ਇਹ ਨੌਜਵਾਨ ਪੰਜਾਬ ਦੇ! ਮੌਤ ਨੂੰ ਮਖ਼ੌਲਾਂ ਕਰਨ!
Published : Jul 24, 2018, 12:21 am IST
Updated : Jul 24, 2018, 12:21 am IST
SHARE ARTICLE
Drug Addict
Drug Addict

ਯੁੱਗ ਸ਼ਾਇਰ ਅਤੇ ਅਜ਼ੀਮ ਵਿਗਿਆਨੀ ਪ੍ਰੋ. ਪੂਰਨ ਸਿੰਘ ਨੇ ਜਦੋਂ ਸੋਹਣੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੀ ਤਾਰੀਫ਼ ਵਜੋਂ ਲੋਹੜੇ ਦੀ ਸ਼ਾਇਰੀ ਕੀਤੀ ਸੀ...........

ਯੁੱਗ ਸ਼ਾਇਰ ਅਤੇ ਅਜ਼ੀਮ ਵਿਗਿਆਨੀ ਪ੍ਰੋ. ਪੂਰਨ ਸਿੰਘ ਨੇ ਜਦੋਂ ਸੋਹਣੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੀ ਤਾਰੀਫ਼ ਵਜੋਂ ਲੋਹੜੇ ਦੀ ਸ਼ਾਇਰੀ ਕੀਤੀ ਸੀ ਅਤੇ ਇਨ੍ਹਾਂ ਨੂੰ ਅਸੂਲਾਂ ਲਈ ਮਰ ਮਿਟਣ ਵਾਲੇ, ਮੌਤ ਨੂੰ ਮਖ਼ੌਲ ਕਰਨ ਵਾਲੇ, ਲੱਤਾਂ ਹਿਲਾਉਣ ਖ਼ਾਤਰ ਪੰਜਾਹ ਕੋਹ ਪੈਂਡਾ ਤਹਿ ਕਰਨ ਵਾਲੇ ਅਤੇ ਪਿਆਰ-ਮੁਹੱਬਤ ਕਰਨ ਵਿਚ ਹੀਰ-ਰਾਂਝੇ ਦੇ ਭੈਣ ਭਰਾ ਆਖਿਆ ਸੀ, ਉਦੋਂ ਅਸਲ ਵਿਚ ਸੱਚਾਈ ਵੀ ਇਹੋ ਹੋਵੇਗੀ ਪ੍ਰੰਤੂ ਅਜੋਕਾ ਆਲਮ ਵੇਖਣ ਜੇਕਰ ਪ੍ਰੋਫ਼ੈਸਰ ਸਾਹਿਬ ਵੀ ਮੁੜ ਇਸ ਧਰਤੀ ਉਤੇ ਆ ਜਾਣ ਤਾਂ ਉਹ ਜ਼ਰੂਰ ਹੀ ਪਾਗ਼ਲ ਹੋ ਜਾਣਗੇ। ਕੋਈ ਵੀ ਹੱਸਾਸ, ਸੰਵੇਦਨਸ਼ੀਲ ਤੇ ਸੁਹਿਰਦ ਵਿਅਕਤੀ ਸਵੇਰੇ ਅਖ਼ਬਾਰ ਪੜ੍ਹ ਕੇ, ਖ਼ਬਰਾਂ ਸੁਣ ਕੇ ਅਤੇ

ਮੀਡੀਏ ਰਾਹੀਂ ਜਾਣਕਾਰੀ ਹਾਸਲ ਕਰ ਕੇ ਤੜਪ ਉÎਠਦਾ ਹੈ ਤੇ ਮੱਥਾ ਪਿੱਟਦਾ ਹੈ ਅਤੇ ਅਜਿਹੇ ਹਾਲਾਤ ਪੈਦਾ ਕਰਨ ਵਾਲਿਆਂ ਨੂੰ ਕੋਸਦਾ ਹੈ। ਨੌਜਵਾਨ ਪੁਤਰਾਂ ਦੀਆਂ ਮੋਢਿਆਂ ਉਤੇ ਢੋਹੀਆਂ ਜਾ ਰਹੀਆਂ ਅਰਥੀਆਂ ਮਾਪਿਆਂ ਨੂੰ ਜਿਊਂਦੀਆਂ ਲਾਸ਼ਾਂ ਬਣਾ ਰਹੀਆਂ ਹਨ। ਸਮਾਜਕ ਬਰਬਾਦੀ ਦੀ ਇਹ ਇਬਾਰਤ ਆਉਣ ਵਾਲੀਆਂ ਨਸਲਾਂ ਲਈ ਵੀ ਤਬਾਹੀ ਦੀ ਦਸਤਕ ਹੈ। ਨਸ਼ਿਆਂ ਦੀ ਵਿਕਰਾਲਤਾ, ਬਰਬਾਦੀ, ਤਬਾਹੀ ਅਤੇ ਸਰਵਨਾਸ਼ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਪੂਰੀ ਬੇਬਾਕੀ ਨਾਲ ਆਖਣਾ ਚਾਹਾਂਗੀ ਕਿ ਜਿਸ ਸੂਬੇ ਦਾ ਸਮੁੱਚਾ ਦਾਰੋਮਦਾਰ ਹੀ ਸ਼ਰਾਬ ਤੋਂ ਹੋਣ ਵਾਲੀ ਆਮਦਨ ਉਤੇ ਹੋਵੇ, ਜਿਥੇ ਹਰ ਸਾਲ ਠੇਕਿਆਂ ਤੇ ਸ਼ਰਾਬ-ਮਿੱਲਾਂ ਦੀ ਗਿਣਤੀ

