
ਭਾਜਪਾ ਪ੍ਰਧਾਨ ਮੰਤਰੀ ਮੋਦੀ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ਵਿਚ
ਆਉਣ ਵਾਲੇ ਸਮੇਂ ਵਿਚ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪਾਂਡੀਚਰੀ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਸੂਬਾਈ ਚੋਣਾਂ ਸਮੁੱਚੇ ਦੇਸ਼ ਦੀ ਸਿਆਸਤ ਨੂੰ ਪ੍ਰਭਾਵਤ ਕਰਨਗੀਆਂ। ਇਹ ਚੋਣਾਂ ਭਾਜਪਾ ਦੀ ਪ੍ਰਮੁੱਖਤਾ ਦਾ ਵੀ ਫ਼ੈਸਲਾ ਕਰਨਗੀਆਂ। ਅੱਜ ਭਾਜਪਾ ਦੇਸ਼ ਦੀ ਪ੍ਰਮੁੱਖ ਅਤੇ ਸੱਭ ਤੋਂ ਮਜ਼ਬੂਤ ਪਾਰਟੀ ਹੈ। ਹਰ ਚੋਣ ਵਿਚ ਭਾਜਪਾ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਪਣੀ ਪ੍ਰਮੁੱਖਤਾ ਨੂੰ ਕਾਇਮ ਰਖਿਆ ਜਾਵੇ। ਭਾਵੇਂ ਭਾਜਪਾ ਦੀ ਸਥਿਤੀ ਪਹਿਲਾਂ ਵਾਲੀ ਤਾਂ ਨਹੀਂ ਰਹੀ ਪਰ ਇਹ ਵੀ ਸੱਚ ਹੈ ਕਿ ਭਾਜਪਾ ਦੇ ਮੁਕਾਬਲੇ ਕੋਈ ਦੂਜਾ ਸਿਆਸੀ ਦਲ ਹਾਲੇ ਮਜ਼ਬੂਤ ਵਿਖਾਈ ਨਹੀਂ ਦਿੰਦਾ। ਕਾਂਗਰਸ ਬਿਨਾਂ ਸ਼ੱਕ ਦੇਸ਼ ਪੱਧਰ ਦੀ ਪਾਰਟੀ ਹੈ ਪਰ ਕਾਂਗਰਸ ਦਾ ਅਧਾਰ ਪੰਜਾਬ ਨੂੰ ਛੱਡ ਕੇ ਦਿਨੋ ਦਿਨ ਡਿੱਗ ਰਿਹਾ ਹੈ। ਬਿਨਾਂ ਸ਼ੱਕ ਅਸਾਮ ਵਿਚ 2016 ਤਕ ਕਾਂਗਰਸ ਦੀ ਸਰਦਾਰੀ ਕਈ ਵਾਰੀ ਰਹੀ ਹੈ ਪਰ ਅੱਜ ਭਾਜਪਾ ਤੇ ਉਸ ਦੇ ਸਹਿਯੋਗੀ ਭਾਰੂ ਹਨ।
elections
ਭਾਵੇਂ ਉਪਰੋਕਤ ਸੂਬਿਆਂ ਵਿਚ ਸਥਾਨਕ ਦਲ ਵੀ ਮਜ਼ਬੂਤ ਹਨ ਪਰ ਭਾਜਪਾ ਨੇ ਪੂਰਾ ਟਿੱਲ ਲਗਾ ਦਿਤਾ ਹੈ ਕਿ ਹਰ ਜਗ੍ਹਾ ਕਿਸੇ ਤਰ੍ਹਾਂ ਵੀ ਸੱਤਾ ਹਾਸਲ ਕੀਤੀ ਜਾਵੇ। ਉਪਰੋਕਤ ਸੂਬਿਆਂ ਦੀਆਂ ਚੋਣਾਂ ਕੇਂਦਰੀ ਸਿਆਸਤ ਨੂੰ ਵੀ ਪ੍ਰਭਾਵਤ ਕਰਨਗੀਆਂ। ਉਪਰੋਕਤ ਸੂਬਿਆਂ ਦੀਆਂ 115 ਲੋਕ ਸਭਾ ਸੀਟਾਂ ਹਨ। ਉਥੋਂ ਦੇ ਸੂਬਾਈ ਚੋਣਾਂ ਦੇ ਨਤੀਜੇ ਕੇਂਦਰ ਨੂੰ ਹਰ ਕੀਮਤ ਤੇ ਪ੍ਰਭਾਵਤ ਕਰਨਗੇ। ਠੀਕ ਇਹੀ ਕਾਰਨ ਹੈ ਕਿ ਇਹ ਚੋਣਾਂ ਭਾਜਪਾ ਲਈ ਵੱਕਾਰ ਦਾ ਸਵਾਲ ਬਣ ਚੁਕੀਆਂ ਹਨ। ਅਕਸਰ ਭਾਜਪਾ ਨੇ ਚੋਣਾਂ ਜਿੱਤਣ ਲਈ ਦੋ ਨੁਕਾਤੀ ਪ੍ਰੋਗਰਾਮ ਉਲੀਕਿਆ ਹੈ। ਪਹਿਲੇ ਨੰਬਰ ਤੇ ਲੋਕਾਂ ਨੂੰ ਆਪਸ ਵਿਚ ਵੰਡਣਾ ਹੈ ਤਾਕਿ ਲੋਕਾਂ ਦਾ ਝੁਕਾਅ ਕਿਸੇ ਇਕ ਵਲ ਨਾ ਰਹੇ। ਦੂਜੇ ਨੰਬਰ ਤੇ ਕਾਂਗਰਸ ਨੂੰ ਕਮਜ਼ੋਰ ਕਰਨਾ ਹੈ ਕਿਉਂਕਿ ਕਾਂਗਰਸ ਅੱਜ ਵੀ ਨੰਬਰ ਦੋ ਕੌਮੀ ਪਾਰਟੀ ਹੈ।
elections
ਬਿਨਾਂ ਸ਼ੱਕ ਕਾਂਗਰਸ ਦਾ ਅਧਾਰ ਬਹੁਤ ਡਿੱਗ ਗਿਆ ਹੈ ਪਰ ਕਾਂਗਰਸ ਦੀ ਵੋਟ ਹਰ ਜਗ੍ਹਾ ਅੱਜ ਵੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਜਪਾ ਦੀ ਨੀਤੀ ਦਾ ਇਹ ਵੀ ਇਕ ਪਹਿਲੂ ਹੁੰਦਾ ਹੈ ਕਿ ਕਾਂਗਰਸ ਦੀ ਵੋਟ ਖ਼ਤਮ ਕੀਤੀ ਜਾਵੇ ਜਾਂ ਵੰਡੀ ਜਾਵੇ। ਕਿਸੇ ਸਮੇਂ ਕਾਂਗਰਸ ਦੇਸ਼ ਦੀ ਨੰਬਰ ਇਕ ਪਾਰਟੀ ਸੀ ਪਰ ਅੱਜ ਭਾਜਪਾ ਦੇਸ਼ ਦੀ ਪ੍ਰਮੁੱਖ ਪਾਰਟੀ ਹੈ। ਬਹੁਤ ਸਾਰੇ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ। ਭਾਜਪਾ ਵਿਰੁਧ ਲੋਕ ਰੋਹ ਪਹਿਲਾਂ ਦੇ ਮੁਕਾਬਲੇ ਵੱਧ ਹੈ। ਕਿਸਾਨ ਅੰਦੋਲਨ, ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਅਸੁਰੱਖਿਆ ਤੇ ਫ਼ਿਰਕਾਪ੍ਰਸਤੀ ਨੇ ਭਾਜਪਾ ਦੀ ਸਾਖ਼ ਨੂੰ ਬਹੁਤ ਵੱਡੀ ਢਾਹ ਲਗਾਈ ਹੈ। ਇਹ ਗੱਲ ਭਾਜਪਾਈਆਂ ਨੂੰ ਵੀ ਪਤਾ ਹੈ। ਪ੍ਰਧਾਨ ਮੰਤਰੀ ਤੇ ਬਾਕੀ ਨੇਤਾਗਣਾਂ ਦੇ ਜੁਮਲੇ ਤੇ ਸ਼ਗੂਫ਼ੇ ਵੀ ਪਹਿਲਾਂ ਜਿੰਨਾ ਕੰਮ ਨਹੀਂ ਕਰਨਗੇ।
Bjp and Congress
ਭਾਵੇਂ ਸਿਆਸਤਦਾਨ ਲੋਕਾਂ ਨੂੰ ਗੁਮਰਾਹ ਕਰਨ ਵਿਚ ਮਾਹਰ ਤਾਂ ਹੁੰਦੇ ਹਨ ਪਰ ਜੁਮਲਿਆਂ ਜਾਂ ਸਗੂਫ਼ਿਆਂ ਦੀ ਉਮਰ ਲੰਮੀ ਨਹੀਂ ਹੁੰਦੀ। ਇਹ ਠੀਕ ਹੈ ਕਿ ਹੁਣ ਕੋਈ ਨਵਾਂ ਜੁਮਲਾ ਸਾਹਮਣੇ ਲਿਆਉਣਗੇ ਪਰ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਜੋ ਗੱਲਾਂ ਕੀਤੀਆਂ ਸਨ, ਉਹ ਸੱਭ ਕੁੱਝ ਵੋਟਾਂ ਲੈਣ ਦਾ ਜ਼ਰੀਆ ਹੀ ਸੀ। ਇਥੇ ਹੀ ਬਸ ਨਹੀਂ, ਭਾਜਪਾ ਨੇ ਹਿੰਦੂ-ਮੁਸਲਿਮ ਦਾ ਪੱਤਾ ਵੀ ਜ਼ਰੂਰ ਖੇਡਣਾ ਹੈ। ਬੰਗਾਲ ਵਿਚ 30 ਫ਼ੀ ਸਦੀ ਮੁਸਲਿਮ ਹਨ। ਅਸਾਮ ਵਿਚ ਤੀਜਾ ਹਿੱਸਾ ਮੁਸਲਿਮ ਗਿਣਤੀ ਹੈ। ਕੇਰਲਾ ਵਿਚ 20 ਫ਼ੀ ਸਦੀ ਗਿਣਤੀ ਈਸਾਈਆਂ ਦੀ ਹੈ। ਅਜਿਹੇ ਹਾਲਾਤ ਵਿਚ ਭਾਜਪਾ ਨੂੰ ਹਿੰਦੂ ਵੋਟ ਪੈਣ ਦੇ ਜ਼ਿਆਦਾ ਅਸਾਰ ਹਨ। ਭਾਜਪਾ ਨੇ ਹਿੰਦੂ ਵੋਟ ਦਾ ਅਪਣੇ ਹੱਕ ਵਿਚ ਧਰੁਵੀਕਰਨ ਕਰਨ ਲਈ ਯਤਨ ਕਰਨਾ ਹੀ ਹੈ।
Mamata Banerjee and Narendra Modi
ਬੰਗਾਲ ਵਿਚ ਤਾਂ ਪਹਿਲਾਂ ਵੀ ਭਾਜਪਾ ਵਿਰੋਧੀ ਧਿਰ ਹੈ। ਉਥੇ ਭਾਜਪਾ ਪਾਸ 42 ਵਿਚੋਂ 18 ਸੀਟਾਂ ਲੋਕ ਸਭਾ ਦੀਆਂ ਹਨ। ਉਥੇ ਖੱਬੇ ਧੜੇ ਤੇ ਕਾਂਗਰਸ ਤਾਂ ਤਕਰੀਬਨ ਸਾਫ਼ ਹੀ ਹੋ ਗਏ ਸਨ। ਬੰਗਾਲ ਵਿਚ ਪਹਿਲਾਂ ਵੀ 57 ਫ਼ੀ ਸਦੀ ਹਿੰਦੂ ਵੋਟਰਾਂ ਨੇ ਭਾਜਪਾ ਨੂੰ ਤਰਜੀਹ ਦਿਤੀ ਸੀ। ਮਮਤਾ ਬੈਨਰਜੀ ਦੀ ਪਾਰਟੀ ਨੂੰ ਸਿਰਫ਼ 32 ਫ਼ੀ ਸਦੀ ਹਿੰਦੂ ਵੋਟ ਮਿਲੀ ਸੀ। 70 ਫ਼ੀ ਸਦੀ ਮੁਸਲਿਮ ਵੋਟ ਨੇ ਤ੍ਰਿਮੂਲ ਕਾਂਗਰਸ ਨੂੰ ਤਰਜੀਹ ਦਿਤੀ। ਠੀਕ ਇਸੇ ਕਰ ਕੇ ਹੀ ਤ੍ਰਿਮੂਲ ਕਾਂਗਰਸ ਦੀ ਸਰਕਾਰ ਬਣ ਪਾਈ ਸੀ। ਮੁਸਲਿਮ ਵੋਟ ਤਾਂ ਭਾਜਪਾ ਨੂੰ ਸਿਰਫ਼ 4 ਫ਼ੀ ਸਦੀ ਹੀ ਮਿਲੀ ਸੀ। ਬਿਨਾਂ ਸ਼ੱਕ ਪੰਜ ਸੂਬਿਆਂ ਵਿਚ ਹੋ ਰਹੀਆਂ ਚੋਣਾਂ ਵਿਚ ਹਰ ਸਿਆਸੀ ਪਾਰਟੀ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਪਰ ਹਰ ਇਕ ਦੀ ਅੱਖ ਬੰਗਾਲ ਤੇ ਹੈ। ਉਥੇ ਅਸਲ ਵਿਚ ਟੱਕਰ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚ ਹੈ। ਭਾਵੇਂ ਖੱਬੇਪੱਖੀ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਨੇ ਤਿਕੋਣਾ ਮੁਕਾਬਲਾ ਬਣਾ ਦਿਤਾ ਹੈ ਪਰ ਇਸ ਦਾ ਫ਼ਾਇਦਾ ਭਾਜਪਾ ਨੂੰ ਹੋਣ ਦੇ ਜ਼ਿਆਦਾ ਅਸਾਰ ਹਨ।
PM Modi and Mamata Banerjee
ਕਾਂਗਰਸ ਤੇ ਖੱਬੇ ਧੜੇ ਜਿੰਨੀਆਂ ਵੱਧ ਵੋਟਾਂ ਲੈਣਗੇ ਉਸ ਦਾ ਨੁਕਸਾਨ ਮਮਤਾ ਬੈਨਰਜੀ ਦੀ ਪਾਰਟੀ ਨੂੰ ਹੋਣ ਦੇ ਅਸਾਰ ਹਨ। ਭਾਜਪਾ ਨੇ ਬੰਗਾਲ ਵਿਚ ਸੀਮਾਂਤ ਵਰਗਾਂ ਨੂੰ ਅਪਣੇ ਵਲ ਕਰਨ ਲਈ ਵੀ ਪਹੁੰਚ ਵਧਾਈ ਹੈ। ਪਿਛਲੀ ਵਾਰ ਵੀ ਭਾਜਪਾ ਨੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ 84 ਸੀਟਾਂ ਵਿਚੋਂ 46 ਸੀਟਾਂ ਜਿੱਤੀਆਂ ਸਨ ਜੋ ਕਿ ਕੁੱਲ ਰਾਖਵੀਆਂ ਸੀਟਾਂ ਦਾ 55 ਫ਼ੀ ਸਦੀ ਬਣਦਾ ਹੈ। ਇਸ ਤੋਂ ਜਾਪਦਾ ਹੈ ਕਿ ਸੀਮਾਂਤ ਵਰਗਾਂ ਵਿਚ ਭਾਜਪਾ ਨੇ ਅਪਣਾ ਆਧਾਰ ਵਧਾ ਲਿਆ ਹੈ। ਇਹ ਵੀ ਸਿਆਸੀ ਰਣਨੀਤੀ ਦਾ ਹੀ ਹਿੱਸਾ ਹੈ। ਇਸ ਲਈ ਸਾਫ਼ ਹੈ ਕਿ ਬੰਗਾਲ ਵਿਚ ਮੌਜੂਦਾ ਸੱਤਾਧਾਰੀ ਧਿਰ ਨੂੰ ਮੁੱਖ ਵੰਗਾਰ ਭਾਜਪਾ ਤੋਂ ਹੀ ਹੈ। ਬੰਗਾਲ ਵਿਚ ਕੁੱਲ 249 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿਚੋਂ ਭਾਜਪਾ ਨੇ ਪਹਿਲਾਂ ਵੀ 121 ਤੇ ਬੜ੍ਹਤ ਬਣਾਈ ਸੀ, ਜੋ ਕੁੱਲ ਸੀਟਾਂ ਦਾ 40 ਫ਼ੀ ਸਦੀ ਬਣਦਾ ਹੈ। ਮਮਤਾ ਬੈਨਰਜੀ ਦੀ ਪਾਰਟੀ ਨੂੰ 164 ਸੀਟਾਂ ਮਿਲੀਆਂ ਸਨ, ਜੋ ਕੁੱਲ ਸੀਟਾਂ ਦਾ 43 ਫ਼ੀ ਸਦੀ ਬਣਦਾ ਹੈ।
ਕਾਂਗਰਸ ਤੇ ਖੱਬੇ ਪੱਖੀਆਂ ਨੂੰ ਸਿਰਫ਼ 13 ਫ਼ੀਸਦੀ ਵੋਟ ਹੀ ਮਿਲੇ ਸਨ। ਕਾਂਗਰਸ ਨੂੰ ਸਿਰਫ਼ 9 ਸੀਟਾਂ ਮਿਲੀਆਂ ਸਨ। ਕਾਮਰੇਡਾਂ ਦੇ ਹੱਥ ਤਾਂ ਕੁੱਝ ਵੀ ਨਹੀਂ ਸੀ ਆਇਆ। ਜੇਕਰ ਕਿਸੇ ਤਰ੍ਹਾਂ ਭਾਜਪਾ ਦੇ ਬੰਗਾਲ ਵਿਚ ਪੈਰ ਲੱਗ ਜਾਂਦੇ ਹਨ ਤਾਂ ਇਹ ਦੇਸ਼ ਦੀ ਸਿਆਸਤ ਵਿਚ ਵੱਡਾ ਮੋੜ ਹੋਵੇਗਾ। ਠੀਕ ਇਹੀ ਕਾਰਨ ਹੈ ਕਿ ਹਰ ਇਕ ਦੀ ਅੱਖ ਬੰਗਾਲ ਉਤੇ ਲੱਗੀ ਹੈ। ਜਿਥੋਂ ਤਕ ਅਸਾਮ ਦੀ ਗੱਲ ਹੈ, ਉੱਥੇ ਭਾਜਪਾ ਪਹਿਲਾਂ ਵੀ ਸੱਤਾ ਵਿਚ ਹੈ। 2016 ਵਿਚ ਪਹਿਲੀ ਵਾਰੀ ਭਾਜਪਾ ਸੱਤਾ ਵਿਚ ਆਈ ਸੀ। ਹੁਣ ਵੀ ਭਾਜਪਾ ਅਪਣੇ ਦੋ ਹੋਰ ਸਹਿਯੋਗੀ ਧੜਿਆਂ ਨਾਲ ਰਲ ਕੇ ਚੋਣਾਂ ਲੜ ਰਹੀ ਹੈ। ਉਥੇ ਕੁੱਲ 126 ਸੀਟਾਂ ਹਨ। ਪਹਿਲਾਂ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ 86 ਸੀਟਾਂ ਮਿਲੀਆਂ ਸਨ। ਇਸ ਵਾਰੀ ਉੱਥੇ ਸੌ ਸੀਟਾਂ ਦਾ ਟੀਚਾ ਮਿਥਿਆ ਹੈ ਪਰ ਭਾਜਪਾ ਲਈ ਇਹ ਏਨਾ ਸੌਖਾ ਨਹੀਂ ਹੈ ਕਿਉਂਕਿ ਉੱਥੇ ਕਾਂਗਰਸ ਨੇ ਖੱਬੇ ਪੱਖੀਆਂ ਸਮੇਤ ਸੱਤ ਪਾਰਟੀਆਂ ਦਾ ਮਹਾਂ ਗੱਠਬੰਧਨ ਬਣਾ ਲਿਆ ਹੈ। ਭਾਵੇਂ ਭਾਜਪਾ ਨੂੰ ਅਸਾਮ ਵਿਚ ਕੌਮੀ ਨਾਗਰਿਕਤਾ ਰਜਿਸਟਰ ਸੋਧ ਐਕਟ, ਮਹਿੰਗਾਈ ਤੇ ਹੋਰ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਭਾਜਪਾ ਫਿਰ ਬਹੁਮਤ ਦੇ ਨੇੜੇ ਜਾਂਦੀ ਵਿਖਾਈ ਦੇ ਰਹੀ ਹੈ।
ਭਾਜਪਾ ਪਾਸ ਪਹਿਲਾਂ ਅਪਣੀਆਂ ਹੀ 60 ਸੀਟਾਂ ਸਨ। ਕਾਂਗਰਸ ਨੇ 122 ਸੀਟਾਂ ਤੇ ਚੋਣ ਲੜੀ ਸੀ ਕੇਵਲ 26 ਸੀਟਾਂ ਹੀ ਮਿਲੀਆਂ ਸਨ। ਭਾਵੇਂ ਕਾਂਗਰਸ ਤੇ ਉਸ ਦੇ ਸਹਿਯੋਗੀ ਦਲਾਂ ਦਾ ਵੋਟ ਦਰ 48 ਫ਼ੀ ਸਦੀ ਦੇ ਬਰਾਬਰ ਜਾਂਦਾ ਹੈ ਪਰ ਭਾਜਪਾ ਦੇ ਗੱਠਜੋੜ ਤੇ ਕਾਂਗਰਸ ਅਤੇ ਸਹਿਯੋਗੀਆਂ ਦੇ ਮਹਾਂ ਗੱਠਬੰਧਨ ਵਿਚ ਫ਼ਸਵੀਂ ਟੱਕਰ ਹੋਵੇਗੀ। ਭਾਵੇਂ ਰਾਜ ਆਸਾਮ ਵਿਚ ਭਾਜਪਾ ਦਾ ਹੈ ਪਰ ਕਾਂਗਰਸ ਵੀ ਸੱਤਾ ਹਥਿਆਉਣ ਲਈ ਜ਼ੋਰ ਲਗਾ ਰਹੀ ਹੈ। ਬਾਜ਼ੀ ਕਿਸੇ ਪਾਸੇ ਵੀ ਜਾ ਸਕਦੀ ਹੈ।
ਹੁਣ ਗੱਲ ਕਰਦੇ ਹਾਂ ਤਾਮਿਲਨਾਡੂ ਦੀ। ਉੱਥੇ ਕਾਫ਼ੀ ਸਮੇਂ ਤੋਂ ਸੱਤਾ ਦਰਾਵੜ ਪੱਖੀ ਗੁੱਟਾਂ ਪਾਸ ਹੈ। ਡੀ.ਐਮ.ਕੇ. ਦਾ ਬਾਨੀ ਤਾਮਿਲਨਾਡੂ ਦਾ ਸਾਬਕਾ ਮੁੱਖ ਮੰਤਰੀ ਕਰੁਨਾਨਿਧੀ ਬੜਾ ਮਜ਼ਬੂਤ ਆਗੂ ਸੀ। ਅੱਜ ਉਸ ਦਾ ਪੁੱਤਰ ਸਟਾਲਿਨ ਪਾਰਟੀ ਦਾ ਮੁਖੀ ਹੈ। ਭਾਵੇਂ ਡੀ.ਐਮ.ਕੇ. ਪਿਛਲੇ ਦਸ ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਪਰ ਸਟਾਲਿਨ ਨੇ ਕਾਂਗਰਸ ਨਾਲ ਰੱਲ ਕੇ ਸੱਤ ਗੁਟਾਂ ਦਾ ਮਹਾਂ-ਗੱਠਬੰਧਨ ਬਣਾ ਲਿਆ ਹੈ। ਸਟਾਲਿਨ ਨੇ ਇਕ ਕਰੋੜ ਨੂੰ ਤਾਂ ਗ਼ਰੀਬੀ ਵਿਚੋਂ ਬਾਹਰ ਕੱਢਣ ਦਾ ਵਾਅਦਾ ਕੀਤਾ ਹੈ ਤੇ ਹਰ ਸਾਲ ਦਸ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। 20 ਲੱਖ ਪੱਕੇ ਘਰਾਂ ਦੀ ਗਰੰਟੀ ਦਿਤੀ ਹੈ।
ਹਰ ਇਕ ਨੂੰ ਇੰਟਰਨੈੱਟ ਤੇ ਪਾਣੀ ਦੇਣ ਦੀ ਗੱਲ ਕੀਤੀ ਹੈ। ਹਿੰਦੂ ਵਿਰੋਧੀ ਹੋਣ ਦਾ ਦਾਗ਼ ਧੋਣ ਲਈ ਇਕ ਹਜ਼ਾਰ ਕਰੋੜ ਰੁਪਏ ਮੰਦਰਾਂ ਦੇ ਨਿਰਮਾਣ ਤੇ ਰੱਖ-ਰਖਾਵ ਵਾਸਤੇ ਰੱਖਣ ਦਾ ਵਾਅਦਾ ਕੀਤਾ ਹੈ। ਚਰਚ ਤੇ ਗਿਰਜਾ ਘਰਾਂ ਲਈ 200 ਕਰੋੜ ਰੱਖਣ ਦਾ ਵਾਅਦਾ ਕੀਤਾ ਹੈ। ਅਜਿਹੇ ਹੀ ਵਾਅਦੇ ਏ.ਆਈ.ਏ. ਡੀ.ਐਮ.ਕੇ. ਨੇ ਕੀਤੇ ਹਨ। ਭਾਵੇਂ ਇਹ ਸੱਭ ਕੱੁਝ ਲਾਰੇਬਾਜ਼ੀ ਤੋਂ ਸਿਵਾਏ ਕੁੱਝ ਵੀ ਨਹੀਂ ਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਤੇ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਅਜਿਹਾ ਕਰਦੀਆਂ ਹਨ। ਇਹ ਚੋਣਾਵੀ ਦਾਅ-ਪੇਚ ਹਨ। ਤਾਮਿਲਨਾਡੂ ਵਿਚ ਭਾਜਪਾ ਭਾਵੇਂ 234 ਵਿਚੋਂ ਸਿਰਫ਼ 20 ਸੀਟਾਂ ਤੇ ਹੀ ਚੋਣ ਲੜ ਰਹੀ ਹੈ ਪਰ ਉੱਥੇ ਉਸ ਦਾ ਭਾਈਵਾਲ ਏ.ਆਈ.ਏ. ਡੀ.ਐਮ.ਕੇ. ਪ੍ਰਮੁੱਖ ਹੈ। ਭਾਜਪਾ ਉੱਥੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਤਾਕ ਵਿਚ ਹੈ। ਨੰਬਰ ਇਕ ਤੇ ਸੱਤਾ ਵਿਚ ਹਿੱਸੇਦਾਰੀ ਹੋਵੇਗੀ। ਨੰਬਰ ਦੋ ਤੇ ਅਗਾਮੀ ਲੋਕ ਸਭਾ ਚੋਣਾਂ ਵਿਚ ਫ਼ਾਇਦਾ ਹੋਵੇਗਾ। ਤਾਮਿਲਨਾਡੂ ਵਿਚ ਤਾਂ ਭਾਜਪਾ ਦਾ ਕੋਈ ਅਧਾਰ ਹੈ ਹੀ ਨਹੀਂ। ਉਥੇ ਤਾਂ ਉਸ ਨੂੰ ਜੋ ਕੱੁਝ ਵੀ ਮਿਲੇਗਾ ਉਹੀ ਲਾਹੇਵੰਦ ਹੈ। ਵੈਸੇ ਵੀ ਉੱਥੇ ਦਰਾਵੜ ਸੋਚ ਭਾਰੂ ਹੈ। ਉੱਥੇ ਹਿੰਦੂਵਾਦੀ ਵਿਚਾਰਧਾਰਾ ਦਾ ਕੋਈ ਅਧਾਰ ਨਹੀਂ। ਭਾਵੇਂ ਉੱਥੇ ਹੋਰ ਵੀ ਕੁੱਝ ਛੋਟੇ ਜਾਂ ਸੀਮਾਂਤ ਦਲ ਹੋਣਗੇ ਪਰ ਮੁੱਖ ਮੁਕਾਬਲਾ ਦਰਾਵੜ ਧਿਰਾਂ ਵਿਚ ਹੀ ਹੈ।
ਕੇਰਲਾ ਵਿਚ ਵਿਧਾਨ ਸਭਾ ਦੀਆਂ 140 ਸੀਟਾਂ ਹਨ। ਉੱਥੇ ਖੱਬੇਪੱਖੀ ਗੱਠਜੋੜ ਦੀ ਚੜ੍ਹਤ ਹੈ। ਸੱਤਾਧਾਰੀ ਖੱਬੇਪੱਖੀ ਫਰੰਟ ਪਾਸ ਉੱਥੇ 88 ਵਿਧਾਇਕ ਹਨ। ਕਾਂਗਰਸ ਦੇ 28 ਵਿਧਾਇਕ ਹਨ। ਭਾਜਪਾ ਦਾ ਸਿਰਫ਼ ਇਕ ਹੀ ਵਿਧਾਇਕ ਹੈ। ਭਾਜਪਾ ਅਪਣਾ ਅਧਾਰ ਬਣਾਉਣ ਲਈ ਯਤਨ ਕਰ ਰਹੀ ਹੈ ਪਰ ਉੱਥੇ ਖੱਬੇ ਪੱਖੀਆਂ ਦਾ ਮਜ਼ਬੂਤ ਅਧਾਰ ਹੈ। ਸਿਰਫ਼ ਕੇਰਲਾ ਹੀ ਇਕੋ ਇਕ ਰਾਜ ਹੈ ਜਿੱਥੇ ਕਾਮਰੇਡਾਂ ਦੀ ਸਰਕਾਰ ਹੈ। ਕੇਰਲਾ ਵਿਚ ਕਾਂਗਰਸ ਦਾ ਵਕਾਰ ਵੀ ਦਾਅ ਤੇ ਲਗਿਆ ਹੋਇਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਉੱਥੋਂ ਹੀ ਜਿੱਤ ਕੇ ਸੰਸਦ ਵਿਚ ਗਏ ਹਨ। ਰਾਹੁਲ ਗਾਂਧੀ ਲਈ ਵੀ ਇਹ ਪਰਖ ਦੀ ਘੜੀ ਹੈ। ਸੱਤਾਧਾਰੀ ਧਿਰ ਵਿਰੁਧ ਸੋਨੇ ਦੀ ਤਸਕਰੀ ਅਤੇ ਹੋਰ ਬੇਨਿਯਮੀਆਂ ਦੇ ਦੋਸ਼ ਲੱਗ ਰਹੇ ਹਨ ਪਰ ਬੜ੍ਹਤ ਖੱਬੇ ਪੱਖੀਆਂ ਨੂੰ ਹੀ ਮਿਲਦੀ ਵਿਖਾਈ ਦੇ ਰਹੀ ਹੈ।
ਭਾਵੇਂ ਭਾਜਪਾ ਪ੍ਰਧਾਨ ਮੰਤਰੀ ਮੋਦੀ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ਵਿਚ ਹੈ। ਉੱਥੇ ਭਾਜਪਾ ਨੇ ਮੋਦੀ ਨਾਲ ਨਵਾਂ ਕੇਰਲਾ ਦਾ ਨਾਹਰਾ ਵੀ ਲਾ ਦਿਤਾ ਹੈ ਪਰ ਕੀ ਬਣਦਾ ਹੈ, ਇਹ ਤਾਂ ਚੋਣ ਨਤੀਜੇ ਹੀ ਦੱਸਣਗੇ। ਪੰਜਵਾਂ ਰਾਜ ਪਾਂਡੀਚਰੀ ਹੈ ਜਿਥੇ ਚੋਣਾਂ ਹੋ ਰਹੀਆਂ ਹਨ। ਇਹ ਕੇਂਦਰੀ ਸ਼ਾਸਤ ਪ੍ਰਦੇਸ ਹੈ। ਉਥੇ ਵਿਧਾਨ ਸਭਾ ਦੀਆਂ 30 ਸੀਟਾਂ ਹਨ ਅਤੇ ਤਿੰਨ ਨਾਮਜ਼ਦ ਮੈਂਬਰ ਹੁੰਦੇ ਹਨ। ਉੱਥੇ ਕਾਂਗਰਸ ਅਤੇ ਡੀ.ਐਮ.ਕੇ. ਦੀ ਸਾਂਝੀ ਸਰਕਾਰ ਹੈ। ਕਾਂਗਰਸ ਪਾਸ 15 ਸੀਟਾਂ ਹਨ। ਭਾਜਪਾ ਪਾਸ ਇਕ ਵੀ ਸੀਟ ਨਹੀਂ ਹੈ। ਕੀ ਕਾਂਗਰਸ ਫਿਰ ਬਾਜ਼ੀ ਮਾਰਦੀ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ। ਉਪਰੋਕਤ ਪੰਜ ਸੂਬਿਆਂ ਵਿੱਚ ਹੋ ਰਹੀਆਂ ਚੋਣਾਂ ਦੇ ਨਤੀਜੇ ਦੇਸ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ। ਚੋਣਾਂ ਜਿੱਤਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਹ ਚੋਣਾਂ ਬਹੁਤ ਅਹਿਮ ਹਨ।
ਐਡਵੋਕੇਟ ਕੇਹਰ ਸਿੰਘ ਹਿੱਸੋਵਾਲ,ਸੰਪਰਕ : 98141-25593