Article: ਅਬਦਾਲੀ ਦੀ ਕਾਬੁਲ ਵਾਪਸੀ ਮਗਰੋਂ ਸਿੱਖ ਸਰਦਾਰਾਂ ਨੇ ਪੰਜਾਬ ਦੇ ਇਲਾਕੇ ਅਪਣੇ ਕਬਜ਼ੇ ’ਚ ਕੀਤੇ
Published : Jul 24, 2024, 11:04 am IST
Updated : Jul 24, 2024, 11:07 am IST
SHARE ARTICLE
Article: After Abdali's return to Kabul, the Sikh chieftains occupied the territories of Punjab
Article: After Abdali's return to Kabul, the Sikh chieftains occupied the territories of Punjab

ਜਦੋਂ ਅਹਿਮਦਸ਼ਾਹ ਅਬਦਾਲੀ ਮਾਰਚ 1765 ਈ: ਨੂੰ ਕਾਬੁਲ ਵਲ ਮੁੜਿਆ ਤਾਂ ਸਿੱਖਾਂ ਨੇ ਵਿਸਾਖੀ ਵਾਲੇ ਦਿਨ 10 ਅਪ੍ਰੈਲ 1765 ਨੂੰ ਅੰਮ੍ਰਿਤਸਰ ’ਚ ਵੱਡਾ ਇਕੱਠ ਕੀਤਾ

ਜਦੋਂ ਅਹਿਮਦਸ਼ਾਹ ਅਬਦਾਲੀ ਮਾਰਚ 1765 ਈ: ਨੂੰ ਕਾਬੁਲ ਵਲ ਮੁੜਿਆ ਤਾਂ ਸਿੱਖਾਂ ਨੇ ਵਿਸਾਖੀ ਵਾਲੇ ਦਿਨ 10 ਅਪ੍ਰੈਲ 1765 ਨੂੰ ਅੰਮ੍ਰਿਤਸਰ ’ਚ ਵੱਡਾ ਇਕੱਠ ਕੀਤਾ ਕਿਉਂਕਿ ਹੁਣ ਉਹ ਕਿਸੇ ਵੀ ਹਕੂਮਤ ਤੋਂ ਡਰਦੇ ਨਹੀਂ ਸਨ ਤੇ ਅਪਣੇ ਆਪ ਨੂੰ ਪੰਜਾਬ ਦੇ ਹਾਕਮ ਸਮਝਣ ਲੱਗੇ ਸਨ। ਹੌਲੀ-ਹੌਲੀ ਸਾਰਾ ਪੰਜਾਬ ਹੀ ਸਿੱਖਾਂ ਦੇ ਕਬਜ਼ੇ ’ਚ ਹੋ ਗਿਆ ਸੀ ਤੇ ਵੱਖ-ਵੱਖ ਸਰਦਾਰਾਂ ਨੇ ਅਪਣੇ ਇਲਾਕਿਆਂ ਵਿਚ ਕਬਜ਼ੇ ਕਰ ਲਏ ਸਨ ਪਰ ਉਨ੍ਹਾਂ ਨੇ ਪੱਕੀਆਂ ਲਕੀਰਾਂ  ਨਹੀਂ ਸਨ ਖਿੱਚੀਆਂ ਕਿਉਂਕਿ ਅਜੇ ਵੀ ਅਬਦਾਲੀ ਦੇ ਹਮਲੇ ਦਾ ਖ਼ਤਰਾ ਬਰਕਰਾਰ ਸੀ।