ਵਧਾਈ ਜਾ ਰਹੀ ਹੋਵੇ ਤੇ ਜਿਥੇ ਔਰਤਾਂ ਵੀ ਇਸ ਕਾਰੋਬਾਰ ਦੀਆਂ ਗੱਜ ਵੱਜ ਕੇ ਹਿੱਸੇਦਾਰ ਬਣੀਆਂ ਬੈਠੀਆਂ ਹੋਣ, ਉÎੱਥੇ ਨਸ਼ਿਆਂ ਨੂੰ ਠੱਲ੍ਹ ਪਾਉਣੀ, ਗੁਨਾਹਗਾਰ ਫੜਨੇ ਜਾਂ ਸਜ਼ਾਵਾਂ ਦੇਣੀਆਂ ਹਵਾ ਵਿਚ ਤੀਰ ਚਲਾਉਣ ਵਾਲੀ ਗੱਲ ਜਾਪਦੀ ਹੈ। ਹਾਂ, ਜੇਕਰ ਸਾਡੇ ਪਿਛਲੇ ਸਿਹਤ ਮੰਤਰੀ ਵਾਂਗ ਤੁਸੀਂ ਸ਼ਰਾਬ ਨੂੰ 'ਤੱਤਾ ਪਾਣੀ' ਹੀ ਸਮਝਦੇ ਹੋ ਜਾਂ ਫਿਰ ਦੂਜੇ ਸ਼ਬਦਾਂ ਵਿਚ 'ਸ਼ਰਾਬ ਨਸ਼ਾ ਹੀ ਨਹੀਂ ਹੈ' (ਪ੍ਰਮੁੱਖ ਪੰਜਾਬੀ ਪਾਰਟੀ ਦੇ ਪ੍ਰਧਾਨ ਅਨੁਸਾਰ) ਤਾਂ ਫਿਰ ਗੁਰੂ ਸਾਹਿਬਾਨ ਦੇ ਫ਼ੁਰਮਾਨ ਨੂੰ ਅਸੀ ਝੂਠਾ ਸਿੱਧ ਕਰਨ ਦੀ ਠਾਣ ਲਈ ਹੈ। ਪਹਿਲੇ ਗੁਰਦੇਵ ਜੀ ਨੇ ਸਾਨੂੰ ਸਮਝਾਇਆ ਸੀ:- ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ||੨|| ਇਸ ਸੰਸਾਰ ਵਿਚ ਅਸੀ ਇਕ ਖ਼ਾਸ ਮਨੋਰਥ ਨੂੰ ਲੈ ਕੇ ਆਏ ਸਾਂ (ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ||੧||) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਰ ਤੁਕ ਉਸ ਜੀਵਨ-ਮਨੋਰਥ ਦੀ ਸੋਝੀ ਹੀ ਨਹੀਂ ਦਿੰਦੀ ਸਗੋਂ ਸਾਨੂੰ ਹਲੂਣਦੀ, ਪ੍ਰੇਰਿਤ ਕਰਦੀ ਤੇ ਝੰਜੋੜਦੀ ਵੀ ਹੈ। ਗੁਰੂ ਸਾਹਿਬ ਦੇ ਸਮੇਂ ਵੀ ਨਸ਼ੇ ਪ੍ਰਚਲਿਤ ਸਨ ਪ੍ਰੰਤੂ ਅੱਜ ਤਾਂ ਇਨ੍ਹਾਂ ਨੇ ਦੁਨੀਆਂ ਦੀ ਤਸਵੀਰ ਹੀ ਉਲਟਾ ਦਿਤੀ ਹੈ। ਸਮਾਜਕ ਤਾਣਾ ਬਾਣਾ ਹੀ ਤਹਿਸ ਨਹਿਸ ਕਰ ਦਿਤਾ ਹੈ। ਪੰਜਾਬ ਦਾ ਮੁਹਾਂਦਰਾ ਹੀ ਬਦਲ ਦਿਤਾ ਹੈ ਤੇ ਅਸੀ ਮਖ਼ੌਲ ਦੇ ਪਾਤਰ ਬਣ ਗਏ ਹਾਂ। ਮੌਤ ਨੂੰ ਮਖ਼ੌਲਾਂ ਕਰਨ ਵਾਲੇ ਪੰਜਾਬੀ ਮੱਲੋ ਮੱਲੀ ਮੌਤ ਦੇ ਮੂੰਹ ਅੰਦਰ ਵੜਦੇ ਜਾ ਰਹੇ ਹਨ। ਸ਼ਮਸ਼ਾਨਾਂ 

