
ਢਾਈ ਦਹਾਕੇ ਪਹਿਲਾਂ ਇਹੀ ਕੁੱਝ ਆਜ਼ਰਬਾਈਜਾਨ ਦੇ ਲੋਕਾਂ ਨਾਲ ਹੋਇਆ ਸੀ
ਨਵੀਂ ਦਿੱਲੀ: ਕਾਲਾ ਸਾਗਰ ਤੇ ਕੈਸਪੀਅਨ ਝੀਲ ਵਿਚਕਾਰ ਫੈਲੇ ਪਹਾੜੀ ਰਾਜਾਂ ਦੇ ਸਮੂਹ ਨੂੰ ਕਾਕੇਸ਼ੀਅਸ ਮੁਲਕ ਆਖਿਆ ਜਾਂਦਾ ਹੈ। ਕੁਦਰਤੀ ਨਜ਼ਾਰੇ, ਸ਼ਕਤੀ ਦੇ ਸੋਮੇ, ਭਿਆਨਕ ਭੂਚਾਲ, ਲੜਾਕਿਆਂ ਤੇ ਦੈਵੀ ਸੁਹੱਪਣ ਲਈ ਦੁਨੀਆਂ ਇਨ੍ਹਾਂ ਮੁਲਕਾਂ ਨੂੰ ਸਵਰਗ ਦਾ ਦਰਜਾ ਦਿੰਦੀ ਹੈ। ਜੌਰਜੀਆ ਤਾਂ ਰੂਸ ਦੀ ਅਸਿੱਧੀ ਮਾਰ ਹੇਠ ਪਹਿਲਾਂ ਹੀ ਖਿੰਡ-ਪੁੰਡ ਚੁੱੱਕਾ ਹੈ। ਆਰਮੇਨੀਆ ਤੇ ਆਜ਼ਰਬਾਈਜਾਨ ਦੀ ਆਪਸੀ ਖਹਿਬਾਜ਼ੀ ਆਮ ਨਾਗਰਿਕਾਂ ਲਈ ਬਹੁਤ ਦਰਦਨਾਕ ਸਾਬਤ ਹੋ ਰਹੀ ਹੈ। ਇਹ ਵੇਖਣਾ ਵੀ ਬਹੁਤ ਦਰਦਨਾਕ ਸੀ ਕਿ ਅਰਮੇਨੀਆਈ ਲੋਕਾਂ ਨੇ ਆਜ਼ਰਬਾਈਜਾਨ ਕੋਲੋਂ ਜੰਗ ਹਾਰਨ ਦੇ ਬਾਅਦ ਨਾਗੌਰਨੋ ਕਾਰਾਬਾਖ਼ ਖ਼ਿੱਤਾ ਛੱੱਡਣ ਵੇਲੇ ਅਰਮਾਨਾਂ ਨਾਲ ਬਣਾਏ ਅਪਣੇ ਘਰਾਂ ਨੂੰ ਅੱੱਗਾਂ ਲਗਾ ਦਿਤੀਆਂ।
Armenia
ਢਾਈ ਦਹਾਕੇ ਪਹਿਲਾਂ ਇਹੀ ਕੁੱਝ ਆਜ਼ਰਬਾਈਜਾਨ ਦੇ ਲੋਕਾਂ ਨਾਲ ਹੋਇਆ ਸੀ, ਜਦੋਂ ਅਰਮੇਨੀਆਈ ਲੋਕਾਂ ਨੇ ਉਨ੍ਹਾਂ ਨਾਲ ਅਣ-ਮਨੁੱਖੀ ਸਲੂਕ ਕੀਤਾ ਸੀ। ਆਹਿਸਤਾ-ਆਹਿਸਤਾ ਯੂਰਪੀ ਦੇਸ਼ ਤੇ ਮੱਧ ਏਸ਼ੀਆਈ ਮੁਲਕ ਧੜੇਬੰਦੀ ਵਿਚ ਗ੍ਰਸਤ ਹੁੰਦੇ ਪ੍ਰਤੀਤ ਹੋ ਰਹੇ ਹਨ। ਤੁਰਕੀ, ਇਜ਼ਰਾਈਲ ਤੇ ਪਾਕਿਸਤਾਨ ਕੇਵਲ ਵਪਾਰਕ ਸਬੰਧਾਂ ਕਾਰਨ ਆਜ਼ਰਬਾਈਜਾਨ ਦਾ ਸਾਥ ਦੇ ਰਹੇ ਹਨ। ਈਰਾਨ ਵੀ ਆਜ਼ਰਬਾਈਜਾਨ ਨੂੰ ਮਜਬੂਰੀਵਸ ਮਦਦ ਦਿੰਦਿਆਂ ਨਿਰਪੱਖ ਰੋਲ ਅਦਾ ਕਰਨ ਦਾ ਵੀ ਚਾਹਵਾਨ ਰਿਹਾ ਹੈ ਜਿਸ ਦੇ ਕਾਰਨ ਕੁੱਝ ਇਸ ਤਰ੍ਹਾਂ ਨਾਲ ਨੇ :-
