ਜ਼ਿਲ੍ਹਾ ਗੁਰਦਾਸਪੁਰ 'ਚ ਵਸਦਾ ਮਿੰਨੀ ਕਸ਼ਮੀਰ
Published : May 27, 2018, 12:56 am IST
Updated : May 27, 2018, 12:56 am IST
SHARE ARTICLE
Mini Kashmir in Gurdaspur
Mini Kashmir in Gurdaspur

ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੀ ਪ੍ਰਸਿੱਧ ਨੀਮ ਪਹਾੜੀ ਤਹਿਸੀਲ ਹੈ ਪਠਾਨਕੋਟ। ਪਠਾਨਕੋਟ ਤਹਿਸੀਲ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ...

ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੀ ਪ੍ਰਸਿੱਧ ਨੀਮ ਪਹਾੜੀ ਤਹਿਸੀਲ ਹੈ ਪਠਾਨਕੋਟ। ਪਠਾਨਕੋਟ ਤਹਿਸੀਲ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ ਵਲ ਬਹੁਤ ਹੀ ਮਨਮੋਹਕ ਪਹਾੜੀਆਂ ਦਾ ਵਾਸਾ ਹੈ। ਪਠਾਨਕੋਟ ਤੋਂ ਤਹਿਸੀਲ ਧਾਰਕਲਾਂ ਲਗਭਗ 23 ਕਿਲੋਮੀਟਰ ਦੂਰ ਪੈਂਦੀ ਹੈ। ਧਾਰ ਚੌਕ ਦੇ ਸੱਜੇ ਪਾਸੇ ਹੇਠਾਂ ਨੂੰ ਪਹਾੜ ਤੋਂ ਉਤਰਦੀ ਸੜਕ ਕਰਨਾਲ ਝੀਲ ਤਕ ਜਾਂਦੀ ਹੈ।

ਇਹ ਝੀਲ ਧਾਰ ਕਲਾਂ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਪੈਂਦੀ ਹੈ। ਛੋਟੀਆਂ-ਛੋਟੀਆਂ ਪਹਾੜੀਆਂ ਦਾ ਸੁੰਦਰ ਇਲਾਕਾ ਹੈ। ਝੀਲ ਪਾਰ ਕਰ ਕੇ ਛੋਟੀ ਜਹੀ ਪਹਾੜੀ ਉਤੇ ਇਕ ਛੋਟਾ ਜਿਹਾ ਪਿੰਡ ਹੈ ਟੀਕਾ ਡਲਿਆਲ। ਇਸ ਇਲਾਕੇ ਨੂੰ ਕਹਿੰਦੇ ਹਨ ਮਿੰਨੀ ਕਸ਼ਮੀਰ। ਪਿੰਡ ਟੀਕਾ ਡਲਿਆਲ ਨੂੰ ਫ਼ੰਗੋਤਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਹੈ। ਭਾਵ ਕਿ ਪਾਣੀ ਵਿਚ ਵਸੀ ਇਕ ਪਹਾੜੀ।

ਪਿੰਡ ਟੀਕਾ ਡਲਿਆਲ ਦੇ ਸੁੰਦਰ ਇਲਾਕੇ ਨੂੰ ਕਹਿੰਦੇ ਹਨ ਮਿੰਨੀ ਕਸ਼ਮੀਰ। ਇਸ ਇਲਾਕੇ ਵਲ ਕੁਦਰਤ ਦੇ ਗਹਿਣੇ ਪਾ ਕੇ ਜੰਨਤ ਦੀ ਮਿਸਾਲ ਪੈਦਾ ਕਰਦੀ ਹੈ।
ਇਸ ਪਿੰਡ ਦੇ ਨਾਲ ਝੀਲ ਲਗਦੀ ਹੈ ਅਤੇ ਦੂਜੇ ਪਾਸੇ ਰਾਵੀ ਦਰਿਆ ਦੀ ਸੁੰਦਰਤਾ ਅਪਣੀ ਵਿਆਖਿਆ ਖ਼ੁਦ ਕਰਦੀ ਹੈ। ਰਾਵੀ ਰਣਜੀਤ ਸਾਗਰ ਡੈਮ ਨਾਲ ਜਾ ਮਿਲਦੀ ਹੈ ਅਤੇ ਅਪਣੇ ਜਲਵੇ ਨਾਲ ਬਿਜਲੀ ਪੈਦਾ ਕਰਦੀ ਹੈ।

