
ਅਗਲਾ ਨੁਕਤਾ ਹੈ ਕਿ ਗੁਰੂ ਦੀ ਕਥਿਤ ਦਲਾਲੀ ਕਰਨ ਵਾਲੇ ਆਪ ਗੁਰੂ ਨੂੰ ਕੀ ਭੇਟਾ ਕਰਦੇ ਹਨ ਕਿਉਂਕਿ ਹੁਕਮ ਤਾਂ ਹੈ 'ਘਾਲਿ ਖਾਇ ਕਿਛੁ ਹਥਉ ਦੇਇ'। ਇਸ ਦੇ ਜਵਾਬ ਵਿਚ...
(ਪਿਛਲੇ ਹਫ਼ਤੇ ਤੋਂ ਅੱਗੇ)
ਅਗਲਾ ਨੁਕਤਾ ਹੈ ਕਿ ਗੁਰੂ ਦੀ ਕਥਿਤ ਦਲਾਲੀ ਕਰਨ ਵਾਲੇ ਆਪ ਗੁਰੂ ਨੂੰ ਕੀ ਭੇਟਾ ਕਰਦੇ ਹਨ ਕਿਉਂਕਿ ਹੁਕਮ ਤਾਂ ਹੈ 'ਘਾਲਿ ਖਾਇ ਕਿਛੁ ਹਥਉ ਦੇਇ'। ਇਸ ਦੇ ਜਵਾਬ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਗੁਰੂ ਦੇ ਬਚਨਾਂ ਤੋਂ ਆਕੀ ਹਨ ਅਤੇ ਅਪਣੇ ਹੱਥੀਂ ਕੋਈ ਕਿਰਤ ਨਹੀਂ ਕਰਦੇ ਫਿਰ ਘਾਲ ਕਾਹਦੀ ਅਤੇ ਹੱਥੋਂ ਦੇਣਾ ਕਾਹਦਾ?
ਇਹ ਸੱਚੇ ਸੌਦੇ ਦੀ ਕਥਾ ਤਾਂ ਵਧਾ ਚੜ੍ਹਾ ਕੇ ਸੁਣਾਉਣਗੇ ਪਰ ਬਾਬੇ ਨਾਨਕ ਦੀ ਹੱਥੀਂ ਖੇਤੀ ਕਰਨ ਅਤੇ ਹਲ ਵਾਹੁਣ ਦੀ ਕਥਾ ਨੂੰ ਅਪਣੇ 'ਪ੍ਰਵਚਨਾਂ' ਵਿਚ ਕਦੀ ਥਾਂ ਨਹੀਂ ਦੇਣਗੇ ਸਗੋਂ ਕਹਿਣਗੇ ਕਿ ਸਾਡਾ ਨਾਮ ਜਪਣਾ ਅਤੇ ਸੰਗਤਾਂ ਨੂੰ ਤਨ, ਮਨ ਅਤੇ ਧਨ ਅਰਪਣ ਕਰਨ ਲਈ ਪ੍ਰੇਰਣਾ ਹੀ ਸਾਡੀ ਕਿਰਤ ਹੈ। ਰੱਬ ਬਚਾਏ ਅਜਿਹੇ ਕਿਰਤੀਆਂ ਤੋਂ।
Guru Nanak Dev Ji
ਪੰਜਵੇਂ ਨੁਕਤੇ ਵਿਚ ਅਸੀ ਵਿਚਾਰਨਾ ਹੈ ਕਿ ਸਾਥੋਂ ਗੁਰੂ ਦੇ ਨਾਮ ਤੇ ਲਈ ਭੇਟਾ ਗੁਰੂ ਤਕ ਪੁਜਦੀ ਵੀ ਹੈ? ਇਸ ਬਾਰੇ ਏਨਾ ਹੀ ਕਹਿਣਾ ਚਾਹਾਂਗਾ ਕਿ ਬਾਬੇ ਭੇਟਾ ਤਾਂ ਗੁਰੂ ਦੇ ਨਾਂ ਤੇ ਲੈਂਦੇ ਹਨ ਪਰ ਖ਼ਰਚ ਗੁਰੂ ਦੇ ਨਾਂ ਤੇ ਨਹੀਂ ਕਰਦੇ ਸਗੋਂ ਇਸ ਨੂੰ ਅਪਣੀ ਜਗੀਰ ਸਮਝਦੇ ਹਨ। ਜੇ ਭੁਲ-ਭੁਲੇਖੇ ਕਿਸੇ ਲੋੜਵੰਦ ਦੀ ਮਦਦ ਕਰ ਵੀ ਦੇਣ ਤਾਂ ਉਸ ਦਾ ਖ਼ੂਬ ਢੰਡੋਰਾ ਪਿਟਦੇ ਹਨ।
ਵੱਡੇ ਵੱਡੇ ਹੋਰਡਿੰਗ ਲਗਾ ਕੇ ਅਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਅਪਣੀ ਖ਼ੂਬ ਬੱਲੇ ਬੱਲੇ ਕਰਵਾਉਂਦੇ ਹਨ। ਠੀਕ ਉਵੇਂ ਜਿਵੇਂ ਸਰਕਾਰਾਂ ਜਨਤਾ ਕੋਲੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਧਨ ਲੋਕ ਲੁਭਾਵਣੀਆਂ ਸਕੀਮਾਂ ਵਿਚ ਲਗਾ ਕੇ ਕਹਿੰਦੀਆਂ ਹਨ 'ਵੇਖੋ ਜੀ, ਅਸੀ ਗ਼ਰੀਬਾਂ ਦੀ ਭਲਾਈ ਲਈ ਏਨੇ ਕਰੋੜ ਖ਼ਰਚ ਕਰ ਦਿਤੇ ਹਨ।'
ਅਗਲਾ ਨੁਕਤਾ ਹੈ ਕਿ ਜੇ ਸੰਗਤਾਂ ਵਲੋਂ ਦਿਤੀ ਭੇਟਾ ਗੁਰੂ ਤਕ ਨਹੀਂ ਪੁਜਦੀ ਤਾਂ ਇਸ ਦਾ ਕੀਤਾ ਕੀ ਜਾਂਦਾ ਹੈ? ਇਸ ਦਾ ਜਵਾਬ ਅਸੀ ਪ੍ਰਤੱਖ ਵੇਖ ਸਕਦੇ ਹਾਂ। ਕਰੋੜਾਂ ਦੀਆਂ ਜਾਇਦਾਦਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਲੱਖਾਂ ਦੀਆਂ ਗੱਡੀਆਂ ਖ਼ਰੀਦੀਆਂ ਜਾਂਦੀਆਂ ਹਨ। ਵੱਡੇ ਵੱਡੇ ਲੰਗਰ ਲਗਾਏ ਜਾਂਦੇ ਹਨ ਜਿਥੇ ਛੱਤੀ ਪ੍ਰਕਾਰ ਦੇ ਦੇਸੀ ਅਤੇ ਵਲਾਇਤੀ ਭੋਜਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਲੰਗਰਾਂ ਵਿਚ ਜ਼ਿਆਦਾ ਉਹੀ ਸ਼ਰਧਾਲੂ ਨਜ਼ਰ ਆਉਂਦੇ ਹਨ ਜਿਹੜੇ ਪਹਿਲਾਂ ਅਪਣੇ ਬੱਚਿਆਂ ਦੇ ਮੂੰਹੋਂ ਖੋਹ ਕੇ ਦੁੱਧ ਅਤੇ ਹੋਰ ਪਦਾਰਥਾਂ ਤੋਂ ਇਲਾਵਾ ਚੰਗੀ ਚੋਖੀ ਮਾਇਆ ਦੀ ਭੇਟ ਕਰ ਚੁੱਕੇ ਹੁੰਦੇ ਹਨ।
ਮਨੁੱਖ ਦੀ ਮਨੋਵਿਗਿਆਨਿਕ ਕਮਜ਼ੋਰੀ ਜਾਂ ਬਿਮਾਰੀ ਹੈ ਕਿ ਉਹ ਬਹੁਤ ਵੱਡੇ ਗੁਰਦਵਾਰੇ ਜਾਂ ਮੰਦਰ, ਬਹੁਤ ਵੱਡੇ ਲੰਗਰ, ਬਹੁਤ ਵੱਡੇ ਕੀਰਤਨ ਦਰਬਾਰ ਜਾਂ ਬਹੁਤ ਵੱਡੇ ਇਕੱਠ ਤੋਂ ਫ਼ਾਇਦਾ ਉਠਾ ਕੇ ਉਸ ਨੂੰ ਧਰਮ ਅਤੇ ਗੁਰੂ ਦੇ ਨਾਂ ਉਪਰ ਲੁਟਿਆ ਜਾਂਦਾ ਹੈ। ਲੁਟਿਆ ਵੀ ਇਸ ਤਰ੍ਹਾਂ ਜਾਂਦਾ ਹੈ ਕਿ ਲੁਟਿਆ ਜਾਣ ਵਾਲਾ ਅਪਣੇ ਆਪ ਨੂੰ ਵਡਭਾਗੀ ਸਮਝਦਾ ਹੈ ਕਿਉਂਕਿ ਉਸ ਨੂੰ ਵਾਰ ਵਾਰ ਯਾਦ ਕਰਵਾਇਆ ਜਾਂਦਾ ਹੈ ਕਿ ਉਹ ਵੱਡੇ ਭਾਗਾਂ ਵਾਲਾ ਹੈ ਜਿਹੜਾ ਇਨ੍ਹਾਂ ਦੇ ਸਮਾਗਮਾਂ ਵਿਚ ਹਾਜ਼ਰ ਹੋ ਕੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦਾ ਹੈ।
ਇਸ ਲਈ ਸਾਡੇ ਮੁਲਕ ਵਿਚ ਇਹ ਕਾਰੋਬਾਰ ਬਣ ਕੇ ਰਹਿ ਗਿਆ ਹੈ ਜਿਹੜਾ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਅਤੇ ਜਿਸ ਵਿਚ ਘਾਟੇ ਦੀ ਕੋਈ ਗੁੰਜਾਇਸ਼ ਹੀ ਨਹੀਂ।
ਇਹ ਗੁਰੂ ਦੇ ਬਚਨਾਂ ਤੋਂ ਆਕੀ ਹਨ ਅਤੇ ਅਪਣੇ ਹੱਥੀਂ ਕੋਈ ਕਿਰਤ ਨਹੀਂ ਕਰਦੇ ਫਿਰ ਘਾਲ ਕਾਹਦੀ ਅਤੇ ਹੱਥੋਂ ਦੇਣਾ ਕਾਹਦਾ। ਇਹ ਸੱਚੇ ਸੌਦੇ ਦੀ ਕਥਾ ਤਾਂ ਵਧਾ ਚੜ੍ਹਾ ਕੇ ਸੁਣਾਉਣਗੇ ਪਰ ਬਾਬੇ ਨਾਨਕ ਦੀ ਹੱਥੀਂ ਖੇਤੀ ਕਰਨ ਅਤੇ ਹਲ ਵਾਹੁਣ ਦੀ ਕਥਾ ਨੂੰ ਅਪਣੇ 'ਪ੍ਰਵਚਨਾਂ' ਵਿਚ ਕਦੀ ਥਾਂ ਨਹੀਂ ਦੇਣਗੇ ਸਗੋਂ ਕਹਿਣਗੇ ਕਿ ਸਾਡਾ ਨਾਮ ਜਪਣਾ ਅਤੇ ਸੰਗਤਾਂ ਨੂੰ ਤਨ, ਮਨ ਅਤੇ ਧਨ ਅਰਪਣ ਕਰਨ ਲਈ ਪ੍ਰੇਰਣਾ ਹੀ ਸਾਡੀ ਕਿਰਤ ਹੈ। ਰੱਬ ਬਚਾਏ ਅਜਿਹੇ ਕਿਰਤੀਆਂ ਤੋਂ।
ਆਉ ਅੱਗੇ ਵਿਚਾਰ ਕਰੀਏ ਕਿ ਕੀ ਗੁਰੂ ਵਿਸ਼ਾਲ ਅਤੇ ਆਲੀਸ਼ਾਨ ਇਮਾਰਤਾਂ ਜਾਂ ਗੁਰਦਵਾਰਿਆਂ ਉਪਰ ਰੀਝਦਾ ਹੈ? ਗੁਰਬਾਣੀ ਦਾ ਫ਼ੁਰਮਾਨ ਹੈ:
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ
ਕਿਤਹੀ ਕਾਮਿ ਨ ਧਉਲਹਰ ਜਿਤ ਰਹਿ ਬਿਸਰਾਏ
ਭਾਵ ਜੇ ਕੱਖਾਂ ਦੀ ਕੁੱਲੀ ਜਾਂ ਝੋਪੜੀ ਵਿਚ ਪ੍ਰਭੂ ਦੇ ਨਾਮ ਦੀ ਸਿਫ਼ਤ ਸਲਾਹ ਕੀਤੀ ਜਾਵੇ ਤਾਂ ਉਹ ਸਭਾਇਮਾਨ ਹੈ, ਕੀਮਤੀ ਹੈ ਪਰ ਜੇ ਉਸ ਨੂੰ ਵਿਸਾਰ ਕੇ ਮਹਿਲਨੁਮਾ ਇਮਾਰਤ ਜਾਂ ਗੁਰਦਵਾਰਾ ਵੀ ਉਸਾਰ ਲਈਏ ਤਾਂ ਉਹ ਕਿਸੇ ਕੰਮ ਦਾ ਨਹੀਂ। ਅਜਿਹੇ ਭਵਨ ਜਾਂ ਗੁਰਦਵਾਰੇ ਜਾਂ ਮੰਦਰ ਮਨੁੱਖ ਨੂੰ ਤਾਂ ਪ੍ਰਭਾਵਤ ਕਰ ਸਕਦੇ ਹਨ ਅਤੇ ਉਹ ਕਮਤਰੀ ਦੇ ਅਹਿਸਾਸ ਵਿਚ ਹੀ ਇਨ੍ਹਾਂ ਵਲ ਖਿਚਿਆ ਚਲਾ ਆਉਂਦਾ ਹੈ ਪਰ ਇਹ ਗੁਰੂ ਨੂੰ ਪ੍ਰਵਾਨ ਨਹੀਂ। ਵੱਡੇ ਵੱਡੇ ਗੁਰਦਵਾਰੇ ਉਸਾਰਨ ਨਾਲੋਂ ਚੰਗਾ ਹੈ ਕਿ ਵੱਡੇ ਵੱਡੇ ਸਕੂਲ ਅਤੇ ਕਾਲਜ ਖੋਹਲੇ ਜਾਣ ਜਿਸ ਨਾਲ ਮਨੁੱਖ ਗਿਆਨਵਾਨ ਹੋ ਕੇ ਅਪਣੇ ਅਸਲ ਦੀ ਖੋਜ ਕਰ ਸਕੇ।
ਇਸ ਪਾਸੇ ਕੁੱਝ ਡੇਰੇਦਾਰਾਂ ਨੇ ਯਤਨ ਵੀ ਕੀਤੇ ਹਨ ਪਰ ਇਹ ਨਾਕਾਫ਼ੀ ਹਨ ਅਤੇ ਬਹੁਤੀ ਵਾਰੀ ਵਪਾਰਕ ਕਾਰਨਾਂ ਕਰ ਕੇ ਕੀਤੇ ਜਾਂਦੇ ਹਨ। ਲਾਹਨਤ ਹੈ ਉਨ੍ਹਾਂ ਉਪਰ ਜਿਹੜੇ ਗੁਰਦਵਾਰਿਆਂ ਜਾਂ ਡੇਰਿਆਂ ਤੇ ਕਬਜ਼ਾ ਕਰਨ ਲਈ ਡਾਂਗ ਸੋਟਾ ਕਰਦੇ ਹਨ।
ਆਖ਼ਰੀ ਨੁਕਤਾ ਹੈ ਕਿ ਅਸੀ ਗੁਰੂ ਦੇ ਦਿਤੇ ਹੋਏ ਵਿਚੋਂ ਉਸ ਨੂੰ ਕੁੱਝ ਮੋੜ ਤਾਂ ਨਹੀਂ ਸਕਦੇ ਫਿਰ ਚੰਗਾ ਇਹੀ ਹੈ ਕਿ ਅਸੀ ਗੁਰੂ ਕੋਲੋਂ ਮੰਗਣ ਦੀ ਜਾਚ ਸਿਖੀਏ ਪਰ ਉਸ ਤੋਂ ਵੀ ਪਹਿਲਾਂ ਵਿਚਾਰ ਕਰੀਏ ਕਿ ਉਸ ਪਾਸੋਂ ਮੰਗਣਾ ਕੀ ਹੈ? ਮੰਗਣਾ ਮਨੁੱਖ ਦਾ ਸੁਭਾਅ ਹੈ। ਮਨੁੱਖ ਦੀ ਸਾਰੀ ਉਮਰ ਮੰਗਣ ਵਿਚ ਹੀ ਨਿਕਲ ਜਾਂਦੀ ਹੈ। ਬਹੁਤੀ ਵਾਰੀ ਉਸ ਦੀਆਂ ਮੰਗਾਂ ਬਚਕਾਨੀਆਂ ਹੁੰਦੀਆਂ ਹਨ ਅਤੇ ਅਕਸਰ ਦੁਖ ਦਾ ਕਾਰਨ ਬਣਦੀਆਂ ਹਨ। ਗੁਰਬਾਣੀ ਦਾ ਫ਼ੁਰਮਾਨ ਹੈ:
ਵਿਣੁ ਤੁਧੁ ਹੋਰ ਜਿ ਮੰਗਣਾ ਸਿਰਿ ਦੁਖਾ ਕੈ ਦੁਖ
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ
ਜਾਂ
ਕਰਤਾ ਤੂ ਮੇਰਾ ਜਜਮਾਨ
ਇਕ ਦਖਿਣਾ ਹਉ ਹੈ ਪਹਿ ਮਾਰਾਉ
ਦੇਹਿ ਆਪਣਾ ਨਾਮ। ਰਾਹਉ।
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨ
ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨ
ਜਾਂ
ਹਰਿ ਇਕੋ ਦਾਤਾ ਸੇਵੀਐ ਹਰਿ ਇਕ ਧਿਆਈਐ
ਹਰਿ ਇਕੋ ਦਾਤਾ ਮੰਡੀਐ ਮਨ ਚਿੰਦਿਆ ਪਾਈਐ
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਪਰਾਈਐ
Guru Nanak Dev Ji
ਭਾਵ ਹੇ ਪ੍ਰਭੂ ਤੇਰੇ ਤੋਂ ਬਿਨਾਂ ਸਾਡੀ ਮੰਗੀ ਕੋਈ ਵੀ ਮੰਗ ਦੁੱਖਾਂ ਦਾ ਕਾਰਨ ਹੀ ਬਣੇਗੀ। ਇਸ ਲਈ ਕ੍ਰਿਪਾ ਕਰੋ, ਅਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਤਾਂ ਜੋ ਸਾਡੇ ਮਨ ਦੀ ਭੁਖ ਮਿਟ ਜਾਵੇ। ਹੇ ਵਾਹਿਗੁਰੂ ਤੂੰ ਮੇਰਾ ਜਜਮਾਨ ਹੈਂ ਅਤੇ ਮੈਂ ਤੇਰਾ ਮਿਰਾਸੀ। ਕ੍ਰਿਪਾ ਕਰ ਕੇ ਅਪਣਾ ਨਾਮ ਦਿਉ ਤਾਂ ਜੋ ਮੈਂ ਪੰਜ ਵਿਕਾਰਾਂ ਤੋਂ ਬਚਿਆ ਰਹਾਂ, ਮੇਰੇ ਮਨ ਵਿਚ ਕਿਸੇ ਤਰ੍ਹਾਂ ਦਾ ਅਭਿਮਾਨ ਨਾ ਆਵੇ ਅਤੇ ਮੇਰੀ ਖੋਟੀ ਮੱਤ ਗੁਰੂ ਦੀ ਮੱਤ ਬਣ ਜਾਵੇ। ਇਸ ਦੇ ਨਾਲ ਹੀ ਦਾਤਾ ਜੀ ਮੈਨੂੰ ਅਪਣੇ ਦਰ ਦਾ ਮੰਗਤਾ ਬਣਾਈ ਰਖਣਾ ਕਿਉਂਕਿ ਕਿਸੇ ਦੂਜੇ ਪਾਸੋਂ ਮੰਗਣਾ ਮੇਰੀ ਲੱਜਾ ਦਾ ਹੀ ਕਾਰਨ ਬਣੇਗਾ ਤੇ ਮੈਂ ਤਾਂ ਜਿਊਂਦੇ ਜੀ ਹੀ ਮਰ ਜਾਵਾਂਗਾ।
ਅੰਤ ਵਿਚ ਬੇਨਤੀ ਕਰਾਂਗਾ ਕਿ ਗੁਰੂ ਨਾਲ ਜੁੜਨ ਲਈ ਗੁਰਬਾਣੀ ਤੋਂ ਸੇਧ ਲਉ। ਡੇਰਿਆਂ ਵਾਲੇ ਆਪੋ-ਅਪਣੇ ਡੇਰਿਆਂ ਨਾਲ ਜੋੜਦੇ ਹਨ, ਗੁਰੂ ਨਾਲ ਨਹੀਂ। ਗੁਰੂ ਨਾਲ ਜੁੜਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ। ਕਈ ਡੇਰਿਆਂ ਵਾਲੇ ਤਾਂ ਗੁਰੂ ਦੇ ਸ਼ਰੀਕ ਬਣੇ ਬੈਠੇ ਹਨ। ਜਿਹੜੇ ਆਪ ਗੁਰੂ ਤੋਂ ਬੇਮੁਖ ਹਨ, ਉਹ ਤੁਹਾਡਾ ਕੀ ਸੰਵਾਰਨਗੇ? ਜੇ ਅੱਗੇ ਭੁੱਲੇ ਬੈਠੇ ਹੋ ਤਾਂ ਅਪਣੀ ਭੁੱਲ ਨੂੰ ਸੁਧਾਰੋ। ਗੁਰੂ ਬਖਸ਼ਣਹਾਰ ਹੈ।
ਸੰਪਰਕ : 94784-39171