Armenian
ਆਜ਼ਰਬਾਈਜਾਨ ਦੀ ਸ਼ੀਆ ਆਬਾਦੀ ਨੂੰ ਇਰਾਨ ਦੇ ਅਵਾਮ ਦਾ ਸਮਰਥਨ ਹੈ।
ਈਰਾਨੀ ਕ੍ਰਾਂਤੀਕਾਰੀ ਗਾਰਡ ਫੌਜਾਂ ਦੀ ਆਜ਼ਰਬਾਈਜਾਨ ਨੂੰ ਪੂਰੀ ਹਮਾਇਤ ਹੈ।
ਉੱਤਰੀ ਇਰਾਨ ਤੇ ਆਜ਼ਰਬਾਈਜਾਨ ਦੇ ਲੋਕ ਨਸਲੀ ਤੌਰ ਤੇ ਇਕੋ ਹਨ।
ਤਹਿਰਾਨ ਸੱਤਾ ਦੀ ਵਿਦੇਸ਼ ਨੀਤੀ ‘ਉਮ-ਅਲ-ਕੁਰਾ’ ਜਾਂ ਖ਼ੁਦ ਨੂੰ ਸ਼ੀਆ ਮੁਸਲਮਾਨ ਮੁਲਕ ਦੀ ਮਾਂ ਮੰਨਣ ਤੇ ਆਧਾਰਤ ਹੈ। ਇਹ ਸਿਧਾਂਤ ਸੱੱਤਾ ਦੀ ਨੀਤੀ ਨੂੰ ਆਸਵਾਦ ਤੋਂ ਯਥਾਰਥਵਾਦ ਵਲ ਲੈ ਕੇ ਜਾਦੀਂ ਹੈ। ਇਸ ਸਿਧਾਂਤ ਅਨੁਸਾਰ ਜੇਕਰ ਇਰਾਨੀ ਸੱਤਾ ਖ਼ਤਮ ਹੁੰਦੀ ਹੈ ਤਾਂ, ਸ਼ੀਆ ਮੁਸਲਮਾਨਾਂ ਦੀ ਕੋਈ ਵੀ ਰਖਿਆ ਨਹੀਂ ਕਰੇਗਾ। ਇਸ ਲਈ ਅਪਣੀ ਸੱਤਾ ਦੀ ਮਜ਼ਬੂਤੀ ਤੇ ਸੁਰੱੱਖਿਆ ਕਿਸੇ ਵੀ ਕੀਮਤ ਤੇ ਬਰਕਰਾਰ ਰਖਣੀ ਬਹੁਤ ਜ਼ਰੂਰੀ ਹੈ। ਕੱੁਝ ਕੁ ਮੁਸਲਮਾਨਾਂ ਦੀ ਜ਼ਿੰਦਗੀ ਨਾਲੋਂ ਇਸਲਾਮੀ ਸੱਤਾ ਬਚਾਉਣੀ ਬਹੁਤ ਜ਼ਰੂਰੀ ਹੈ।
ਈਰਾਨ ਨੂੰ ਇਸ ਖ਼ਿੱੱਤੇ ਵਿਚ ਪਾਈਪ ਲਾਈਨ ਨੈੱਟਵਰਕ ਬਣਨ ਨਾਲ ਬਹੁਤ ਫ਼ਾਇਦਾ ਹੋਵੇਗਾ। ਰੂਸ ਆਰਮੇਨੀਆ ਦੀ ਪ੍ਰਭੂਸੱਤਾ ਦੀ ਰਖਿਆ ਕਰਨ ਬਾਰੇ ਵਚਨਬੱਧ ਹੈ ਪਰ ਨਾਗੌਰਨੋ ਕਾਰਾਬਾਖ ਖੇਤਰ ਵਿਚ ਕਿਸੇ ਵੀ ਲੜਾਈ ਦੀ ਸੂਰਤ ਵਿਚ ਆਜ਼ਰਬਾਈਜਨ ਤੇ ਆਰਮੇਨੀਆ ਨੂੰ ਹਥਿਆਰਾਂ ਦੀ ਸਪਲਾਈ ਦਿੰਦਾ ਹੈ ਕਿਉਂਕਿ ਇਹ ਖ਼ਿੱੱਤਾ ਕਿਸੇ ਵੀ ਮੁਆਹਿਦੇ ਤਹਿਤ ਨਹੀਂ ਆਉਂਦਾ। ਸੰਸਾਰ ਭਰ ਵਿਚ ਤੇਲ ਤੇ ਗੈਸ ਦੀ ਖਪਤ ਵਿਚ ਗਿਰਾਵਟ ਸਦਕਾ ਆਜ਼ਰਬਾਈਜਾਨ ਦੀ ਆਰਥਕ ਮੰਦੀ ਇਸ ਸਮੇਂ ਅਪਣੇ ਅਰੂਜ਼ ਤੇ ਹੈ। ਇਹਲਮ ਅਲੀਆਵੇਵ ਇਕ ਝੂਠੀ ਲੋਕਤੰਤਰ ਪ੍ਰਣਾਲੀ ਨਾਲ ਪਿਤਾ-ਪੁਰਖ਼ੀ ਸੱਤਾ ਤੇ ਕਾਬਜ਼ ਹੈ ਤੇ ਇਸ ਦੀ ਵਾਗਡੋਰ ਅਪਣੇ ਹੀ ਪ੍ਰਵਾਰ ਵਿਚ ਸੀਮਤ ਰੱਖਣ ਦਾ ਚਾਹਵਾਨ ਹੈ। ਉਸ ਨੇ ਧਾਰਮਕ ਅੰਨ੍ਹੇਪਣ ਸਦਕਾ ਜਨਤਾ ਨੂੰ ਮਸਰੂਫ਼ ਰਖਿਆ ਹੋਇਆ ਹੈ ਤੇ ਉਨ੍ਹਾਂ ਨੂੰ ਜੇਹਾਦੀ ਵੰਗਾਰ ਵਿਚ ਧੱਕ ਦਿਤਾ ਹੈ। ਸਰਕਾਰੀ ਮੀਡੀਆ ਸੱਜੇ ਪੱਖੀ ਭਾਵਨਾਵਾਂ ਭੜਕਾ ਰਿਹਾ ਹੈ ਤੇ ਇਕ ਨਕਲੀ ਕੌਮੀਅਤ ਪਾਲਣ ਵਿਚ ਕਾਮਯਾਬ ਹੋ ਰਿਹਾ ਹੈ। ਮੀਡੀਆ ਨੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰ ਦਿਤਾ ਹੈ ਤੇ ਦੂਜੇ ਵਿਸ਼ਵ ਯੁਧ ਵਾਂਗ ਬੇਰੁਜ਼ਗਾਰ ਨੌਜੁਆਨਾਂ ਨੂੰ ਦੇਸ਼ ਭਗਤੀ ਦੇ ਗੀਤ ਗਾ ਕੇ ਲੜਾਈ ਦੀ ਅੱਗ ਵਿਚ ਧਕਿਆ ਜਾ ਰਿਹਾ ਹੈ।
ਆਰਮੇਨੀਆ ਦੇ ਆਰਥਕ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। 2018 ਦੀ ਵੈਲਵੇਟ ¬ਕ੍ਰਾਂਤੀ ਸਦਕਾ ਲੋਕਤੰਤਰੀ ਪ੍ਰਣਾਲੀ ਵਿਚ ਸੁਧਾਰ ਕੀਤੇ ਗਏ ਹਨ। ਈਸਾਈ ਵਸੋਂ ਪਹਿਲਾਂ ਵੀ ਤੁਰਕੀ ਦੇ ਆਟੋਮਨ ਰਾਜ ਦੀਆਂ ਵਧੀਕੀਆਂ ਦਾ ਸ਼ਿਕਾਰ ਰਹੀ ਹੈ ਤੇ ਇਸ ਨੇ ਕਈ ਘੱਲੂਘਾਰੇ ਵੀ ਵੇਖੇ ਹਨ। ਨਾਗੌਰਨੋ ਕਾਰਾਬਾਖ਼ ਦੀ ਮਲਕੀਅਤ ਦੇ ਮਾਮਲੇ ਤੇ ਆਜ਼ਰਬਾਈਜਾਨ ਨਾਲ ਲੜਾਈ ਲਗਭਗ ਤੈਅ ਹੀ ਸੀ। ਪੁਰਾਣੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਬਾਅਦ ਰੂਸ ਇਕ ਤੈਅਸ਼ੁਦਾ ਰੋਲ ਅਦਾ ਕਰ ਰਿਹਾ ਹੈ ਅਤੇ ਤੇਲ ਦੀਆਂ ਪਾਈਪ ਲਾਈਨਾਂ ਦੇ ਜਾਲ ਬੁਣਨ ਸਦਕਾ ਇਹ ਕਈ ਮੱਧ ਏਸ਼ੀਆਈ ਤੇ ਯੂਰਪੀ ਦੇਸ਼ ਇਸ ਭੂ-ਰਾਜਨੀਤਕ ਖੇਤਰ ਦੀ ਝੋਲਦੇ ਬਹਿਕਾਵੇ ਵਿਚ ਆ ਗਏ ਹਨ। ਕੁਦਰਤੀ ਸੁੰਦਰਤਾ ਨਾਲ ਲਬਰੇਜ਼ ਨਾਗੌਰਨੋ ਕਾਰਾਬਾਖ਼ ਬੇਸ਼ਕ ਸਾਡੇ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਤੋਂ ਵੀ ਛੋਟਾ ਹੈ ਪਰ ਇਸ ਆਪਸੀ ਲੜਾਈ ਵਿਚ ਹਜ਼ਾਰਾਂ ਬੇਕਸੂਰ ਲੋਕਾਂ ਦੀ ਕਬਰਗਾਹ ਬਣ ਰਿਹਾ ਹੈ।
ਆਰਮੇਨੀਆ ਈਸਾਈ ਬਹੁਲਤਾ ਦੇ ਕਬਜ਼ੇ ਸਦਕਾ ਇਹ ਖ਼ਿੱੱਤਾ 1988 ਤੋਂ ਤਲਖ਼ੀ ਦਾ ਕਾਰਨ ਬਣਿਆ ਹੋਇਆ ਹੈ। ਸੋਵੀਅਤ ਨੇਤਾ ਹਮੇਸ਼ਾ ਹੀ ਇਸ ਖ਼ਿੱੱਤੇ ਨੂੰ ਆਜ਼ਰਬਾਈਜਾਨ ਦਾ ਹਿੱਸਾ ਹੀ ਮੰਨਦੇ ਰਹੇ ਹਨ। ਸੋਵੀਅਤ ਸੰਘ ਦੇ ਟੁਟਣ ਵੇਲੇ ਇਸ ਨੂੰ ਆਜ਼ਰਬਾਈਜਾਨ ਦਾ ਹਿੱਸਾ ਮੰਨਿਆ ਸੀ। ਅੱਜ ਰੂਸ ਸ਼ਾਂਤੀ ਦੂਤ ਬਣ ਕੇ ਸਮਝੌਤਾ ਕਰਵਾਉਣ ਲਈ ਤਤਪਰ ਹੋ ਰਿਹਾ ਹੈ ਤੇ ਦੋਹਾਂ ਦੇਸ਼ਾਂ ਦਰਮਿਆਨ ਤੁਰਤ ਜੰਗਬੰਦੀ ਵੀ ਕਰਵਾ ਦਿਤੀ ਗਈ ਹੈ। ਰੂਸ ਤੇ ਤੁਰਕੀ ਦੀਆਂ ਫ਼ੌਜਾਂ ਸਾਂਝੇ ਰੂਪ ਵਿਚ ਨਵੀਂ ਬਣੀ ਹੱਦਬੰਦੀ ਵਿਚ ਗਸ਼ਤ ਕਰ ਰਹੀਆਂ ਹਨ ਤਾਕਿ ਲੜਾਈ ਤੋਂ ਬਚਿਆ ਜਾ ਸਕੇ। ਸ਼ੀਫਰੀ 2020 (ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ) ਸੰਸਾਰ ਭਰ ਵਿਚ ਦੋ ਖਰਬ ਅਮਰੀਕੀ ਡਾਲਰਾਂ ਦੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਵਿਖਾ ਰਿਹਾ ਹੈ। 80 ਫੀ ਸਦੀ ਹਥਿਆਰ ਵੇਚਣ ਵਾਲੇ ਮੁਲਕ ਪੀ-5+1 ਦੇਸ਼ ਹਨ (ਰੂਸ, ਸੰਯੁਕਤ ਰਾਜ ਅਮਰੀਕਾ, ਫ਼ਰਾਂਸ ਚੀਨ, ਬਰਤਾਨੀਆਂ ਤੇ ਜਰਮਨੀ)। ਇਨ੍ਹਾਂ ਹਥਿਆਰਾਂ ਨੂੰ ਖ਼ਰੀਦਣ ਦੇ ਬਹਾਨੇ ਬੇਸ਼ਕ ਦੁਨੀਆਂ ਦੇ ਮੁਲਕ ਅਪਣੀ ਆਤਮ ਰਖਿਆ ਕਰਨ ਦਾ ਦਾਅਵਾ ਕਰਨ ਪਰ ਇਨ੍ਹਾਂ ਨੇ ਪੂਰੀ ਦੁਨੀਆਂ ਨੂੰ ਹਥਿਆਰਾਂ ਦੇ ਜ਼ਖ਼ੀਰੇ ਤੇ ਬਿਠਾ ਕੇ ਉਸ ਦੇ ਪਲੀਤੇ ਨੂੰ ਅੱਗ ਲਗਾ ਰੱਖੀ ਹੈ। ਆਜ਼ਰਬਾਈਜਾਨ ਤੇ ਆਰਮੇਨੀਆ ਵੀ ਹਥਿਆਰ ਖ਼ਰੀਦ ਕੇ ਮਨੁੱਖਤਾ ਦੀ ਨਸਲਕੁਸ਼ੀ ਕਰਨ ਵਿਚ ਮਸ਼ਰੂਫ਼ ਹਨ ਤੇ ਵਿਕਸਿਤ ਮੁਲਕ ਹਥਿਆਰ ਵੇਚ ਕੇ ਆਰਥਕ ਤਾਕਤ ਬਣ ਚੁੱੱਕੇ ਹਨ। ਆਰਮੇਨੀਆ ਦਾ ਇਤਿਹਾਸ ਤੇ ਭੂਗੋਲ ਵੀ ਦਿਲ ਖਿਚਵਾਂ ਹੈ।
ਇਹ ਕਾਕੇਸ਼ੀਅਸ ਮੁਲਕ ਆਰਮੇਨੀਆ, ਕਾਕੇਸ਼ਅਸ ਮੁਲਕ ਜੌਰਜੀਆ ਆਜ਼ਰਬਾਈਜਾਨ , ਤੁਰਕੀ ਤੇ ਇਰਾਨ ਨਾਲ ਸਰਹੱਦ ਸਾਂਝੀਆਂ ਕਰਦਾ ਹੈ। ਇਸ ਦੀ ਵਿਸ਼ਾਲ ਪਰਬਤੀ ਲੜੀ ਹਿਮਾਲਿਆ ਵਾਂਗ ਟੇਥਿਸ ਸਾਗ਼ਰੀ ਤੱਲਛਟ ਵਿਚ ਵਲ ਪੈਣ ਨਾਲ ਬਣੀ ਹੈ। ਝੀਲਾਂ ਨਾਲ ਭਰਭੂਰ ਇਹ ਦੇਸ਼ ਕੁਦਰਤੀ ਸੁੰਦਰਤਾ ਨਾਲ ਸਿੰਜਿਆ ਹੋਇਆ ਹੈ। 1922 ਵਿਚ ਸੋਵੀਅਤ ਸੰਘ ਦਾ ਹਿੱਸਾ ਬਣਨ ਤੋਂ ਪਹਿਲਾਂ ਇਹ ਮੁਲਕ ਆਟੋਮਨ ਸਾਮਰਾਜ ਦਾ ਹਿੱਸਾ ਸੀ। ਪਹਿਲੇ ਵਿਸ਼ਵ ਯੁੱਧ ਵਿਚ 15 ਲੱਖ ਤੋਂ ਵੱਧ ਵਸਨੀਕ ਤੁਰਕੀ ਦੀ ਕੋਝੀ ਰਾਜਨੀਤੀ ਦੀ ਭੇਂਟ ਚੜ੍ਹੇ ਤੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਕਤਲ ਕੀਤਾ ਗਿਆ। ਇਸ ਮਾੜੇ ਕਾਰੇ ਲਈ ਮਾਫ਼ੀ ਮੰਗਣੀ ਅਜੇ ਬਾਕੀ ਹੈ। ਮੁਆਵਜ਼ੇ ਉਤਾਰਨੇ ਵੀ ਬਹੁਤ ਜ਼ਰੂਰੀ ਹਨ। ਇਸ ਖ਼ਿੱਤੇ ਵਿਚ ਜਾਰਜੀਆ ਸੋਫ਼ੀਆ ਤੋਂ ਵੀ ਪੁਰਾਣੇ ਗਿਰਜਾ ਘਰ ਮਿਲਦੇ ਹਨ। ਆਰਮੇਨੀਆ-ਆਜ਼ਰਬਾਈਜਾਨ ਦੀ ਇਸ ਵਿਨਾਸ਼ਕਾਰੀ ਲੜਾਈ ਨੂੰ ਇਸਲਾਮ ਤੇ ਈਸਾਈਅਤ ਦਰਮਿਆਨ ਜੰਗ ਸਮਝਣਾ ਠੀਕ ਨਹੀਂ ਹੋਵੇਗਾ। ਇਹ ਲੜਾਈ ਸਿਰਫ਼ ਆਰਥਕਤਾ ਲਈ ਮਹੱਤਵਪੂਰਨ ਖ਼ਿੱੱਤੇ ਤੇ ਕਬਜ਼ੇ ਦੀ ਹੈ। ਨਾਗਾਰਨੋ ਕਾਰਾਬਾਖ਼ (ਆਰਟਸਖ ਗਣਤੰਤਰ ਨਾਗੌਰਨੋ ਕਾਰਾਬਾਖ਼ ਦਾ ਸਥਾਨਕ ਨਾਮ ਹੈ) ਵਿਚ ਵਸਦੇ ਬਹੁਤੇ ਲੋਕ ਆਰਮੇਨੀਅਨ ਈਸਾਈ ਹਨ ਤੇ ਆਜ਼ਰਬਾਈਜਾਨ ਦੀ ਪ੍ਰਭੂਸੱਤਾ ਨੂੰ ਪੂਰੀ ਤਰ੍ਹਾਂ ਨਾਲ ਨਕਾਰਦੇ ਹਨ।
ਤੁਰਕੀ ਦਾ ਰਾਸ਼ਟਰਪਤੀ ਰਿਚਪ ਤੈਅਪ ਐਰਦੋਆਨ ਸ਼ਰਾਰਤੀ ਤੇ ਭਾਵੁਕ ਪਰ ਬਹੁ-ਉਤਸ਼ਾਹੀ ਆਗੂ ਹੈ। ਬਦਲਦੀ ਰਾਜਨੀਤਕ ਤਰਤੀਬ ਵਿਚ ਅਪਣੀ ਭੂਮਿਕਾ ਨੂੰ ਲੈ ਕੇ ਹਮੇਸ਼ਾਂ ਪਹਿਲਕਦਮੀ ਕਰਦਾ ਰਹਿੰਦਾ ਹੈ। ਤੁਰਕੀ, ਪਾਕਿਸਤਾਨ, ਤੇ ਮਲੇਸ਼ੀਆ ਨਾਲ ਰਲ ਕੇ ਇਸਲਾਮੀ ਦੁਨੀਆਂ ਵਿਚ ਅਪਣੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ, ਜੋਕਿ ਸਾਊਦੀ ਅਰਬ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਸੋ ਤੁਰਕੀ ਇਸਲਾਮਕ ਸੰਗਠਨ 2.0 ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਹੋਰ ਭਾਈਵਾਲ ਭਾਲਦਾ ਹੈ, ਆਜ਼ਰਬਾਈਜਾਨ ਨਵੇਂ ਸੰਗਠਨ ਵਿਚ ਉੱਘਾ ਸਾਥੀ ਬਣ ਸਕਦਾ ਹੈ। ਭਾਰਤ ਲਈ ਕੀ ਰਾਹ ਹਨ?: ਭਾਰਤ ਗੁੱੱਟ ਨਿਰਪੱਖ ਰਹਿਣ ਵਾਲਾ ਤੇ ਅਮਨ ਪਸੰਦ ਦੇਸ਼ ਹੈ। ਭਾਰਤ ਦੋਹਾਂ ਵਿਚੋਂ ਕਿਸੇ ਵੀ ਦੇਸ਼ ਦੀ ਸਿੱਧੀ ਹਮਾਇਤ ਨਹੀਂ ਕਰਦਾ। ਭਾਰਤ ਇਸ ਮਸਲੇ ਦਾ ਆਪਸੀ ਗੱਲਬਾਤ ਰਾਹੀਂ ਹੱਲ ਚਾਹੁੰਦਾ ਹੈ। ਸਾਡਾ ਮੁਲਕ ਰੂਸ, ਅਮਰੀਕਾ, ਫ਼ਰਾਂਸ, ਬਰਤਾਨੀਆਂ ਆਦਿ ਦੇਸ਼ਾਂ ਵਲੋਂ ਖੜੀਆਂ ਕੀਤੀਆਂ ਸਮੱੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਇਸ ਜੰਗ ਨੂੰ ਤੇਲ ਤੇ ਆਰਥਕ ਹਿੱਤਾਂ ਦੇ ਟਕਰਾਅ ਵਜੋਂ ਵੇਖ ਰਿਹਾ ਹੈ ਨਾ ਕਿ ਦੋ ਸਭਿਅਤਾਵਾਂ ਦੇ ਟਕਰਾਅ ਵਜੋਂ।
ਭਾਰਤ ਉਮੀਦ ਕਰਦਾ ਹੈ ਕਿ ਜੰਗਬੰਦੀ ਲਾਗੂ ਰਹੇਗੀ ਤੇ ਦੋਵੇਂ ਮੁਲਕ ਗੱਲਬਾਤ ਰਾਹੀਂ ਆਪਸੀ ਝਗੜੇ ਦਾ ਹੱਲ ਕਰਨਗੇ। ਭਾਰਤ ਪਾਈਪਲਾਈਨ ਕੂਟਨੀਤੀ ਦਾ ਸਮਰਥਨ ਕਰਦਾ ਹੈ ਤੇ ਤੁਰਕੀ, ਇਜ਼ਰਾਈਲ ਤੇ ਆਜ਼ਰਬਾਈਜਾਨ ਦੁਆਰਾ ਪਾਈਪਲਾਈਨ ਸਥਾਪਤ ਕਰਨ ਦੇ ਕੰਮਾਂ ਨੂੰ ਜਾਰੀ ਰੱਖਣ ਦਾ ਚਾਹਵਾਨ ਹੈ। ਭਾਰਤ ਨੇ ਬਦਲਦੇ ਭੂ-ਰਾਜਨੀਤੀ ਸਮੀਕਰਨ ਕਾਰਨ ਦੋਹਾਂ ਵਿਚੋਂ ਕਿਸੇ ਵੀ ਮੁਲਕ ਦਾ ਸਾਥ ਨਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਤਰ੍ਹਾਂ ਭਾਰਤ ਤੇ ਬੰਗਲਾਦੇਸ਼ ਨੇ ਸਰਹੱਦੀ ਫ਼ਰਾਕਾ ਬੈਰਾਜ ਤੇ ਦੋਹਾਂ ਪਾਸੇ ਦੀਆਂ ਮਨੁੱਖੀ ਬਸਤੀਆਂ ਦੇ ਮਸਲੇ ਦੁਵੱਲੀ ਗੱਲਬਾਤ ਨਾਲ ਸੁਲਝਾ ਲਏ ਸਨ, ਉਸੇ ਤਰ੍ਹਾਂ ਆਰਮੇਨੀਆ ਤੇ ਆਜ਼ਰਬਾਈਜਾਨ ਵੀ ਆਪਸੀ ਮਾਮਲੇ ਗੱਲਬਾਤ ਰਾਹੀਂ ਸੁਲਝਾ ਸਕਦੇ ਹਨ। ਭਾਰਤ ਸਾਊਦੀ ਅਰਬ ਦੁਆਰਾ ਕਾਕੇਸਸ਼ ਵਿਚ ਦਖ਼ਲਅੰਦਾਜ਼ੀ ਕਰਨ ਤੇ ਪਾਕਿਸਤਾਨ ਦੁਆਰਾ ਇਸ ਝਗੜੇ ਵਿਚ ਅਪ੍ਰਤੱਖ ਤੌਰ ਉਤੇ ਰੋਲ ਨਿਭਾਉਣ ਦੀ ਨਿਖੇਧੀ ਕਰਦਾ ਹੈ। ਭਾਰਤ ਜੰਗ ਦੇ ਹਾਲਾਤ ਹੋਰ ਗੰਭੀਰ ਹੋਣ ਦੇ ਵਿਰੁਧ ਹੈ ਤੇ ਭਾਰਤ ਨਹੀਂ ਚਾਹੁੰਦਾ ਕਿ ਜੰਗ ਲੰਮੀ ਚੱਲੇ ਤੇ ਮੱਧ ਏਸ਼ੀਆ ਦੇ ਹਾਲਾਤ ਹੋਰ ਖ਼ਰਾਬ ਹੋਣ। ਦੋਹਾਂ ਦੇਸ਼ਾਂ ਦਰਮਿਆਨ ਚੱਲ ਰਹੀ ਜੰਗਬੰਦੀ ਕਦੋਂ ਤਕ ਰਹੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਯੁੱਧ ਦੌਰਾਨ ਹੋਈਆਂ ਵਧੀਕੀਆਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕਮਿਸ਼ਨ ਬਿਠਾਉਣੇ ਬਹੁਤ ਜ਼ਰੂਰੀ ਹਨ।
ਤੇਜਿੰਦਰ ਸਿੰਘ( ਸਿਖਿਆ ਸ਼ਾਸਤਰੀ ਤੇ ਭੂ ਰਾਜਨੀਤਿਕ ਵਿਸ਼ਲੇਸ਼ਕ) ਸੰਪਰਕ : 94636-86611