ਪਿੰਡ ਟੀਕਾ ਡਲਿਆਲ ਦੇ ਦਰਮਿਆਨ ਲਗਭਗ ਦੋ ਹਜ਼ਾਰ ਏਕੜ ਦੇ ਕਰੀਬ ਸਮਤਲ ਜ਼ਮੀਨ ਹੈ ਜੋ ਰਾਵੀ ਦਰਿਆ ਦੇ ਨਾਲ ਖਹਿੰਦੀ ਹੈ ਅਤੇ ਇਹ ਜ਼ਮੀਨ ਚਾਰ ਚੁਫ਼ੇਰਿਉਂ ਪਹਾਣੀ ਨਾਲ ਘਿਰੀ ਪਈ ਹੈ। ਇਹ ਸਾਰਾ ਇਲਾਕਾ ਮਿੰਨੀ ਕਸ਼ਮੀਰ ਕਹਾਉਂਦਾ ਹੈ। ਇਸ ਸਮਤਲ ਜ਼ਮੀਨ ਵਿਚ ਕਿਸੇ ਸਮੇਂ ਵਸਦਾ-ਰਸਦਾ ਪਿੰਡ ਫੰਗੋਤਾ ਸੀ, ਜਿਸ ਨੂੰ ਡੈਮ ਬਣਨ ਕਰ ਕੇ ਖ਼ਾਲੀ ਕਰਵਾ ਲਿਆ ਗਿਆ। ਹੁਣ ਇਹ ਸਮਤਲ ਮੈਦਾਨ ਹੈ। ਦਸਿਆ ਜਾਂਦਾ ਹੈ ਕਿ ਇਸ ਜ਼ਮੀਨ ਵਿਚ ਪੱਥਰ ਵੀ ਉਗ ਪੈਂਦੇ ਹਨ। ਇਸ ਇਲਾਕੇ ਦੀ ਜ਼ਮੀਨ ਬਹੁਤ ਉਪਜਾਊ ਸੀ।

ਪਿੰਡ ਟੀਮ ਡਲਿਆਲ ਤਕ ਜਾਣ ਲਈ ਝੀਲ ਵਿਚ ਬੇੜੀਆਂ ਪੈਂਦੀਆਂ ਹਨ। ਇਹ ਬੇੜੀਆਂ ਡੀਜ਼ਲ ਇੰਜਣ ਨਾਲ ਅਤੇ ਚੱਪੂਆਂ ਨਾਲ ਚਲਦੀਆਂ ਹਨ। ਇਨ੍ਹਾਂ ਬੇੜੀਆਂ ਵਿਚ ਸਫ਼ਰ ਕਰਨ ਦਾ ਮਜ਼ਾ ਵੀ ਅਪਣਾ ਹੀ ਹੈ। ਝੂਟਾ ਲੈਣ ਦਾ ਮਜ਼ਾ ਆ ਜਾਂਦਾ ਹੈ। ਖ਼ਾਸ ਕਰ ਕੇ ਬੱਚਿਆਂ ਲਈ ਇਹ ਸਥਾਨ ਵੇਖਣਯੋਗ ਹੈ। ਝੀਲ ਦਾ ਮੱਧਮ ਹਰੇ ਰੰਗ ਦਾ ਕਲ-ਕਲ ਕਰਦਾ ਪਾਣੀ ਚੰਗਾ ਲਗਦਾ ਹੈ। ਜਦੋਂ ਪਾਣੀ ਨੂੰ ਬੇੜੀ ਚੀਰਦੀ ਹੋਈ ਚਲਦੀ ਹੈ ਤਾਂ ਇਕ ਵਾਰੀ ਤਾਂ ਜੰਨਤ ਦਾ ਹੁਲਾਰਾ ਆ ਜਾਂਦਾ ਹੈ।

 ਮਿੰਨੀ ਕਸ਼ਮੀਰ ਨੂੰ ਇਕ ਦੂਜਾ ਰਸਤਾ ਵੀ ਜਾਂਦਾ ਹੈ ਜੋ ਕੁੱਝ ਲੰਮਾ ਹੈ ਅਤੇ ਏਨਾ ਮਜ਼ੇਦਾਰ ਨਹੀਂ ਕਿਉਂਕਿ ਉਸ ਰਸਤੇ ਝੀਲ ਨਹੀਂ ਪੈਂਦੀ। ਉਹ ਦੁਨੇਰੇ ਤੋਂ ਟੀਕਾ ਡਲਿਆਲ ਨੂੰ ਜਾਂਦਾ ਹੈ ਪਰ ਧਾਰਕਲਾਂ ਤੋਂ ਟੀਕਾ ਡਲਿਆਲ ਜਾਣ ਦਾ ਰਸਤਾ ਹੀ ਮਨੋਰੰਜਕ ਦ੍ਰਿਸ਼ਮਈ ਹੈ। ਪਿੰਡ ਟੀਕਾ ਡਲਿਆਲ ਦੀ ਪਹਾੜੀ ਤੋਂ ਕਰਨਾਲ ਝੀਲ, ਰਾਵੀ ਦਰਿਆ, ਸਮਤਲ ਮੈਦਾਨ ਨੂੰ ਵੇਖਣ ਦਾ ਨਜ਼ਾਰਾ ਲੈਣਾ ਹੋਵੇ ਤਾਂ ਪਿੰਡ ਟੀਕਾ ਡਲਿਆਲ ਦੀ ਟੀਸੀ ਤੇ ਸ਼ੋਭਨੀਕ ਮਾਤਾ ਟਿੱਕਰ ਵਾਲੀ ਮੰਦਰ ਦੇ ਅਲੰਕਾਰ ਪਹਿਨੇ ਹੋਣ।

ਇਕ ਮੰਦਰ ਦੇ ਹੇਠਲੇ ਪਾਸੇ ਘਰਾਂ ਦੇ ਨਜ਼ਦੀਕ ਉੱਚੇ ਉੱਚੇ ਫੱਲ ਭਰਪੂਰ ਖਜੂਰਾਂ ਦੇ ਰੁੱਖ ਬਹੁਤ ਸੁੰਦਰ ਦ੍ਰਿਸ਼ ਬਣਾਉਂਦੇ ਹਨ।ਇਸ ਸਮਤਲ ਮੈਦਾਨ ਵਿਚ ਪੈਰਾਸ਼ੂਟ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ। ਅਤਿ ਗਰਮੀ ਦੇ ਦਿਨਾਂ ਵਿਚ ਵੀ ਰਾਤ ਨੂੰ ਰਜਾਈ ਲੈ ਕੇ ਸੌਣਾ ਪੈਂਦਾ ਹੈ। ਇਹ ਇਲਾਕਾ ਕਿਸੇ ਕਸ਼ਮੀਰ ਤੋਂ ਘੱਟ ਨਹੀਂ। ਰਾਤ ਨੂੰ ਠੰਢਕ ਭਰਪੂਰ ਨਜ਼ਾਰਾ ਵੇਖਣ ਹੀ ਵਾਲਾ ਹੁੰਦਾ ਹੈ। ਝੀਲ ਲਗਭਗ ਤਿੰਨ ਸੌ ਮੀਟਰ ਚੌੜੀ ਅਤੇ ਲਗਭਗ ਪੰਜ ਸੌ ਫ਼ੁਟ ਡੂੰਘੀ ਹੈ। ਇਥੋਂ ਲਗਭਗ ਅੱਠ ਕਿਲੋਮੀਟਰ ਦੂਰ ਹੈ ਰਣਜੀਤ ਸਾਗਰ ਡੈਮ। ਇਸ ਝੀਲ ਵਿਚ ਬੇੜੀ ਸਵੇਰੇ 6 ਵਜੇ ਤੋਂ ਲੈ ਕੇ ਸੂਰਜ ਡੁੱਬਣ ਤਕ ਪੈਂਦੀ ਹੈ। ਇਕ ਸਵਾਰੀ ਦੇ ਪੰਜ ਰੁਪਏ ਲੈਂਦੇ ਹਨ। 

