ਰਾਗੀ ਸਿੰਘ ਦੀਵਾਲੀ ਵਾਲੇ ਦਿਨ ਸਾਰਾ ਦਿਨ ਹੀ ਭਾਈ ਗੁਰਦਾਸ ਜੀ ਦੀ ਇਹ ਵਾਰ ਗਾਉਂਦੇ ਰਹਿੰਦੇ ਹਨ, ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ।’
ਰਾਗੀ ਸਿੰਘ ਦੀਵਾਲੀ ਵਾਲੇ ਦਿਨ ਸਾਰਾ ਦਿਨ ਹੀ ਭਾਈ ਗੁਰਦਾਸ ਜੀ ਦੀ ਇਹ ਵਾਰ ਗਾਉਂਦੇ ਰਹਿੰਦੇ ਹਨ, ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ।’ ਕਈ ਸੌ ਸਾਲਾਂ ਤੋਂ ਸੁਣਦੇ-ਸੁਣਦੇ ਇਹ ਸੱਚ ਹੀ ਲੱਗਣ ਲੱਗ ਗਿਆ ਹੈ ਕਿ ਦੀਵਾਲੀ ਵਾਲੇ ਦਿਨ ਦੀਵੇ ਬਾਲਣੇ ਹੀ ਹੁੰਦੇ ਹਨ। ਚਲੋ ਹੁਣ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਕਿ ਕੀ ਪੁਰਾਤਨ ਖ਼ਾਲਸਾ ਰਾਜ ਸਮੇਂ ਜਾਂ ਗੁਰੂ ਕਾਲ ਸਮੇਂ ਵੀ ਦੀਵਾਲੀ ਇਸੇ ਤਰ੍ਹਾਂ ਮਨਾਈ ਜਾਦੀ ਸੀ, ਜਿਵੇਂ ਅੱਜ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਜਾਦੀ ਹੈ?
ਖ਼ਾਲਸਾ ਰਾਜ ਸਮੇਂ ਦੀ ਦੀਵਾਲੀ :
ਪ੍ਰਿੰਸੀਪਲ ਸੁਰਜੀਤ ਸਿੰਘ ਜੀ (ਦਿੱਲੀ ਵਾਲੇ) ਅਪਣੀ ਛੋਟੀ ਜਿਹੀ ਪੁਸਤਕ ‘ਦੀਵਾਲੀ ਅਤੇ ਸਿੱਖ’ ਵਿਚ ਦਸਦੇ ਹਨ ਕਿ ਖ਼ਾਲਸਾ ਰਾਜ ਸਮੇਂ ਸਿੱਖ ਭਾਰੀ ਗਿਣਤੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੁੰਦੇ ਸਨ ਜਿਸ ਨੂੰ ‘ਸਰਬੱਤ ਖ਼ਾਲਸਾ’ ਕਿਹਾ ਜਾਂਦਾ ਸੀ। ਇਹ ਇਕੱਠ ਸਿੱਖ ਜਥੇਬੰਦੀਆਂ ਦੁਆਰਾ ਖ਼ਾਲਸੇ ਦੀ ਚੜ੍ਹਦੀ ਕਲਾ ਲਈ, ਸਿੱਖ ਸਿਆਸਤ ਦੀ ਚੜ੍ਹਦੀ ਕਲਾ ਲਈ ਤੇ ਸਿੱਖ ਰਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੀਤਾ ਜਾਂਦਾ ਸੀ ਪਰ ਅੱਜ ਦੀਵਾਲੀ ਦਾ ਇਕੱਠ ਗੁਰੂਘਰਾਂ ਵਿਚ ਮੋਮਬੱਤੀਆਂ ਫੂਕਣ ਲਈ, ਪਟਾਕੇ ਫੂਕਣ ਲਈ ਕੀਤਾ ਜਾਂਦਾ ਹੈ।
ਚੇਤੇ ਰਹੇ ਕਿ ਸਿੱਖ ਧਰਮ ਵਿਚ, ਦੀਵਾਲੀ ਦਾ ਇਕੱਠ ਕਿਸੇ ਬ੍ਰਾਹਮਣੀ ਤਿਉਹਾਰ ਵਜੋਂ ਕਦੇ ਵੀ ਨਹੀਂ ਸੀ ਮਨਾਇਆ ਜਾਂਦਾ। ਅੱਜ ਅਸੀ ਸਰਬੱਤ ਖ਼ਾਲਸਾ ਦੇ ਉਦੇਸ਼ ਨੂੰ ਭੁਲ ਕੇ ਮੋਮਬੱਤੀਆਂ, ਪਟਾਕਿਆਂ, ਮਠਿਆਈਆਂ ਵਿਚ ਉਲਝ ਕੇ ਰਹਿ ਗਏ ਹਾਂ। ਸਾਡੇ ਪੁਜਾਰੀ, ਗੁਰਦੁਆਰਿਆਂ ਦੇ ਪ੍ਰਬੰਧਕ, ਰਾਗੀ ਇਹ ਸਾਰੇ ਹੀ ਇਤਿਹਾਸ ਨੂੰ ਮਲੀਆਮੇਟ ਕਰਨ ਵਿਚ ਪੂਰਾ ਯੋਗਦਾਨ ਪਾ ਰਹੇ ਹਨ।
ਇਨ੍ਹਾਂ ਨੂੰ ਗੁਰੂ ਇਤਿਹਾਸ ਨਾਲ, ਖੋਜ ਕਰਨ ਨਾਲ, ਗੁਰਬਾਣੀ ਸਮਝਣ ਨਾਲ ਕੋਈ ਮਤਲਬ ਨਹੀਂ ਹੈ, ਇਨ੍ਹਾਂ ਨੂੰ ਕੇਵਲ ਤੇ ਕੇਵਲ ਗੋਲਕ ਪਿਆਰੀ ਹੁੰਦੀ ਹੈ। ਇਸ ਇਕੱਠ ਵਿਚ ਖ਼ਾਲਸਾ ਅਪਣੀ ਰਣਨੀਤੀ ਤਿਆਰ ਕਰਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਕਰਨਾ ਕੀ ਹੈ। ਮੂਲ ਰੂਪ ਵਿਚ ਦੀਵਾਲੀ ਇਕ ਬ੍ਰਾਹਮਣੀ ਤਿਉਹਾਰ ਹੈ, ਇਸ ਦਾ ਸਿੱਖਾਂ ਨਾਲ ਕੋਈ ਦੂਰ-ਦੁਰਾਡੇ ਦਾ ਵੀ ਸਬੰਧ ਨਹੀਂ ।
ਬ੍ਰਾਹਮਣੀ ਕੁਟਲਨੀਤੀ ਦਾ ਭਿਅੰਕਰ ਰੂਪ ਦੀਵਾਲੀ:
ਬ੍ਰਾਹਮਣੀ ਜਾਲ ਦਾ ਇਕ ਹੋਰ ਰੂਪ ਇਹ ਵੀ ਹੈ ਜੋ ਲੋਕਾਈ ਦੀ ਸਮਝ ਵਿਚ ਆਉਣਾ ਸੌਖਾ ਨਹੀਂ ਹੈ। ਅਸੀ ਬਹੁਤ ਭੋਲੇ ਲੋਕ ਹਾਂ। ਬ੍ਰਾਹਮਣ ਵੀਰ ਅਪਣੇ ਹਰ ਇਕ ਤਿਉਹਾਰ ਨੂੰ ਮੌਸਮ ਨਾਲ ਜੋੜ ਲੈਂਦਾ ਹੈ। ਉਸ ਨੂੰ ਸਮਾਜਕ ਰੀਤੀ ਰਿਵਾਜਾਂ ਦਾ ਠੱਪਾ ਲਗਾ ਦੇਂਦਾ ਹੈ ਜਾਂ ਫਿਰ ਦੂਜੇ ਦੇ ਇਤਿਹਾਸ ਦੀਆਂ ਕੁਝ ਘਟਨਾਵਾਂ ਨੂੰ ਅਪਣੇ ਤਿਉਹਾਰਾਂ ਦਾ ਅੰਗ ਬਣਾ ਦੇਂਦਾ ਹੈ। ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਬਹੁਤੇ ਸਿੱਖ ਖੋਜੀ ਨਹੀਂ ਹਨ, ਇਹ ਸੁਣੀ-ਸੁਣਾਈ ਗੱਲ ਨੂੰ ਹੀ ਇਤਿਹਾਸ ਮੰਨ ਲੈਂਦੇ ਹਨ। ਕਿਸੇ ਵੀ ਗ਼ਲਤ ਘਟਨਾ ਨੂੰ, ਜੋ ਕਦੇ ਵਾਪਰੀ ਹੀ ਨਹੀਂ, ਗੁਰੂ ਸਾਹਿਬ ਜੀ ਦੇ ਜੀਵਨ ਨਾਲ ਜੋੜ ਕੇ ਪ੍ਰਚਾਰ ਕੀਤਾ ਜਾਣ ਲਗਦਾ ਹੈ।
ਸਿੱਖ ਉਸੇ ਨੂੰ ਹੀ ਅਪਣਾ ਇਤਿਹਾਸ ਮੰਨਣ ਲੱਗ ਜਾਂਦੇ ਹਨ ਤੇ ਇਹੀ ਗੱਲ ਜੇ ਕਿਸੇ ਗੁਰੂ ਘਰ ਦੀ ਸਟੇਜ ਤੋਂ ਕਿਸੇ ਭਾਈ, ਰਾਗੀ ਜਾਂ ਕਥਾਵਾਚਕ ਪਾਸੋਂ ਅਖਵਾ ਦਿਤੀ ਜਾਵੇ ਤਾਂ ਹੋਰ ਵੀ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਹੋਰ ਨਹੀਂ ਤਾਂ, ਦੂਜੇ ਦੀ ਰਹਿਣੀ-ਸੋਚਣੀ ਨੂੰ ਬੜਾ ਮਿੱਠਾ ਬਣ ਕੇ, ਅਪਣੀ ਬੁੱਕਲ ਵਿਚ ਲੈ ਲੈਣ ਦਾ ਇਹ ਵੀ ਢੰਗ ਹੈ।
ਭਾਰਤ ਵਿਚੋਂ ਜੈਨ ਅਤੇ ਬੁਧ ਮੱਤ ਦੀ ਚੜ੍ਹਤ ਨੂੰ ਕਿਸੇ ਤਲਵਾਰ ਦੀ ਲੜਾਈ ਨਾਲ ਨਹੀ ਬਲਕਿ ਰਲਗੱਡ ਦੀ ਤਾਕਤ ਨਾਲ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ। ਮਹਾਤਮਾ ਬੁਧ ਅਤੇ ਮਹਾਂਵੀਰ ਦੀਆਂ ਮੂਰਤੀਆਂ ਨੂੰ ਅਪਣੇ ਮੰਦਰਾਂ ਵਿਚ ਲਿਆ ਟਿਕਾਇਆ ਗਿਆ। ਲਗਭਗ 1300 ਸਾਲਾਂ ਤੋਂ ਭਾਰਤ ਵਿਚ ਹੀ ਪੈਦਾ ਹੋਏੇ, ਪਰਵਾਨ ਚੜ੍ਹੇ ਬਲਕਿ ਰਾਜ ਸੱਤਾ ਤਕ ਪੁਜ ਚੁਕੇ ਬੁਧ ਧਰਮ ਨੂੰ ਵੀ, ਜਦੋਂ ਭਾਰਤ ਵਿਚੋਂ ਹੀ ਚਲਦਾ ਕਰ ਦਿਤਾ ਗਿਆ ਤਾਂ ਵਿਸ਼ੇ ਦੀ ਗੰਭੀਰਤਾ ਨੂੰ ਸਮਝਣ ’ਚ ਬਹੁਤੀ ਦੇਰ ਨਹੀਂ ਲਗਣੀ ਚਾਹੀਦੀ।
ਇਸੇ ਤਰ੍ਹਾਂ ਸਿੱਖਾਂ ਨਾਲ ਵੀ ਕੀਤਾ ਜਾ ਰਿਹਾ ਹੈ। ਸਿੱਖ ਗੁਰੂਧਾਮਾਂ ਤੋਂ ਹੀ ਇਹ ਸੰਦੇਸ਼ ਸਿੱਖਾਂ ਤਕ ਪਹੁੰਚਦਾ ਕੀਤਾ ਜਾ ਰਿਹਾ ਹੈ ਕਿ ਦੀਵਾਲੀ ਵਾਲੇ ਦਿਨ ਦੀਵੇ ਬਾਲੀਦੇ ਹਨ ਜਦਕਿ ਇਸ ਤੁਕ ਦੇ ਅਸਲ ਅਰਥ ਕੁੱਝ ਹੋਰ ਨਿਕਲਦੇ ਹਨ। ਸਾਨੂੰ ਉਚੇਚੇ ਤੌਰ ’ਤੇ ਸਾਵਧਾਨ ਹੋਣ ਦੀ ਲੋੜ ਹੈ। ਅਪਣੇ ਬੱਚਿਆਂ ਨੂੰ ਅਪਣੇ ਅਸਲ ਇਤਿਹਾਸ ਨਾਲ ਜੋੜਨ ਦੀ ਲੋੜ ਹੈ। ਇਹ ਕਿਸੇ ਇਕ ਦੇ ਕਰਨ ਵਾਲਾ ਕੰਮ ਨਹੀਂ, ਅਸੀ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਗਾਏ ਬਾਗ਼ ਦੇ ਮਾਲੀ ਅਤੇ ਚੌਕੀਦਾਰ ਹਾਂ।
ਛੇਵੇਂ ਸਤਿਗੁਰੂ ਅਤੇ ਦੀਵਾਲੀ :
ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਹਿਬ ਜੀ ਅਗੱਸਤ ਦੇ ਮਹੀਨੇ ਸੰਨ 1621 ਵਿਚ ਗਵਾਲੀਅਰ ਦੀ ਜੇਲ ’ਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਅਪਣੇ ਨਾਲ ਰਿਹਾਅ ਕਰਵਾ ਕੇ ਲਿਆਏ, ਜਿਵੇਂ ਕਿ ਅਰੰਭ ਵਿਚ ਜ਼ਿਕਰ ਆ ਹੀ ਚੁਕਾ ਹੈ। ਉਹਨੀਂ ਦਿਨੀਂ, ਸਿੱਖ ਧਰਮ ਦੇ ਸਾਲ ’ਚ ਦੋ ਵੱਡੇ ਇਕੱਠ-‘ਦੀਵਾਲੀ’ ਅਤੇ ‘ਵਿਸਾਖੀ’ ਹੋਇਆ ਕਰਦੇ ਸਨ ਪਰ ਇਹ ਇਕੱਠ ਕਿਸੇ ਆਤਿਸ਼ਬਾਜ਼ੀ ਜਾਂ ਦੀਪਮਾਲਾ ਵਾਲੀ ਦੀਵਾਲੀ ਵਾਂਗ ਨਹੀਂ ਸਨ ਹੋਇਆ ਕਰਦੇ।
ਗੁਰੂ ਸਾਹਿਬ ਜਿਥੇ ਵੀ ਜਾਂਦੇ ਸਨ, ਸੰਗਤਾਂ ਵੱਡੇ ਇਕੱਠ ਵਿਚ ਉਨ੍ਹਾਂ ਦੇ ਦਰਸ਼ਨ ਕਰਨ ਆਉਂਦੀਆਂ ਸਨ। ਉਹ ਗੁਰੂ ਜੀ ਪਾਸੋਂ ਕੁੱਝ ਸਿਖਿਆ ਲੈਣ ਲਈ ਇਕੱਠੇ ਹੁੰਦੇ ਸਨ ਨਾ ਕਿ ਦੀਵੇ ਬਾਲਦੇ ਸਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਕ ਅਜਿਹੀ ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਦੀਵਾਲੀ ਦਾ ਜ਼ਿਕਰ ਤਕ ਨਹੀਂ ਮਿਲਦਾ ਜਿਸ ਤਰ੍ਹਾਂ ਅੱਜ ਕਲ ਕੀਤਾ ਜਾਂਦਾ ਹੈ। ਅੱਠਵੇਂ ਅਤੇ ਦਸਵੇਂ ਪਾਤਸ਼ਾਹ ਅਪਣੇ ਜੀਵਨ ਵਿਚ ਕਦੇ ਵੀ ਅੰਮ੍ਰਿਤਸਰ ਸਾਹਿਬ ਗਏ ਹੀ ਨਹੀਂ।
ਦੀਵਾਲੀ ਅਤੇ ਦਰਬਾਰ ਸਾਹਿਬ :
ਹੁਣ ਤਕ ਦੀ ਵਿਚਾਰ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਦੀਵਾਲੀ ਦਾ ਖ਼ਾਲਸੇ ਨਾਲ ਕੋਈ ਸਬੰਧ ਨਹੀਂ । ਇਹ ਕੇਵਲ ‘ਧਨ (ਲਛਮੀ) ਦੇਵੀ’ ਦੀ ਪੂਜਾ ਦਾ ਜਾਂ ਵੱਧ ਤੋਂ ਵੱਧ ਸ੍ਰੀ ਰਾਮ ਚੰਦਰ ਜੀ ਦੇ ਬਨਵਾਸ ਤੋਂ ਵਾਪਸੀ ਨਾਲ ਸਬੰਧਤ, ਪੂਰਨ ਤੌਰ ’ਤੇ ਬ੍ਰਾਹਮਣੀ ਤਿਉਹਾਰ ਹੈ ਪਰ ਸਾਡੇ ਅਪਣੇ ਹੀ ਇਸ ਦੀ ਸ਼ੁਰੂਆਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰਦੇ ਹਨ। ਉਹ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਨੂੰ ਖ਼ੂਬ ਫੁੱਲਾਂ ਨਾਲ ਸਜਾਉਂਦੇ ਹਨ। ਸਰਕਾਰੀ ਮੀਡੀਆ ਦਾ ਵੀ ਪੂਰਾ ਜ਼ੋਰ ਲੱਗਾ ਹੁੰਦਾ ਹੈ ਕਿ ਉਹ ਸਿੱਖਾਂ ਨੂੰ ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਝੋਲੀ ਵਿਚ ਸੁਟ ਸਕਣ। ਪੰਜਾਬੀ ਚੈਨਲਾਂ ਵਾਲੇ ਸਾਰਾ ਦਿਨ ਦਰਬਾਰ ਸਾਹਿਬ ਦੀ ਸਜਾਵਟ ਅਤੇ ਰਾਤ ਵੇਲੇ ਦੀ ਆਤਿਸ਼ਬਾਜ਼ੀ ਵਿਖਾ ਕੇ ਸਿੱਧ ਕਰਨਾ ਚਾਹੁੰਦੇ ਹਨ ਕਿ ਦੀਵਾਲੀ ਸਿੱਖਾਂ ਦਾ ਬਹੁਤ ਵੱਡਾ ਤਿਉਹਾਰ ਹੈ ਜਦਕਿ ਅਸੀ ਸਿੱਧ ਕਰ ਚੁਕੇ ਹਾਂ ਕਿ ਇਸ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ।
ਭੋਲੀਆਂ-ਭਾਲੀਆਂ ਸੰਗਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਰੇਆਮ ਮੂਰਖ ਬਣਾਇਆ ਜਾ ਰਿਹਾ ਹੈ। ਸਿੱਖ ਆਗੂ, ਵੱਡੇ-ਵੱਡੇ ਜਥੇਦਾਰ, ਵੱਡੀਆਂ ਵੱਡੀਆਂ ਕ੍ਰਿਪਾਨਾਂ ਹੱਥ ਵਿਚ ਫੜ ਕੇ, ਸਿੱਖ ਕੌਮ ਨੂੰ ਸ਼ਰੇਆਮ ਕੁਰਾਹੇ ਪਾ ਰਹੇ ਹਨ। ਇਹ ਇਕ ਬਹੁਤ ਹੀ ਵੱਡਾ ਦੁਖਾਂਤ ਹੈ ਕਿ ਜਿੰਨੀ ਆਤਿਸ਼ਬਾਜ਼ੀ ਅਤੇ ਦੀਪਮਾਲਾ ਸਿੱਖ ਸੰਗਤਾਂ ਦੇ ਪੈਸੇ ਨਾਲ ਕੀਤੀ ਜਾਂਦੀ ਹੈ, ਹੋਰ ਕਿਤੇ ਇਸ ਦੀ ਮਿਸਾਲ ਨਹੀਂ ਮਿਲਦੀ।
ਵਿਚਾਰੇ ਗ਼ਰੀਬ ਸਿੱਖ ਤਾਂ ਸੋਚਦੇ ਹੀ ਰਹਿ ਜਾਂਦੇ ਹੋਣਗੇ ਕਿ ਗੁਰੂ ਸਾਹਿਬ ਜੀ ਉਪਦੇਸ਼ ਕੀ ਦੇ ਗਏ ਸੀ ਤੇ ਇਹ ਪੁਜਾਰੀ ਲਾਣਾ ਕਰੀ ਕੀ ਜਾ ਰਿਹਾ ਹੈ। ਦਰਬਾਰ ਸਾਹਿਬ ਮੰਜੀ ਹਾਲ ’ਚੋਂ ਜੋ ਕਥਾ ਹੁੰਦੀ ਹੈ, ਉਥੇ ਗੁਰੂ ਸਾਹਿਬ ਜੀ ਦੀ ਰਿਹਾਈ ਦੀ ਕਥਾ ਤਾਂ ਸੁਣਾਈ ਜਾਂਦੀ ਹੈ ਪਰ ਸਰਬੱਤ ਖ਼ਾਲਸੇ ਦੀ ਗੱਲ ਕਦੇ ਨਹੀਂ ਕੀਤੀ ਜਾਂਦੀ। ਇਹ ਸੱਭ ਕੁੱਝ ਵੇਖ ਕੇ ਹੀ ਸਿੱਖ ਅਪਣੇ ਘਰਾਂ ਵਿਚ ਵੀ ਗੁਰੂ ਨਾਨਕ ਜੀ ਦੀ ਤਸਵੀਰ ਰੱਖ ਕੇ, ਨਾਲ ਲਛਮੀ ਦੀ ਫ਼ੋਟੋ ਰੱਖ ਲੈਂਦੇ ਹਨ ਤੇ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਨ।
ਜੇਕਰ ਪੰਥ ਦੇ ਆਗੂਆਂ ਨੇ ਬ੍ਰਾਹਮਣੀ ਅਤੇ ਹਿੰਦੂ ਬਹੁਸੰਮਤੀ ਵਾਲੇ ਦੇਸ਼ ਵਿਚ ਇਸ ਦਿਨ ਨੂੰ ਸਰਬੱਤ ਖ਼ਾਲਸਾ ਇਕੱਠ ਦੇ ਦਿਨ ਵਜੋਂ ਅਪਣਾਇਆ ਹੁੰਦਾ, ਆਤਿਸ਼ਬਾਜ਼ੀ ਦੀਪਮਾਲਾ ਜਾਂ ਮਠਿਆਈਆਂ ਆਦਿ ਫੋੋਕਟ ਵਿਸ਼ਵਾਸਾਂ ਦੀ ਬਿਲਕੁਲ ਮਨਾਹੀ ਕੀਤੀ ਹੁੰਦੀ ਤਾਂ ਸ਼ਾਇਦ ਅਸੀ ਅਪਣੇ ਨਿਆਰੇ ਹੋਣ ਦਾ ਸਬੂਤ ਦੇ ਸਕਦੇ ਹੁੰਦੇ ਪਰ ਸਾਡੇ ਵਿਕਾਊ ਆਗੂ, ਹੱਥਾਂ ’ਚ ਕ੍ਰਿਪਾਨਾਂ ਫੜਨ ਜੋਗੇ ਹੀ ਹਨ। ਸਾਨੂੰ ਅਪਣਾ ਇਤਿਹਾਸ ਆਪ ਹੀ ਸਵਾਰਨਾ ਪਵੇਗਾ ਤੇ ਇਸ ਕੰੰਮ ਦੀ ਸ਼ੁਰੂਆਤ ਸਾਨੂੰ ਅਪਣੇ ਘਰ ਤੋਂ ਹੀ ਕਰਨੀ ਪਵੇਗੀ। ਅਸੀ ਨਿਆਰੇ ਹਾਂ ਤੇ ਨਿਆਰੇ ਹੀ ਰਹਾਂਗੇ।
ਦੀਵਾਲੀ ਅਤੇ ਭਾਈ ਗੁਰਦਾਸ ਜੀ :
ਦੀਵਾਲੀ ਵਾਲੇ ਦਿਨ ਹਰ ਗੁਰਦਵਾਰੇ ਵਿਚ ਖ਼ਾਸ ਤੌਰ ’ਤੇ ਦਰਬਾਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਦੀ ਵਾਰ ਬੜੇ ਹੀ ਚਾਅ ਨਾਲ ਗਾਉਦੇ ਹਨ: “ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ’’ ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਕੇ। ਅਸਲ ’ਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ: “ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤਿ, ਚੁਣਿ ਚੁਣਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥’’ ਅਰਥ ਹਨ; “ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੋਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ।
ਰਾਤ ਨੂੰ ਤਾਰੇ ਦਿਖਾਈ ਦੇਂਦੇ ਹਨ, ਕੇਵਲ ਦਿਨ ਚੜ੍ਹਨ ਤੀਕ। ਪੌਦਿਆਂ ਨਾਲ ਫੁਲ ਖਿੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ’ਤੇ ਜਾਣ ਵਾਲੇ ਯਾਤਰੀ ਦਿਖਾਈ ਤਾਂ ਦੇਂਦੇ ਹਨ ਪਰ ਉਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੀ ਹੋਂਦ ਨਹੀਂ ਹੁੰਦੀ। ਅੰਤ ਫ਼ੈਸਲਾ ਦੇਂਦੇ ਹਨ- “ਗੁਰਮੁਖ ਸੰਸਾਰ ਦੀ ਇਸ ਨਾਸ਼ਵਾਨਤਾ ਨੂੰ ਪਛਾਣ ਲੈਂਦੇ ਹਨ ਤੇ ਇਸ ’ਚ ਖੱਚਤ ਨਹੀਂ ਹੁੰਦੇ।
ਗੁਰਮੁਖ ਪਿਆਰੇ, ਗੁਰੂ (ਅਕਾਲ ਪੁਰਖ ਜੋ ਸਦਾ ਰਹਿਣ ਵਾਲਾ ਹੈ) ਉਸ ਦੇ ਸ਼ਬਦ ਨਾਲ ਜੁੜ ਕੇ ਅਪਣੇ ਜੀਵਨ ਦੀ ਸੰਭਾਲ ਕਰਦੇ ਹਨ।’’ ਅੰਦਾਜ਼ਾ ਲਗਾਉ! ਸਮਝਣਾ ਤਾਂ ਹੈ ਕਿ ਪਉੜੀ ਦਾ ਫ਼ੈਸਲਾ ਕੀ ਹੈ? ਉਲਟਾ ਪਉੜੀ ’ਚ ਆਏ ਪ੍ਰਮਾਣ ਨੂੰ ਟੇਕ ਬਣਾ ਰਹੇ ਹਾਂ। ਆਖ਼ਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮਤਿ ਦਾ ਜਾਂ ਅਨਮਤ ਦਾ? ਇੰਨਾ ਹੀ ਨਹੀਂ, ਗੁਰਬਾਣੀ ’ਚ ਲਫ਼ਜ਼ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ, ਕਿਥੇ ਤੇ ਕਿਸ ਅਰਥ ’ਚ ਆਇਆ, ਕਿਸੇ ਨੂੰ ਇਸ ਨਾਲ ਲੈਣਾ-ਦੇਣਾ ਨਹੀਂ।
ਦੀਵਾਲੀ ਦੇ ਦਿਹਾੜੇ ਨਾਲ ਸਬੰਧਤ ਸ਼ਬਦਾਂ ਨੂੰ ਇਸ ਪ੍ਰਭਾਵ ’ਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ ਤੋੜ ਕੇ ਅਨਮੱਤੀ ਵਿਸ਼ਵਾਸਾਂ ’ਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮਤਿ ਪ੍ਰਚਾਰ? ਇਸ ਤਰ੍ਹਾਂ ਜਿਥੇ ਸਾਡੇ ਅਜਿਹੇ ਰਾਗੀ-ਪ੍ਰਚਾਰਕ, ਗੁਰਮਤਿ-ਗੁਰਬਾਣੀ ਵਿਰੁਧ ਪ੍ਰਚਾਰ ਦੇ ਦੋਸ਼ੀ ਹੁੰਦੇ ਹਨ, ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਨ ਦਾ ਵੀ ਕਾਰਨ ਬਣਦੇ ਹਨ। ਆਖ਼ਰ ਕਿਸ ਲਈ? ਜਾਣੇ-ਅਣਜਾਣੇ ਬਹੁਤਾ ਕਰ ਕੇ ਅਪਣੇ ਹਲਵੇ ਮਾਂਡੇ, ਨੋਟਾਂ-ਡਾਲਰਾਂ-ਪੌਂਡਾਂ ਲਈ। ਅਸਲ ’ਚ ਅਜਿਹੇ ਪ੍ਰਚਾਰਕ ਸੰਗਤਾਂ ਨੂੰ ਨਿਰੋਲ ਬ੍ਰਾਹਮਣੀ ‘ਦੀਵਾਲੀਆਂ’ ’ਚ ਉਲਝਾਉਣ ਵਾਲਾ ਬਜਰ ਗੁਨਾਹ ਹੀ ਕਰ ਰਹੇ ਹੁੰਦੇ ਹਨ, ਗੁਰਮਤਿ ਪ੍ਰਚਾਰ ਨਹੀਂ। ਲੋੜ ਹੈ ਤਾਂ ਸੰਗਤਾਂ ਨੂੰ ਜਾਗਣ ਦੀ।
ਅਸਲ ਵਿਚ ਦੀਵਾਲੀ ਹੈ ਕੀ?:
ਦੀਵਾਲੀ’ ਜਾਂ ਦੀਪਾਵਲੀ’ ਦਾ ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨਾਂ ’ਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸਬੰਧਤ ਲੋਕ ਅੱਜ ਵੀ ਰੋਸ਼ਨੀ ਦੇ ਅਨੇਕਾਂ ਮਾਧਿਅਮਾਂ ਦੇ ਹੁੰਦੇ ਹੋਏ ਦੀਵੇ ਬਾਲਣ ਨੂੰ ਅਪਣਾ ਧਰਮ ਮੰਨਦੇ ਹਨ। ਦੀਵਾਲੀ ਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾਂ ’ਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ। ਹੋਰ ਵਿਤਕਰਿਆਂ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾਂ ਲਈ ਮਿਥੇ ਹੋਏ ਸਨ।
ਬ੍ਰਾਹਮਣਾਂ ਲਈ ‘ਵਿਸਾਖੀ’, ਖਤਰੀਆਂ ਲਈ ‘ਦੁਸਹਿਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ ਤੇ ਖ਼ਰਮਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕਿਰਤੀਆਂ, ਕਾਮਿਆਂ, ਬਾਬੂਆਂ ਲਈ ਦੀਵਾਲੀ। ਦੀਵਾਲੀ ਦੇ ਦਿਨ ਇਹ ਲੋਕ ‘ਧਨ ਦੀ ਦੇਵੀ’ ‘ਲਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦੀਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਯੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸਬੰਧਤ ਹੈ। ਇਸ ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ’ਚ ਵਿਸ਼ਵਾਸ ਰਖਦੀ ਹੈ, ਨਾ ਧਨ ਆਦਿ ਦੇਵੀ-ਦੇਵ ਪੂਜਾ ’ਚ ਤੇ ਨਾ ਅਵਤਾਰਵਾਦ ’ਚ।
ਕੌਮ ਦੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ :
ਲੋੜ ਹੈ ਕਿ ਸਾਡੇ ਆਗੂ ਸੰਭਲਣ, ਸਾਡੇ ਪ੍ਰਚਾਰਕ ਰਾਗੀ ਸਿੰਘ, ਕਥਾਵਾਚਕ ਵੀਰ ਅਪਣਾ ਫ਼ਰਜ਼ ਪਹਿਚਾਨਣ ਅਤੇ ਸੰਗਤਾਂ ਆਪ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਦੀਵਾਲੀ ਨਿਰੋਲ ਇਕ ਬ੍ਰਾਹਮਣੀ ਤਿਉਹਾਰ ਹੈ ਜਿਸ ਤੋਂ ਸਿੱਖ ਪਨੀਰੀ ਨੂੰ ਜਾਣੂ ਕਰਵਉਣਾ ਬਹੁਤ ਹੀ ਜ਼ਰੂਰੀ ਹੈ। ਸਾਡੇ ਇਤਿਹਾਸ ਨੂੰ ਰਲਗਡ ਕੀਤਾ ਜਾ ਰਿਹਾ ਹੈ। ਲੋੜ ਹੈ ਖੋਜ ਕਰਨ ਦੀ, ਗੁਰਬਾਣੀ ਨੂੰ ਸਮਝਣ ਦੀ ਤੇ ਸੁਚੇਤ ਹੋਣ ਦੀ।
ਹਰਪ੍ਰੀਤ ਸਿੰਘ
ਸੰਪਰਕ: 88475-46903