ਫਿਰ ਇੰਝ ਹੀ ਹੋਇਆ, ਪੰਜਾਬ ਨੂੰ ਅਫ਼ਗਾਨੀਆਂ ਦੇ ਹੱਥੋਂ ਨਿਕਲਦਾ ਦੇਖ, ਅਬਦਾਲੀ ਨੇ ਅਠਵਾਂ ਹਮਲਾ ਵੀ ਕਰ ਦਿਤਾ। ਇਹ ਹਮਲਾ ਉਨ੍ਹਾਂ ਨੇ 1767 ਈ: ’ਚ ਕੀਤਾ ਪਰ ਇਸ ਸਮੇਂ ਸਿੱਖਾਂ ਦੇ ਤਿੰਨ ਜਥੇ ਬਣੇ। ਪ੍ਰਸਿਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਸਿੱਖਾਂ ਦੀ 13000 ਦੀ ਫ਼ੌਜ ਇਕੱਠੀ ਕਰ ਕੇ ਅਬਦਾਲੀ ਦੇ ਇਰਦ-ਗਿਰਦ ਘੁੰਮਦੀ ਰਹੀ। ਅਬਦਾਲੀ ਨੇ ਸਿੱਖਾਂ ਨੂੰ ਨਿਖੇੜਨ ਲਈ ਲਾਲਚ ਦੇਣੇ ਸ਼ੁਰੂ ਕੀਤੇ। ਜੱਸਾ ਸਿੰਘ ਆਹਲੂਵਾਲੀਆ ਨੂੰ ਜਾਗੀਰ ਦਾ ਲਾਲਚ ਦਿਤਾ ਪਰ ਸਿੱਖ ਸਰਦਾਰਾਂ ਨੇ ਮੂੰਹ ਤੋੜਵਾਂ ਜਵਾਬ ਦਿਤਾ। ਫਿਰ ਅਬਦਾਲੀ ਨੇ ਨਸੀਰ ਖ਼ਾਨ ਤੇ ਜਹਾਨ ਖ਼ਾਨ ਨੂੰ ਅੰਮ੍ਰਿਤਸਰ ’ਤੇ ਹਮਲਾ ਕਰਨ ਲਈ ਭੇਜਿਆ। ਸਿੱਖਾਂ ਨੇ ਚਾਰ ਘੰਟੇ ਤਾਂ ਜ਼ਬਰਦਸਤ ਮੁਕਾਬਲਾ ਕੀਤਾ ਤੇ ਜਹਾਨ ਖ਼ਾਨ ਜ਼ਖ਼ਮੀ ਹੋ ਗਿਆ ਤਾਂ ਅਦਬਾਲੀ ਆਪ ਨਸੀਰ ਖ਼ਾਨ ਦੀ ਮਦਦ ਤੇ ਆਇਆ ਤਾਂ ਸਿੱਖ ਲਾਹੌਰ ਵਲ ਵੱਧ ਗਏ ਤਾਂ ਅਬਦਾਲੀ ਨੇ ਫਿਰ ਸ. ਗੁੱਜਰ ਸਿੰਘ ਤੇ ਸ. ਲਹਿਣਾ ਸਿੰਘ ਨੂੰ ਗਵਰਨਰੀ ਦਾ ਲਾਲਚ ਦੇ ਕੇ ਖ਼੍ਰੀਦਣਾ ਚਾਹਿਆ ਪਰ ਉਨ੍ਹਾਂ ਸਭ ਲਾਲਚ ਠੁਕਰਾ ਦਿਤੇ।  ਅੰਮ੍ਰਿਤਸਰ ਦੀ ਲੜਾਈ ’ਚ ਸ. ਜੱਸਾ ਸਿੰਘ ਜ਼ਖਮੀ ਹੋ ਕੇ ਲੱਖੀ ਜੰਗਲ ਵਲ ਚਲਾ ਗਿਆ। ਸਿੱਖ ਜਥਿਆਂ ਦੀ ਅਗਵਾਈ ਗੁੱਜਰ ਸਿੰਘ ਭੰਗੀ ਤੇ ਸ਼ਾਮ ਸਿੰਘ ਨਾਰੋਕੇ ਦੇ ਹੱਥਾਂ ’ਚ ਦੇ ਦਿਤੀ ਗਈ।


ਹੁਣ ਅਬਦਾਲੀ ਨੇ ਵੀ ਦਿੱਲੀ ਵਲ ਮੋੜਾ ਪਾਇਆ ਤੇ ਦਿੱਲੀ ਜਾਣ ਤੋਂ ਪਹਿਲਾਂ ਸਰਹਿੰਦ ਵਿਖੇ ਟਿਕਾਣਾ ਕਰ ਲਿਆ। ਅਬਦਾਲੀ ਨੇ ਸਰਹਿੰਦ ਦੀ ਫ਼ੌਜਦਾਰੀ ਆਲਾ ਸਿੰਘ ਦੇ ਪੋਤਰੇ ਸ. ਅਮਰ ਸਿੰਘ ਨੂੰ ਦੇ ਦਿਤੀ ਤੇ ਨਾਲ ਹੀ ਉਸ ਨੂੰ ‘‘ਰਾਜਾ-ਏ-ਰਾਜਗਾਂ’’ ਦਾ ਖ਼ਿਤਾਬ ਦਿਤਾ ਪਰ ਸਿੱਖਾਂ ਵਿਚ ਫਿਰ ਵੀ ਫੁੱਟ ਨਾ ਪਈ। ਹੁਣ ਅਬਦਾਲੀ ਨੇ ਸਿੱਖਾਂ ਦੀਆਂ ਰੋਜ਼ ਦੀਆਂ ਲੜਾਈਆਂ ਤੋਂ ਦੁਖੀ ਹੋ ਕੇ ਵਾਪਸ ਕਾਬਲ ਮੁੜਨਾ ਠੀਕ ਸਮਝਿਆ। ਇਸ ਤਰ੍ਹਾਂ ਅਬਦਾਲੀ ਸਿੱਖਾਂ ਦੀ ਦਹਿਸ਼ਤ ਅਨੁਭਵ ਕਰਨ ਲੱਗ ਪਿਆ। ਪ੍ਰਿੰ. ਸਤਿਬੀਰ ਸਿੰਘ ਦੇ ਕਥਨ ਅਨੁਸਾਰ ਸਿੱਖਾਂ ਦੀ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਸੀ ਕਿ ਜਿਹੜਾ ਅਬਦਾਲੀ ਹਨੇਰੀ ਵਾਂਗ ਪੰਜਾਬ ’ਤੇ ਹਮਲੇ ਕਰਦਾ ਸੀ, ਹੁਣ ਹਵਾ ਦੇ ਬੁਲ੍ਹੇ ਵਾਂਗ ਲੁਕ ਛਿਪ ਕੇ ਵਾਪਸ ਕਾਬਲ ਜਾ ਰਿਹਾ ਸੀ। ਇਸ ਸਬੰਧ ’ਚ ਸਤਿਬੀਰ ਸਿੰਘ ਜੀ ਭਾਈ ਰਤਨ ਸਿੰਘ ਭੰਗੂ ਦੇ ਹਵਾਲੇ ਨਾਲ ਲਿਖਦੇ ਹਨ ਕਿ ਅਬਦਾਲੀ ਦਾ ਇਹ ਹਾਲ ਸੀ ਕਿ ਉਹ ਭੇਡ-ਬਕਰੀਆਂ ਵਾਂਗ ਲੁੱਕ-ਛੁਪ ਕੇ ਸਿੰਘਾਂ ਤੋਂ ਲੁਕਦਾ ਹੋਇਆ ਜਾ ਰਿਹਾ ਸੀ।


ਪਰ ਅਬਦਾਲੀ ਦੇ ਵਾਪਸ ਜਾਣ ਤੇ ਸਿੱਖ ਸਰਦਾਰਾਂ ਨੇ ਵੀ ਅਪਣੇ-ਅਪਣੇ ਛੋਟੇ-ਛੋਟੇ ਇਲਾਕਿਆਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ ਤੇ ਪੂਰਾ ਪੰਜਾਬ ਛੋਟੇ-ਛੋਟੇ ਰਜਵਾੜਿਆਂ ਦੇ ਅਧੀਨ ਵੰਡਿਆ ਗਿਆ ਕਿਉਂਕਿ ਕੋਈ ਹੋਰ ਤਾਕਤ ਹੁਣ ਸਿੱਖਾਂ ਦੇ ਮੁਕਾਬਲੇ ’ਚ ਪੰਜਾਬ ਵਿਚ ਨਹੀਂ ਸੀ ਰਹੀ। ਸੱਠ ਸਾਲ ਦੀ ਵੱਡੀ ਜਦੋ-ਜਹਿਦ ਸਦਕਾ ਹੀ ਸਿੱਖਾਂ ਨੂੰ ਇਹ ਤਾਕਤ ਨਸੀਬ ਹੋਈ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਸਿੱਖ ਸਰਦਾਰਾਂ ’ਚ ਵੰਡ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਪੇਸ਼ ਕੀਤੈ। ਉਨ੍ਹਾਂ ਅਨੁਸਾਰ, ਸਤਲੁਜ ਪਾਰ ਵੀ ਸਿੱਖਾਂ ਨੇ ਅਪਣਾ ਕਬਜ਼ਾ ਕਰ ਲਿਆ ਸੀ। ਰਾਜਾ ਅਮਰ ਸਿੰਘ ਪਟਿਆਲਾ ਨੇ ਮਲੇਰਕੋਟਲਾ ਤੋਂ ਲੈ ਕੇ ਅੰਬਾਲਾ ਤਕ ਅਪਣਾ ਕਬਜ਼ਾ ਕਰ ਲਿਆ।  ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਲੱਖੀ ਜੰਗਲ, ਹਿਸਾਰ, ਹਾਂਸੀ ਤਕ ਉਸ ਦਾ ਦਬਦਬਾ ਸੀ।
ਨੌਧ ਸਿੰਘ ਨਿਸ਼ਾਨਵਾਲੀਆ ਨੇ ਲੁਧਿਆਣੇ ਦੇ ਉਪਜਾਊ ਖੇਤਰ ਖੇੜੀ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਧਰਮ ਸਿੰਘ ਡੱਲੇਵਾਲੀਆ ਨੇ ਲੁਧਿਆਣੇ ’ਚ ਧਰਮ ਸਿੰਘ ਵਾਲਾ ਨਾਂ ਦਾ ਪਿੰਡ ਵਸਾਇਆ। ਜੱਸਾ ਸਿੰਘ ਆਹਲੂਵਾਲੀਆ ਨੇ ਜਗਰਾਊ, ਭਰੋਅ, ਫਤਿਹਬਾਦ ਅਪਣੇ ਕਬਜ਼ੇ ’ਚ ਕੀਤੇ। ਕੌਰ ਸਿੰਘ ਡੱਲੇਵਾਲੀਆ ਨੇ ਜਲੰਧਰ ’ਤੇ ਕਬਜ਼ਾ ਕਰ ਲਿਆ।


ਸੁਧ ਸਿੰਘ ਬਾਜਵਾ ਨੇ ਮਾਛੀਵਾੜਾ ਤੇ ਅਪਣਾ ਕਬਜ਼ਾ ਕੀਤਾ। ਰਾਇ ਸਿੱਖ ਕੰਗ ਨੇ ਖੰਨਾ ਤੇ ਸਮਰਾਲਾ ਤਹਿਸੀਲਾਂ ’ਤੇ ਕਬਜ਼ਾ ਕਰ ਲਿਆ। ਰਾਇ ਸਿੰਘ ਕਰੋੜਸਿੰਘੀਆ ਨੇ ਵੀ ਸਮਰਾਲਾ ਤਹਿਸੀਲ ਦੇ ਬਹੁਤ ਸਾਰੇ ਪਿੰਡਾਂ ’ਤੇ ਕਬਜ਼ਾ ਕਰ ਲਿਆ। ਭਾਈ ਰਤਨ ਸਿੰਘ ਭੰਗੂ ਇਨ੍ਹਾਂ ਦੇ ਹੀ ਪੁੱਤਰ ਸਨ। ਦਸੌਧਾ ਸਿੰਘ ਨਿਸ਼ਾਨ ਸਿੰਘ ਵਾਲਾ, ਸਿੰਘਾਂ ਵਾਲਾ, ਸਾਹਨੇਵਾਲ, ਸਰਾਇ, ਲਸ਼ਕਰੀ ਖ਼ਾਨ, ਦੋਰਾਹਾ, ਸੌਤੀ, ਅਮਲੋਹ, ਜ਼ੀਰਾ, ਲਿੱਧਰ ਤੇ ਅੰਬਾਲਾ ਅਪਣੇ ਅਧੀਨ ਰਖਿਆ।