ਇਸ ਪਿੰਡ ਦੀ ਆਬਾਦੀ ਲਗਭਗ ਸੌ ਦੇ ਕਰੀਬ ਹੈ। ਰਾਵੀ ਦਰਿਆ ਦਾ ਸਰਕਾਰੀ ਠੇਕਾ ਚੜ੍ਹਦਾ ਹੈ। ਇਸ ਸਾਲ ਇਸ ਦਾ ਠੇਕਾ ਚਾਰ ਲੱਖ 55 ਹਜ਼ਾਰ ਹੈ। ਇਸ ਦਰਿਆ ਵਿਚ ਮਹਾਂਸ਼ੇਰ ਮੱਤੀ, ਗਲਕਾ ਅਤੇ ਗੋਲਡਨ ਮੱਛੀ ਹੀ ਪਲਦੀ ਹੈ। ਇਸ ਇਲਾਕੇ ਦੀ ਜਾਣਕਾਰੀ ਦੇਂਦਿਆਂ ਠੇਕੇਦਾਰ ਮਨਮੋਹਨ ਸਿੰਘ, ਕਰਤਾਰ ਸਿੰਘ ਅਤੇ ਪੁਜਾਰੀ ਬਿਸ਼ਨ ਦਾਸ ਨੇ ਦਸਿਆ ਕਿ ਪਠਾਨਕੋਟ ਤਹਿਸੀਲ ਦਾ ਪਹਾੜੀ ਇਲਾਕਾ ਚੱਕੀ ਦਰਿਆ ਤੋਂ ਦੁਨੇਰੇ ਤਕ ਲਗਭਗ 50 ਕਿਲੋਮੀਟਰ ਪੈ ਜਾਂਦਾ ਹੈ। ਦੁਨੇਰੇ ਦੇ ਸਰਕਾਰੀ ਕਟੋਰੀ ਬੰਗਲੇ ਦੀ ਹੱਦ ਹਿਮਾਚਲ ਪ੍ਰਦੇਸ਼ ਨਾਲ ਜਾ ਮਿਲਦੀ ਹੈ। ਇਥੋਂ ਡਲਹੌਜ਼ੀ ਕੁੱਝ ਕਿਲੋਮੀਟਰ ਦੀ ਦੂਰੀ ਤੇ ਹੈ। 

ਦੂਜੇ ਪਾਸੇ ਪਿੰਡ ਫਗੋਤਾ ਅਤੇ ਡੂੰਘ, ਜੰਮੂ-ਕਸ਼ਮੀਰ ਦੀ ਹੱਦ ਨਾਲ ਜਾ ਲਗਦੇ ਹਨ। ਦਰਮਿਆਨ ਰਾਵੀ ਦਰਿਆ ਵਹਿੰਦਾ ਹੈ। ਤੀਜੇ ਪਾਸੇ ਮਾਧੋਪੁਰ ਦੇ ਦਰਿਆ ਦੇ ਪਾਸ ਜੰਮੂ-ਕਸ਼ਮੀਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਪਠਾਨਕੋਟ ਦੇ ਇਕ ਪਾਸੇ ਵਲ ਚੱਕੀ ਦੇ ਨਾਲ ਪੰਜਾਬ ਦਾ ਚੱਕੜ ਪਿੰਡ ਹੈ ਜੋ ਹਿਮਾਚਲ ਦੇ ਨਾਲ ਪੈਂਦਾ ਹੈ। ਇਹ ਸਾਰਾ ਪਹਾੜੀ ਇਲਾਕਾ ਹੈ। ਪਿੰਡ ਟੀਕਾ ਡਲਿਆਲ ਵਿਖੇ ਅੱਜ ਵੀ ਨੂਰਪੁਰ ਦੇ ਰਾਜੇ ਵਲੋਂ ਬਣਾਏ ਖੂਹ ਮੌਜੂਦ ਹਨ ਜੋ ਪ੍ਰਾਚੀਨ ਸਭਿਆਚਾਰ ਦੀ ਦਾਸਤਾਂ ਕਹਿੰਦੇ ਹਨ। ਇਸ ਸਥਾਨ ਤੋਂ ਬਸੌਲੀ ਨਜ਼ਰ ਆਉਂਦੀ ਹੈ। ਬਸੌਲੀ ਸ਼ਹਿਰ ਕਿਸੇ ਸਮੇਂ ਜੰਮੂ-ਕਸ਼ਮੀਰ ਦੀ  ਰਾਜਧਾਨੀ ਰਿਹਾ ਹੈ।

ਜੇ ਮਿੰਨੀ ਕਸ਼ਮੀਰ ਵੇਖਣ  ਆਉਣਾ ਹੋਵੇ ਤਾਂ ਦੁਪਹਿਰ ਦਾ ਖਾਣਾ ਜ਼ਰੂਰ ਨਾਲ ਲਿਆਉ, ਕਿਉਂਕਿ ਇਥੇ ਕੋਈ ਹੋਟਲ ਵਗੈਰਾ ਨਹੀਂ ਹੈ। ਝੀਲ ਪਾਰ ਕਰ ਕੇ ਪਹਾੜੀ ਚੜ੍ਹ ਕੇ, ਫਿਰ ਮੰਦਰ ਦੀਆਂ ਲਗਭਗ 55 ਪੌੜੀਆਂ ਚੜ੍ਹ ਕੇ ਮੰਦਰ ਵਿਖੇ ਅਰਾਮ ਕਰੋ ਅਤੇ ਦੁਪਹਿਰ ਦਾ ਖਾਣਾ ਖਾਉ। ਮੰਦਰ ਵਿਚ ਕੋਈ ਸਹੂਲਤ ਨਹੀਂ ਹੈ। ਸਿਰਫ਼ ਪਾਣੀ ਮਿਲਦਾ ਹੈ, ਉਹ ਵੀ ਦੂਰ ਤੋਂ ਲਿਆਉਣਾ ਪੈਂਦਾ ਹੈ। ਬੈਠਣ ਲਈ ਦਰੀ ਵੀ ਅਪਣੀ ਨਾਲ ਲੈ ਕੇ ਜਾਉ। ਬੈਠਣ ਲਈ ਕੋਈ ਯੋਗ ਪ੍ਰਬੰਧ ਨਹੀਂ, ਕੋਈ ਕੁਰਸੀ ਨਹੀਂ ਸਿਰਫ਼ ਇਕ ਮੰਜਾ ਹੈ।

ਜੇ ਸਰਕਾਰ ਜਾਂ ਇਲਾਕੇ ਦੇ ਮੋਹਤਬਰ ਵਿਅਕਤੀ ਜਾਂ ਐਮ.ਐਲ.ਏ. ਆਦਿ ਕੋਸ਼ਿਸ਼ ਕਰਨ ਤਾਂ ਕਸ਼ਮੀਰ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਧਾਰਕਲਾਂ ਦੇ ਇਲਾਕੇ ਨੂੰ ਹੋਰ ਸੁੰਦਰ, ਵਧੀਆ ਹੋਟਲ ਆਦਿ ਦੀਆਂ ਸਹੂਲਤਾਂ ਦੇ ਕੇ ਹੋਰ ਉੱਤਮ ਅਤੇ ਸੈਰ-ਸਪਾਟੇ ਵਾਲੀ ਥਾਂ ਬਣਾਇਆ ਜਾਏ। ਲੋਕ ਡਲਹੌਜ਼ੀ ਦੀ ਥਾਂ ਮਿੰਨੀ ਕਸ਼ਮੀਰ ਵਲ ਛੁੱਟੀਆਂ ਕੱਟਣ ਆਉਣਗੇ। ਵੇਖਣ ਵਾਲੀ ਥਾਂ ਹੈ ਇਲਾਕਾ ਪਿੰਡ ਟੀਕਾ ਡਲਿਆਲ। 
ਸੰਪਰਕ : 98156-26409

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement