ਅਣਗੌਲੇ ਸਿੱਖ ਦੇਸ਼ ਭਗਤ ਸੇਵਾ ਸਿੰਘ ਠੀਕਰੀਵਾਲਾ
Published : Feb 25, 2024, 3:02 pm IST
Updated : Feb 25, 2024, 3:02 pm IST
SHARE ARTICLE
Sardar Sewa Singh Thikriwala
Sardar Sewa Singh Thikriwala

ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਜੀ ਦੀ ਸ਼ਹੀਦੀ ਯਾਦ ’ਚ 18 ਤੋਂ 20 ਜਨਵਰੀ ਨੂੰ ਸਭਾ ਲਗਦੀ ਹੈ

ਸਰਦਾਰ ਸੇਵਾ ਸਿੰਘ ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ, ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਨਾਲ ਸਬੰਧਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦਵਾਨ ਜਨਮ ਸਾਲ 1878 ਤੇ ਕੁੱਝ ਹੋਰ ਵਿਦਵਾਨ ਜਨਮ ਸਾਲ 1886 ਵੀ ਦਸਦੇ ਹਨ। ਪਰ ਸਰਦਾਰ ਬਸੰਤ ਸਿੰਘ ਜੋ ਉਨ੍ਹਾਂ ਦੇ ਸਮਕਾਲੀ ਰਹੇ ਉਹ ਜਨਮ ਸਾਲ 1882 ਦਸਦੇ ਹਨ।

ਸੇਵਾ ਸਿੰਘ ਠੀਕਰੀਵਾਲਾ ਦੇ 3 ਭਰਾ ਸਰਦਾਰ ਗੁਰਬਖ਼ਸ਼ ਸਿੰਘ, ਸਰਦਾਰ ਨੱਥਾ ਸਿੰਘ, ਸਰਦਾਰ ਮੇਵਾ ਸਿੰਘ ਸਨ। ਇਕ ਨਿੱਕੀ ਭੈਣ ਗੁਰਬਖ਼ਸ਼ ਕੌਰ ਸੀ। ਉਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਪਟਿਆਲਾ ਦੇ ਉੱਘੇ ਅਹਿਲਕਾਰ ਸਨ। ਸੇਵਾ ਸਿੰਘ ਠੀਕਰੀਵਾਲਾ ਦਾ ਬਚਪਨ ਦਾ ਵਧੇਰਾ ਸਮਾਂ ਪਟਿਆਲਾ ਸ਼ਹਿਰ ਵਿਚ ਹੀ ਗੁਜ਼ਰਿਆ। ਪਟਿਆਲਾ ਦੇ ਮਾਡਲ ਸਕੂਲ ’ਚੋਂ (ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇਕ ਬਲਾਕ ਵਿਚ ਹੁੰਦਾ ਸੀ) ਅੱਠਵੀਂ ਜਮਾਤ ਪਾਸ ਕਰਨ ਉਪਰੰਤ ਮਹਾਰਾਜਾ ਪਟਿਆਲਾ ਦੇ ਦਰਬਾਰ ਵਿਚ ਮੁਸਾਹਿਬ ਨਿਯੁਕਤ ਹੋਏ। ਸਰਦਾਰ ਸੇਵਾ ਸਿੰਘ ਨੇ ਉਰਦੂ, ਫ਼ਾਰਸੀ, ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਐਨ ਵੀ ਵਖਰੇ ਤੌਰ ’ਤੇ ਕੀਤਾ। 

ਉਨ੍ਹਾਂ ਨੇ ਕੁੱਝ ਸਮਾਂ ਸਿਹਤ ਵਿਭਾਗ ਵਿਚ ਵੀ ਕੰਮ ਕੀਤਾ। ਉਨ੍ਹਾਂ ਨੇ ਬਰਨਾਲੇ ਵਿਖੇ ਵੀ ਪਲੇਗ ਅਫ਼ਸਰ ਦੇ ਤੌਰ ’ਤੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਭਾਈ ਅਰਜਨ ਸਿੰਘ ਗ੍ਰੰਥੀ, ਭਾਈ ਰਤਨ ਸਿੰਘ ਜ਼ੈਦ, ਭਾਈ ਨਰੈਣ ਸਿੰਘ ਤੇ ਭਾਈ ਭਾਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਉਨ੍ਹਾਂ ਜ਼ਿੰਦਗੀ ਵਿਚ ਰਿਹਾ। ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਅਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। 

ਗੁਰਬਖ਼ਸ਼ ਸਿੰਘ ਪਟਿਆਲੇ ਵਾਲਿਆਂ ਨੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਅੰਦਰ ‘ਸਿੰਘ ਸਭਾ’ ਦਾ ਪਿਆਰ ਭਰਿਆ। ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਹੀ ਸੇਵਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਆਜ਼ਾਦੀ ਲਈ ਸੰਘਰਸ਼ ਨੂੰ ਅਪਣੇ ਜੀਵਨ ਦਾ ਟੀਚਾ ਮਿੱਥ ਲਿਆ। ਉਨ੍ਹਾਂ ਨੇ ਸਮਾਜ ਵਿਚ ਵਧ ਰਹੇ ਨਸ਼ਿਆਂ, ਵਿਆਹਾਂ-ਸ਼ਾਦੀਆਂ ਸਮੇਂ ਹੋ ਰਹੇ ਫ਼ਜ਼ੂਲ-ਖ਼ਰਚੇ ਅਤੇ ਹੋਰ ਸਮਾਜਕ ਬੁਰਾਈਆਂ ਵਿਰੁਧ ਆਵਾਜ਼ ਵੀ ਬੁਲੰਦ ਕੀਤੀ।

26 ਜੂਨ 1917 ਨੂੰ ਉਨ੍ਹਾਂ ਨੇ ਜਰਨਲ ਬਖ਼ਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲ ਕੇ ਠੀਕਰੀਵਾਲਾ ਪਿੰਡ ਵਿਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ ਜਿਸ ਦੀ ਇਮਾਰਤ ਸਤੰਬਰ 1920 ਵਿਚ ਮੁਕੰਮਲ ਹੋਈ। ਬਾਅਦ ਵਿਚ ਇਹ ਗੁਰਦੁਆਰਾ ਸਰਦਾਰ ਸੇਵਾ ਸਿੰਘ ਦੀਆਂ ਧਾਰਮਕ ਸਰਗਰਮੀਆਂ ਦਾ ਕੇਂਦਰ ਬਣਿਆ।

ਇਸੇ ਸਮੇਂ ਦੌਰਾਨ ਹੀ ਆਪ ਜੀ ਨੇ ਪਿੰਡ ਵਿਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਵੀ ਪ੍ਰਬੰਧ ਕੀਤਾ।
1919 ਦੇ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨਾਲ ਉਨ੍ਹਾਂ ਦੀ ਰੂਹ ਕੁਰਲਾ ਉੱਠੀ। ਉਸ ਸਮੇਂ ਉਨ੍ਹਾਂ ਨੇ ਅਪਣੇ ਪਿੰਡ ਦੇ ਗੁਰਦੁਆਰੇ ਵਿਚ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿਚ ਪੰਜ ਅਖੰਡ-ਪਾਠ ਵੀ ਕਰਵਾਏ।

1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਉਹ ਅਪਣੇ ਵਲੋਂ ਸਿੰਘਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 1922  ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਵੀ ਉਨ੍ਹਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 1923 ਵਿਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁਖੀਆਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿਤੇ ਸਨ। ਇਸੇ ਲੜੀ ਤਹਿਤ ਸਰਦਾਰ ਸੇਵਾ ਸਿੰਘ ਨੂੰ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਲਗਭਗ 3 ਸਾਲ ਤਕ ਉਹ ਲਾਹੌਰ ਜੇਲ ਵਿਚ ਨਜ਼ਰਬੰਦ ਰਹੇ।

1926 ਨੂੰ ਤਿੰਨ ਸਾਲ ਬਾਅਦ ਜਦੋਂ ਉਹ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗੰਡਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਹਾਸੋਹੀਣਾ ਝੂਠਾ ਦੋਸ਼ ਲਾ ਕੇ ਮੁੜ ਗ੍ਰਿਫ਼ਤਾਰ ਕਰ ਲਿਆ। ਪਰ ਉਸੇ ਹੀ ਡੇਰੇ ਦੇ ਮਹੰਤ ਰਘਬੀਰ ਸਿੰਘ ਵਲੋਂ ਸੱਚਾਈ ਬਿਆਨ ਕਰਨ ’ਤੇ ਕਿ ਕੋਈ ਚੋਰੀ ਨਹੀਂ ਹੋਈ ਤੇ ਮੁਕੱਦਮਾ ਤਾਂ ਖਾਰਜ ਹੋ ਗਿਆ ਪਰ ਅੰਗਰੇਜ਼ ਹਕੂਮਤ ਦੀ ਬਦਨੀਤੀ ਕਾਰਨ ਬਿਨਾ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤਕ ਜੇਲ ਵਿਚ ਨਜ਼ਰਬੰਦ ਰਖਿਆ।

ਇਸੇ ਦੌਰਾਨ ਹੀ ਸੇਵਾ ਸਿੰਘ ਠੀਕਰੀਵਾਲਾ ਦੇ ਜੇਲ ਵਿਚ ਹੁੰਦਿਆਂ ਹੀ ਪਰਜਾ ਮੰਡਲ ਦੀ ਨੀਂਹ ਫ਼ਰਵਰੀ 1928 ਵਿਚ ਪਿੰਡ ਸੇਖਾ (ਬਰਨਾਲਾ) ’ਚ ਰੱਖੀ ਗਈ। ਬਖ਼ਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਤੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ। 
1931 ਵਿਚ ਜੀਂਦ ਅਤੇ 1932 ਵਿਚ ਮਲੇਰਕੋਟਲੇ ਵਿਖੇ ਕਿਸਾਨਾਂ ਵਲੋਂ ਕੀਤੇ ਗਏ ਅੰਦੋਲਨਾਂ ਵਿਚ ਉਨ੍ਹਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਪੰਥ ਉਤੇ ਹੋ ਰਹੇ ਹਮਲਿਆਂ ਨੂੰ ਨਸ਼ਰ ਕਰਨ ਲਈ ‘ਕੌਮੀ ਦਰਦ’ ਨਾਂ ਦਾ ਅਖ਼ਬਾਰ ਵੀ ਕਢਿਆ ਜਿਸ ਨੂੰ ਪੰਜਾਬ ਦੀ ਜਨਤਾ ਵਲੋਂ ਚੰਗਾ ਹੁੰਗਾਰਾ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ 13 ਜਨਵਰੀ 1933 ਨੂੰ ‘ਦੇਸ਼-ਦਰਦੀ’ ਸਪਤਾਹਕ ਅਖ਼ਬਾਰ ਦਾ ਪਹਿਲਾ ਪਰਚਾ ਵੀ ਕੱਢਿਆ। 

ਪਰਜਾ ਮੰਡਲ ਦੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਰਿਆਸਤੀ ਪਰਜਾ ਮੰਡਲ ਦੀਆਂ ਹੋਈਆਂ ਮਹੱਤਵਪੂਰਨ ਕਾਨਫ਼ਰੰਸਾਂ ਬਾਰੇ ਜਾਣਨਾ ਸਾਡੇ ਲਈ ਇਥੇ ਹੋਰ ਵੀ ਜ਼ਰੂਰੀ ਹੈ। ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫ਼ਰੰਸ ਦਸੰਬਰ 1929 ਵਿਚ ਲਾਹੌਰ ਦੇ ਬਰੈਡਲਾ ਹਾਲ ਵਿਚ ਹੋਈ ਸੀ, ਜਿਸ ਵਿਚ ਸੇਵਾ ਸਿੰਘ ਠੀਕਰੀਵਾਲਾ ਨੇ ਹਿੱਸਾ ਲਿਆ। ਇਸ ਵਿਚ ਜਿਥੇ ਜਨਤਾ ਦੀ ਮੰਦੀ ਹਾਲਤ ਸਬੰਧੀ ਵਿਚਾਰਾਂ ਹੋਈਆਂ, ਉਥੇ ਹੀ ਰਜਵਾੜਾਸ਼ਾਹੀ ਦੀ ਧੱਕੇਸ਼ਾਹੀ ਬਾਰੇ ਵੀ ਚਰਚਾ ਹੋਈ 

ਅਕਤੂਬਰ 1930 ਵਿਚ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਵਿਖੇ ਹੋਈ, ਜਿਸ ਵਿਚ ਤਕਰੀਰ ਕਰਦਿਆਂ ਸੇਵਾ ਸਿੰਘ ਨੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਖ਼ੁਦ ਬਖ਼ੁਦ ਮਿਟ ਜਾਣਗੇ।’’ ਇਸ ਕਾਨਫਰੰਸ ਤੋਂ ਬਾਅਦ ਸੇਵਾ ਸਿੰਘ ਨੂੰ ਗਿ੍ਰਫ਼ਤਾਰ ਕਰ ਕੇ, ਝੂਠਾ ਮੁਕਦਮਾ ਦਰਜ ਕਰ ਕੇ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ-ਪੰਜ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰਨਾ ਪਿਆ। 

ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ 1931 ਨੂੰ ਸ਼ਿਮਲਾ ਵਿਚ ਰੱਖੀ ਗਈ। ਇਥੇ ਸੇਵਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਰਿਆਸਤਾਂ ਦੀ ਆਜ਼ਾਦੀ ਤੋਂ ਇਲਾਵਾ ਰਾਜਨੀਤਕ ਵਿਚਾਰ-ਚਰਚਾ ਵੀ ਕੀਤੀ। ਇਸੇ ਸਾਲ ਹੀ ਰਿਆਸਤਾਂ ਦੀ ਸਰਬ ਹਿੰਦ ਜਥੇਬੰਦੀ ਵਲੋਂ ਬੰਬਈ (ਮੁੰਬਈ) ਵਿਚ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਸੇਵਾ ਸਿੰਘ ਪੰਜਾਬ ਦੇ ਪ੍ਰਤੀਨਿਧ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ ਸਨ। ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਪੂਰਾ ਜੀਵਨ ਹਮੇਸ਼ਾ ਹੀ ਅਪਣੇ ਲੋਕਾਂ ਤੇ ਕੌਮ ਦੀ ਸੇਵਾ ਵਿਚ ਹਾਜ਼ਰ ਰਿਹਾ। ਪੂਰੇ ਜੀਵਨ ਦੌਰਾਨ ਉਨ੍ਹਾਂ ਨੂੰ ਕਈ ਵਾਰ ਜੇਲ ਵੀ ਜਾਣਾ ਪਿਆ, ਜਿਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

- 1923 ਵਿਚ ਸ਼ਾਹੀ ਕਿਲ੍ਹਾ ਲਾਹੌਰ ਅਕਾਲੀ ਲੀਡਰਾਂ ਉਤੇ ਮੁੱਕਦਮਾ ਬਗ਼ਾਵਤ ਵਿਚ 3 ਸਾਲ ਨਜ਼ਰਬੰਦੀ।
- 1926 ਬਾਗੀ ਹੋਣ ਦੇ ਜੁਰਮ ਵਿਚ ਪਟਿਆਲਾ ਜੇਲ ਵਿਚ ਸਾਢੇ ਤਿੰਨ ਸਾਲ ਨਜ਼ਰਬੰਦੀ।
- 1930 ਵਿਚ ਬਗ਼ਾਬਤ ਦੇ ਜੁਰਮ ਵਿਚ ਪਟਿਆਲਾ ਜੇਲ ਵਿਚ ਛੇ ਸਾਲ ਕੈਦ, ਚਾਰ ਮਹੀਨੇ ਪਿੱਛੋਂ ਰਿਹਾਈ।
- 1931 ਸੰਗਰੂਰ ਸਤਿਆਗ੍ਰਹਿ, 4 ਮਹੀਨੇ ਜੇਲ ਹੋਈ।
- 1932 ਮਲੇਰਕੋਟਲਾ ਮੋਰਚਾ, 3 ਮਹੀਨੇ ਨਜ਼ਰਬੰਦੀ ਹੋਈ।

1933 ਪਟਿਆਲਾ ਹਦਾਇਤਾਂ  ਖ਼ਿਲਾਫ਼-ਵਰਜੀ ਦੇ ਬਾਗ਼ੀਆਨਾ ਜੁਰਮ ਵਿਚ 8 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ ਹੋਇਆ ਸੀ। ਇਹ ਕੈਦ ਅਜੇ ਡੇਢ ਸਾਲ ਹੀ ਕੱਟੀ ਸੀ ਕਿ ਇਸ ਦੌਰਾਨ ਜੇਲ ਦੇ ਅੰਦਰ ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿਤੀ। ਭੁੱਖ ਹੜਤਾਲ ਕਾਰਨ ਸੇਵਾ ਸਿੰਘ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਬਿਲਕੁਲ ਵੀ ਧਿਆਨ ਨਾ ਦਿਤਾ। ਇਥੇ ਹੀ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

20 ਦਸੰਬਰ 1938 ਨੂੰ ਜਦੋਂ ਸਰਦਾਰ ਸੇਵਾ ਸਿੰਘ ਦੀਆਂ ਅਸਥੀਆਂ ਠੀਕਰੀਵਾਲਾ ਲਿਆਂਦੀਆਂ ਗਈਆਂ ਤਾਂ ਪਿੰਡ ਦੀ ਸਰਬਸੰਮਤੀ ਨਾਲ ਸਰਦਾਰ ਜੀ ਦੀ ਯਾਦ ਵਿਚ ਇਕ ਹਾਈ ਸਕੂਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੀ ਜਿੰਮੇਵਾਰੀ ਸਰਦਾਰ ਉਜਾਗਰ ਸਿੰਘ ਭੌਰਾ ਨੂੰ ਦਿਤੀ ਗਈ ਸੀ ਜਿੰਨ੍ਹਾਂ ਨੇ ਅਪਣੇ ਸਾਥੀਆਂ ਨਾਲ ਮਿਲ ਕੇ 13 ਅਪ੍ਰੈਲ 1950 ਨੂੰ ਸ਼ਹੀਦ ਸੇਵਾ ਸਿੰਘ ਹਾਈ ਸਕੂਲ ਬਣਾਇਆ। ਬਾਅਦ ਵਿਚ ਇਸ ਸਕੂਲ ਦਾ ਪ੍ਰਬੰਧ ਸਰਕਾਰ ਦੇ ਹੱਥ ਆ ਗਿਆ। 28 ਜਨਵਰੀ 1960 ਨੂੰ ਸ੍ਰੀ ਐਨ.ਵੀ. ਗੈਡਵਿਲ ਗਵਰਨਰ ਪੰਜਾਬ ਨੇ ਇਸ ਸਕੂਲ ਦੀ ਇਮਾਰਤ ਦੀ ਆਰੰਭਕ ਰਸਮ ਅਦਾ ਕੀਤੀ। 

ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਜੀ ਦੀ ਸ਼ਹੀਦੀ ਯਾਦ ’ਚ 18 ਤੋਂ 20 ਜਨਵਰੀ ਨੂੰ ਸਭਾ ਲਗਦੀ ਹੈ। ਸਰਦਾਰ ਸੇਵਾ ਸਿੰਘ ਠੀਕਰੀਵਾਲਾ ਪਹਿਲਾਂ ਇਸ ਸਭਾ ਦਾ ਦੀਵਾਨ ਅਪਣੇ ਘਰ ਦੇ ਸਾਹਮਣੇ ਬਾਬਾ ਜੈਮਲ ਸਿੰਘ ਦੀ ਥਾਂ ਲਗਾਉਦੇ ਹੁੰਦੇ ਸੀ। ਬਾਅਦ ’ਚ ਇਹੀ ਸਭਾ ਨਵਾਬ ਕਪੂਰ ਸਿੰਘ ਦੇ ਇਤਿਹਾਸਕ ਗੁਰਦੁਆਰੇ ਵਿਚ ਲਗਦੀ ਰਹੀ ਹੈ।   ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਸ਼ੇਸ਼ ਗੁਣ ਸਬਰ, ਨਿਰਸੁਆਰਥ ਸੇਵਾ ਭਾਵਨਾ, ਕੌਮੀ ਜਜ਼ਬੇ ਤੇ ਬਾਗ਼ੀ ਸੁਭਾਅ ਤੋਂ ਸਾਨੂੰ ਤੇ ਸਾਡੇ ਸਮਿਆਂ ਦੀ ਹਾਣੀ ਪੀੜ੍ਹੀ ਨੂੰ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਜਾਚ ਸਿੱਖਣੀ ਚਾਹੀਦੀ ਹੈ।

 

SHARE ARTICLE

ਏਜੰਸੀ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement