
ਕਿਸੇ ਸਰਕਾਰੀ ਸੰਸਥਾ ਵਿਚ ਇੰਸਟੱਕਟਰ ਸੀ ਅਤੇ ਪਤਨੀ ਕਿਸੇ ਨੇੜੇ ਦੇ ਨਿਜੀ ਸਕੂਲ 'ਚ 150 ਰੁਪਏ ਮਹੀਨੇ ਤੇ ਅਧਿਆਪਕਾ ਸੀ। ਉਂਜ ਉਸ ਨੇ ਐਮ.ਏ., ਬੀ.ਐੱਡ. ਕੀਤੀ ਹੋਈ ਸੀ।
ਇਹ 1980 ਤੋਂ ਪਹਿਲਾਂ ਦੀ ਗੱਲ ਹੈ। ਸਾਡੇ ਘਰ ਦੇ ਸਾਹਮਣੇ ਇਕ ਅਗਰਵਾਲ ਪ੍ਰਵਾਰ ਨੇ 500 ਗ਼ਜ਼ ਦੇ ਪਲਾਟ ਵਿਚ ਅਪਣਾ ਦੋ ਕਮਰਿਆਂ, ਸਟੋਰ ਤੇ ਰਸੋਈ ਵਾਲਾ ਛੋਟਾ ਜਿਹਾ ਘਰ ਬਣਾਇਆ। ਪ੍ਰਵਾਰ ਵਿਚ ਪਤੀ-ਪਤਨੀ ਅਤੇ ਦੋ ਛੋਟੇ ਬੱਚੇ ਸਨ। ਪਤੀ ਕਿਸੇ ਸਰਕਾਰੀ ਸੰਸਥਾ ਵਿਚ ਇੰਸਟੱਕਟਰ ਸੀ ਅਤੇ ਪਤਨੀ ਕਿਸੇ ਨੇੜੇ ਦੇ ਨਿਜੀ ਸਕੂਲ 'ਚ 150 ਰੁਪਏ ਮਹੀਨੇ ਤੇ ਅਧਿਆਪਕਾ ਸੀ। ਉਂਜ ਉਸ ਨੇ ਐਮ.ਏ., ਬੀ.ਐੱਡ. ਕੀਤੀ ਹੋਈ ਸੀ।
ਪਤੀ ਹਰ ਰੋਜ਼ ਬੀਵੀ ਨੂੰ ਅਪਣੀ ਸਾਈਕਲ ਉਤੇ ਸਕੂਲ ਛੱਡ ਕੇ ਆਉਂਦਾ ਅਤੇ ਕਈ ਵਾਰ ਲੈ ਕੇ ਵੀ ਆਉਂਦਾ। ਬਹੁਤ ਹੀ ਸਾਧਾਰਣ ਪ੍ਰਵਾਰ ਸੀ। ਸ੍ਰੀਮਤੀ ਅਗਰਵਾਲ ਦਾ ਸਾਧਾਰਣ ਪਹਿਰਾਵਾ ਹੁੰਦਾ। ਉਹ ਅਕਸਰ ਸਾੜੀ ਪਹਿਨਦੀ ਅਤੇ ਪੈਰੀਂ ਆਮ ਜਹੀਆਂ ਚਪਲਾਂ ਪਾਈਆਂ ਹੁੰਦੀਆਂ ਸਨ। ਸਾਡੀ ਆਪਸ ਵਿਚ ਬਹੁਤੀ ਜਾਣ-ਪਛਾਣ ਨਹੀਂ ਸੀ। ਗੁਆਂਢੀ ਹੋਣ ਦੇ ਨਾਤੇ ਥੋੜ੍ਹੀ-ਬਹੁਤ ਦੁਆ-ਸਲਾਮ ਸੀ।
ਇਕ ਦਿਨ ਦੋਵੇਂ ਜੀਅ ਸਾਡੇ ਘਰ ਆਏ ਅਤੇ ਥੋੜ੍ਹੀ ਬਹੁਤੀ ਗੱਲਬਾਤ ਤੋਂ ਪਿਛੋਂ ਸ੍ਰੀ ਅਗਰਵਾਲ ਕਹਿਣ ਲੱਗੇ, ''ਸਾਨੂੰ ਪਤਾ ਲੱਗਾ ਹੈ ਕਿ ਸਿਖਿਆ ਵਿਭਾਗ ਪੰਜਾਬ ਦੇ ਸਕੱਤਰ ਸ. ਅਮਰੀਕ ਸਿੰਘ ਪੂਨੀ ਤੁਹਾਡੇ ਚੰਗੇ ਨੇੜੇ ਹਨ। ਤੁਸੀ ਮਿਸਿਜ਼ ਅਗਰਵਾਲ ਦੀ ਸਿਫ਼ਾਰਸ਼ ਕਰ ਕੇ ਇਨ੍ਹਾਂ ਨੂੰ ਕਿਸੇ ਸਰਕਾਰੀ ਸਕੂਲ ਵਿਚ ਲਗਵਾ ਦਿਉ।''