ਵਿਚ ਰੌਣਕਾਂ ਲਗਾ ਰਹੇ ਹਾਂ। ਬਸਤੀਆਂ ਵੀਰਾਨ ਕਰ ਰਹੇ ਹਾਂ ਅਤੇ ਘਰਾਂ ਨੂੰ ਭੂਤਵਾੜੇ ਬਣਾ ਰਹੇ ਹਾਂ। ਅੰਦਾਜ਼ਾ ਲਾਉ ਕਿ ਜਿਸ ਘਰੋਂ ਨਸ਼ਿਆਂ-ਮਾਰੇ ਦੋ-ਦੋ ਪੁਤਰਾਂ ਦੀਆਂ ਅਰਥੀਆਂ ਨਿਕਲੀਆਂ ਹੋਣ, ਉਸੇ ਘਰ ਵਿਚ ਰਹਿਣ ਵਾਲੇ ਬਦਨਸੀਬ ਮਾਪਿਆਂ ਦੀ ਬਾਕੀ ਬਚਦੀ ਜ਼ਿੰਦਗੀ ਕਿਸ ਕਦਰ ਦੁਖਭਰੀ, ਹਤਾਸ਼, ਇਕੱਲ ਮਾਰੀ ਤੇ ਪੀੜਤ ਹੋਵੇਗੀ ਅਤੇ ਜਦੋਂ ਪੂਰੀ ਦੀ ਪੂਰੀ ਬਸਤੀ ਦਾ ਨਾਂ ਹੀ 'ਵਿਧਵਾਵਾਂ ਦੀ ਬਸਤੀ' ਵਜੋਂ ਜਾÎਣਿਆ ਜਾਣ ਲੱਗ ਪਏ ਤਾਂ ਸਥਿਤੀ ਕਿਸ ਕਦਰ ਬਦਹਾਲ ਹੋ ਸਕਦੀ ਹੈ। ਐਲਾਨੀਆ ਤੱਥ ਹੈ ਕਿ ਸ਼ਰਾਬ ਇਕ ਭੈੜਾ ਨਸ਼ਾ ਹੈ ਪਰੰਤੂ ਸ਼ਰਾਬ ਨੂੰ ਮਾਤ ਦਿੰਦੇ ਅਜੋਕੇ ਨਸ਼ੇ ਇਸ ਤੋਂ ਕਿਤੇ ਵੱਧ ਤਬਾਹਕੁਨ, ਮਾਰੂ ਤੇ ਖ਼ਤਰਨਾਕ ਹਨ ਜਿਨ੍ਹਾਂ

ਨੇ ਸਾਡੀ ਨੌਜਵਾਨ ਪੀੜ੍ਹੀ ਦੀ ਮੱਤ ਹੀ ਮਾਰ ਦਿਤੀ ਹੈ। ਸਾਡੇ ਹੋਣਹਾਰ ਮੁੰਡਿਆਂ ਦੀ ਬਹਾਦਰੀ, ਜਾਂਬਾਜ਼ੀ, ਨਿਧੜਕਤਾ, ਨਿਡਰਤਾ, ਦਲੇਰੀ, ਨਿਰਸਵਾਰਥਤਾ ਤੇ ਫ਼ਰਜ਼-ਸ਼ੱਨਾਸੀ ਜਿਵੇਂ ਹੁਣ ਖੰਭ ਲਗਾ ਕੇ ਹੀ ਉਡ ਗਈ ਹੋਵੇ। ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੇ ਹਸਦੇ, ਨਚਦੇ, ਟੱਪਦੇ ਤੇ ਭੰਗੜੇ ਪਾਉਂਦੇ ਪੰਜਾਬੀਆਂ ਨੂੰ ਅਜਿਹੀ ਨਜ਼ਰ ਲਗਾ ਦਿਤੀ ਹੈ ਜਿਸ ਨੂੰ ਉਤਾਰਨਾ ਹੁਣ ਅਸੰਭਵ ਲੱਗਣ ਲੱਗ ਪਿਆ ਹੈ। ਚੁਫੇਰੇ ਮਚੀ ਹਾਹਾਕਾਰ, ਚੀਕ ਚਿਹਾੜਾ, ਕੁਰਲਾਹਟ, ਪਛਤਾਵਾ, ਬਦਹਵਾਸੀ ਤੇ ਗੁੱਸਾ ਸਾਡੇ ਖ਼ੁਸ਼ੀਆਂ-ਖੇੜਿਆਂ ਨੂੰ ਲਾਂਬੂ ਲਗਾ ਗਿਆ ਹੈ। ਸੂਝਵਾਨ ਸਾਥੀਉ, ਅਜੋਕੀ ਤਸਵੀਰ ਰਾਤੋ ਰਾਤ ਨਹੀਂ ਬਣ ਗਈ ਬਲਕਿ ਦਹਾਕਿਆਂ ਦਾ ਸਮਾਂ ਲੱਗਾ ਹੈ

ਇਸ ਦਸ਼ਾ ਤਕ ਪਹੁੰਚਦਿਆਂ। ਯਾਦ ਆਉਂਦੈ ਕਿ ਬਰਖ਼ਾਸਤ ਸੁਪਰਡੈਂਟ ਪੁਲਿਸ ਸਲਵਿੰਦਰ ਸਿੰਘ ਨੇ ਪਠਾਨਕੋਟ ਹਮਲੇ ਦੀ ਪੁੱਛਗਿੱਛ ਦੌਰਾਨ ਸਪੱਸ਼ਟ ਇੰਕਸਾਫ਼ ਕੀਤਾ ਸੀ ਕਿ 'ਮੈਂ 'ਅਤਿਵਾਦੀਆਂ' ਨੂੰ 'ਨਸ਼ਾ-ਤਸਕਰ' ਸਮਝ ਕੇ ਮਿਲਣ ਗਿਆ ਸੀ'। ਇਸ ਤੋਂ ਵੀ ਬਹੁਤ ਪਹਿਲਾਂ ਨਸ਼ੇ ਦੇ ਸੌਦਾਗਾਰ ਪੂਰੇ ਸਰਗਰਮ ਰਹੇ ਹਨ ਕਿਉਂਕਿ ਅਫਗ਼ਾਨਿਸਤਾਨ ਵਿਚਲੇ ਲੰਮੇ ਅਤਿਵਾਦ ਦੇ ਸਿੱਟੇ ਵਜੋਂ ਉÎੱਥੇ ਅਫ਼ੀਮ ਦੀ ਖੇਤੀ ਦੀ ਖੁੱਲ੍ਹ ਤੇ ਤਾਲਿਬਾਨੀਆਂ ਨੂੰ ਫ਼ੰਡਿੰਗ, ਪਾਕਿਸਤਾਨੀ ਖ਼ੂਫ਼ੀਆ ਏਜੰਸੀਆਂ ਵਲੋਂ ਸਰਹੱਦਾਂ, ਸਰਹੱਦੀ ਪਿੰਡਾਂ ਅਤੇ ਹੋਰ ਹਰ ਹਰਬਾ ਵਰਤ ਕੇ ਭੇਜੇ ਜਾਂਦੇ ਨਸ਼ੇ, ਪੰਜਾਬ ਦੇ ਕਾਲੇ ਦਿਨਾਂ ਦੌਰਾਨ ਨਸ਼ਿਆਂ ਦੀ ਖੁੱਲ੍ਹੀ ਪਹੁੰਚ ਅਤੇ ਮੰਡ ਲਾਗਲੇ

ਤਸਕਰਾਂ ਨੂੰ ਸੋਨੇ ਦੀ ਸਮਗਲਿੰਗ ਦੀ ਥਾਂ ਨਸ਼ਿਆਂ ਦਾ ਕਾਰੋਬਾਰ ਵਧੇਰੇ ਰਾਸ ਆਇਆ। ਸਿੱਟੇ ਵਜੋਂ ਰਾਹਾਂ ਵਿਚਲੇ ਖੋਖੇ ਤਕ ਵੀ ਅਛੂਤੇ ਨਾ ਰਹੇ। ਪਿੰਡਾਂ, ਸ਼ਹਿਰਾਂ, ਨਗਰਾਂ ਤੇ ਮਹਾਂਨਗਰਾਂ ਦੀ ਤਾਂ ਗੱਲ ਹੀ ਛੱਡ ਦਿਉ। ਦਵਾਈ ਬਣਾਉਣ ਵਾਲੀਆਂ ਕੰਪਨੀਆਂ ਕਿਹਦੀ ਨੂੰਹ ਧੀ ਤੋਂ ਘੱਟ ਸਨ? ਖੰਘ ਦੇ ਤੇਜ਼ ਸ਼ਰਬਤ ਬਾਜ਼ਾਰੀਂ ਵਿਕਣ ਲੱਗੇ ਜਿਹੜੇ ਨਸ਼ੱਈਆਂ ਲਈ ਇਕ ਹੋਰ ਸੌਖਾ ਸਾਧਨ ਪੈਦਾ ਹੋ ਗਿਆ। ਅਜੋਕੇ ਟੀਕੇ ਲਾਉਣ ਵਾਲੀਆਂ ਖ਼ਾਸ ਸਰਿੰਜਾਂ ਵੀ ਫ਼ਾਰਮਾਸੂਟੀਕਲ ਕੰਪਨੀਆਂ ਦੀ ਹੀ ਨਵੀਂ ਈਜਾਦ ਹੈ। ਗੱਲ ਕੀ ਬਦਨਾਮੀ ਵਾਲੇ ਇਸ ਧੰਦੇ ਨੇ ਪਿਛਲੇ ਦਹਾਕੇ ਵਿਚ ਖ਼ੂਬ ਪੈਰ ਪਾਸਾਰ ਲਏ। ਕੁੱਝ ਪ੍ਰਵਾਸੀ ਪੰਜਾਬੀਆਂ ਅਤੇ ਬਹੁਤੇ ਨਸ਼ਾ ਤਸਕਰਾਂ ਨੇ ਕਬੱਡੀ

ਕੱਪਾਂ ਦੇ ਕੌਮਾਂਤਰੀ ਆਯੋਜਨਾਂ ਸਮੇਂ ਵੀ ਪੰਜਾਬੀਆਂ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਧੂਮ ਧੱੜਕੇ ਨਾਲ ਜਾਰੀ ਰਖਿਆ। ਅਸਰ ਰਸੂਖ ਵਾਲੇ ਸੰਤਰੀਆਂ ਮੰਤਰੀਆਂ ਦੀਆਂ ਲਾਲ ਬੱਤੀਆਂ ਵਾਲੀਆਂ ਕਾਰਾਂ ਨਸ਼ੇ ਦੀ ਵੇਚ ਤੇ ਵੰਡ ਲਈ ਵਾਹਵਾ ਕੰਮ ਆਈਆਂ। ਨਸ਼ੇ ਦਾ ਧੰਦਾ ਸਿਖਰਾਂ ਛੂਹਣ ਲੱਗਾ ਤੇ ਉਹ ਵੀ ਨਿਗਰਾਨ ਏਜੰਸੀਆਂ ਦੇ ਨੱਕ ਹੇਠੋਂ। ਨਸ਼ੇੜੀਆਂ ਦੀ ਫੜੋ ਫੜਾਈ ਜ਼ਰੂਰ ਹੋਣ ਲੱਗੀ ਪਰ ਸੌਦਾਗਰ ਬਚਦੇ ਬਚਾਉਂਦੇ ਰਹੇ। 2015 ਵਿਚ ਸਮਾਜਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਕਰਵਾਏ ਇਕ ਸਰਵੇਖਣ ਵਿਚ ਸਪੱਸ਼ਟ ਹੋਇਆ ਕਿ 'ਨਸ਼ਈ ਸੰਗਠਨਾਂ, ਬਾਕਾਇਦਾ ਅਪਰਾਧਕ ਗੁੱਟਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ,

ਵਿਕਾਊ ਤੱਤਾਂ ਅਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਕਾਰਨ ਪੰਜਾਬ ਜੜ੍ਹਾਂ ਤਕ ਨਸ਼ਿਆਂ ਨਾਲ ਬਰਬਾਦ ਹੋ ਰਿਹਾ ਹੈ। ਕਦੇ ਕਹਿੰਦੇ ਕਹਾਉਂਦੇ ਰਹੇ ਖਿਡਾਰੀ ਵੀ ਇਨ੍ਹਾਂ ਦੇ ਚੁੰਗਲ ਵਿਚ ਫਸਦੇ ਗਏ। ਗੈਂਗਸਟਰਾਂ ਦੇ ਬਣੇ ਨਵੇਂ ਨਵੇਂ ਗੁੱਟਾਂ ਪਿੱਛੇ ਵੀ ਅਜਿਹੇ ਤੱਥ ਹੀ ਕਾਰਜ਼ਸ਼ੀਲ ਹਨ ਜਿਨ੍ਹਾਂ ਨੂੰ ਬੇਰੁਜ਼ਗਾਰੀ ਦਾ ਦੈਂਤ ਰਾਹ ਰੋਕੀ ਖੜਾ ਦਿਸਿਆ। ਨੌਜੁਆਨਾਂ ਵਿਚਲੀ ਨਿਰਾਸ਼ਾ, ਭੁੱਖਮਰੀ, ਮਾਪਿਆਂ ਦੀ ਲਾਪ੍ਰਵਾਹੀ, ਸਿਆਸੀ ਪਾਰਟੀਆਂ ਵਲੋਂ ਬੇਰੁਖ਼ੀ, ਨੌਕਰੀਆਂ ਤੇ ਜ਼ਮੀਨਾਂ ਦੀ ਘਾਟ, ਪੇਸ਼ੇਵਾਰਾਨਾ ਸਿਖਿਆ ਦੀ ਥੁੜ ਅਤੇ ਖੇਤੀਬਾੜੀ ਦੇ ਘਾਟੇ ਦਾ ਸੌਦਾ ਬਣਦੇ ਜਾਣ ਕਰ ਕੇ ਸਾਡੀ ਨੌਜੁਆਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਖੁਭਦੀ ਤੇ ਗਰਕਦੀ

ਗਈ ਪਰ ਕੋਈ 'ਧਨੰਤਰ ਵੈਦ' ਇਨ੍ਹਾਂ ਨੂੰ ਬਚਾਉਣ ਨਾ ਪਹੁੰਚਿਆ, ਪਹੁੰਚਣਾ ਕਿਸ ਨੇ ਸੀ? ਇਨ੍ਹਾਂ ਨੂੰ ਨਰਕਾਂ ਵਿਚ ਪਹੁੰਚਾਉਣ ਵਾਲੇ ਬਾਹਰਲੇ ਘੱਟ ਅੰਦਰਲੇ ਤੇ ਅਪਣੇ ਵਧੇਰੇ ਸਨ। ਬੀਤੇ ਦਸ ਸਾਲਾਂ ਦੌਰਾਨ ਇਥੇ ਨਸ਼ਿਆਂ ਦੀ ਵੇਚ-ਵੱਟ, ਸਬੰਧੀ ਕੀ ਕੁੱਝ ਹੋਇਆ, ਸਾਰਾ ਜ਼ਮਾਨਾ ਜਾਣਦਾ ਹੈ। ਨਿੱਕੀ-ਨਿੱਕੀ ਪੰਚਾਇਤੀ ਚੋਣ ਲਈ ਵੀ ਦਾਰੂ ਦੇ ਦਰਿਆ ਵਗਦੇ ਰਹੇ ਹਨ। ਮੇਰੇ ਪਤੀ ਦਾ ਇਕ ਚੌਥਾ ਦਰਜਾ ਕਰਮਚਾਰੀ ਹਰ ਚੋਣ ਸਮੇਂ ਦਸ-ਦਸ ਦਿਨ ਗ਼ੈਰ-ਹਾਜ਼ਰ ਰਹਿੰਦਾ ਸੀ। ਤਫ਼ਤੀਸ਼ ਕਰਨ ਉਤੇ ਪਤਾ ਲੱਗਾ ਕਿ ਸ਼ਰਾਬ ਇੱਕਠੀ ਕਰਨ ਲਈ ਉਹ ਕੰਮ ਤੋਂ ਗ਼ੈਰ ਹਾਜ਼ਰ ਰਹਿੰਦੈ ਤੇ ਹਰ ਵਾਰ ਮਹੀਨਾ ਮਹੀਨਾ ਪੀਣਯੋਗ ਸ਼ਰਾਬ ਇਕੱਠੀ ਕਰ ਕੇ ਮੌਜਾਂ

ਲੁਟਦੈ। ਦੁਆਬੇ ਦੇ ਮੇਰੇ ਅਪਣੇ ਪਿੰਡ ਵਿਚ ਪੰਚਾਇਤੀ ਚੌਣਾਂ ਮੌਕੇ ਸ਼ਰਾਬ ਦੀ ਬੇਰੋਕ, ਬੇਟੋਕ ਅਤੇ ਬੇਖ਼ੌਫ਼ ਵੰਡ ਮੈਂ ਆਪ ਸੁਣੀ ਤੇ ਵੇਖੀ ਹੈ। ਹੋਰ ਤਾਂ ਹੋਰ ਬੇਗੋਵਾਲ-ਭੁਲੱਥ ਵਿਖੇ ਫੜੇ ਦਾਰੂ ਦੇ ਟਰੱਕ ਸਾਰੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ ਜਿਥੇ ਮਸ਼ਹੂਰ ਧਾਰਮਕ ਨੇਤਾਵਾਂ ਦਾ ਗੜ੍ਹ, ਵਾਸਾ ਤੇ ਇਲਾਕਾ ਹੈ। ਦਰਅਸਲ, ਸ਼ਰਾਬ ਦੀਆਂ ਪੇਟੀਆਂ ਛੁਪਾਉਣੀਆਂ ਡਾਹਢੀਆਂ ਕਠਿਨ ਹਨ, ਟੀਕੇ-ਟੀਕੇ ਤੇ ਸਿੰਥੈਟਿਕ ਨਸ਼ੇ ਲੁਕਾਉਣੇ ਐਡੇ ਮੁਸ਼ਕਿਲ ਨਹੀਂ। ਨਾਲੇ ਜਦੋਂ ਗਲੀ ਦੇ ਕੁੱਤਿਆਂ ਨਾਲ ਯਾਰਾਨਾ ਹੋ ਜਾਵੇ ਫਿਰ ਤਾਂ ਮੌਜਾਂ ਹੀ ਮੌਜਾਂ ਸਮਝੋ। ਸਰੱਹਦੀ ਇਲਾਕੇ ਨਸ਼ਿਆਂ ਪੱਖੋਂ ਬਹੁਤ ਹੀ ਧਮਾਕਾਖੇਜ਼ ਹਨ। ਸਰੱਹਦ ਨੇੜਲੇ ਪਿੰਡਾਂ ਦੇ ਕਿਸਾਨ,

ਜਵਾਨ, ਔਰਤਾਂ, ਗੱਭਰੂ ਤੇ ਬੱਚੇ ਵੀ ਮੋਟੀ ਕਮਾਈ ਦੇ ਲਾਲਚ ਵਿਚ ਅੰਨ੍ਹੇ ਹੋਏ ਅਪਣੇ ਮਨੁੱਖੀ ਧਰਮ ਅਤੇ ਰੱਬੀ ਹੋਂਦ ਤੋਂ ਮੁਨਕਰ ਹੁੰਦੇ ਰਹੇ। ਕੇਂਦਰੀ ਜੇਲ ਪਟਿਆਲਾ ਵਿਚ ਅਨੇਕ ਵਾਰ ਮੈਨੂੰ ਕੈਦੀਆਂ ਕੋਲ ਜਾ ਕੇ ਪਾਠ-ਕੀਰਤਨ ਦੀ ਸਾਂਝ ਦਾ ਮੌਕਾ ਮਿਲਦਾ ਰਿਹਾ ਹੈ। ਜਿਥੇ ਸੈਂਕੜੇ ਮਰਦ ਕੈਦੀ ਨਸ਼ਿਆਂ ਦੀ ਬਦੌਲਤ ਅੰਦਰ ਬੰਦ ਹਨ, ਉÎੱਥੇ ਅਨੇਕ ਔਰਤ ਕੈਦਣਾਂ ਵੀ ਅਜਿਹੇ ਦੋਸ਼ਾਂ ਕਰ ਕੇ ਅਪਣਾ ਜੀਵਨ ਭੰਗ ਦੇ ਭਾੜੇ ਲੁਟਾ ਰਹੀਆਂ ਹਨ। ਭੁੱਕੀ ਵੇਚਣ ਦੇ ਮਾਮਲਿਆਂ ਵਿਚ ਤਾਂ ਔਰਤਾਂ ਦੀ ਝੰਡੀ ਕਹੀ ਜਾ ਸਕਦੀ ਹੈ ਕਿਉਂਕਿ ਆਪਾਂ ਕਿਸੇ ਤੋਂ ਪਿੱਛੇ ਤਾਂ ਨਹੀਂ ਰਹਿ ਸਕਦੀਆਂ। ਵਾਹ! ਰੇ ਵਾਹ! ਜ਼ਮਾਨਾ ਕਿਹੋ ਜਿਹਾ ਆ ਗਿਆ ਹੈ! ਘਰ ਨੂੰ ਜੋੜ-ਜੋੜ ਕੇ ਰੱਖਣ

ਵਾਲੀ ਸਵਾਣੀ ਅੱਜ ਘਰ ਦੀ ਬਰਬਾਦੀ ਦਾ ਸਬੱਬ ਬਣ ਗਈ ਹੈ ਕਿਉਂਕਿ ਘਰ ਦੀ ਤਾਂ ਹੋਂਦ ਹੀ ਔਰਤ ਨਾਲ ਹੈ, ਮਾਂ ਨਾਲ ਹੈ। ਕੋਈ ਵੀ ਬੱਚਾ ਅਚਨਚੇਤ 'ਚਿੱਟੇ' ਤਕ ਨਹੀਂ ਜਾ ਪਹੁੰਚਦਾ। ਸਾਲਾਂ ਦਾ ਸਮਾਂ ਦਰਕਾਰ ਹੁੰਦੈ ਪ੍ਰੰਤੂ ਮਾਪੇ ਉਸ ਦੇ ਗੁਨਾਹਾਂ ਉਤੇ ਪਰਦੇ ਪਾਈ ਜਾਂਦੇ ਹਨ। ਕਿਸੇ ਗੁਰਮਤਿ ਕੈਂਪ, ਨੈਤਿਕ ਸਿਖਿਆ ਦਿੰਦੀ ਸਭਾ-ਸੋਸਾਇਟੀ ਜਾਂ ਕਿਸੇ ਗਿਆਨੀ-ਧਿਆਨੀ ਕੋਲ ਭੇਜਣ ਦੀ ਬਜਾਏ, ਅੱਜ ਟਿਊਸ਼ਨ-ਕੇਂਦਰਾਂ ਵਿਚ ਜਾ ਕੇ ਪੜ੍ਹਾਈ ਘੱਟ ਪਰ ਅਨੈਤਿਕਤਾ ਵੱਧ ਸਿੱਖ ਰਹੇ ਹਨ। ਅਮੀਰ ਮਾਪਿਆਂ ਦੀ ਅੱਯਾਸ਼ ਸੰਤਾਨ ਇਹੋ ਜਿਹੀਆਂ ਥਾਵਾਂ ਉਤੇ ਬਹੁਤ ਵਾਰ ਨਸ਼ਿਆਂ ਦੀ ਲੱਤ ਲਗਾ ਬਹਿੰਦੀ ਹੈ ਕਿਉਂਕਿ ਜ਼ੋਰਾਂ-ਜ਼ਬਰੀ ਮਾਤਾ-ਪਿਤਾ ਔਖੀ ਪੜ੍ਹਾਈ ਅਪਣੇ

ਬੱਚਿਆਂ ਉਤੇ ਥੋਪ ਕੇ ਉਨ੍ਹਾਂ ਨੂੰ ਟਿਊਸ਼ਨਾਂ ਲਈ ਜ਼ਬਰਦਸਤੀ ਭੇਜਦੇ ਹਨ। ਅੱਜ ਨਸ਼ਿਆਂ ਵਿਰੁਧ ਬਿਨਾਂ ਸ਼ੱਕ ਪੂਰਾ ਰੌਲਾ ਗੌਲਾ ਹੈ। ਜਲਸੇ ਹੋ ਰਹੇ ਹਨ, ਜਲੂਸ ਨਿਕਲ ਰਹੇ ਹਨ। ਸਿਆਸੀ ਪਾਰਟੀਆਂ (ਜੋ ਖ਼ੁਦ ਇਨ੍ਹਾਂ ਦੇ ਵਾਧੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ) ਦੇ ਝੰਡਾ ਮਾਰਚ, ਸਕੂਲਾਂ ਕਾਲਜਾਂ ਦੀਆਂ ਰੈਲੀਆਂ, ਅਖ਼ਬਾਰੀ ਬਿਆਨ ਤੇ ਹੋਰ ਪਤਾ ਨਹੀਂ ਕੀ-ਕੀ ਵਾਵੇਲਾ ਹੋ ਰਿਹੈ? ਸਰਕਾਰ ਵੀ ਨਸ਼ਾ ਤਸਕਰਾਂ ਨੂੰ ਸਜ਼ਾ-ਏ-ਮੌਤ ਤਜਵੀਜ਼ ਕਰ ਰਹੀ ਹੈ ਪਰ ਲੰਘ ਗਏ ਪਾਣੀਆਂ ਨੂੰ ਕੀ ਮੋੜ ਕੇ ਲਿਆਂਦਾ ਜਾ ਸਕੇਗਾ? ਹਾਥੀਆਂ ਨੂੰ ਬੇਹੋਸ਼ ਕਰ ਦੇਣ ਵਾਲੀ ਦਵਾਈ ਪੀ-ਪੀ ਕੇ ਮੌਤ ਦੇ ਮੂੰਹ ਜਾ ਪਏ ਸਾਡੇ ਮੂਰਖ ਬੱਚੇ ਹੁਣ ਮੁੜ ਕੇ ਬਾਂਕੇ ਸੂਰਮੇ ਕਿਵੇਂ ਬਣ ਸਕਣਗੇ?

ਅਸੰਭਵ ਤਾਂ ਧਰਤੀ ਉਤੇ ਕੁੱਝ ਵੀ ਨਹੀਂ ਪਰ ਡਟਵੀਂ ਇੱਛਾ-ਸ਼ਕਤੀ ਕਿਥੋਂ ਲਿਆਵਾਂਗੇ ਆਪਾਂ? ਜਦੋਂ ਸਾਡੇ ਕਾਨੂੰਨ ਦੇ ਰਾਖੇ, ਅਮਲਾ ਫੈਲਾ, ਪੁਲਿਸਤੰਤਰ, ਸਰੱਹਦਾਂ ਦੇ ਰਖਵਾਲੇ ਤੇ ਜ਼ਿੰਮੇਵਾਰ ਲੋਕ ਇਨ੍ਹਾਂ ਸੌਦਾਗਰਾਂ ਦੇ ਨਾਲ ਰਲੇ ਹੋਏ ਹੋਣ ਤਾਂ ਇਸ ਮਰਜ਼ ਨੂੰ ਠੱਲ੍ਹ ਪਾਉਣੀ ਡਾਢੀ ਮੁਸ਼ਕਿਲ ਗੱਲ ਹੈ। ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਕਿ ਫ਼ਲਾਂ ਪੁਲਿਸ ਅਫ਼ਸਰ ਤਸਕਰਾਂ ਦੀ ਮਦਦ ਕਰਦਾ ਫੜਿਆ ਗਿਆ ਹੈ, ਢਿਮਕਾ ਨਸ਼ੇੜੀਆਂ ਨੂੰ ਨਸ਼ਾ ਦਿੰਦਾ ਰੰਗੇ ਹੱਥੀਂ ਫੜਿਆ ਗਿਆ ਹੈ ਤੇ ਕੋਈ ਹੋਰ ਆਪ ਇਸ ਰੈਕਟ ਦਾ ਸਰਗਨਾ ਹੈ ਤਾਂ ਬੇਹੱਦ ਅਫ਼ਸੋਸ ਹੁੰਦਾ ਹੈ। ਜਦੋਂ ''ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਬਚਾਊ ਕੌਣ? ਕੁੱਤੀ ਚੋਰਾਂ ਨਾਲ ਰਲ ਜਾਵੇ ਤਾਂ ਬਚਾਅ ਕਿਥੇ?''

ਪਾਕਿਸਤਾਨ ਦੀ ਖੁਫ਼ੀਆਂ ਏਜੰਸੀ ਸਰਹੱਦਾਂ ਉਤੇ ਸੈਂਕੜੇ ਸਮਗਲਰ ਤਿਆਰ ਕਰੀ ਬੈਠੀ ਹੈ ਜਿਹੜੇ 'ਕੈਮੀਕਲ ਟੈਰੋਰਿਜ਼ਮ' ਫੈਲਾ ਕੇ ਅਪਣੇ ਮਨਸੂਬੇ ਪੂਰੇ ਕਰਨ ਦੀ ਤਾਕ ਵਿਚ ਹਨ। ਉÎੱਧਰ ਐਡੀ ਜ਼ਬਰਦਸਤ ਤਿਆਰੀ ਕਰ ਕੇ ਲਗਾਤਾਰ ਨਸ਼ੇ ਭੇਜੇ ਜਾ ਰਹੇ ਹਨ ਤੇ ਇੱਧਰ ਸਬੂਤਾਂ ਦੀ ਘਾਟ ਕਾਰਨ ਮੌਤ ਦੇ ਸੌਦਾਗਰ ਛੁਟਦੇ ਜਾ ਰਹੇ ਹਨ। ਮਾਰਚ ਵਿਚ ਪੰਜਾਬ ਅਸੈਂਬਲੀ ਵਿਚ ਪੇਸ਼ ਹੋਈ ਕੈਗ ਦੀ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਸੀ ਕਿ 70% ਦੋਸ਼ੀ ਪ੍ਰਮਾਣਾਂ ਦੀ ਘਾਟ ਕਰ ਕੇ ਛਡਣੇ ਪਏ। ਮੁੜ ਘਿੜ ਕੇ ਗੱਲ ਫਿਰ ਉÎੱਥੇ ਆ ਕੇ ਹੀ ਰੁੱਕ ਜਾਂਦੀ ਹੈ ਕਿ ਕਰਨ ਵਾਲਿਆਂ ਨਾਲੋਂ ਸਹਿਣ ਵਾਲੇ ਹੀ ਅੜਿੱਕੇ ਚੜ੍ਹ ਰਹੇ ਹਨ। ਸਮੁੱਚੇ ਦੇਸ਼ ਵਿਚ ਭੇਜੇ ਜਾ ਰਹੇ

ਜਾਂ ਵਿਕ ਰਹੇ ਨਸ਼ਿਆਂ ਵਿਚੋਂ ਅੱਧੇ ਦੀ ਖ਼ਪਤ ਪੰਜਾਬ ਵਿਚ ਹੋ ਰਹੀ ਹੈ। 'ਉੜਤਾ ਪੰਜਾਬ' ਨੇ ਇਹ ਝਲਕ ਵਿਖਾ ਦਿਤੀ ਸੀ ਜਿਸ ਨੂੰ ਸਾਡੇ ਆਕਾ ਮੰਨਣ ਲਈ ਤਿਆਰ ਹੀ ਨਹੀਂ ਸਨ। ਅੱਜ ਲੋੜ ਹੈ ਕਿ ਪੰਜਾਬੀਆਂ ਨੂੰ ਨਸ਼ਿਆਂ ਨਾਲ ਬਰਬਾਦ ਕਰਨ ਵਾਲਿਆਂ ਅੰਦਰਲਿਆਂ ਤੇ ਬਾਹਰਲਿਆਂ ਨਾਲ ਪੂਰੀ ਸਖ਼ਤੀ ਨਾਲ ਨਿਪਟਿਆ ਜਾਵੇ। ਮਾਪੇ ਸ਼ੁਰੂ ਤੋਂ ਬੱਚਿਆਂ ਉਤੇ ਬਾਜ਼ ਅੱਖ ਰੱਖਣ। ਨਸ਼ਿਆਂ ਵਲ ਖਿੱਚੇ ਬੱਚਿਆਂ ਦੀ ਚਾਲ-ਢਾਲ ਵੇਖ ਦੇ ਹੀ ਉਪਚਾਰ ਕੀਤਾ ਜਾਵੇ। ਕੌਂਸਲਿੰਗ ਕੀਤੀ ਜਾਵੇ। ਬੱਚੇ ਗੁਰਬਾਣੀ ਨਾਲ ਜੋੜੇ ਜਾਣ। ਫਿਰ ਕੁਝ ਬਚਾਅ ਦੀ ਆਸ ਹੋ ਸਕਦੀ ਹੈ।              ਸੰਪਰਕ : 98156-20515

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement