
ਸਾਡੇ ਲੜਾਕੂ ਜਹਾਜ਼ਾਂ ਨੇ ਦੁਸ਼ਮਣ ਦੇ 51 ਟੈਂਕ, ਅਨੇਕਾਂ ਜੀਪਾਂ ਅਤੇ ਅਨੇਕਾਂ ਗੱਡੀਆਂ ਤਬਾਹ ਕਰ ਦਿਤੀਆਂ ਅਤੇ ਸਾਡੀ ਹੈਰਾਨੀਜਨਕ ਜਿੱਤ ਹੋਈ।
ਇਹ ਹਮਲਾ ਸਾਡੇ ਉਤੇ 60 ਟੈਂਕਾਂ ਅਤੇ ਪੂਰੇ ਬ੍ਰਿਗੇਡ ਦਾ ਹਮਲਾ ਸੀ। ਉਸ ਸਮੇਂ ਸਾਡੇ ਮੁੱਠੀ ਭਰ ਜਵਾਨਾਂ ਵਿਚ ਹਰੀ ਸਿੰਘ ਨਲੂਏ ਦੀ ਰੂਹ ਨੇ ਵਾਸ ਕੀਤਾ ਅਤੇ ਸਾਰਾ ਦਿਨ ਇਹ ਲੜਾਈ ਚਲਦੀ ਰਹੀ। ਸਾਡੇ ਲੜਾਕੂ ਜਹਾਜ਼ਾਂ ਨੇ ਦੁਸ਼ਮਣ ਦੇ 51 ਟੈਂਕ, ਅਨੇਕਾਂ ਜੀਪਾਂ ਅਤੇ ਅਨੇਕਾਂ ਗੱਡੀਆਂ ਤਬਾਹ ਕਰ ਦਿਤੀਆਂ ਅਤੇ ਸਾਡੀ ਹੈਰਾਨੀਜਨਕ ਜਿੱਤ ਹੋਈ।ਮੈਂ ਅਪਣੇ ਇਕ ਲੇਖ ਰਾਹੀਂ 1971 'ਚ ਲੌਂਗੇਵਾਲ (ਰਾਜਸਥਾਨ) ਪੋਸਟ ਦੀ ਮਸ਼ਹੂਰ ਲੜਾਈ ਬਾਰੇ ਅਤੇ ਕੁੱਝ ਮੌਜੂਦਾ ਹਾਲਾਤ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਸਾਰੇ ਪਾਠਕ ਵੀਰਾਂ ਦੇ ਮੈਨੂੰ ਫ਼ੋਨ ਆਏ ਅਤੇ ਮਾਣ-ਸਨਮਾਨ ਕੀਤਾ। ਨਾਲ ਸੁਝਾਅ ਦਿਤਾ ਕਿ ਇਸ ਬਾਰੇ ਹੋਰ ਜਾਣਕਾਰੀ ਅਖ਼ਬਾਰ ਰਾਹੀਂ ਦਿਤੀ ਜਾਵੇ। ਪਾਠਕਾਂ ਦੀ ਮੰਗ ਨੂੰ ਨਿਮਰਤਾ ਸਹਿਤ ਪ੍ਰਵਾਨ ਕਰ ਕੇ ਕੁੱਝ ਵਧੇਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਮੈਂ ਅਪਣੇ ਨਾਨਕੇ ਪਿੰਡ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਮੋਗਾ ਵਿਚ ਅਪਣੇ ਬਹੁਤ ਪਿਆਰੇ ਮਾਮੇ ਜਥੇਦਾਰ ਕਰਤਾਰ ਸਿੰਘ ਅਤੇ ਮੁਖ਼ਤਿਆਰ ਸਿੰਘ ਦੀ ਦੇਖ-ਰੇਖ ਵਿਚ ਜਵਾਨੀ ਵਿਚ ਪੈਰ ਧਰ ਕੇ ਮਿਤੀ 22-04-1971 ਨੂੰ 19 ਸਾਲ ਦੀ ਉਮਰ 'ਚ ਫ਼ੌਜ 'ਚ ਭਰਤੀ ਹੋਇਆ। ਭਰਤੀ ਹੋ ਕੇ ਮੈਂ ਪੰਜਾਬ ਰੈਜਮੈਂਟ ਸੈਂਟਰ ਵਿਚ ਗਿਆ। ਉਸ ਸਮੇਂ ਪਾਕਿਸਤਾਨ ਅਤੇ ਭਾਰਤ ਦੇ ਇਕ-ਦੂਜੇ ਨੂੰ ਘੂਰੀਆਂ ਵੱਟਣ ਕਰ ਕੇ ਅਤੇ ਜੰਗ ਦੀ ਸੰਭਾਵਨਾ ਕਰ ਕੇ ਸਾਡੀ ਸਿਖਲਾਈ ਵੀ 9 ਮਹੀਨੇ ਤੋਂ ਘਟਾ ਕੇ ਚਾਰ-ਸਾਢੇ ਚਾਰ ਮਹੀਨੇ ਸਖ਼ਤ ਸਿਖਲਾਈ ਕਰ ਦਿਤੀ ਗਈ। ਸਿਖਲਾਈ ਪੂਰੀ ਹੋਣ ਮਗਰੋਂ ਸਾਡੇ 10 ਸਾਥੀਆਂ ਨੂੰ ਮਿਤੀ 5 ਸਤੰਬਰ 1971 ਨੂੰ ਕਸਮ ਖੁਆ ਕੇ 23-ਪੰਜਾਬ ਵਿਚ ਬੀਕਾਨੇਰ ਭੇਜ ਦਿਤਾ ਗਿਆ। ਮਿਤੀ 1 ਅਕਤੂਬਰ, 1971 ਨੂੰ ਬਟਾਲੀਅਨ ਦਾ 'ਰੇਜ਼ਿੰਗ ਡੇਅ' ਸੀ, ਜਿਸ ਦਿਨ ਪਲਟਨ ਖੜੀ ਹੋਈ ਸੀ। ਇਸ ਦਿਨ ਨੂੰ ਧੂਮਧਾਮ ਨਾਲ ਮਨਾਇਆ ਗਿਆ। ਕਰਨਲ ਐਮ.ਕੇ. ਹੁਸੈਨ ਅਤੇ ਟੂ ਆਈ.ਸੀ. ਵਿਦੇਸ਼ ਪਾਂਡੇ ਦੀ ਕਮਾਨ ਹੇਠ ਜੈਸਲਮੇਰ ਅਤੇ ਅੱਗੇ ਬਾਰਡਰ ਦੇ ਨਜ਼ਦੀਕ ਵਾਲੀਆਂ ਪੋਸਟਾਂ ਉਤੇ ਸਾਨੂੰ ਤੈਨਾਤ ਕਰ ਦਿਤਾ ਗਿਆ। ਬਟਾਲੀਅਨ ਨੂੰ ਹੈੱਡਕੁਆਰਟਰ ਸੈਦੇਵਾਲਾ ਵਿਖੇ ਤੈਨਾਤ ਕਰ ਦਿਤਾ। ਸਾਡੀ ਅਲਫ਼ਾ ਕੰਪਨੀ ਦੇ ਕਮਾਂਡਰ ਉਸ ਸਮੇਂ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਸਨ। ਅਲਫ਼ਾ ਕੰਪਨੀ ਵਿਚ ਜਵਾਨਾਂ ਦੀ ਗਿਣਤੀ ਭਾਵੇਂ 120 ਸੀ ਪਰ ਕਦੇ ਵੀ ਪੂਰੀ ਗਿਣਤੀ ਹਾਜ਼ਰ ਨਹੀਂ ਹੁੰਦੀ ਜਿਵੇਂ ਕਿ ਪੰਜਾਬ ਦੇ 117 ਐਮ.ਐਲ.ਏ. ਅਤੇ ਸੰਸਦ ਦੇ 543 ਐਮ.ਪੀਜ਼. ਵਿਚੋਂ ਕਦੇ ਪੂਰੇ ਹਾਜ਼ਰ ਨਹੀਂ ਹੁੰਦੇ। ਕੁੱਝ ਜਵਾਨ ਕੁੱਝ ਜ਼ਰੂਰੀ ਡਿਊਟੀਆਂ ਤੇ ਗਏ ਹੁੰਦੇ ਹਨ। ਦੂਜਾ ਕਾਰਨ ਸਾਡੀ ਫ਼ੌਜ ਨੂੰ ਬਿਲਕੁਲ ਕੋਈ ਉਮੀਦ ਨਹੀਂ ਸੀ ਕਿ ਸਾਡੇ ਉਪਰ ਦੁਸ਼ਮਣ ਦਾ ਕੋਈ ਹਮਲਾ ਹੋਵੇਗਾ। ਸਾਡੇ ਲਗਭਗ 24 ਜਵਾਨ ਉਸ ਵੇਲੇ ਦੇ ਲੈਫ਼ਟੀਨੈਂਟ ਧਰਮਵੀਰ ਦੀ ਕਮਾਨ ਹੇਠ ਗਸ਼ਤ ਕਰਨ ਗਏ ਸਨ। ਅਚਾਨਕ 