
ਗੱਲ ਅੱਜ ਤੋਂ ਤਕਰੀਬਨ ਤੀਹ ਕੁ ਸਾਲ ਪੁਰਾਣੀ ਹੈ। ਅਸੀ ਛੋਟੇ-ਛੋਟੇ ਹੁੰਦੇ ਸੀ। ਘਰ ਦਾ ਕਾਫ਼ੀ ਭਾਗ ਕੱਚਾ ਹੁੰਦਾ ਸੀ...........
ਗੱਲ ਅੱਜ ਤੋਂ ਤਕਰੀਬਨ ਤੀਹ ਕੁ ਸਾਲ ਪੁਰਾਣੀ ਹੈ। ਅਸੀ ਛੋਟੇ-ਛੋਟੇ ਹੁੰਦੇ ਸੀ। ਘਰ ਦਾ ਕਾਫ਼ੀ ਭਾਗ ਕੱਚਾ ਹੁੰਦਾ ਸੀ। ਇਕ ਬੈਠਕ ਤੇ ਝਲਾਨੀ ਹੁੰਦੀ ਸੀ ਤੇ ਬਾਕੀ ਬਹੁਤ ਖੁੱਲ੍ਹਾ ਵਿਹੜਾ। ਰੋਟੀ-ਟੁੱਕ ਬਾਹਰ ਚੌਂਕੇ ਉਤੇ ਬਣਦਾ ਸੀ। ਜੇ ਕਦੇ ਕਣੀਆਂ ਪੈਣ ਲੱਗ ਜਾਂਦੀਆਂ ਜਾਂ ਮੌਸਮ ਖ਼ਰਾਬ ਹੁੰਦਾ ਤਾਂ ਮਾਂ ਝਲਾਨੀ ਵਾਲੇ ਚੁਲ੍ਹੇ ਉਤੇ ਰੋਟੀ-ਪਾਣੀ ਤਿਆਰ ਕਰਦੀ ਸੀ। ਅਸੀਂ ਸਾਰੇ ਬੱਚੇ ਕੱਚੀਆਂ ਗਲੀਆਂ ਵਿਚ ਬਿਨਾਂ ਕਿਸੇ ਡਰ ਤੋਂ ਖੇਡਦੇ ਰਹਿੰਦੇ ਸੀ। ਖੇਡਦੇ-ਖੇਡਦੇ ਹੀ ਜਦੋਂ ਇਕ ਦੂਜੇ ਘਰ ਚਲੇ ਜਾਂਦੇ ਸੀ ਤੇ ਉੱਥੇ ਹੀ ਪੇਟ-ਪੂਜਾ ਕਰ ਲੈਂਦੇ ਸੀ। ਗਲੀਆਂ ਵਿਚ ਫਿਰਦਿਆਂ ਨੂੰ ਪਤਾ ਹੀ ਨਹੀਂ ਸੀ ਲਗਦਾ ਦਿਨ ਕਦੋਂ ਲੰਘ ਗਿਆ। ਗਲੀ ਵਿਚ ਖੇਡਦੇ ਨੂੰ ਜਿਸ ਨੇ
ਗੋਦੀ ਚੁੱਕ ਲਿਆ ਅਸੀ ਉਸ ਦੇ ਹੀ ਬਣ ਜਾਂਦੇ ਸੀ। ਜਿਸ ਨੇ ਖਾਣ ਲਈ ਕੁੱਝ ਦੇ ਦੇਣਾ ਮੈਂ ਉਸੇ ਮਗਰ ਹੀ ਤੁਰ ਪੈਂਦਾ ਸੀ। ਛੋਟੀ ਉਮਰ ਵਿਚ ਹੀ ਮੈਂ ਸੱਭ ਤੋਂ ਪਹਿਲਾਂ ਮਾਂ ਫਿਰ ਪਾਪਾ ਉਸ ਤੋਂ ਬਾਅਦ ਬਾਕੀ ਨੇੜੇ ਦੇ ਤਕਰੀਬਨ ਸਾਰੇ ਰਿਸ਼ਤਿਆਂ ਦੇ ਨਾਂ ਲੈਣੇ ਸਿੱਖ ਲਏ ਸਨ। ਥੋੜੀ ਵੱਡੀ ਉਮਰ ਹੋਈ ਤਾਂ ਘਰਦਿਆਂ ਨੇ ਇਹ ਸਮਝਾ ਦਿਤਾ ਕਿਸ ਨੂੰ ਕਿਵੇਂ ਬੋਲਣਾ ਹੈ ਤੇ ਕੌਣ ਅਪਣਾ ਹੈ ਅਤੇ ਕੌਣ ਬੇਗਾਨਾ? ਉਸ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਸੀ ਕਿ ਅਪਣਾ ਤੇ ਬੇਗਾਨਾ ਕੀ ਹੁੰਦਾ ਹੈ? ਥੋੜਾ ਹੋਰ ਵੱਡਾ ਹੋਇਆ ਤਾਂ ਘਰਦਿਆਂ ਨੇ ਸਕੂਲ ਵਿਚ ਪੜ੍ਹਨ ਲਗਾ ਦਿਤਾ। ਸਕੂਲ ਨੇ ਮੈਨੂੰ ਪੜ੍ਹਾਈ ਦੇ ਨਾਲ-ਨਾਲ ਇਹ ਵੀ ਸਿਖਾਇਆ ਕਿ ਦੂਜਿਆਂ ਨਾਲ ਕਿਵੇਂ ਮਿਲ ਜੁਲ ਕੇ
ਰਹਿਣਾ ਹੈ। ਉਥੋਂ ਹੀ ਮੈਂ ਮਿੱਤਰ ਬਣਾਉਣੇ ਸਿਖੇ। ਥੋੜਾ ਹੋਰ ਵੱਡੇ ਹੋਏ ਤਾਂ ਨੇੜੇ-ਤੇੜੇ ਵੱਡਿਆਂ ਨੂੰ ਵੇਖ ਕੇ ਉਨ੍ਹਾਂ ਵਰਗਾ ਬਣਨ ਦੇ ਸੁਪਨੇ ਲੈਣੇ ਸ਼ੁਰੂ ਕਰ ਦਿਤੇ। ਜਦੋਂ ਮੈਂ ਗੱਡੇ ਉਤੇ ਬੈਠ ਕੇ ਖੇਤ ਨੂੰ ਜਾਂਦਾ ਤਾਂ ਗੱਡੇ ਵਿਚ ਜੁੜੇ ਹੋਏ ਬਲਦਾਂ ਦਾ ਰੱਸਾ ਫੜਨ ਦੀ ਜ਼ਿੱਦ ਕਰਦਾ। ਇਸ ਉਤੇ ਬਾਪੂ ਨੇ ਕਹਿਣਾ, ''ਵੱਡਾ ਹੋ ਕੇ ਚਲਾਇਆ ਕਰੀਂ।'' ਮੈਂ ਉਸ ਸਮੇਂ ਉਨ੍ਹਾਂ ਦੀ ਗੱਲ ਸੁਣ ਕੇ ਭਾਵੇਂ ਚੁੱਪ ਕਰ ਜਾਂਦਾ ਸੀ ਪਰ ਦਿਲ ਕਰਦਾ ਸੀ ਕਿ ਬਸ ਰਾਤੋ-ਰਾਤ ਵੱਡਾ ਹੋ ਜਾਵਾਂ। ਥੋੜਾ ਹੋਰ ਵੱਡਾ ਹੋਇਆ ਤਾਂ ਮੈਂ ਚਾਅ-ਚਾਅ ਵਿਚ ਪਾਪਾ ਨਾਲ ਖੇਤਾਂ ਵਿਚ ਖ਼ੂਬ ਕੰਮ ਕਰਵਾਉਂਦਾ। ਖੇਤ ਨੂੰ ਜਾਂਦੇ ਸਮੇਂ ਗੱਡੇ ਵਿਚ ਜੁੜੇ ਬਲਦਾਂ ਦਾ ਰੱਸਾ ਮੇਰੇ ਹੱਥ ਹੀ ਹੁੰਦਾ ਸੀ। ਪਰ ਪਤਾ ਨਹੀਂ ਕਿਉਂ ਗੱਡੇ ਵਾਲੇ
ਬਲਦਾਂ ਦਾ ਰੱਸਾ ਫੜਨ ਦਾ ਸ਼ੌਂਕ ਥੋੜੇ ਹੀ ਸਮੇਂ ਬਾਅਦ ਉਤਰ ਗਿਆ। ਫਿਰ ਇਕ-ਇਕ ਕਰ ਕੇ ਸਮੇਂ ਨੇ ਮੇਰੀਆਂ ਸਾਰੀਆਂ ਜ਼ਿੱਦਾਂ ਪੂਰੀਆਂ ਕਰ ਦਿਤੀਆਂ, ਚਾਹੇ ਉਹ ਪੜ੍ਹਨ ਦੀਆਂ ਸਨ ਚਾਹੇ ਹੋਰ ਛੋਟੀਆਂ ਮੋਟੀਆਂ ਖ਼ੁਆਹਿਸ਼ਾਂ ਸਨ। ਪਿੰਡ ਦੇ ਮੇਰੇ ਕਿਸੇ ਮਿੱਤਰ ਦੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਕੱਚਾ ਘਰ ਢਾਹ ਕੇ ਪੱਕਾ ਘਰ ਬਣਾਉਣ ਦੀ ਸਲਾਹ ਦੇ ਦਿਤੀ। ਮੇਰੇ ਉਸ ਮਿੱਤਰ ਦੇ ਪਾਪਾ ਸਰਕਾਰੀ ਨੌਕਰੀ ਕਰਦੇ ਸਨ। ਇਸ ਲਈ ਉਹ ਹਰ ਰੋਜ਼ ਸ਼ਹਿਰ ਜਾਂਦੇ ਸਨ। ਉਥੇ ਉਨ੍ਹਾਂ ਦੇ ਕਿਸੇ ਮਿੱਤਰ ਨੇ ਉਨ੍ਹਾਂ ਨੂੰ ਅਪਣੇ ਸ਼ਹਿਰ ਵਿਚ ਬਣੇ ਪੱਕੇ ਮਕਾਨ ਦੇ ਫ਼ਾਇਦੇ ਦੱਸੇ ਤੇ ਸਲਾਹ ਦਿਤੀ ਕਿ ਉਹ ਵੀ ਹੁਣ ਪੱਕਾ ਘਰ ਬਣਾ ਲੈਣ ਜਿਸ ਨਾਲ ਉਸ ਦੀ ਪੂਰੇ ਪਿੰਡ ਵਿਚ ਟੌਹਰ ਬਣ
ਜਾਵੇਗੀ ਤੇ ਸਾਰਾ ਪਿੰਡ ਉਸ ਦਾ ਘਰ ਖੜ-ਖੜ ਕੇ ਵੇਖਿਆ ਕਰੇਗਾ। ਇੰਜ ਹੀ ਹੋਇਆ। ਜਦੋਂ ਉਨ੍ਹਾਂ ਨੇ ਪੱਕਾ ਘਰ ਬਣਾਇਆ ਤਾਂ ਪੂਰਾ ਪਿੰਡ ਉਨ੍ਹਾਂ ਦੇ ਹੀ ਘਰ ਨੂੰ ਵੇਖਿਆ ਕਰੇ। ਉਨ੍ਹਾਂ ਦਿਨਾਂ ਵਿਚ ਚੁਬਾਰਾ ਸਾਡੇ ਪਿੰਡ ਵਿਚ ਸਿਰਫ਼ ਉਨ੍ਹਾਂ ਨੇ ਹੀ ਪਾਇਆ ਸੀ। ਲੋਕ ਗੱਲਾਂ ਕਰਦੇ ਸੀ ਕਿ ਉਨ੍ਹਾਂ ਦੇ ਘਰ ਲੱਗੇ ਮਾਰਬਲ ਵਾਲੇ ਫਰਸ਼ਾਂ ਉਤੇ ਭਾਵੇਂ ਭੁੰਜੇ ਬੈਠ ਕੇ ਰੋਟੀ ਖਾ ਲਉ। ਕਿੰਨੀ ਹੀ ਦੇਰ ਪਿੰਡ ਵਿਚ ਉਨ੍ਹਾਂ ਦੇ ਘਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਮੇਰੇ ਵੀ ਦਿਲ ਵਿਚ ਇਹ ਪੱਕੇ ਘਰ ਵਾਲੀ ਠੁੱਕ ਘਰ ਕਰ ਗਈ। ਵੇਖ ਵੇਖ ਕੇ ਸੋਚ ਬਦਲ ਗਈ ਬਣੀ ਘਰ ਤਾਂ ਪੱਕਾ ਹੀ ਫੱਬਦਾ ਹੈ। ਮੇਰੇ ਵਾਂਗ ਹੋਰ ਵੀ ਪਿੰਡ ਵਿਚ ਕਈਆਂ ਨੂੰ ਉਨ੍ਹਾਂ ਦਾ ਪੱਕਾ ਘਰ ਸੋਹਣਾ ਲਗਿਆ ਹੋਣਾ।
ਤਾਂ ਹੀ ਤਾਂ ਸਾਲ ਕੁ ਬਾਅਦ ਹੋਰ ਕਈ ਘਰਾਂ ਨੇ ਢਾਹ ਕੇ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿਤੇ ਸਨ। ਜਦੋਂ ਸਾਡੇ ਘਰ ਵਿਚ ਨਵਾਂ ਮਕਾਨ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਤਾਂ ਬਾਕੀ ਸਾਰੇ ਤਾਂ ਲਗਭਗ ਸਹਿਮਤ ਹੋ ਗਏ ਪਰ ਦਾਦਾ ਦਾਦੀ ਜੀ ਇਸ ਗੱਲ ਲਈ ਨਾ ਮੰਨੇ। ਇਸ ਗੱਲ ਕਰ ਕੇ ਹੀ ਘਰ ਵਿਚ ਵੰਡੀਆਂ ਪੈ ਗਈਆਂ। ਪਾਪਾ ਹੋਰੀਂ ਤਿੰਨ ਭਰਾ ਸਨ। ਦਾਦੀ ਹੋਰਾਂ ਨੇ ਪਸ਼ੂਆਂ ਵਾਲੇ ਕੱਚੇ ਬਰਾਂਡੇ ਨਾਲ ਲਗਦਾ ਕੱਚਾ ਕੋਠਾ ਸਾਂਭ ਲਿਆ। ਉਸ ਵਕਤ ਮੈਨੂੰ ਲਗਿਆ ਸੀ ਕਿ ਦਾਦਾ-ਦਾਦੀ ਸਮੇਂ ਨਾਲ ਬਦਲ ਨਹੀਂ ਰਹੇ। ਉਨ੍ਹਾਂ ਨੂੰ ਪੱਕਾ ਘਰ ਬਣਾਉਣ ਲਈ ਸਹਿਮਤ ਹੋ ਜਾਣਾ ਚਾਹੀਦਾ ਸੀ। ਪਰ ਮੈਂ ਇਹ ਭੁੱਲ ਬੈਠਾ ਸੀ ਕਿ ਇਹ ਕੱਚਾ ਘਰ ਉਨ੍ਹਾਂ ਵੇਲਿਆ ਵਿਚ ਜਦੋਂ
ਲੋਕ ਛੱਤ ਲਈ ਵੀ ਤਰਸਿਆ ਕਰਦੇ ਸਨ, ਦਾਦਾ-ਦਾਦੀ ਹੋਰਾਂ ਨੇ ਕਿੰਨੀਆਂ ਰੀਝਾਂ ਨਾਲ ਬਣਾਇਆ ਹੋਣੈ। ਫਿਰ ਭਲਾਂ ਉਹ ਕਿਵੇਂ ਹੱਥੀਂ ਪਾਏ ਕੋਠੇ ਨੂੰ ਢਾਹੁਣ ਲਈ ਰਾਜ਼ੀ ਹੁੰਦੇ? ਅਸੀ ਅੱਡ ਹੋ ਕੇ ਪੱਕੀਆਂ ਬੈਠਕਾਂ ਪਾ ਲਈਆਂ। ਦਿਨ ਲੰਘਦੇ ਗਏ। ਉਸ ਤੋਂ ਕੁੱਝ ਸਮਾਂ ਬਾਅਦ ਅਸੀ ਹੋਰ ਉੱਤੇ ਚੁਬਾਰੇ ਪਾ ਲਿਆ। ਉਨ੍ਹਾਂ ਦਿਨਾਂ ਵਿਚ ਮੈਨੂੰ ਮਹਿਸੂਸ ਹੁੰਦਾ ਸੀ, ਜਿਵੇਂ ਪਿੰਡ ਵਿਚ ਕੋਈ ਸਾਡੇ ਵਰਗਾ ਘਰ ਤਾਂ ਹੈ ਹੀ ਨਹੀਂ। ਮਕਾਨ ਤਾਂ ਭਾਵੇਂ ਅਸੀ ਤਿੰਨਾਂ ਘਰਾਂ ਨੇ ਸੋਹਣੇ ਬਣਾ ਲਏ ਸੀ ਪਰ ਕਈ ਵਾਰ ਇਕੱਠੇ ਪ੍ਰਵਾਰ ਦਾ ਤਿੰਨ ਹਿੱਸਿਆਂ ਵਿਚ ਵੰਡਿਆ ਜਾਣਾ ਬਹੁਤ ਦੁੱਖ ਦਿੰਦਾ ਸੀ। ਜ਼ਿੰਦਗੀ ਵਿਚ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਇਹ ਗੱਲ ਮੈਨੂੰ ਉਸ ਸਮੇਂ
ਸਹੀ ਮਹਿਸੂਸ ਹੋਈ ਜਦੋਂ ਕਿਸੇ ਸਮੱਸਿਆ ਕਰ ਕੇ ਸਾਡਾ ਹੱਥ ਆਰਥਕ ਪੱਖੋਂ ਤੰਗ ਹੋ ਗਿਆ। ਉਸ ਵੇਲੇ ਸਾਂਝੇ ਪ੍ਰਵਾਰ ਦੀ ਬਹੁਤ ਕਮੀ ਮਹਿਸੂਸ ਹੋਈ ਕਿਉਂਕਿ ਸਾਂਝੇ ਘਰ ਵਿਚ ਪਤਾ ਹੀ ਨਹੀਂ ਸੀ ਲਗਦਾ ਕੌਣ ਮਿਹਨਤ ਕਰ ਰਿਹਾ ਹੈ ਤੇ ਕਿਸ ਨੇ ਕਿਹੜੀ ਲੋੜ ਪੂਰੀ ਕੀਤੀ। ਸਾਰਾ ਪ੍ਰਵਾਰ ਇਕ ਦੂਜੇ ਨਾਲ ਖੜ ਜਾਂਦਾ ਸੀ। ਇਸੇ ਕਰ ਕੇ ਪ੍ਰਵਾਰ ਹਿੱਸੇ ਆਇਆ ਦੁੱਖ ਸਰਿਆਂ ਦਾ ਸਾਂਝਾ ਹੋਣ ਕਰ ਕੇ ਓਨਾ ਦੁੱਖ ਨਹੀਂ ਸੀ ਦਿੰਦਾ ਤੇ ਪ੍ਰਵਾਰ ਹਿੱਸੇ ਆਈ ਖ਼ੁਸ਼ੀ ਸਾਰਿਆਂ ਦੀ ਸਾਂਝੀ ਹੋਣ ਕਰ ਕੇ ਦੂਣੀ ਹੋ ਜਾਂਦੀ ਸੀ। ਵੱਡੇ ਤੇ ਪੱਕੇ ਮਕਾਨ ਦੀ ਛੱਤ ਹੇਠ ਬੈਠਾ ਮੈਂ ਬਹੁਤ ਦੁਖੀ ਮਨ ਨਾਲ ਪੱਕਾ ਘਰ ਬਣਾਉਣ ਲਈ ਕੀਤੀ ਜ਼ਿੱਦ ਉੱਤੇ ਪਛਤਾ ਰਿਹਾ ਸੀ।
ਮੈਨੂੰ ਦੁਖੀ ਵੇਖ ਦਾਦਾ-ਦਾਦੀ ਮੇਰੇ ਕੋਲ ਆ ਗਏ। ਮੈਂ ਰੋਂਦਾ ਹੋਇਆ ਭੱਜ ਕੇ ਉਨ੍ਹਾਂ ਵਲ ਗਿਆ ਤੇ ਉਨ੍ਹਾਂ ਦੇ ਗਲੇ ਲੱਗ ਗਿਆ। ਮੈਂ ਦਾਦਾ ਜੀ ਨੂੰ ਕਿਹਾ, ''ਮੈਨੂੰ ਮਾਫ਼ ਕਰ ਦਿਉ।” ਤਾਂ ਦਾਦਾ ਜੀ ਕਹਿਣ ਲੱਗੇ, ''ਕੋਈ ਨਾ ਪੁੱਤਰ ਤੂੰ ਅਪਣੇ ਆਪ ਨੂੰ ਇਕੱਲਾ ਨਾ ਸਮਝੀਂ ਅਸੀ ਤੇਰੇ ਨਾਲ ਹਾਂ, ਪਰ ਇਕ ਗੱਲ ਜ਼ਰੂਰ ਕਹਾਂਗਾ ਪੁੱਤਰਾ! ਉੱਚੀਆਂ ਲੰਮੀਆਂ ਦਰਸ਼ਨੀ ਕੰਧਾਂ ਖੜੀਆਂ ਕਰ ਕੇ ਮਕਾਨ, ਕੋਠੀਆਂ ਤਾਂ ਬਣ ਜਾਂਦੀਆਂ ਹਨ ਪਰ ਘਰ, ਪ੍ਰਵਾਰ ਦੇ ਇਕਜੁਟ ਹੋਣ ਨਾਲ ਹੀ ਬਣਦੈ।”
ਸੰਪਰਕ : 97816-77772