
ਸਾਨੂੰ ਚਾਹੀਦਾ ਹੈ ਕਿ ਮਹਿੰਗੇ ਦਿਖਾਵੇ ਭਰੇ ਸਮਾਨ, ਲਾਈਟਾਂ ਆਦਿ ਖ਼ਰੀਦਣ ਦੀ ਬਜਾਏ ਇਨ੍ਹਾਂ ਗ਼ਰੀਬਾਂ ਤੋਂ ਮਦਦ ਵਜੋਂ ਸਮਾਨ ਖ਼ਰੀਦੀਏ।
ਦੀਵਾਲੀ ਮੌਕੇ ਜਿਹੜੇ ਗ਼ਰੀਬ ਕਾਰੀਗਰ ਅਪਣੇ ਹੱਥ ਦੇ ਬਣੇ ਦੀਵੇ, ਕੁੱਜੀਆਂ ਤੇ ਹੋਰ ਸਮਾਨ ਸੜਕਾਂ ਦੇ ਕਿਨਾਰੇ ਬੈਠ ਕੇ ਦੀਵਾਲੀ ਮੌਕੇ ਵੇਚਦੇ ਹਨ, ਸਾਨੂੰ ਚਾਹੀਦਾ ਹੈ ਕਿ ਮਹਿੰਗੇ ਦਿਖਾਵੇ ਭਰੇ ਸਮਾਨ, ਲਾਈਟਾਂ ਆਦਿ ਖ਼ਰੀਦਣ ਦੀ ਬਜਾਏ ਇਨ੍ਹਾਂ ਗ਼ਰੀਬਾਂ ਤੋਂ ਮਦਦ ਵਜੋਂ ਸਮਾਨ ਖ਼ਰੀਦੀਏ। ਇਸ ਦੇ ਨਾਲ ਹੀ ਗ਼ਰੀਬ ਲੋਕਾਂ ਨੂੰ ਵੀ ਅਮੀਰ ਲੋਕਾਂ ਦੀ ਰੀਸ ਨਾ ਕਰ ਕੇ ਦੀਵਾਲੀ ਦਾ ਤਿਉਹਾਰ ਸਾਦੇ ਤਰੀਕੇ ਨਾਲ ਮਨਾਉਂਦੇ ਹੋਏ ਫ਼ਜ਼ੂਲ ਖ਼ਰਚੀ ਤੋਂ ਤੇ ਕਰਜ਼ਈ ਹੋਣ ਤੋਂ ਬਚਣਾ ਚਾਹੀਦਾ ਹੈ। ਇਹ ਵੀ ਯਾਦ ਰਖਿਆ ਜਾਵੇ ਕਿ ‘‘ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ ਪਰ ਗ਼ਰੀਬਾ ਤੇਰੀ ਖ਼ੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ।’’
ਬੇਸ਼ੱਕ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਘਰਾਂ ਦੀ ਸਾਫ਼ ਸਫ਼ਾਈ ਤੇ ਰੰਗ ਰੋਗਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਕ ਦੂਜੇ ਦਾ ਮੂੰਹ ਮਿਠਾ ਕਰਵਾਉਣਾ ਵੀ ਆਪਸੀ ਸਾਂਝ ਦਾ ਸੁਨੇਹਾ ਹੈ ਪ੍ਰੰਤੂ ਕੁੱਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਅਪਣੀ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ’ਚ ਦੇਰ ਰਾਤ ਤਕ ਡੀਜੇ ਵਜਾ ਕੇ ਤੇ ਸਾਂਝੀਆਂ ਗਲੀਆਂ ’ਚ ਪਟਾਕੇ ਚਲਾ ਕੇ ਉਥੋਂ ਲੰਘਣ ਵਾਲਿਆਂ ਲਈ ਮੁਸ਼ਕਲ ਪੈਦਾ ਕਰ ਕੇ ਕਈ ਵਾਰ ਝਗੜੇ ਦਾ ਕਾਰਨ ਬਣਦੇ ਹਨ।
ਦੀਵਾਲੀ ਮੁਬਾਰਕ ਉਨ੍ਹਾਂ ਨੂੰ
ਜੋ ਖ਼ੁਦ ਦੀਵੇ ਬਣ ਚਾਨਣ ਕਰਦੇ ਨੇ
ਰੌਸ਼ਨੀਆਂ ਦੇ ਵਾਰਸ ਜੋ
ਅੰਧਕਾਰ ਜਿਨ੍ਹਾਂ ਤੋਂ ਡਰਦੇ ਨੇ,
ਦੀਵਾਲੀ ਮੁਬਾਰਕ ਉਨ੍ਹਾਂ ਨੂੰ
ਜੋ ਖ਼ੁਦ ਦੀਵੇ ਬਣ ਚਾਨਣ ਕਰਦੇ ਨੇ
ਇਸ ਰੁੱਤ ਦੇ ਤਿਉਹਾਰਾਂ ਦੀ ਆਮਦ ਹੋ ਚੁੱਕੀ ਹੈ, ਦੀਵਾਲੀ ਤੋਂ ਪਹਿਲਾਂ ਦੁਸਹਿਰਾ ਮਨਾਇਆ ਗਿਆ, ਹੁਣ ਦੀਵਾਲੀ ਤੇ ਇਸ ਤੋਂ ਹਫ਼ਤਾ ਬਾਅਦ ਛੱਠ ਪੂਜਾ ਮਨਾਈ ਜਾਵੇਗੀ। ਦੀਵਾਲੀ ਭਾਵ ਦੀਵਿਆਂ ਵਾਲੀ ਜੋ ਦੋ ਸ਼ਬਦਾਂ ਦਾ ਸੁਮੇਲ ਹੈ। ਕਈ ਇਤਿਹਾਸਕਾਰਾਂ ਦਾ ਮਤ ਹੈ ਕਿ ਪੁਰਾਤਨ ਸਮਿਆਂ ’ਚ ਮਨੁੱਖ ਵਲੋਂ ਅਪਣੀ ਵੱਡੀ ਖ਼ੁੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਲੋਕਾਂ ਨੂੰ ਅਪਣੀ ਖ਼ੁਸ਼ੀ ਦੱਸੀ ਜਾਂਦੀ ਸੀ ਪਰ ਕਿਸੇ ਉੱਚੇ ਰੁਤਬੇ ਵਾਲੇ ਵਿਅਕਤੀ ਦੀ ਸਫ਼ਲਤਾ ਵੇਲੇ ਤਾਂ ਘਿਉ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਉਂਦੇ ਸਨ ਜਦਕਿ ਅਜੋਕੇ ਅਧੁਨਿਕ ਯੁੱਗ ’ਚ ਸਭ ਬਦਲ ਗਿਐ ਕਿਉਂਕਿ ਦੀਵਾਲੀ ਦਾ ਤਿਉਹਾਰ ਅੱਜ ਵੱਡੇ ਪਟਾਕੇ ਤੇ ਮਹਿੰਗੀਆਂ ਰੌਸ਼ਨੀਆਂ ਨਾਲ ਮਨਾਇਆ ਜਾਂਦਾ ਹੈ।
ਦੀਵਾਲੀ ਦੀ ਪ੍ਰੰਪਰਾ ਹਿੰਦੂ ਇਤਿਹਾਸ ਅਨੁਸਾਰ, ਸ੍ਰੀ ਰਾਮ ਚੰਦਰ ਜੀ ਇਸ ਦਿਨ 14 ਸਾਲ ਦਾ ਬਨਵਾਸ ਕੱਟ ਕੇ ਲੰਕਾ-ਪਤੀ ਰਾਵਣ ਨੂੰ ਯੁੱਧ ’ਚ ਮਾਰਨ ਉਪ੍ਰੰਤ ਅਯੋਧਿਆ ਪਹੁੰਚੇ ਸਨ। ਇਸ ਖ਼ੁਸ਼ੀ ਵਜੋਂ ਲੋਕਾਂ ਨੇ ਅਪਣੇ ਘਰਾਂ ’ਤੇ ਦੀਵੇ ਜਗਾਏ ਸਨ ਜੋ ਅੱਜ ਤਕ ਇਹ ਦਿਨ ਦੀਵਾਲੀ ਵਜੋਂ ਪ੍ਰਚੱਲਤ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਦੀਵਾਲੀ ਪਿੱਛੇ ਖੜੇ ਇਤਿਹਾਸ ਤੋਂ ਸਿਖਿਆ ਤਾਂ ਸਾਨੂੰ ਹੰਕਾਰ ਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ ਪ੍ਰੰਤੂ ਸਾਡੇ ਅਜੋਕੇ ਸਮਾਜ ’ਚ ਜੋ ਧਾਰਮਕ ਤੇ ਜਾਤੀਵਾਦੀ ਕੱਟੜਤਾ ਦੇ ਹੰਕਾਰੀ ਲੋਕ ਗ਼ਰੀਬਾਂ ’ਤੇ ਜ਼ੁਲਮ ਕਰਦੇ ਹਨ ਤੇ ਜੋ ਲੋਕ ਬੇਤਹਾਸ਼ਾ ਵੱਡੇ ਪਟਾਕੇ ਚਲਾ ਕੇ ਜ਼ਹਰੀਲੇ ਧੂੰਏਂ ਤੇ ਉੱਚੇ ਖੜ ਕੇ ਨਾਲ ਕਈ ਮਰੀਜ਼ਾਂ ਲਈ ਬੇਚੈਨੀ, ਸਾਹ ਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ ਤੇ ਕਈ ਅਮੀਰ ਲੋਕ ਫ਼ਜ਼ੂਲ ਖ਼ਰਚੀ ਕਰਦੇ ਹਨ ਪ੍ਰੰਤੂ ਕਿਸੇ ਗ਼ਰੀਬ ਨੂੰ ਮਜ਼ਦੂਰੀ ਦੇਣ ਵੇਲੇ ਉਸ ਨਾਲ ਬਹਿਸ ਕਰਨ ਲਗਦੇ ਹਨ।
ਕਈ ਸ਼ਰਾਬਾਂ ਆਦਿ ਪੀ ਕੇ ਤੇ ਲੜਾਈ ਝਗੜੇ ਕਰ ਕੇ ਸਮਾਜ ’ਚ ਅਸ਼ਾਂਤੀ ਫੈਲਾਉਂਦੇ ਹਨ। ਉਨ੍ਹਾਂ ਲਈ ਦੀਵਾਲੀ ਦੇ ਇਸ ਅਸੁੂਲ ਦਾ ਕੀ ਮਹੱਤਵ ਹੈ? ਬੇਸ਼ਕ ਇਸ ਤਿਉਹਾਰ ਨੂੰ ਬੁਰਾਈ ’ਤੇ ਨੇਕੀ ਦੀ ਜਿੱਤ ਵੀ ਕਿਹਾ ਜਾਂਦੈ ਪ੍ਰੰਤੂ ਅਜੋਕੇ ਹਾਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਤੇ ਵੱਡੇ ਅਧਿਕਾਰੀ ਅਪਣੇ ਮਾਤਹਿਤਾਂ (ਛੋਟੇ ਲੀਡਰਾਂ, ਛੋਟੇ ਮੁਲਾਜ਼ਮਾਂ ਤੇ ਲੋੜਵੰਦ ਜਨਤਾ) ਤੋਂ ਕੀਮਤੀ ਤੋਹਫ਼ੇ ਲੈਣ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।
ਇਹ ਵੀ ਵੇਖਿਆ ਜਾਂਦੈ ਕਿ ਵੱਡੇ ਘਰਾਂ ਵਲੋਂ ਕਾਫ਼ੀ ਬਚੀ ਹੋਈ ਮਿਠਾਈ ਆਦਿ ਨੂੰ ਕੂੁੜੇ ਦੇ ਢੇਰਾਂ ’ਤੇ ਸੁੱਟ ਦਿਤਾ ਜਾਂਦੈ ਪਰ ਕਿਸੇ ਗ਼ਰੀਬ ਦੀ ਮਦਦ ਨਹੀਂ ਕੀਤੀ ਜਾਂਦੀ ਜਦਕਿ ਸਾਡੇ ਦੇਸ਼ ’ਚ ਕਰੋੜਾਂ ਲੋਕਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸਾਡੇ ਦੇਸ਼ ’ਚ ਕਰੀਬ 20 ਕਰੋੜ ਤੋਂ ਵੱਧ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ। ਸਾਡੇ ਦੇਸ਼ ’ਚ 4 ਲੱਖ ਤੋਂ ਵੱਧ ਭਿਖਾਰੀ ਹਨ ਤੇ ਇੱਕਲੇ ਦਿੱਲੀ ’ਚ ਹੀ 50 ਹਜ਼ਾਰ ਤੋਂ ਵੱਧ ਬੱਚੇ ਭਿਖਾਰੀ ਹਨ। ਇੱਥੇ ਸੈਂਕੜੇ ਟਨ ਅਨਾਜ ਗੋਦਾਮਾਂ ’ਚ ਗ਼ਲਤ ਭੰਡਾਰਣ ਕਾਰਨ ਗਲ ਸੜ ਜਾਂਦਾ ਹੈ ਤੇ ਇਹੋ ਹੀ ਨਾ ਖਾਣਯੋਗ ਕਣਕ ਗ਼ਰੀਬਾਂ ਨੂੰ ਡਿਪੂਆਂ ਰਾਹੀਂ ਵੰਡੀ ਜਾਂਦੀ ਹੈ, ਜਿਵੇਂ ਗ਼ਰੀਬ ਤਾਂ ਇਨਸਾਨ ਹੀ ਨਾ ਹੋਵੇ। ਜਿਵੇਂ ਕਿ ਇਕ ਕਵੀ ਨੇ ਲਿਖਿਆ ਹੈ : ‘‘ਗ਼ਰੀਬ ਕੇ ਖ਼ੂਨ ਮੇ ਭੀ ਕਿਆ ਅਜੀਬ ਸੀ ਮਿਠਾਸ ਹੋਤੀ ਹੈ, ਜਿਸ ਕਾ ਦਾਉ ਲਗੇ ਵੋਹ ਪੀਤਾ ਜ਼ਰੂਰ ਹੈ।’’
ਇਥੇ ਇਹ ਵੀ ਵਿਚਾਰਨਯੋਗ ਹੈ ਕਿ ਅਤਿ ਗ਼ਰੀਬ ਤੇ ਝੁੱਗੀ ਝੌਂਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਤਰਸਦੇ ਹਨ ਤੇ ਇਨ੍ਹਾਂ ’ਚੋਂ ਬਹੁਤੇ ਤਾਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ’ਚੋਂ ਅਣ ਚੱਲੇ ਪਟਾਕੇ ਤੇ ਕੂੜੇ ਦੇ ਢੇਰਾਂ ਉਤੋਂ ਅਣ-ਵਰਤੀਆਂ ਮਠਿਆਈਆਂ ਅਪਣੀ ਰੋਜ਼ੀ ਰੋਟੀ ਲਈ ਲਭਦੇ ਆਮ ਵੇਖੇ ਜਾਂਦੇ ਹਨ। ਦੁਨੀਆਂ ਦੇ 107 ਮੁਲਕਾਂ ’ਚ ਭਾਰਤ ਦਾ 92ਵਾਂ ਸਥਾਨ ਭੁੱਖਮਰੀ ’ਚ ਹੈ। ਭਾਰਤ ਦੇ 15% ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਭਾਰਤ ਦੀ ਕਰੀਬ 17.5% ਜਨਸੰਖਿਆ ਭਾਵ 21 ਕਰੋੜ ਭੁੱਖਮਰੀ ਦੀ ਸ਼ਿਕਾਰ ਹੈ ਤੇ ਦੁਨੀਆਂ ਦੀ ਕੁਲ ਭੁੱਖਮਰੀ ਪੀੜਤ ਵਸੋਂ ਦਾ 25% ਇੱਕਲੇ ਭਾਰਤ ’ਚ ਹੈ। ਇਸ ਗ਼ਰੀਬੀ, ਭੁੱਖਮਰੀ ਤੋਂ ਤੰਗ ਆ ਕੇ ਕਈ ਲੋਕ ਗ਼ੁਲਾਮੀ ਕਰਦੇ, ਗ਼ਲਤ ਰਾਹ ਪੈਂਦੇ ਤੇ ਕਈ ਮਜਬੂਰੀ ਵਸ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ। ਜਿਨ੍ਹਾਂ ਬਾਰੇ ਕਹਿ ਸਕਦੇ ਹਾਂ, ‘‘ਦਿਲੋਂ ਮੇ ਖੋਟ ਹੈ ਪਰ ਉੂਪਰ ਸੇ ਪਿਆਰ ਕਰਤੇ ਹੈ, ਯੇਹ ਵੋਹ ਲੋਗ ਹੈਂ ਜੋ ਬਸ ਯਹੀ ਵਿਉਪਾਰ ਕਰਤੇ ਹੈਂ।’’
ਇਹ ਸਭ ਵੇਖ ਕੇ ਅਸੀਂ ਦੀਵਾਲੀ ਨੂੰ ਬੁਰਾਈ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਾਂਗੇ ਸਗੋਂ ਇਹ ਤਾਂ ਨੇਕੀ ਉਪਰ ਬੁਰਾਈ ਦੀ ਜਿੱਤ ਕਹੀ ਜਾ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਦੀਵੇ ਤਾਂ ਹਰ ਸਾਲ ਜਗਦੇ ਹਨ ਫਿਰ ਹਨੇ੍ਹਰਾ ਮਿੱਟ ਕਿਉਂ ਨਹੀਂ ਰਿਹਾ? ਸਾਡੇ ਸਮਾਜ ’ਚ ਲੋਕ ਸਹੀ ਗਿਆਨ, ਆਪਸੀ ਬਰਾਬਰੀ ਤੇ ਇਨਸਾਫ਼ ਵੰਡਣ ਦੀ ਥਾਂ ਹਉਮੈ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਤੇ ਅੰਧ-ਵਿਸ਼ਵਾਸ ਦਾ ਘੁੱਪ ਹਨੇਰਾ ਵੰਡ ਰਹੇ ਹੋਣ ਤੇ ਲੱਖਾਂ ਕਰੋੜਾਂ ਰੁਪਏ ਦੀ ਫ਼ਜ਼ੂਲ ਖ਼ਰਚੀ ਤੇ ਜ਼ਹਿਰੀਲਾ ਪਟਾਕਾ ਪ੍ਰਦੂਸ਼ਣ ਫੈਲਾਉਂਦੇ ਹੋਣ ਤੇ ਸਾਡੇ ਸਮਾਜ ’ਚ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ ਅਮੀਰੀ ਦਾ ਪਾੜਾ, ਬੇਰੁਜ਼ਗਾਰੀ, ਬਲਾਤਕਾਰ, ਲੁੱਟਾਂ-ਖੋਹਾਂ, ਗੁੰਡਾਗਰਦੀ ਜਿਹੇ ਜੁਰਮਾਂ ਦਾ ਹਨੇਰਾ ਦਿਨੋ ਦਿਨ ਵੱਧ ਰਿਹਾ ਹੋਵੇ ਤਾਂ ਇਹ ਕਹਿਣਾ ਤਾਂ ਸੁਭਾਵਕ ਹੀ ਹੈ ਕਿ ‘‘ਦੀਵੇ ਤਾਂ ਹਰ ਸਾਲ ਜਗਣ ਹਰ ਬਨੇਰੇ, ਫਿਰ ਵੀ ਕਿਉਂ ਮਿਟਣ ਨਾ ਹਨੇਰੇ?’’
ਦੀਵਾਲੀ ਮੌਕੇ ਜਿਹੜੇ ਗ਼ਰੀਬ ਕਾਰੀਗਰ ਅਪਣੇ ਹੱਥ ਦੇ ਬਣੇ ਦੀਵੇ, ਕੁੱਜੀਆਂ ਤੇ ਹੋਰ ਸਮਾਨ ਸੜਕਾਂ ਦੇ ਕਿਨਾਰੇ ਬੈਠ ਕੇ ਦੀਵਾਲੀ ਮੌਕੇ ਵੇਚਦੇ ਹਨ, ਸਾਨੂੰ ਚਾਹੀਦਾ ਹੈ ਕਿ ਮਹਿੰਗੇ ਦਿਖਾਵੇ ਭਰੇ ਸਮਾਨ, ਲਾਈਟਾਂ ਆਦਿ ਖ਼ਰੀਦਣ ਦੀ ਬਜਾਏ ਇਨ੍ਹਾਂ ਗ਼ਰੀਬਾਂ ਤੋਂ ਮਦਦ ਵਜੋਂ ਸਮਾਨ ਖ਼ਰੀਦੀਏ। ਇਸ ਦੇ ਨਾਲ ਹੀ ਗ਼ਰੀਬ ਲੋਕਾਂ ਨੂੰ ਵੀ ਅਮੀਰ ਲੋਕਾਂ ਦੀ ਰੀਸ ਨਾ ਕਰ ਕੇ ਦੀਵਾਲੀ ਦਾ ਤਿਉਹਾਰ ਸਾਦੇ ਤਰੀਕੇ ਨਾਲ ਮਨਾਉਂਦੇ ਹੋਏ ਫ਼ਜ਼ੂਲ ਖ਼ਰਚੀ ਤੋਂ ਤੇ ਕਰਜ਼ਈ ਹੋਣ ਤੋਂ ਬਚਣਾ ਚਾਹੀਦਾ ਹੈ। ਇਹ ਵੀ ਯਾਦ ਰਖਿਆ ਜਾਵੇ ਕਿ ‘‘ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ ਪਰ ਗ਼ਰੀਬਾ ਤੇਰੀ ਖ਼ੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ।’’
ਬੇਸ਼ੱਕ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਘਰਾਂ ਦੀ ਸਾਫ਼ ਸਫ਼ਾਈ ਤੇ ਰੰਗ ਰੋਗਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ।
ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਣਾ ਵੀ ਆਪਸੀ ਸਾਂਝ ਦਾ ਸੁਨੇਹਾ ਹੈ ਪ੍ਰੰਤੂ ਕੁੱਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਅਪਣੀ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ’ਚ ਦੇਰ ਰਾਤ ਤਕ ਡੀਜੇ ਵਜਾ ਕੇ ਤੇ ਗਲੀਆਂ ’ਚ ਪਟਾਕੇ ਚਲਾ ਕੇ ਉਥੋਂ ਲੰਘਣ ਵਾਲਿਆਂ ਲਈ ਮੁਸ਼ਕਲ ਪੈਦਾ ਕਰ ਕੇ ਕਈ ਵਾਰ ਝਗੜੇ ਦਾ ਕਾਰਨ ਬਣਦੇ ਹਨ। ਇੰਜ ਹੀ ਕਈ ਦੁਕਾਨਦਾਰ ਇਸ ਦਿਨ ਸਮਾਨ ਬਾਹਰ ਸੜਕ ਕਿਨਾਰੇ ਰੱਖ ਕੇ, ਰਸਤਾ ਰੋਕ ਕੇ ਟੈਫ਼ਿ੍ਰਕ ਜਾਮ ਲਾਉਣ ਦਾ ਕਾਰਨ ਬਣਦੇ ਹਨ। ਕਈ ਥਾਂਵਾਂ ਤੋਂ ਨਕਲੀ ਦੁੱਧ ਦਾ ਧੰਦਾ ਚਲਦਾ ਫੜਿਆ ਜਾਂਦਾ ਹੈ ਕਿਉਂਕਿ ਅੰਕੜੇ ਦਸਦੇ ਹਨ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਘਟੀ ਹੈ ਜਿਸ ਕਾਰਨ ਦੁੱਧ ਦੀ ਜ਼ਿਆਦਾ ਲੋੜ ਦੀ ਪੂਰਤੀ ਲਈ ਨਕਲੀ ਦੁੱਧ ਤਿਆਰ ਹੁੰਦਾ ਹੈ।
ਹਰ ਸਾਲ ਮੈਡੀਕਲ ਟੀਮਾਂ ਵਲੋਂ ਦੁੱਧ, ਪਨੀਰ, ਖੋਏ ਤੇ ਘਿਊ ਦੇ ਸੈਂਕੜੇ ਸੈਂਪਲ ਲਏ ਜਾਂਦੇ ਹਨ ਤੇ ਕਈ ਫ਼ੇਲ੍ਹ ਵੀ ਹੁੰਦੇ ਹਨ, ਸਰਕਾਰੀ ਸਖ਼ਤੀ ਬਾਰੇ ਵੀ ਕਿਹਾ ਜਾਂਦਾ ਹੈ ਪਰ ਇਸ ਦੇ ਨਤੀਜੇ ਹਨੇਰੇ ’ਚ ਰਹਿ ਜਾਂਦੇ ਹਨ ਜਿਸ ਦਾ ਕਾਰਨ ਪ੍ਰ੍ਰਸ਼ਾਸਨਿਕ ਮਿਲੀ-ਭੁਗਤ ਤੇ ਜਨਤਕ ਗ਼ੈਰ-ਜਾਗਰੂਕਤਾ ਹੀ ਹੈ। ਹੁਣ ਵੀ ਪੰਜਾਬ ਦੇ ਸਿਹਤ ਮੰਤਰੀ ਅਪਣੀਆਂ ਟੀਮਾਂ ਸਮੇਤ ਇਹ ਚੈਕਿੰਗ ਕਰ ਤਾਂ ਰਹੇ ਹਨ ਪਰ ਵੇਖੋ ਕੀ ਨਤੀਜਾ ਹੁੰਦਾ ਹੈ?
ਬੇਸ਼ੱਕ ਸਾਡੀ ਸਰਕਾਰ ਵਲੋਂ ਗ਼ੈਰ ਕਾਨੂੰਨੀ ਪਟਾਕਾ ਭੰਡਾਰਣ ਤੇ ਰੋਕ ਲਗਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਪੰਜਾਬ ਸਰਕਾਰ ਨੇ ਇਸ ਵਾਰ ਵੱਡੇ ਪਟਾਕੇ ਛੱਡ ਕੇ ਸਿਰਫ਼ ਗਰੀਨ ਪਟਾਕੇ ਹੀ ਦੀਵਾਲੀ ਵਾਲੀ ਰਾਤ 8 ਤੋਂ 10 ਵਜੇ ਤਕ ਚਲਾਉਣ ਦੇ ਆਦੇਸ਼ ਦਿਤੇ ਹਨ ਪ੍ਰੰਤੂ ਪ੍ਰਸ਼ਾਸਨ ’ਚ ਸਖ਼ਤੀ ਦੀ ਘਾਟ ਤੇ ਲੋਕਾਂ ਦੀ ਲਾਹਪ੍ਰਵਾਹੀ ਹੀ ਸਹੀ ਨਤੀਜੇ ਨਹੀਂ ਆਉਣ ਦਿੰਦੀ। ਕੇਂਦਰੀ ਗ੍ਰੀਨ ਟ੍ਰਿਬਿਊਨਲ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕਿਹਾ ਹੈ ਕਿ ਆਮ ਪਟਾਕਿਆਂ ’ਚੋਂ 95% ਹਵਾ ਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਤੇ ਇਵੇਂ ਹੀ ਹੁਣ ਸੁਪ੍ਰੀਮ ਕੋਰਟ ਵਲੋਂ ਵੀ ਇਸ ਅਨੁਸਾਰ ਹੀ ਟਿਪਣੀ ਕੀਤੀ ਗਈ ਹੈ ਕਿ ਪਟਾਕਾ ਵਪਾਰੀ ਇਕ ਅਤਿ-ਜ਼ਹਿਰੀਲੇ ਤੇ ਮਨੁੱਖੀ ਜਾਨ ਲਈ ਘਾਤਕ ਬੇਰੀਅਮ ਕੈਮੀਕਲ ਦਾ ਭੰਡਾਰ ਕਰਦੇ ਹਨ ਜੋ ਪਟਾਕੇ ਬਣਾਉਣ ’ਚ ਪੈਂਦਾ ਹੈ।
ਦੀਵਾਲੀ ਤਿਉਹਾਰ ਦਾ ਸਿੱਖ ਇਤਿਹਾਸ ਨਾਲ ਵੀ ਸਬੰਧ ਦਸਿਆ ਜਾਂਦਾ ਹੈ ਜਿਵੇਂ ਕਿ ਬੰਦੀਛੋੜ ਦਿਵਸ ਵਜੋਂ ਦੀਵਾਲੀ ਇਹ ਕਹਿ ਕੇ ਮਨਾਈ ਜਾਂਦੀ ਹੈ ਕਿ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪ੍ਰੰਤ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ ਜਿਸ ਖ਼ੁਸ਼ੀ ਵਜੋਂ ਇੱਥੇ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ ਜਦਕਿ ਕੁਝ ਇਤਿਹਸਕਾਰ ਗੁਰੂ ਜੀ ਦੀ ਰਿਹਾਈ ਦੇ ਸਮੇਂ ਨੂੰ ਇਸ ਦਿਨ ਤੋਂ ਬਾਅਦ ਦਾ ਦਸਦੇ ਹਨ। ਚਲੋ ਫਿਰ ਵੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ’ਚ ਇਸ ਦਿਨ ਸੰਗਤਾਂ ਨੂੰ ਧਾਰਮਕ ਉਪਦੇਸ਼ ਦੇਣਾ ਚੰਗੀ ਗੱਲ ਹੈ ਪ੍ਰੰਤੂ ਜੋ ਭਾਰੀ ਗਿਣਤੀ ਪਟਾਕੇ ਚਲਾ ਕੇ ਸਤਿਕਾਰਤ ਧਾਰਮਕ ਸਥਾਨਾਂ ਵਲੋਂ ਹੀ ਪ੍ਰਦੂਸ਼ਣ ਫਲਾਉਣ ’ਚ ਹਿੱਸਾ ਪਾਇਆ ਜਾਵੇ ਤਾਂ ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ ਜਿਨ੍ਹਾਂ ਨੇ ਗੁਰਬਾਣੀ ’ਚ ਫ਼ੁਰਮਾਇਆ ਹੈ ‘‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤਿ।’’
ਇਵੇਂ ਹੀ ਕਈ ਸਿੱਖ ਬੀਬੀਆਂ ਦੀਵਾਲੀ ਵਾਲੀ ਸ਼ਾਮ ਨੂੰ ਗੁਰਦਵਾਰਿਆਂ ’ਚ ਜਾਂਦੀਆਂ ਤਾਂ ਹਨ ਪ੍ਰੰਤੂ ਉਥੇ ਗੁਰਬਾਣੀ ਤੋਂ ਕੁੱਝ ਸਿੱਖਣ ਦੀ ਬਜਾਏ ਅੰਧ ਵਿਸ਼ਵਾਸ ’ਚ ਫਸ ਕੇ ਪਵਿੱਤਰ ਨਿਸ਼ਾਨ ਸਾਹਿਬ ਤੇ ਸਰੋਵਰ ਦੇ ਆਸ ਪਾਸ ਸਾਫ਼ ਸੁਥਰੀ ਜਗ੍ਹਾ ਤੇ ਮੋਮਬਤੀਆਂ ਜਗਾ ਕੇ ਮੋਮ ਨਾਲ ਸਫ਼ਾਈ ਖਰਾਬ ਕਰ ਦਿੰਦੀਆਂ ਹਨ ਤੇ ਐਸੀਆਂ ਹੀ ਕਈ ਸਿੱਖ ਬੀਬੀਆਂ ਜੋ ਪਾਠ ਵੀ ਕਰਦੀਆਂ ਹਨ, ਗੁਰਦੁਆਰੇ ਵੀ ਜਾਂਦੀਆਂ ਹਨ ਫਿਰ ਵੀ ਉਹ ਨਵਰਾਤਰੇ ਤੇ ਕਰਵਾ ਚੌਥ ਦੇ ਵਰਤ ਰਖਦੀਆਂ ਹਨ ਜੋ ਪਾਵਨ ਗੁਰਬਾਣੀ ਦਾ ਨਿਰਾਦਰ ਹੈ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ : ‘‘ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੁਹਾਗਨਿ ਨਾ ਓਹਿ ਰੰਡ।।’’ ਸੋ ਸਾਨੂੰ ਅਜਿਹੇ ਸਮਾਜ ਸੇਵੀ ਸੱਜਣਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਪ੍ਰਦੂਸ਼ਣ ਰਹਿਤ ਤੇ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹਨ ਜੋ ਖ਼ੁਦ ਮਨੁੱਖੀ ਦੀਵੇ ਬਣ ਕੇ ਗਿਆਨ ਤੇ ਜਾਗਰੂਕਤਾ ਦਾ ਚਾਨਣ ਕਰਦੇ ਹਨ। ਇਹ ਲੋਕ ਹੀ ਅਸਲ ’ਚ ਦੀਵਾਲੀ ਦੀ ਵਧਾਈ ਦੇ ਹੱਕਦਾਰ ਹਨ ।
- ਪਟਿਆਲਾ। ਮੋਬਾ: 86993-22704