10 ਵਜੇ ਜਦੋਂ ਟੈਂਕ ਸਾਡੇ ਵਲ ਆ ਰਹੇ ਸਨ ਤਾਂ ਸਮੇਤ ਪੂਰੀ ਪਾਰਟੀ ਲੈਫ਼ਟੀਨੈਂਟ ਧਰਮਵੀਰ ਨੇ ਪੂਰੀ ਸੂਝ-ਬੂਝ ਅਤੇ ਦਲੇਰੀ ਭਰੀ ਕਾਰਵਾਈ ਕਰ ਕੇ ਅਪਣੇ-ਆਪ ਨੂੰ ਛੁਪਾ ਕੇ ਪੁਜ਼ੀਸ਼ਨਾਂ ਲੈ ਲਈਆਂ। ਉਹ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਹੁਸ਼ਿਆਰ ਕਰਦਿਆਂ ਟੈਂਕਾਂ ਦੀ ਭਿਅੰਕਰ ਗੜਗੜਾਹਟ ਬਾਰੇ, ਟੈਂਕਾਂ ਦੀ ਗਿਣਤੀ ਅਤੇ ਹਰਕਤ ਬਾਰੇ ਸੂਚਿਤ ਕਰਦੇ ਰਹੇ। ਸਾਰੇ ਜਵਾਨ ਜੇ.ਸੀ.ਓ. ਚਾਂਦਪੁਰੀ ਦੇ ਆਦੇਸ਼ ਅਨੁਸਾਰ ਰਾਤ 12:30 ਵਜੇ ਆਪੋ-ਅਪਣੇ ਮੋਰਚਿਆਂ 'ਤੇ ਡੱਟ ਕੇ ਦੁਸ਼ਮਣ ਦੀ ਉਡੀਕ ਕਰਦੇ ਰਹੇ। ਮੈਂ ਅਤੇ ਤਰਸੇਮ ਸਿੰਘ ਇਕੋ ਮੋਰਚੇ ਵਿਚ ਡਟੇ ਸੀ। ਲਗਭਗ 7 ਵਜੇ ਮੇਜਰ ਸਾਬ੍ਹ ਨੇ ਸੰਦੇਸ਼ ਭੇਜ ਕੇ ਇਕੱਠੇ ਹੋਣ ਲਈ ਕਿਹਾ। ਮੇਜਰ ਚਾਂਦਪੁਰੀ, ਸੂਬੇਦਾਰ ਰਤਨ ਸਿੰਘ ਅਤੇ ਸੂਬੇਦਾਰ ਕਰਨੈਲ ਸਿੰਘ ਬਾਜਵਾ ਅਤੇ ਸਾਡੇ ਕੁੱਝ ਅਤਿ ਸੀਨੀਅਰ ਐਨ.ਸੀ.ਓ. ਉਸ ਵੇਲੇ ਦੇ ਲਾਂਸ ਨਾਇਕ ਬਲਵੰਤ ਸਿੰਘ, ਨਾਇਕ ਚੰਦ ਸਿੰਘ ਅਤੇ ਨਵੇਂ ਅਤੇ ਪੁਰਾਣੇ ਜਵਾਨ ਇਕ-ਦੂਜੇ ਨੂੰ ਹੱਲਾਸ਼ੇਰੀ ਦਿੰਦੇ ਰਹੇ ਅਤੇ ਇਕ ਦੂਜੇ ਨੂੰ ਇਹ ਵੀ ਕਹਿੰਦੇ ਰਹੇ ਕਿ ਜੇ ਮੋਰਚੇ ਛੱਡ ਕੇ ਭੱਜੇ ਤਾਂ ਬਚਣ ਦੀ ਫਿਰ ਵੀ ਕੋਈ ਗਾਰੰਟੀ ਨਹੀਂ। ਜੇ ਬਚ ਵੀ ਗਏ ਤਾਂ ਸਾਰੀ ਉਮਰ ਦੀ ਨਮੋਸ਼ੀ ਨਾਲੋਂ ਲੜ ਕੇ ਸ਼ਹੀਦ ਹੋਣਾ ਬਿਹਤਰ ਹੈ। ਮੇਜਰ ਚਾਂਦਪੁਰੀ ਨੇ ਕਿਹਾ, ''ਹੁਣ ਅਸੀ ਇਕੋ ਜਿਹੇ ਹਾਂ। ਕੋਈ ਸੀਨੀਅਰ ਜਾਂ ਜੂਨੀਅਰ ਨਹੀਂ ਅਤੇ ਜੇ ਮੈਂ ਭੱਜਾਂ ਤਾਂ ਮੈਨੂੰ ਵੀ ਗੋਲੀ ਮਾਰ ਦੇਣਾ।'' ਸੂਬੇਦਾਰ ਰਤਨ ਸਿੰਘ ਉਮਰ ਵਿਚ ਸੱਭ ਤੋਂ ਵੱਡੇ ਸਨ। ਉਹ ਕਰਨੈਲ ਸਿੰਘ ਬਾਜਵਾ, ਹੌਲਦਾਰ ਬਾਵਾ ਸਿੰਘ ਚੰਦ, ਬਲਵੰਤ ਸਿੰਘ ਅਤੇ ਸਾਰੇ ਘੱਟ ਉਮਰ ਅਤੇ ਘੱਟ ਸਰਵਿਸ ਵਾਲੇ ਮੇਰੇ ਵਰਗੇ ਜਵਾਨਾਂ ਨੂੰ ਕਹਿੰਦੇ ਰਹੇ, ''ਅੱਜ ਤੁਹਾਡੇ ਖੋਖੇ ਅਤੇ ਰਾਊਂਡ ਕਿਸੇ ਨੇ ਨਾ ਗਿਣਨੇ ਹਨ ਅਤੇ ਨਾ ਹੀ ਜਮ੍ਹਾਂ ਕਰਵਾਉਣੇ ਹਨ। ਦੁਸ਼ਮਣ ਦੇ ਮਾਰੇ ਹੋਏ ਬੰਦੇ ਗਿਣਨੇ ਹਨ।''
ਸਾਡੇ ਕੰਪਨੀ ਕਮਾਂਡਰ ਚਾਂਦਪੁਰੀ ਸਾਹਿਬ ਦੀ ਗੱਲਬਾਤ ਵੀ ਹੈੱਡਕੁਆਰਟਰ ਵਿਚ ਹੋ ਰਹੀ ਸੀ ਅਤੇ ਉਹ ਪਲ-ਪਲ ਦੀ ਖ਼ਬਰ ਦੇ ਰਹੇ ਸਨ। ਏਅਰ ਫ਼ੋਰਸ ਵਲੋਂ ਦਿਨ ਚੜ੍ਹਨ ਤਕ ਡਟਣ ਅਤੇ ਮੁਕਾਬਲਾ ਕਰਦੇ ਰਹਿਣ ਲਈ ਕਿਹਾ ਗਿਆ ਸੀ।ਪਾਕਿਸਤਾਨੀ ਫ਼ੌਜ ਨੇ ਦਿਨ ਚੜ੍ਹਨ ਤੋਂ ਪਹਿਲਾਂ ਅਲੀ-ਅਲੀ ਦੇ ਨਾਹਰੇ ਲਾ ਕੇ ਕਈ ਵਾਰ ਹਮਲਾ ਕੀਤਾ। ਅਕਾਲ ਪੁਰਖ ਦੀ ਕ੍ਰਿਪਾ ਨਾਲ ਸਾਡਾ ਜੈਕਾਰਿਆਂ ਦਾ ਸ਼ੋਰ ਅਤੇ ਫ਼ਾਇਰਿੰਗ ਵਿਚੋਂ ਮੁੱਠੀ ਭਰ ਜਵਾਨਾਂ ਦੀ ਟੁਕੜੀ ਉਨ੍ਹਾਂ ਨੂੰ ਇਕ ਬ੍ਰਿਗੇਡ ਤੋਂ ਵੀ ਵੱਧ ਜਾਪਣ ਲੱਗੀ। ਪਾਕਿਸਤਾਨੀ ਫ਼ੌਜ ਕਾਮਯਾਬ ਨਾ ਹੋ ਸਕੀ। ਅਸੀ ਫ਼ਾਈਰਿੰਗ ਕਰਦੇ ਰਹੇ ਅਤੇ ਸਾਰੇ 'ਬੋਲੇ ਸੋ ਨਿਹਾਲ' ਦੇ ਉੱਚੀ-ਉੱਚੀ ਜੈਕਾਰੇ ਲਾਉਂਦੇ ਰਹੇ। ਲਗਭਗ ਰਾਤ ਦੇ 1:00 ਵਜੇ ਸਾਡੀਆਂ 2 ਆਰ.ਸੀ.ਐਲ. ਗੰਨਾਂ ਸਾਡੇ ਕੋਲ ਪਹੁੰਚੀਆਂ ਜਿਨ੍ਹਾਂ ਵਿਚੋਂ ਇਕ ਗੰਨ ਨੇ ਇਕ ਟੈਂਕ ਬਰਬਾਦ ਕੀਤਾ। ਪਾਕਿਸਤਾਨ ਦੇ 2 ਸੀਨੀਅਰ ਅਫ਼ਸਰ ਇਹ ਪਤਾ ਕਰਨ ਆ ਰਹੇ ਸਨ ਕਿ ਪਾਕਿਸਤਾਨ ਦੀ ਫ਼ੌਜ ਦੀ ਲੜਾਈ ਦੀ ਕੀ ਸਥਿਤੀ ਹੈ। ਸਾਡੀ ਇਕ ਆਰ.ਸੀ.ਐਲ. ਗੰਨ ਨੇ ਉਸ ਜੀਪ ਨੂੰ ਬਰਬਾਦ ਕਰ ਦਿਤਾ। ਉਨ੍ਹਾਂ ਦੇ ਦੋਵੇਂ ਅਫ਼ਸਰ ਮਾਰੇ ਗਏ। ਪਾਕਿਸਤਾਨ ਲਈ ਤਾਂ ਸ਼ਹੀਦ ਹੋਏ ਹੀ ਕਹੇ ਜਾ ਸਕਦੇ ਹਨ। ਉਨ੍ਹਾਂ ਦਾ ਇਕ ਹੈਲੀਕਾਪਟਰ ਰਾਤ ਦੇ ਹਨੇਰੇ ਵਿਚ ਧਰਮਵੀਰ ਜੀ ਅਤੇ ਗਸ਼ਤੀ ਪਾਰਟੀ ਉਤੋਂ ਲੰਘ ਕੇ ਆ ਰਿਹਾ ਸੀ। ਧਰਮਵੀਰ ਨੇ ਫ਼ਾਈਰਿੰਗ ਕਰ ਕੇ ਉਸ ਨੂੰ ਡੇਗਣ ਦੀ ਇਜਾਜ਼ਤ ਮੰਗੀ ਪਰ ਇਜਾਜ਼ਤ ਇਸ ਕਰ ਕੇ ਨਹੀਂ ਦਿਤੀ ਗਈ ਕਿ ਇਕ ਤਾਂ ਪੱਕਾ ਭਰੋਸਾ ਨਹੀਂ ਕਿ ਇਹ ਹੈਲੀਕਾਪਟਰ ਪਾਕਿਸਤਾਨ ਦਾ ਸੀ ਜਾਂ ਨਹੀਂ। ਜੇਕਰ ਪਾਕਿਸਤਾਨ ਦਾ ਵੀ ਹੋਵੇ ਤਾਂ ਇਹ ਸਾਡੀ ਧਰਮਵੀਰ ਗਸ਼ਤੀ ਪਾਰਟੀ ਦੀਆਂ ਕੀਮਤੀ ਜਾਨਾਂ ਨਾ ਚਲੀਆਂ ਜਾਣ। ਅਸਲ 'ਚ ਇਹ ਹੈਲੀਕਾਪਟਰ ਅਪਣੇ ਮਰੇ ਹੋਏ ਸੀਨੀਅਰ ਅਫ਼ਸਰਾਂ ਦੀਆਂ ਲਾਸ਼ਾਂ ਚੋਰੀ ਛੁਪੇ ਲੈ ਗਿਆ ਸੀ। ਰਾਤ ਦੇ 1 ਵਜੇ ਤੋਂ ਬਾਅਦ ਸਾਡੀ ਮਦਦ ਵਾਸਤੇ ਸਾਡੇ 3 ਟੈਂਕ ਵੀ ਆ ਗਏ ਅਤੇ ਸਾਡਾ ਇਕ ਟੈਂਕ ਦੁਸ਼ਮਣ ਦੇ ਟੈਂਕ ਨੇ ਬਰਬਾਦ ਕਰ ਦਿਤਾ।ਸਵੇਰੇ ਲਗਭਗ 7:30 ਵਜੇ ਸਾਡੇ ਲੜਾਕੂ ਜਹਾਜ਼ ਪਹੁੰਚ ਗਏ ਅਤੇ ਸਾਡੀ ਪੋਸਟ ਉਤੋਂ ਦੀ ਚੱਕਰ ਲਾਇਆ ਗਿਆ। ਸਾਡੇ ਪੱਗਾਂ ਵਾਲੇ ਜਵਾਨਾਂ ਵਲੋਂ ਪੁਜ਼ੀਸ਼ਨਾਂ ਬਦਲ ਬਦਲ ਕੇ ਭਜਦੇ ਅਤੇ ਫ਼ਾਇਰ ਕਰਦੇ ਵੇਖ ਕੇ ਤਸੱਲੀ ਕੀਤੀ। ਪਾਇਲਟਾਂ ਨੂੰ ਸ਼ੱਕ ਪੈ ਗਿਆ ਕਿ ਜੋ ਪੋਸਟ ਦੇ ਸਾਹਮਣੇ ਟੈਂਕ ਹਨ, ਉਹ ਭਾਰਤੀ ਹਨ ਜਿਸ ਕਰ ਕੇ ਪੋਸਟ ਬਚੀ ਹੈ। ਪਰ ਚਾਂਦਪੁਰੀ ਜੀ ਨੇ ਬਟਾਲੀਅਨ ਹੈੱਡਕੁਆਰਟਰ ਰਾਹੀਂ ਦੁਸ਼ਮਣ ਦੇ ਟੈਂਕ ਹੋਣ ਦੀ ਜਾਣਕਾਰੀ ਦੱਸ ਕੇ ਜਲਦੀ ਹਵਾਈ ਹਮਲੇ ਕਰਨ ਲਈ ਕਿਹਾ। ਇਸ ਤੋਂ ਬਾਅਦ ਸਾਡੀ ਏਅਰ ਫ਼ੋਰਸ ਦੇ ਲੜਾਕੂ ਜਹਾਜ਼ਾਂ ਨੇ ਤੂਫ਼ਾਨੀ ਕਾਰਵਾਈ ਸ਼ੁਰੂ ਕਰ ਦਿਤੀ। ਵਾਰੀ ਵਾਰੀ ਲੋਡ ਹੋ ਕੇ ਜਹਾਜ਼ ਆਉਂਦੇ ਅਤੇ ਕਾਰਵਾਈ ਕਰ ਕੇ ਹਨੇਰੀ ਬਣ ਜਾਂਦੇ ਅਤੇ ਫਿਰ ਦੂਜੇ ਦੋ ਆ ਜਾਂਦੇ। ਸਾਡੇ ਤੋਂ 250 ਗਜ਼ ਦੀ ਦੂਰੀ ਤੇ ਵੇਖੇ ਜਾਂਦੇ ਕੁੱਝ ਟੈਂਕਾਂ ਦੇ ਡਰਾਈਵਰ, ਲੋਡਰ ਅਤੇ ਕਮਾਂਡਰ ਟੈਂਕਾਂ ਵਿਚੋਂ ਬਾਹਰ ਨਿਕਲ ਕੇ ਭੱਜ ਰਹੇ ਸਨ ਜਿਨ੍ਹਾਂ ਉਤੇ ਅਸੀ ਭਾਰੀ ਫ਼ਾਇਰ ਕੀਤਾ। ਫਿਰ 9:30 ਵਜੇ ਲੈਫ਼ਟੀਨੈਂਟ ਧਰਮਵੀਰ ਵੀ ਅਪਣੀ ਸੂਝ-ਬੂਝ ਅਤੇ ਹੁਸ਼ਿਆਰੀ ਨਾਲ ਗਸ਼ਤੀ ਪਾਰਟੀ ਸਮੇਤ ਸੁਰੱਖਿਅਤ ਰਸਤੇ ਰਾਹੀਂ ਸਾਡੇ ਨਜ਼ਦੀਕ ਲਗਭਗ 200 ਗਜ਼ ਤੇ ਜੈਕਾਰੇ ਲਾਉਂਦੇ ਸਾਡੇ ਨਾਲ ਰਲ ਗਏ। ਉਹ ਨਜ਼ਾਰਾ ਵੇਖਣਯੋਗ ਸੀ ਜਦੋਂ ਸਾਡੇ ਲੜਾਕੂ ਜਹਾਜ਼ਾਂ ਨੇ ਤੂਫ਼ਾਨੀ ਹਮਲੇ ਕੀਤੇ ਅਤੇ ਦੂਜਾ ਸਾਡੀ ਗਸ਼ਤੀ ਪਾਰਟੀ ਸਾਡੇ ਨਾਲ ਰਲ ਗਈ ਜੋ ਕਿ ਸਾਨੂੰ ਉਮੀਦ ਹੀ ਨਹੀਂ ਸੀ ਕਿ ਇਹ ਬਚ ਕੇ ਆ ਜਾਣਗੇ।
Ministers with army
ਸਾਡੇ ਅਤੇ ਪਾਕਿਸਤਾਨੀ ਹਥਿਆਰਾਂ ਦੀ ਫ਼ਾਇਰਿੰਗ ਦੇ ਆਦਾਨ-ਪ੍ਰਦਾਨ ਅੱਗੜ-ਪਿਛੜ ਦੋ ਜਵਾਨ ਜਗਜੀਤ ਸਿੰਘ ਅਤੇ ਬਿਸ਼ਨ ਦਾਸ ਸ਼ਹੀਦ ਹੋ ਗਏ। ਤੀਜਾ ਜਵਾਨ ਸੂਬੇਦਾਰ ਸਮੀ ਚੰਦ ਦੀ ਕਮਾਨ ਹੇਠ ਅਪਣੇ ਸਾਥੀਆਂ ਨਾਲ 81 ਮੋਰਟਾਰ ਦੇ ਦੁਸ਼ਮਣ ਉਤੇ ਗੋਲਿਆਂ ਦਾ ਮੀਂਹ ਵਰ੍ਹਾ ਰਿਹਾ ਸੀ। ਉਹ ਵੀ ਸ਼ਹੀਦ ਹੋ ਗਿਆ। ਹਰਬੰਸ ਸਿੰਘ ਮਾਮੂਲੀ ਜ਼ਖ਼ਮੀ ਹੋਇਆ ਸੀ ਅਤੇ ਮਥਰਾ ਦਾਸ ਦੀਆਂ ਦੁਸ਼ਮਣ ਦੇ ਬ੍ਰਸਟ ਨਾਲ ਆਂਦਰਾਂ ਬਾਹਰ ਆ ਗਈਆਂ ਸਨ ਜਿਸ ਨੂੰ ਅਸੀ ਚੁੱਕ ਕੇ ਸੁਰੱਖਿਅਤ ਥਾਂ ਤੇ ਲਿਆਂਦਾ। ਬਾਅਦ ਵਿਚ ਉਹ ਠੀਕ ਹੋ ਗਿਆ ਸੀ।ਇਹ ਹਮਲਾ ਸਾਡੇ ਤੇ 60 ਟੈਂਕਾਂ ਅਤੇ ਪੂਰੇ ਬ੍ਰਿਗੇਡ ਦਾ ਹਮਲਾ ਸੀ। ਉਸ ਸਮੇਂ ਸਾਡੇ ਮੁੱਠੀ ਭਰ ਜਵਾਨਾਂ ਵਿਚ ਹਰੀ ਸਿੰਘ ਨਲੂਏ ਦੀ ਰੂਹ ਨੇ ਵਾਸ ਕੀਤਾ ਅਤੇ ਸਾਰਾ ਦਿਨ ਇਹ ਲੜਾਈ ਚਲਦੀ ਰਹੀ। ਸਾਡੇ ਲੜਾਕੂ ਜਹਾਜ਼ਾਂ ਨੇ ਦੁਸ਼ਮਣ ਦੇ 51 ਟੈਂਕ, ਅਨੇਕਾਂ ਜੀਪਾਂ ਅਤੇ ਅਨੇਕਾਂ ਗੱਡੀਆਂ ਤਬਾਹ ਕਰ ਦਿਤੀਆਂ ਅਤੇ ਸਾਡੀ ਹੈਰਾਨੀਜਨਕ ਜਿੱਤ ਹੋਈ।
ਸੀਜ਼ ਫ਼ਾਇਰ ਤੋਂ ਬਾਅਦ ਅਨੇਕਾਂ ਪੱਤਰਕਾਰ, ਵੱਡੇ ਨੇਤਾ ਅਤੇ ਰਖਿਆ ਮੰਤਰੀ ਜਗਜੀਵਨ ਰਾਮ ਵੀ ਆਏ ਅਤੇ ਇਸ ਲੜਾਈ ਦੀ ਪੂਰੀ ਜਾਣਕਾਰੀ ਹਾਸਲ ਕਰ ਕੇ ਬਹੁਤ ਖ਼ੁਸ਼ ਹੋਏ। ਲੜਾਈ ਲੜਨ ਵਾਲੇ ਜਵਾਨਾਂ ਨੂੰ ਮੁਰੱਬੇ ਦੇਣ ਅਤੇ ਪਲਾਟ ਦੇਣ ਦੇ ਵਾਅਦੇ ਕੀਤੇ ਗਏ ਜੋ ਰਾਜਸਥਾਨ ਦੀ ਰੇਤ ਵਾਂਗ ਹਨੇਰੀ ਵਿਚ ਉਡ ਗਏ ਅਤੇ ਕਿਸੇ ਨੂੰ ਕੁੱਝ ਨਾ ਦਿਤਾ ਗਿਆ। ਉਸ ਸਮੇਂ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਮਹਾਂਵੀਰ ਚੱਕਰ, ਸੂਬੇਦਾਰ ਰਤਨ ਸਿੰਘ ਨੂੰ ਵੀਰ ਚੱਕਰ ਅਤੇ ਜਗਜੀਤ ਸਿੰਘ ਨੂੰ ਮਰਨ ਮਗਰੋਂ ਵੀਰ ਚੱਕਰ ਦਿਤੇ ਗਏ। ਕਈ ਵਾਰ ਰਲ ਕੇ ਖੇਡਣ ਵਾਲੇ ਕ੍ਰਿਕੇਟ ਖਿਡਾਰੀ ਕਰੋੜਾਂ ਰੁਪਿਆਂ ਵਿਚ ਵਿਕਦੇ ਅਤੇ ਖੇਡਦੇ ਵੇਖੇ ਹਨ, ਪਰ ਦੇਸ਼ ਲਈ ਇਸ ਅਸਲੀ ਕ੍ਰਿਕਟ, ਖ਼ੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਕਿਸੇ ਨੇਤਾ ਨੇ ਨਹੀਂ ਪੁਛਿਆ।ਅਸੀ 1971 ਤੋਂ ਲੈ ਕੇ ਅੱਜ ਤਕ ਕੋਈ ਡੀਂਗਾਂ ਨਹੀਂ ਮਾਰੀਆਂ। ਇਹ ਕੋਈ ਮਨਘੜਤ ਕਹਾਣੀ ਨਹੀਂ। ਜੋਧਪੁਰ ਤੋਂ ਚੱਲ ਕੇ ਪੋਖਰਨ ਅਤੇ ਜੈਸਲਮੇਰ ਹੁੰਦੇ ਹੋਇਆਂ 525 ਕਿਲੋਮੀਟਰ ਰਾਜਸਥਾਨ ਲੋਂਗੇਵਾਲ ਪੋਸਟ ਦੀ ਪਵਿੱਤਰ ਧਰਤੀ ਅੱਜ ਵੀ ਕਲਗੀਧਰ ਦੇ ਪੁੱਤਰਾਂ ਦੀ ਬਹਾਦਰੀ ਦੀ ਗਵਾਹੀ ਭਰ ਰਹੀ ਹੈ। ਜੇ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ ਅੱਜ ਵੀ ਜਾ ਕੇ ਤਸੱਲੀ ਕਰ ਸਕਦਾ ਹੈ। ਅਫ਼ਸੋਸ ਅਤੇ ਭਰੇ ਮਨ ਨਾਲ ਲਿਖਣਾ ਪੈ ਰਿਹਾ ਹੈ ਕਿ ਸਿਰਫ਼ ਸੱਤਾ ਤੇ ਕਾਬਜ਼ ਹੋਣ ਵਾਸਤੇ ਸਾਡੇ ਨੇਤਾ ਅਪਣੇ ਬਣੇ 'ਰੱਬਾਂ' ਸਾਹਮਣੇ ਜਾ ਕੇ ਸਿਰਫ਼ ਵੋਟਾਂ ਦੀ ਖ਼ਾਤਰ ਪੈਰ ਧੋ-ਧੋ ਪੀਂਦੇ ਹਨ ਅਤੇ ਜਗਦੀਪ ਸਿੰਘ ਜੱਜ ਮੂਹਰੇ ਕੀਤੇ ਹੋਏ ਕੁਕਰਮਾਂ ਦੀ ਪੇਸ਼ੀ ਸਮੇਂ ਡਰਦੇ ਦਾ ਪਿਸ਼ਾਬ ਨਿਕਲ ਜਾਂਦਾ ਹੈ।ਸੰਨਿਆਸੀ ਅੰਨਾ ਹਜ਼ਾਰੇ ਤੋਂ ਅੱਗੇ ਨਿਕਲਣ ਲਈ ਜੰਤਰ-ਮੰਤਰ ਵਿਖੇ ਭ੍ਰਿਸ਼ਟਾਚਾਰ ਵਿਰੁਧ ਅਤੇ ਮਨਮੋਹਨ ਸਰਕਾਰ ਵਿਰੁਧ ਅੰਦੋਲਨ ਕਰਨ ਵਾਲਾ ਪੁਲਿਸ ਦੇ ਡਰੋਂ ਜ਼ਨਾਨਾ ਕਪੜੇ ਪਾ ਕੇ ਭੱਜ ਗਿਆ। ਸਾਡੇ ਸਾਰੇ ਰੈਂਕਾਂ ਵਾਲੇ ਜਵਾਨਾਂ ਨੇ ਦਰ ਤੇ ਖੜੀ ਮੌਤ ਨੂੰ ਵੰਗਾਰਿਆ। ਉਸ ਸਮੇਂ ਟੈਂਕਾਂ ਦੀ ਗੜਗੜਾਹਟ, ਮਾਰੂ ਹਥਿਆਰਾਂ ਅਤੇ ਗੋਲੀਆਂ ਦੀ ਵਰਖਾ ਅਤੇ ਪਾਕਿਸਤਾਨੀ ਫ਼ੌਜ ਦੇ ਅਲੀ-ਅਲੀ ਦੇ ਨਾਹਰੇ ਸਾਨੂੰ ਅਪਣੇ ਫ਼ਰਜ਼ ਤੋਂ ਨਹੀਂ ਡਰਾ ਸਕੇ। ਅਸੀ ਇਸ ਅਗਨੀ ਪ੍ਰੀਖਿਆ ਵਿਚੋਂ ਪੂਰੇ-ਪੂਰੇ ਨੰਬਰ ਲੈ ਕੇ ਪਾਸ ਹੋਏ। ਹੁਣ 05-12-2017 ਨੂੰ ਬਹੁਤ ਹੀ ਸੂਝਵਾਨ ਅਤੇ ਦੂਰਅੰਦੇਸ਼ ਜਨਰਲ ਓਮ ਪ੍ਰਕਾਸ਼ ਗੁਲੀਆ ਜੀ ਨੇ ਸਾਨੂੰ ਉਥੇ ਸੱਦ ਕੇ ਜੋ ਸਾਡਾ ਮਾਣ-ਸਨਮਾਨ ਕੀਤਾ ਉਹ ਦਸਣਾ ਬਹੁਤ ਹੀ ਮੁਸ਼ਕਲ ਹੈ। ਉਥੇ ਸਾਰੇ ਡਿੱਬ ਦੇ ਸਾਰੇ ਰੈਂਕਾਂ ਵਾਲੇ ਅਫ਼ਸਰ ਅਤੇ ਜਵਾਨਾਂ ਦੇ ਸਾਨੂੰ ਰੂ-ਬ-ਰੂ ਕੀਤਾ। ਸਾਡਾ ਤਹਿ ਦਿਲੋਂ ਮਾਣ-ਸਨਮਾਨ ਅਤੇ ਸੇਵਾ ਕੀਤੀ। ਸਾਨੂੰ 46 ਸਾਲਾਂ ਬਾਅਦ ਸਾਡੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਏ।