰੱਖੋ। ਅਪਣੇ ਇਲਾਜ ਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਅਪਣੇ ਕੋਲ ਪੈਸਾ ਜ਼ਰੂਰ ਰੱਖੋ। ਵਕਤ ਨਾਲ ਬਦਲਣ ’ਚ ਹੀ ਬਿਹਤਰੀ ਹੈ। ਮਾਪਿਆਂ ਨੂੰ ਵਧੇਰੇ ਕਰ ਕੇ ਸ਼ਬਦੀ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹੈ। ਵਧਦੇ ਬਿਰਧ ਆਸ਼ਰਮ ਬਹੁਤ ਕੁੱਝ ਬਿਆਨ ਕਰ ਰਹੇ ਹਨ।
ਪ੍ਰਭਜੋਤ ਢਿਲੋਂ ਮੁਹਾਲੀ
98150-30221