
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ’ਤੇ ਵਿਸ਼ੇਸ
ਮੁਹਾਲੀ: ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਦਾ ਹਰ ਅੱਖ਼ਰ ਸ਼ਹੀਦਾਂ ਦੇ ਖ਼ੂਨ ਨਾਲ ਲਿਖਿਆ ਹੋਇਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋਂ ਹਿੰਦੂ ਧਰਮ ਦੀ ਰਖਵਾਲੀ ਅਤੇ ਖੇਡਣ ਕੁੱਦਣ ਦੀ ਬਾਲ ਉਮਰ ਵਿਚ ਸਿੱਖੀ ਸਿਦਕ ਨਿਭਾਉਣ ਲਈ ਸਾਹਿਬਜ਼ਾਦਿਆਂ ਵਲੋਂ ਦਿਤੀ ਕੁਰਬਾਨੀ ਦੇ ਬਰਾਬਰ ਦੀ ਉਦਾਹਰਣ ਵਿਸ਼ਵ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ। ਮਾਤਾ ਗੁੱਜਰ ਕੌਰ ਜੀ ਦਾ ਵਿਆਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਹੋਇਆ ਅਤੇ ਇਨ੍ਹਾਂ ਦੀ ਪਵਿੱਤਰ ਕੁੱਖੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਜੀਵਨ ਦਾ ਲੰਮਾ ਸਮਾਂ ਪ੍ਰਮਾਤਮਾ ਦੀ ਭਗਤੀ ਅਤੇ ਸਿੱਖੀ ਦੇ ਪ੍ਰਚਾਰ ਲਈ ਘਰ ਤੋਂ ਬਾਹਰ ਗੁਜ਼ਾਰਿਆ। ਇਸ ਦੌਰਾਨ ਮਾਤਾ ਗੁਜਰੀ ਜੀ ਵਲੋਂ ਹੀ ਘਰ ਦੀਆਂ ਸਾਰੀਆਂ ਗ੍ਰਹਿਸਥੀ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ।
Sahibzaade
ਗ੍ਰਹਿਸਥੀ ਜ਼ਿੰਮੇਵਾਰੀਆਂ ਸੰਭਾਲਣ ਦੇ ਨਾਲ ਨਾਲ ਮਾਤਾ ਜੀ ਨੇ ਪੁੱਤਰ ਗੋਬਿੰਦ ਰਾਏ ਅਤੇ ਪੋਤਰਿਆਂ ਨੂੰ ਬਚਪਨ ਤੋਂ ਹੀ ਸਿੱਖੀ ਦੀ ਅਮੀਰ ਵਿਰਾਸਤ ਦਾ ਪਾਠ ਪੜ੍ਹਾਇਆ। ਇਹ ਉਨ੍ਹਾਂ ਦੀਆਂ ਸਿਖਿਆਵਾਂ ਦਾ ਹੀ ਨਤੀਜਾ ਸੀ ਕਿ ਬਾਲ ਗੋਬਿੰਦ ਰਾਏ ਨੇ ਬਾਲ ਉਮਰ ਵਿਚ ਹੀ ਪਿਤਾ ਨੂੰ ਹਿੰਦੂ ਧਰਮ ਦੀ ਰਖਵਾਲੀ ਲਈ ਦਿੱਲੀ ਜਾਣ ਲਈ ਆਖਿਆ ਅਤੇ ਸਾਹਿਬਜ਼ਾਦਿਆਂ ਨੇ ਜ਼ੁਲਮ ਵਿਰੁਧ ਹਸ ਕੇ ਸ਼ਹਾਦਤ ਦਿੰਦਿਆਂ ਮਿਸਾਲ ਕਾਇਮ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਮਾਤਾ ਗੁਜ਼ਰੀ ਜੀ ਨੇ ਬਾਲ ਗੋਬਿੰਦ ਰਾਏ ਨੂੰ ਸਿੱਖ ਪੰਥ ਦੀ ਅਗਵਾਈ ਲਈ ਤਿਆਰ ਕੀਤਾ। ਮੁਗ਼ਲ ਹਾਕਮਾਂ ਅਤੇ ਪਹਾੜੀ ਰਾਜਿਆਂ ਵਲੋਂ ਧਰਮ ਦੀਆਂ ਸਹੁੰਆਂ ਖਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਵਾਉਣ ਸਮੇਂ ਮਾਤਾ ਗੁਜਰੀ ਜੀ ਅਤੇ ਸਾਰਾ ਪ੍ਰਵਾਰ ਉਨ੍ਹਾਂ ਦੇ ਨਾਲ ਹੀ ਸੀ।
Guru Gobind Singh Ji
ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵਲੋਂ ਸਹੁੰਆਂ ਤੋੜ ਕੇ ਗੁਰੂ ਸਾਹਿਬ ’ਤੇ ਕੀਤੇ ਹਮਲੇ ਦੌਰਾਨ ਸਰਸਾ ਨਦੀ ਦੇ ਕਿਨਾਰੇ ਪਏ ਪ੍ਰਵਾਰ ਵਿਛੋੜੇ ਦੌਰਾਨ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਦਾਦੀ ਮਾਤਾ ਗੁਜਰੀ ਜੀ ਨਾਲ ਬਾਕੀ ਪ੍ਰਵਾਰ ਤੋਂ ਵਿਛੜ ਗਏ। ਪ੍ਰਵਾਰ ਤੋਂ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਲੰਮਾ ਸਮਾਂ ਰਸੋਈਆ ਰਿਹਾ ਗੰਗੂ ਅਪਣੇ ਨਾਲ ਸਹੇੜੀ ਪਿੰਡ ਲੈ ਗਿਆ। ਉਧਰ ਮੁਗ਼ਲ ਹਕੂਮਤ ਵਲੋਂ ਗੁਰੂ ਸਾਹਿਬ ਸਮੇਤ ਉਨ੍ਹਾਂ ਦੇ ਪ੍ਰਵਾਰ ਦੀ ਭਾਲ ਵਿਚ ਇਨਾਮਾਂ ਦਾ ਐਲਾਨ ਕੀਤਾ ਗਿਆ ਸੀ। ਮਨ ਵਿਚ ਆਏ ਪੈਸੇ ਦੇ ਲਾਲਚ ਨੇ ਗੰਗੂ ਨੂੰ ਇਨਸਾਨੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਭੁਲਾ ਦਿਤੀਆਂ। ਇਤਿਹਾਸਕਾਰਾਂ ਅਨੁਸਾਰ ਰਾਤ ਸਮੇਂ ਜਦੋਂ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਮੋਹਰਾਂ ਚੋਰੀ ਕਰਦਿਆਂ ਵੇਖਿਆ ਤਾਂ ਮਾਤਾ ਜੀ ਨੇ ਗੰਗੂ ਨੂੰ ਖ਼ੂਬ ਝਾੜ ਪਾਈ। ਗੰਗੂ ਨੇ ਅਪਣਾ ਗੁਨਾਹ ਛੁਪਾਉਣ ਅਤੇ ਮੁਗ਼ਲ ਹਕੂਮਤ ਤੋਂ ਹੋਰ ਇਨਾਮ ਪ੍ਰਾਪਤ ਕਰਨ ਦੇ ਲਾਲਚ ਹਿਤ ਸਥਾਨਕ ਚੌਧਰੀਆਂ ਰਾਹੀਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੂਚਨਾ ਮੋਰਿੰਡੇ ਦੇ ਕੋਤਵਾਲ ਨੂੰ ਜਾ ਦਿਤੀ।
Mata Gujri Ji
ਮੋਰਿੰਡੇ ਦੇ ਕੋਤਵਾਲ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਲਿਆਂਦਾ ਗਿਆ। ਕੁੱਝ ਇਤਿਹਾਸਕਾਰਾਂ ਵਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਣ ਦਾ ਤਰੀਕਾ ਵੀ ਗ਼ੈਰ ਮਨੁੱਖੀ ਦਸਿਆ ਗਿਆ ਹੈ। ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਅਤਿ ਦੀ ਸਰਦੀ ਦੇ ਮਹੀਨੇ ਦੌਰਾਨ ਸਰਹਿੰਦ ਦੇ ਠੰਢੇ ਬੁਰਜ ਵਿਚ ਕੈਦ ਕਰ ਕੇ ਰਖਿਆ ਗਿਆ। ਦਾਦੀ ਮਾਤਾ ਨੂੰ ਸੂਬਾ ਸਰਹਿੰਦ ਵਲੋਂ ਕੀਤੇ ਜਾਣ ਵਾਲੇ ਅਤਿਆਚਾਰਾਂ ਦਾ ਚੰਗੀ ਤਰ੍ਹਾਂ ਇਲਮ ਸੀ। ਦਾਦੀ ਨੇ ਸਾਹਿਬਜ਼ਾਦਿਆਂ ਨੂੰ ਕੁਰਬਾਨੀਆਂ ਵਾਲੇ ਇਤਿਹਾਸ ਦੀ ਸਿਖਿਆ ਦਿਤੀ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕਰ ਕੇ ਇਸਲਾਮ ਕਬੂਲ ਕਰਨ ਲਈ ਡਰਾਇਆ ਧਮਕਾਇਆ ਗਿਆ। ਸੂਬੇ ਦੀ ਕਚਹਿਰੀ ’ਚ ਵਜ਼ੀਰਾਂ ਵਲੋਂ ਸਾਹਿਬਜ਼ਾਦਿਆਂ ਨੂੰ ਜਿਥੇ ਕਈ ਕਿਸਮ ਦੇ ਲਾਲਚ ਦਿਤੇ ਗਏ, ਉਥੇ ਹੀ ਸੂਬੇ ਅੱਗੇ ਸਿਰ ਝੁਕਾ ਕੇ ਮੁਆਫ਼ੀ ਮੰਗ ਲੈਣ ਲਈ ਵੀ ਕਿਹਾ ਗਿਆ।
ਮੁਗ਼ਲਾਂ ਨੂੰ ਉਮੀਦ ਸੀ ਕਿ ਇਹ ਨਿਆਣੇ ਬਾਲ ਜ਼ਰੂਰ ਡਰ ਜਾਣਗੇ ਅਤੇ ਜਾਂ ਫਿਰ ਲਾਲਚ ਵਿਚ ਆ ਜਾਣਗੇ। ਪਰ ਜਿਨ੍ਹਾਂ ਬਾਲਕਾਂ ਦੀਆਂ ਨਸਾਂ ਵਿਚ ਦਾਦਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਖ਼ੂਨ ਦੌੜ ਰਿਹਾ ਸੀ, ਡਰ ਜਾਂ ਭੈਅ ਉਨ੍ਹਾਂ ਦੇ ਨਜ਼ਦੀਕ ਕਿਵੇਂ ਆ ਸਕਦਾ ਸੀ? ਬਾਲ ਸਾਹਿਬਜ਼ਾਦਿਆਂ ਨੇ ਮੁਗ਼ਲ ਹਕੂਮਤ ਦੇ ਡਰਾਵਿਆਂ ਅਤੇ ਲਾਲਚ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦਿਆਂ ਮੁਗ਼ਲਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ। ਇਤਿਹਾਸਕਾਰਾਂ ਅਨੁਸਾਰ ਮੁਗ਼ਲਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦਸਦਿਆਂ ਖੁਦ ਦੀ ਜਾਨ ਬਚਾਅ ਲੈਣ ਦੀਆਂ ਤਕਰੀਰਾਂ ਵੀ ਦਿਤੀਆਂ। ਪਰ ਸਾਹਿਬਜ਼ਾਦਿਆਂ ਨੇ ਅਪਣੇ ਇਰਾਦੇ ਵਿਚ ਪਰਪੱਕ ਅਤੇ ਅਡੋਲ ਰਹਿੰਦਿਆਂ ਇਸਲਾਮ ਧਾਰਨ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ। ਛੋਟੇ ਬਚਿਆਂ ਨੂੰ ਵੀ ਇਸਲਾਮ ਕਬੂਲ ਨਾ ਕਰਵਾ ਸਕਣ ’ਚ ਸੂਬਾ ਸਰਹਿੰਦ ਅਪਣੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ।
ਉਸ ਨੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆ ਤਾਂ ਕਚਹਿਰੀ ’ਚ ਮੌਜ਼ੂਦ ਨਵਾਬ ਮਲੇਰਕੋਟਲਾ ਨੇ ਸੂਬਾ ਸਰਹਿੰਦ ਵਲੋਂ ਬੱਚਿਆਂ ’ਤੇ ਜ਼ੁਲਮ ਕਮਾਉਣ ਦਾ ਵਿਰੋਧ ਕੀਤਾ। ਨਵਾਬ ਮਲੇਰਕੋਟਲਾ ਨੇ ਕਿਹਾ ਕਿ ‘‘ਵਿਸ਼ਵ ਦਾ ਕੋਈ ਵੀ ਧਰਮ ਬੱਚਿਆਂ ’ਤੇ ਜ਼ੁਲਮ ਕਮਾਉਣ ਦੀ ਇਜਾਜ਼ਤ ਨਹੀਂ ਦਿੰਦਾ। ਸੂਬਾ ਸਾਹਿਬ, ਤੁਹਾਡੀ ਦੁਸ਼ਮਣੀ ਇਨ੍ਹਾਂ ਦੇ ਪਿਤਾ ਨਾਲ ਹੈ। ਤੁਸੀ ਬਹਾਦਰਾਂ ਵਾਂਗ ਉਸ ਨਾਲ ਯੁੱਧ ਕਰੋ ਤਾਂ ਚੰਗੇ ਲੱਗੋਗੇ। ਪਰ ਕਾਇਰਾਂ ਵਾਂਗ ਇਨ੍ਹਾਂ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣਾ ਇਸਲਾਮ ਵਿਰੁਧ ਹੈ।’’ ਇਤਿਹਾਸਕਾਰਾਂ ਅਨੁਸਾਰ ਜਦੋਂ ਸਾਹਿਬਜ਼ਾਦਿਆਂ ਨੂੰ ਪੁਛਿਆ ਗਿਆ ਕਿ ਜੇਕਰ ਤੁਹਾਡੀ ਜ਼ਿੰਦਗੀ ਬਖ਼ਸ਼ ਦਿਤੀ ਜਾਏ ਤਾਂ ਤੁਸੀ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਬੜੇ ਨਿਡਰਤਾ ਭਰਪੂਰ ਲਹਿਜੇ ਅਤੇ ਗਰਜਵੀਂ ਆਵਾਜ਼ ਵਿਚ ਕਿਹਾ, ‘‘ਜੇਕਰ ਅਸੀ ਜ਼ਿੰਦਾ ਰਹੇ ਤਾਂ ਅਸੀ ਸਾਡੇ ਪਿਤਾ ਜੀ ਵਾਂਗ ਫ਼ੌਜਾਂ ਇਕੱਤਰ ਕਰ ਕੇ ਜ਼ੁਲਮ ਨੂੰ ਮਿਟਾਉਣ ਲਈ ਜ਼ਾਲਮ ਨਾਲ ਟੱਕਰ ਲਵਾਂਗੇ। ’’
ਸਾਹਿਬਜ਼ਾਦਿਆਂ ਦੇ ਇਸ ਜਵਾਬ ਨੇ ਸੂਬਾ ਸਰਹਿੰਦ ਨੂੰ ਧੁਰ ਅੰਦਰੋਂ ਹਿਲਾ ਦਿਤਾ ਅਤੇ ਉਸ ਨੇ ਬਿਨਾਂ ਦੇਰੀ ਦੋਵੇਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਦੀਵਾਰਾਂ ਵਿਚ ਚਿਣ ਕੇ ਮੌਤ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿਤਾ। ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੇ ਬੇਖ਼ੌਫ਼ ਰਹਿੰਦਿਆਂ ਮਿਲੀ ਸਜ਼ਾ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਸੁਣਾਈ। ਮਾਤਾ ਗੁਜਰੀ ਜੀ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਖੁਦ ਹੱਥੀਂ ਤਿਆਰ ਕਰ ਕੇ ਸ਼ਹਾਦਤ ਲਈ ਸੂਬੇ ਦੀ ਕਚਹਿਰੀ ਵਿਚ ਭੇਜਿਆ। ਜ਼ਾਲਮ ਮੁਗ਼ਲਾਂ ਨੇ ਮਾਸੂਮਾਂ ਨੂੰ ਜਿਉਂਦੇ ਜੀਅ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿਤਾ। ਦੂਜੇ ਪਾਸੇ ਮਾਤਾ ਗੁਜਰੀ ਜੀ ਨੇ ਪ੍ਰਾਣ ਤਿਆਗ ਦਿਤੇ।
ਇਹ ਮਾਤਾ ਗੁਜਰੀ ਜੀ ਦੀ ਸਿਖਿਆ ਹੀ ਸੀ ਜਿਸ ਨੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੇ ਡਰਾਵਿਆਂ ਅਤੇ ਲਾਲਚ ਨੂੰ ਠੋਕਰ ਮਾਰ ਕੇ ਸਿੱਖੀ ਸਿਦਕ ਨਿਭਾਉਣ ਦੇ ਰਸਤੇ ਤੋਰਿਆ। ਮੁਗ਼ਲ ਹਕੂਮਤ ਤੋਂ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਭਾਅ ਜਮੀਨ ਖ਼ਰੀਦ ਕੇ ਦੀਵਾਨ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਵਾਲੀ ਜ਼ਮੀਨ ਅੱਜ ਤਕ ਵਿਸ਼ਵ ਦੀ ਸੱਭ ਤੋਂ ਮਹਿੰਗੀ ਜ਼ਮੀਨ ਹੈ। ਸਾਹਿਬਜ਼ਾਦਿਆਂ ਦੇ ਸ਼ਹਾਦਤ ਅਸਥਾਨ ਅਤੇ ਦਾਦੀ ਮਾਤਾ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਅਸਥਾਨ ’ਤੇ ਪਵਿੱਤਰ ਗੁਰਦਵਾਰਾ ਸਾਹਿਬਾਨ ਸੁਸ਼ੋਭਿਤ ਹਨ, ਜਿਥੇ ਹਰ ਵਰੇ੍ਹ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਜੁੜਦੀਆਂ ਹਨ।
ਬਿੰਦਰ ਸਿੰਘ ਖੁੱਡੀ ਕਲਾਂ, ਮੋਬਾਇਲ :98786-05965