ਕੁੱਝ ਸੋਚ-ਵਿਚਾਰ ਪਿਛੋਂ ਮੈਂ ਕਿਹਾ, ''ਇਹ ਨਵੀਂ ਆਬਾਦੀ ਬਣੀ ਹੈ, ਤੁਸੀ ਛੋਟੇ ਬੱਚਿਆਂ ਦਾ ਅਪਣਾ ਸਕੂਲ ਕਿਉਂ ਨਹੀਂ ਖੋਲ੍ਹ ਲੈਂਦੇ?'' ਅਗਰਵਾਲ ਜੀ ਤਾਂ ਸੋਚੀਂ ਪੈ ਗਏ ਪਰ ਸ੍ਰੀਮਤੀ ਅਗਰਵਾਲ ਇਕਦਮ ਤ੍ਰਭਕ ਕੇ ਬੋਲੀ, ''ਮੈਂ...ਮੈਂ ਸਕੂਲ ਨਹੀਂ ਚਲਾ ਸਕਦੀ।” ਮੈਂ ਅਪਣੇ ਸੁਝਾਅ ਦੇ ਹੱਕ ਵਿਚ ਕੁੱਝ ਦਲੀਲਾਂ ਦਿਤੀਆਂ ਅਤੇ ਸਰਕਾਰੀ ਸਕੂਲ ਦੀ ਨੌਕਰੀ ਲੈਣ ਦੇ ਵਿਧੀ-ਵਿਧਾਨ ਅਤੇ ਨਿਯਮਾਂ, ਜ਼ਾਬਤੇ ਵਗੈਰਾ ਦੀ ਗੱਲ ਸਮਝਾਈ। ਕੁੱਝ ਚਿਰ ਸਾਧਾਰਣ ਗੱਲਬਾਤ ਹੁੰਦੀ ਰਹੀ। ਮੁੜਦੇ ਵਕਤ ਮੈਂ ਉਨ੍ਹਾਂ ਨੂੰ ਫਿਰ ਅਪਣੀ ਪ੍ਰਸਤਾਵਿਤ ਯੋਜਨਾ ਉਤੇ ਗੌਰ ਕਰਨ ਲਈ ਕਿਹਾ।
ਲਗਭਗ ਮਹੀਨੇ-ਡੇਢ ਮਹੀਨੇ ਬਾਅਦ ਉਹ ਦੋਵੇਂ ਜੀ ਫਿਰ ਇਕ ਦਿਨ ਘਰ ਆਏ ਅਤੇ ਕਹਿਣ ਲੱਗੇ, ''ਅਸੀ ਤੁਹਾਡੀ ਸਲਾਹ ਮੰਨ ਕੇ ਸਕੂਲ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ। ਤੁਸੀ ਸਾਡੇ ਨਾਲ ਸਾਡੇ ਘਰ ਚਲੋ ਅਤੇ ਸਕੂਲ ਦੀ ਛੱਤ ਦੇ ਸਾਹਮਣੇ ਪਾਸੇ ਸਕੂਲ ਦੇ ਨਾਂ ਦਾ ਸਾਈਨ-ਬੋਰਡ ਟੰਗਵਾਉ।'' ਸਕੂਲ ਦਾ ਨਾਂ ਰਖਿਆ 'ਨਿਊ ਅਨੰਦ ਸਕੂਲ।' ਯਕੀਨ ਮੰਨੋ ਦੋਹਾਂ ਜੀਆਂ ਨੇ ਬਹੁਤ ਮਿਹਨਤ ਕੀਤੀ ਅਤੇ ਦੋ ਕੁ ਸਾਲਾਂ ਵਿਚ ਹੀ ਸਕੂਲ ਅਪਣੇ ਪੈਰਾਂ ਸਿਰ ਹੋ ਗਿਆ। ਸਕੂਲ ਇਲਾਕੇ ਦੀ ਲੋੜ ਬਣ ਗਿਆ। ਦੋਵੇਂ ਪਤੀ-ਪਤਨੀ ਅਪਣੇ ਬੱਚਿਆਂ ਨੂੰ ਲੈ ਕੇ ਸੁਵਖਤੇ ਉਠਦੇ। ਕਮਰੇ ਖ਼ਾਲੀ ਕਰ ਕੇ ਬਿਸਤਰੇ ਸਟੋਰ ਵਿਚ ਟਿਕਾ ਦੇਂਦੇ ਅਤੇ ਮੰਜੇ ਬਾਹਰ ਵਿਹੜੇ ਵਿਚ। ਕਮਰਿਆਂ ਦੇ ਸਾਧਾਰਣ ਫ਼ਰਸ਼ ਦੀ ਆਪ ਸਫ਼ਾਈ ਕਰ ਕੇ ਬੱਚਿਆਂ ਦੇ ਬੈਂਚ ਟਿਕਾ ਦੇਂਦੇ। ਹੌਲੀ-ਹੌਲੀ ਹੋਰ ਕਮਰੇ ਵੀ ਬਣ ਗਏ, ਹੋਰ ਅਧਿਆਪਕ ਵੀ ਰੱਖ ਲਏ। ਕੁੱਝ ਸਾਲਾਂ ਵਿਚ ਹੀ ਸਕੂਲ ਅਠਵੀਂ ਜਮਾਤ ਤਕ ਪਹੁੰਚ ਗਿਆ। ਸ੍ਰੀਮਤੀ ਅਗਰਵਾਲ ਦੀ ਰਹਿਣੀ-ਬਹਿਣੀ ਅਤੇ ਗੱਲਬਾਤ ਸਕੂਲ ਪ੍ਰਿੰਸੀਪਲ ਵਾਲੀ ਬਣ ਗਈ। ਉਹ ਹਰ ਰੋਜ਼ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਸਿਖਿਆ ਭਰਪੂਰ ਲੰਮੇ ਲੰਮੇ ਲੈਕਚਰ ਦੇਣ ਲੱਗ ਪਏ।
ਮੈਂ ਜਦ ਕਦੇ ਸਕੂਲ ਅੱਗੋਂ ਲੰਘਦਾ, ਕਈ ਵਾਰ ਉਸ ਦੇ ਸਿਖਿਆਦਾਇਕ ਭਾਸ਼ਨਾਂ ਦੇ ਕੁੱਝ ਅੰਸ਼ ਸੁਣਦਾ ਤਾਂ ਮਨ ਗਦਗਦ ਹੋ ਜਾਂਦਾ। ਕੁੱਝ ਸਾਲਾਂ ਵਿਚ ਹੀ ਸਕੂਲ ਏਨਾ ਮਸ਼ਹੂਰ ਹੋ ਗਿਆ ਕਿ ਮੈਨੂੰ ਵੀ ਕਿਸੇ ਨੂੰ ਅਪਣੇ ਘਰ ਦਾ ਥਾਂ-ਟਿਕਾਣਾ ਦੱਸਣ ਲਈ ਇਹ ਕਹਿਣਾ ਪੈਂਦਾ ਸੀ 'ਸਾਹਮਣੇ ਨਿਊ ਅਨੰਦ ਮਾਡਲ ਸਕੂਲ।'
ਹੁਣ ਇਹ ਪ੍ਰਵਾਰ ਦਿੱਲੀ ਚਲਾ ਗਿਆ ਹੈ ਅਤੇ ਉਥੇ ਜਾ ਕੇ ਉਨ੍ਹਾਂ ਨੇ ਹੋਰ ਵੱਡਾ ਸਕੂਲ ਖੋਲ੍ਹ ਲਿਆ ਹੈ। ਇਸ ਕਾਮਯਾਬ ਜੋੜੀ ਦੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਕਹਾਣੀ ਬੜੀ ਦਿਲਚਸਪ ਅਤੇ ਪ੍ਰੇਰਣਾਦਾਇਕ ਹੈ। ਅੱਜ ਇਹ ਸਕੂਲ ਭਾਵੇਂ ਬੰਦ ਹੋ ਗਿਆ ਹੈ ਪਰ ਪੁਰਾਣੇ ਲੋਕ ਅਜੇ ਵੀ ਇਹੋ ਕਹਿੰਦੇ ਹਨ, ''ਤੁਸੀ ਉਥੇ 'ਨਿਊ ਅਨੰਦ ਸਕੂਲ' ਦੇ ਸਾਹਮਣੇ ਹੀ ਰਹਿੰਦੇ ਹੋ ਨਾ?''
ਡਾ.ਬਿਕਰਮ ਸਿੰਘ ਘੁੰਮਣ ਸੰਪਰਕ : 98151-26942