ਹਰੀ ਸਿੰਘ ਡੱਲੇਵਾਲੀਆ ਨੇ ਰੋਪੜ, ਸਿਆਲਬਾ, ਖ਼ਿਜ਼ਰਾਬਾਦ ਤੇ ਕੁਰਾਲੀ ਨੂੰ ਅਪਣਾ ਅਧਿਕਾਰ ਖੇਤਰ ਬਣਾ ਲਿਆ। ਖ਼ੁਸ਼ਹਾਲ ਸਿੰਘ ਸਿੰਘਪੁਰੀਆ ਨੇ ਬਨੂੜ, ਮਨੌਲੀ, ਅਨੌਲੀ ਭਰਤਗੜ੍ਹ, ਬੰਗਾ, ਭਰੋਲੀ ’ਤੇ ਕਬਜ਼ਾ ਕੀਤਾ। ਇਹ ਨਵਾਬ ਕਪੂਰ ਸਿੰਘ ਦੇ ਭਤੀਜੇ ਸਨ। ਤਾਰਾ ਸਿੰਘ ਕਕੜ ਨੇ ਫਿਲੌਰ, ਨੂਰਪੁਰ, ਸਿਆਲਾ ਕੋਰਾਲਾ ਤੇ ਸਤਲੁਜ ਦੇ ਪਛਮੀ ਕਿਨਾਰੇ ’ਤੇ ਕਬਜ਼ਾ ਕੀਤਾ।


ਨਾਹਰ ਸਿੰਘ ਤੇ ਸੁਰਜਨ ਸਿੰਘ ਨੇ ਅਨੰਦਪੁਰ ਪਰ ਸੌਧਾਂ ਸਿੰਘ ਡੱਲੇਵਾਲੀਆ ਨੇ ਖੰਨੇ ਦੇ ਕੁੱਝ ਹਿੱਸੇ ’ਤੇ, ਜੈ ਸਿੰਘ, ਰਾਮ ਸਿੰਘ, ਸਰਧਾ ਸਿੰਘ, ਸਾਹਿਬ ਸਿੰਘ, ਬਖਤ ਸਿੰਘ, ਕੰਵਰ ਸਿੰਘ, ਮਥਨ ਸਿੰਘ ਨੇ ਘੁਮਾਉ ਦੇ ਆਸ-ਪਾਸ ਦੇ 55 ਪਿੰਡਾਂ ਨੂੰ ਅਪਣੇ ਅਧੀਨ ਰਖਿਆ।
ਕਰਮ ਸਿੰਘ ਸ਼ਹੀਦ ਨੇ ਸਹਿਜ਼ਾਦਪੁਰ, ਕੇਸਰੀ, ਰਜੀਆ, ਦਮਦਮਾ ਸਾਹਿਬ ਤੇ ਜਰੌਂਲੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਦੇਸੂ ਸਿੰਘ ਡੱਲੇਵਾਲੀਆ ਨੇ ਮੁਸਤਫ਼ਾਬਾਦ, ਜਗਾਧਰੀ, ਅਰਨੌਲੀ, ਸਿਧੂਵਾਲ ਬੰਗਰ ਤੇ ਆਮਲੂ। ਜੋਧ ਸਿੰਘ ਕਰੋੜ ਸਿੰਘੀਆ ਨੇ ਕਲਸੀਆਂ ਪਰ ਕਬਜ਼ਾ ਕੀਤਾ। ਨੌਧ ਸਿੰਘ ਕਰੋੜ ਸਿੰਘੀਆ ਨੇ ਲੱਧਾ ਦੇ ਪਰਗਨਾ ’ਤੇ। ਕਰਮ ਸਿੰਘ ਨਿਰਮਲਾ ਨੇ ਮਾਰਕੰਡਾ ਦੇ ਬੇਟ ਇਲਾਕੇ ਤੇ, ਦੁਲਚਾ ਸਿੰਘ ਕਰੋੜ ਸਿੰਘੀਆ ਨੇ ਰਾਦੌਰ, ਲਾਡਵਾ ਤੇ ਦਾਮਲਾ ’ਤੇ ਮਿਹਰ ਸਿੰਘ ਨਿਸ਼ਾਨਵਾਲਾ ਨੇ ਜ਼ੀਰਾ ਤਹਿਸੀਲ ਦੇ ਕਈ ਪਿੰਡ ਪੰਜਾਬ ਸਿੰਘ ਨੇ ਸਢੋਰਾ ’ਤੇ।


ਗੁਰਬਖ਼ਸ਼ ਸਿੰਘ ਤੇ ਸੰਤਾਨ ਸਿੰਘ ਨੇ- ਫ਼ਿਰੋਜ਼ਪੁਰ, ਦੀਵਾਨ ਸਿੰਘ ਲੁੰਡਾ ਸਿਕੰਦਰਾ, ਸਹਨ, ਅਕਾਲਗੜ੍ਹ ਅੰਬਾਲਾ ਜ਼ਿਲ੍ਹਾ ਰਾਇ ਸਿੰਘ ਭੰਗੀ ਦੇ ਚਾਰੇ ਪੁੱਤਰਾਂ ਨੇ ਜਗਾਧਰੀ ਦੇ ਕੁੱਝ ਇਲਾਕਿਆਂ ’ਤੇ ਭਾਗ ਸਿੰਘ ਅਤੇ ਬੋਧ ਸਿੰਘ ਨੇ- ਪਹੋਵਾ, ਕੁਰੂਕੁਸ਼ੇਤਰ ਧਾਨੇਸਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਿਤਾੜੇ ਹੋਏ ਬੇਘਰ ਤੇ ਬਿਖਰੇ ਰਹੇ ਸਿੱਖਾਂ ਨੇ ਪੰਜਾਬ ਨੂੰ ਨਾ ਕੇਵਲ ਦੁਸ਼ਮਣਾਂ ਤੋਂ ਆਜ਼ਾਦ ਕਰਵਾਇਆ ਸਗੋਂ ਅਪਣਾ ਕਬਜ਼ਾ ਵੀ ਜਮਾਇਆ। ਪ੍ਰਸਿਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਤਾਂ ਇਸ ਘਟਨਾ ਨੂੰ ਗੁਰੂ ਜੀ ਦੀ ਕਰਾਮਾਤ ਹੀ ਦਸਦੇ ਹਨ ਕਿਉਂਕਿ ਸਦੀਆਂ ਦੀ ਗ਼ੁਲਾਮੀ, ਬੇਇੱਜ਼ਤੀ ਤੇ ਅੰਤਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਪਾਉਣਾ ਕੋਈ ਸੌਖੀ ਗੱਲ ਨਹੀਂ ਸੀ ਅਤੇ ਸਿੱਖਾਂ ਨੇ ਪੀੜਤ ਮਨੁੱਖਤਾ ਨੂੰ ਅਤੇ ਸਦੀਆਂ ਦੇ ਗ਼ੁਲਾਮਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਬਾਹਰ ਕਢਿਆ। ਸਿੱਖਾਂ ਨੇ ਖ਼ਲਕਤ ਨੂੰ ਆਜ਼ਾਦ ਹੀ ਨਹੀਂ ਕਰਵਾਇਆ ਸਗੋਂ ਉਨ੍ਹਾਂ ਨੂੰ ਇੱਜ਼ਤ-ਮਾਣ ਨਾਲ ਰਹਿਣ ਦਾ ਅਧਿਕਾਰ ਵੀ ਦਿਤਾ। ਹੁਣ ਸ. ਚੜਤ ਸਿੰਘ ਦੀ ਤਲਵਾਰ ਅਟਕ ਨੂੰ ਛੂਹੰਦੀ ਸੀ ਤੇ ਮਿਸਲਾਂ ਦਾ ਵਿਕਾਸ ਹੋਣ ਲੱਗਾ ਸੀ। ਅਠਾਰ੍ਹਵੀਂ ਸਦੀ ਦੇ ਅੰਤ ’ਚ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਪੰਜਾਬ ’ਤੇ ਪੂਰਨ ਰੂਪ ’ਚ ਅਪਣਾ ਅਧਿਕਾਰ ਕਰ ਲਿਆ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement