ਦਿੱਲੀ ਦੇ ਹਾਕਮਾਂ ਨੇ ਕਦੇ ਵਾਅਦੇ ਨਹੀਂ ਨਿਭਾਏ ਪੰਜਾਬ ਨਾਲ
Published : Dec 27, 2020, 7:27 am IST
Updated : Dec 27, 2020, 7:28 am IST
SHARE ARTICLE
Farmer protest
Farmer protest

1947 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਲੜਾਈ ਪੰਜਾਬੀ ਸੂਬੇ ਦੀ ਮੰਗ ਤਕ ਕਿਵੇਂ ਪੁੱਜੀ?

ਨਵੀਂ ਦਿੱਲੀ: ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦਿਆਂ ਬਾਰੇ ਮਹਾਤਮਾ ਗਾਂਧੀ ਨੇ ਗਿਆਨੀ ਕਰਤਾਰ ਸਿੰਘ ਨੂੰ ਜੋ ਕਿਹਾ ਸੀ, ਉਹ ਅਸੀ ਪਿਛਲੀ ਵਾਰ ਪੜ੍ਹ ਲਿਆ ਸੀ ਤੇ ਅੱਜ ਵੇਖਾਂਗੇ ਕਿ ਉਸ ਮਗਰੋਂ ਜਦ ਮਾ: ਤਾਰਾ ਸਿੰਘ, ਜਵਾਹਰ ਲਾਲ ਨਹਿਰੂ ਕੋਲ ਗਏ ਤੇ ਉਹੀ ਮੰਗ ਦੁਹਰਾਈ ਕਿ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਤਾਂ ਉਥੇ ਕੀ ਵਾਪਰਿਆ। ਗਾਂਧੀ ਨੇ ਤਾਂ ਕਹਿ ਦਿਤਾ ਸੀ ਕਿ ‘‘ਮੈਨੂੰ ਯਾਦ ਨਹੀਂ ਕਿ ਅਸੀ ਕੀ ਵਖਰੇ ਵਾਅਦੇ ਕੀਤੇ ਸਨ’’ ਪਰ ਜਵਾਹਰ ਲਾਲ ਨਹਿਰੂ ਨੂੰ ਸੱਭ ਯਾਦ ਸੀ। ਉਸ ਨੇ ਜੋ ਜਵਾਬ ਦਿਤਾ, ਉਸ ਦਾ ਪੂਰਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਨਹਿਰੂ-ਨਿਵਾਸ ਵਿਚ ਉਸ ਵੇਲੇ ਗੱਲਬਾਤ ਨੂੰ ਨਾਕਾਮ ਕਰਨ ਲਈ ਜੋ ਤਿਆਰੀ ਕੀਤੀ ਗਈ ਸੀ, ਉਸ ਵਲ ਧਿਆਨ ਦਿਵਾਉਣਾ ਚਾਹਾਂਗਾ।

farmerfarmer

ਸਰਦਾਰ ਪਟੇਲ ਨੂੰ ਵੀ ਪਤਾ ਲੱਗ ਗਿਆ ਸੀ ਕਿ ਮਾ: ਤਾਰਾ ਸਿੰਘ ਉਪ੍ਰੋਕਤ ਮੰਗ ਲੈ ਕੇ ਨਹਿਰੂ ਨੂੰ ਮਿਲਣ ਵਾਲੇ ਹਨ ਤੇ ਉਸ ਨੂੰ ਡਰ ਸੀ ਕਿ ਨਹਿਰੂ ਨੂੰ ਪੁਰਾਣੇ ਵਾਅਦੇ ਯਾਦ ਕਰਵਾਏ ਗਏ ਤਾਂ ਉਹ ਝੱਟ ਮੰਨ ਜਾਣਗੇ ਤੇ ਮਾ: ਤਾਰਾ ਸਿੰਘ ਅੱਗੇ ਅੜ ਨਹੀਂ ਸਕਣਗੇ। ਪਟੇਲ ਅਤੇ ਗਾਂਧੀ, ਦੋਵੇਂ ਹੀ, ਆਜ਼ਾਦੀ ਤੋਂ ਪਹਿਲਾਂ ਵੀ ਮਾ: ਤਾਰਾ ਸਿੰਘ ਨੂੰ ਪਸੰਦ ਨਹੀਂ ਸਨ ਕਰਦੇ ਕਿਉਂਕਿ ਮਾ: ਤਾਰਾ ਸਿੰਘ ਕਿਸੇ ਵੀ ਪੰਥ-ਵਿਰੋਧੀ ਸੁਝਾਅ ਦਾ ਤੁਰਤ ਕੜਕਵਾਂ ਜਵਾਬ ਦੇ ਦੇਂਦੇ ਸਨ ਤੇ ਗਾਂਧੀ, ਪਟੇਲ ਦੋਵੇਂ ਮਾ: ਤਾਰਾ ਸਿੰਘ ਨੂੰ ‘‘ਮੂੰਹ ਫੱਟ’’ ਲੀਡਰ ਕਹਿੰਦੇ ਸਨ। 1946 ਵਿਚ ਨਹਿਰੂ ਨੂੰ ਲਿਖੀ ਇਕ ਚਿੱਠੀ ਵਿਚ ਸਰਦਾਰ ਪਟੇਲ ਨੇ ਇਥੋਂ ਤਕ ਲਿਖ ਦਿਤਾ ਸੀ, ‘‘ਮੈਂ ਮਾ: ਤਾਰਾ ਸਿੰਘ ਨਾਲ ਗੱਲ ਨਹੀਂ ਕਰ ਸਕਦਾ।’’

Farmer protestFarmer protest

ਆਜ਼ਾਦੀ ਤੋਂ ਬਾਅਦ ਵੀ ਸਰਦਾਰ ਪਟੇਲ ਨੇ ਹਰ ਕੋਸ਼ਿਸ਼ ਕੀਤੀ ਕਿ ਕੋਈ ਵੀ ਸਿੱਖ ਲੀਡਰ, ਮਾ: ਤਾਰਾ ਸਿੰਘ ਨੂੰ ਅਪਣਾ ਲੀਡਰ ਨਾ ਮੰਨੇ। ਸ: ਬਲਦੇਵ ਸਿੰਘ ਨੂੰ ਲਿਖੀਆਂ ਚਿੱਠੀਆਂ ਵਿਚ ਵੀ ਮਾ: ਤਾਰਾ ਸਿੰਘ ਪ੍ਰਤੀ ਨਫ਼ਰਤ ਬੜੀ ਪ੍ਰਤੱਖ ਦਿਸਦੀ ਹੈ ਤੇ ਪਟੇਲ ਨੇ ਉਨ੍ਹਾਂ ਵਿਚ ਇਹ ਵੀ ਮੰਨਿਆ ਕਿ ਉਹ ਇਸ ਗੱਲ ਤੋਂ ਕਾਫ਼ੀ ਦੁਖੀ ਸੀ ਕਿ ਬਲਦੇਵ ਸਿੰਘ, ਅੰਦਰੋਂ ਮਾ: ਤਾਰਾ ਸਿੰਘ ਨਾਲ ਰਲਿਆ ਹੋਇਆ ਸੀ। ਸ: ਬਲਦੇਵ ਸਿੰਘ ਨੇ ਜਵਾਬੀ ਤੌਰ ਤੇ ਲਿਖ ਦਿਤਾ ਕਿ ਉਹ ਮਾ: ਤਾਰਾ ਸਿੰਘ ਦੀਆਂ ਨੀਤੀਆਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਪਰ ‘‘ਸਿੱਖਾਂ ਨਾਲ ਕੀਤੇ ਕੁੱਝ ਵਾਅਦੇ ਪੂਰੇ ਕਰ ਦਿਤੇ ਜਾਣ ਤਾਂ ਸਾਡੇ ਲਈ ਮਾ: ਤਾਰਾ ਸਿੰਘ ਨੂੰ ਮਾਰਨਾ ਸੌਖਾ ਹੋ ਜਾਏਗਾ।’’ ਸ: ਬਲਦੇਵ ਸਿੰਘ ਦੀ ਇਸ ‘ਚਲਾਕੀ’ ਨੂੰ ਪਟੇਲ ਤੇ ਨਹਿਰੂ ਦੋਵੇਂ ਸਮਝ ਗਏ ਤੇ ਸ: ਬਲਦੇਵ ਸਿੰਘ ਦੀ ਥਾਂ ਸਵਰਨ ਸਿੰਘ ਤੇ ਸੁਰਜੀਤ ਸਿੰਘ ਮਜੀਠੀਆ ਨੂੰ ਅੱਗੇ ਕੀਤਾ ਜਾਣ ਲੱਗਾ।

FARMER PROTESTFARMER PROTEST

ਖ਼ੈਰ, ਉਹੀ ਮਾ: ਤਾਰਾ ਸਿੰਘ ਅੱਜ ਪ੍ਰਧਾਨ ਮੰਤਰੀ ਨਹਿਰੂ ਨੂੰ ਮਿਲਣ ਆ ਰਹੇ ਸਨ। ਸ: ਪਟੇਲ ਨੇ ਨਹਿਰੂ-ਤਾਰਾ ਸਿੰਘ ਮੁਲਾਕਾਤ ਨੂੰ ਨਾਕਾਮ ਕਰਨ ਦਾ ਪੱਕਾ ਪ੍ਰਬੰਧ ਕੀਤਾ ਹੋਇਆ ਸੀ। ਉਸ ਨੇ ਜਲੰਧਰ ਤੋਂ ਇਕ ਹਿੰਦੂ ਡੈਲੀਗੇਸ਼ਨ ਬੁਲਾਇਆ ਹੋਇਆ ਸੀ ਤੇ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸਮਝਾ ਦਿਤਾ ਸੀ ਕਿ ਉਹਨਾਂ ਨੇ ਨਹਿਰੂ ਨੂੰ ਕਹਿਣਾ ਕੀ ਹੈ। ਪਟੇਲ ਆਪ ਇਸ ਹਿੰਦੂ ਡੈਲੀਗੇਸ਼ਨ ਨੂੰ ਲੈ ਕੇ ਨਹਿਰੂ ਕੋਲ ਗਿਆ। ਥੋੜੀ ਦੇਰ ਬਾਅਦ ਮਾ: ਤਾਰਾ ਸਿੰਘ ਨੇ ਇਥੇ ਹੀ ਨਹਿਰੂ ਨੂੰ ਮਿਲਣ ਆਉਣਾ ਸੀ। ਪਟੇਲ ਦੇ ਇਸ਼ਾਰੇ ਤੇ ਹਿੰਦੂ ਡੈਲੀਗੇਸ਼ਨ ਦੇ ਲੀਡਰ ਨੇ ਕਿਹਾ, ‘‘ਨਹਿਰੂ ਜੀ, ਸਾਨੂੰ ਪਤਾ ਲੱਗਾ ਹੈ ਕਿ ਮਾ: ਤਾਰਾ ਸਿੰਘ ਤੁਹਾਡੇ ਕੋਲ ਆ ਰਹੇ ਨੇ ਤੇ ਪੁਰਾਣੇ ਵਾਅਦਿਆਂ ਦਾ ਜ਼ਿਕਰ ਕਰ ਕੇ, ਪੰਜਾਬ ਨੂੰ ਖ਼ਾਲਿਸਤਾਨ ਬਣਵਾ ਲੈਣਗੇ। ਅਸੀ ਇਹੀ ਕਹਿਣ ਲਈ ਆਏ ਹਾਂ ਕਿ ਜੇ ਤੁਸੀ ਮਾ: ਤਾਰਾ ਸਿੰਘ ਦੀ ਮੰਗ ਮੰਨਣੀ ਹੈ ਤਾਂ ਸਾਨੂੰ ਪਹਿਲਾਂ ਦਸ ਦਿਉ, ਅਸੀ ਪੰਜਾਬ ਤੋਂ ਉਠ ਕੇ ਦਿੱਲੀ ਜਾਂ ਯੂ ਪੀ ਵਿਚ ਰਹਿ ਲਵਾਂਗੇ ਪਰ ਖ਼ਾਲਿਸਤਾਨ ਵਿਚ ਸਾਡਾ ਸਾਹ ਘੁਟਿਆ ਰਹੇਗਾ, ਅਸੀ ਉਥੇ ਨਹੀਂ ਰਹਾਂਗੇ।’’

ਨਹਿਰੂ ਮੁਸ¬ਕ੍ਰਾ ਪਿਆ ਤਾਂ ਪਟੇਲ ਨੇ ਕਿਹਾ, ‘‘ਯੇਹ ਬਹੁਤ ਗੰਭੀਰ ਮਸਲਾ ਹੈ। ਮੁਸ¬ਕ੍ਰਾ ਕਰ ਟਾਲਾ ਨਹੀਂ ਜਾ ਸਕਤਾ।’’ ਹਿੰਦੂ ਡੈਲੀਗੇਸ਼ਨ ’ਚੋਂ ਹੀ ਇਕ ਬੋਲਿਆ, ‘‘ਅਸੀ ਪਾਕਿਸਤਾਨ ਛੱਡ ਕੇ ਇਥੇ ਆਏ ਸੀ। ਜੇ ਇਥੇ ਵੀ ਪਾਕਿਸਤਾਨ ਦੀ ਥਾਂ ‘ਖ਼ਾਲਿਸਤਾਨ’ ਵਿਚ ਹੀ ਰਹਿਣਾ ਸਾਡੇ ਨਸੀਬ ਵਿਚ ਲਿਖਿਆ ਸੀ ਤਾਂ ਪਹਿਲਾਂ ਦਸ ਦੇਂਦੇ, ਅਸੀ ਪਾਕਿਸਤਾਨ ਵਿਚ ਹੀ ਰਹਿ ਲੈਂਦੇ, ਆਜ਼ਾਦੀ ਲਈ ਜਾਨਾਂ ਕਿਉਂ ਵਾਰੀਆਂ ਤੇ ਦੁਖ ਕਾਹਨੂੰ ਸਹੇੜੇ?’’ ਪਟੇਲ ਨੇ ਨਹਿਰੂ ਦੇ ਕੰਨ ਵਿਚ ਕੁੱਝ ਕਿਹਾ ਤੇ ਸਾਰੇ ਉਠ ਕੇ ਨਾਲ ਦੇ ਕਮਰੇ ਵਿਚ ਚਲੇ ਗਏ। ਮਾਸਟਰ-ਨਹਿਰੂ ਮੁਲਾਕਾਤ ਦਾ ਸਮਾਂ ਹੋ ਗਿਆ ਸੀ। ਪਟੇਲ ਨੇ ਦਸ ਦਿਤਾ ਕਿ ਨਾਲ ਦੇ ਕਮਰੇ ਵਿਚ ਉਹ ਨਹਿਰੂ-ਮਾਸਟਰ ਗੱਲਬਾਤ ਸੁਣ ਸਕਣਗੇ।

ਮਾਸਟਰ ਤਾਰਾ ਸਿੰਘ ਨੇ ਆ ਕੇ ਜਦ 1947 ਤੋਂ ਪਹਿਲਾਂ ਦੇ ਵਾਅਦਿਆਂ ਦੀ ਗੱਲ ਛੇੜੀ ਤਾਂ ਨਹਿਰੂ ਨੇ ਗੰਭੀਰ ਹੋ ਕੇ ਕਿਹਾ, ‘‘ਮਾਸਟਰ ਜੀ, ਪੁਰਾਨੀ ਬਾਤੇਂ ਅਬ ਭੂਲ ਜਾਈਏ। ਵਕਤ ਬਦਲ ਗਏ ਹੈਂ। ਆਪ ਭੀ ਬਦਲੀਏ।’’ ਮਾ: ਤਾਰਾ ਸਿੰਘ ਨੇ ਬੜੀਆਂ ਦਲੀਲਾਂ ਦਿਤੀਆਂ ਕਿ ਵਕਤ ਬਦਲਿਆ ਹੈ ਤਾਂ ਇਸ ਨੂੰ, ਕਿਸੇ ਹੋਰ ਨਾਲੋਂ ਜ਼ਿਆਦਾ, ਸਿੱਖਾਂ ਨੇ ਹੀ ਬਦਲਿਆ ਸੀ ਤੇ ਇਸ ਲਈ ਬਦਲਿਆ ਸੀ ਕਿ ਵਿਦੇਸ਼ੀ ਹਾਕਮਾਂ ਦੀ ਥਾਂ ਸਾਡੇ ਅਪਣੇ ਬੰਦੇ ਇਨ੍ਹਾਂ ਗੱਦੀਆਂ ’ਤੇ ਬਹਿ ਕੇ ਸਾਰੀਆਂ ਧਿਰਾਂ ਨਾਲ ਇਨਸਾਫ਼ ਕਰਨ ਦੇ ਜੋ ਵਾਅਦੇ ਕੀਤੇ ਸਨ, ਉਹ ਪੁਗਾ ਵਿਖਾਉਣ। ਅਸੀ ਕੋਈ ਨਵੀਂ ਮੰਗ ਨਹੀਂ ਰੱਖ ਰਹੇ, ਤੁਹਾਨੂੰ ਉਹੀ ਕੁੱਝ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਤੁਸੀ ਆਪ ਕਿਹਾ ਸੀ, ਲਿਖਿਆ ਸੀ ਤੇ ਸਹੁੰਆਂ ਖਾ ਕੇ ਬੋਲਿਆ ਸੀ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਨਾਲ ਵਿਸਾਹਘਾਤ ਨਾ ਕਰੋ। ਅਪਣੇ ਹੀ ਲਫ਼ਜ਼ਾਂ ਨੂੰ ਨਾ ਭੁੱਲੋ, ਅਪਣੇ ਹੀ ਬੋਲਾਂ ਨੂੰ ਪੁਗਾਉਣ ਤੋਂ ਨਾ ਭੱਜੋ।’

’ਨਹਿਰੂ, ਸਿਰ ਨੀਵਾਂ ਕਰ ਕੇ ਸੱਭ ਸੁਣ ਰਿਹਾ ਸੀ। ਉਸ ਕੋਲ ਜਵਾਬ ਕੋਈ ਨਹੀਂ ਸੀ। ਪਰ ਉਹ ਵਾਰ ਵਾਰ ਇਹੀ ਦੁਹਰਾ ਦੇਂਦਾ ਸੀ, ‘‘ਮਾਸਟਰ ਜੀ, ਉਹ ਲਫ਼ਜ਼ ਉਨ੍ਹਾਂ ਹਾਲਾਤ ਵਿਚ ਤਾਂ ਠੀਕ ਸਨ ਪਰ ਅੱਜ ਦੇ ਹਾਲਾਤ ਵਿਚ, ਨਵੇਂ ਹਿੰਦੁਸਤਾਨ ਵਿਚ ਅਸੀ ਵੱਖ ਵੱਖ ਧਰਮਾਂ ਦੀ ਗੱਲ ਨਹੀਂ ਕਰਨੀ, ਇਕ ਸੈਕੁਲਰ ਭਾਰਤ ਦੀ ਗੱਲ ਕਰਨੀ ਹੈ। ਜਦੋਂ ਵਾਅਦੇ ਗ਼ੁਲਾਮ ਭਾਰਤ ਵਿਚ ਕੀਤੇ ਸੀ, ਉਸ ਵੇਲੇ ਮੇਰੇ ਉਤੇ ਕੋਈ ਪਾਰਲੀਮੈਂਟ ਨਹੀਂ ਸੀ, ਕੋਈ ਕੈਬਨਿਟ ਨਹੀਂ ਸੀ ਤੇ ਮੈਂ ਜੋ ਮਰਜ਼ੀ ਬੋਲ ਸਕਦਾ ਸੀ ਪਰ ਹੁਣ ਉਹੀ ਕੁੱਝ ਬੋਲ ਸਕਦਾ ਹਾਂ ਜਿਸ ਦੀ ਆਗਿਆ ਪਾਰਲੀਮੈਂਟ ਤੇ ਕੈਬਨਿਟ ਦੇਵੇ। ਹੁਣ ਮੈਂ ਇਕੱਲਾ ਕੁੱਝ ਨਹੀਂ ਕਰ ਸਕਦਾ।’’
ਮਾ: ਤਾਰਾ ਸਿੰਘ ਨੇ ਹਰ ਦਲੀਲ ਨੂੰ ਕੱਟਿਆ ਤੇ ਪੂਰੇ ਜ਼ੋਰ ਨਾਲ ਕੱਟਿਆ ਪਰ ਹਾਕਮ ਦੀ ਨਾਂਹ, ਇਕ ਥਾਂ ਤੇ ਆ ਕੇ ਹੀ ਅਟਕ ਗਈ ਕਿ ‘ਵਕਤ ਬਦਲ ਗਏ ਨੇ, ਤੁਸੀ ਵੀ ਬਦਲੋ।’

ਮਾ: ਤਾਰਾ ਸਿੰਘ ਨੂੰ ਨਹਿਰੂ ਤੋਂ ਅਜਿਹੀ ਆਸ ਨਹੀਂ ਸੀ। ਦੁਰਗਾ ਦਾਸ ਲਿਖਦਾ ਹੈ ਕਿ ਨਹਿਰੂ ਦੀਆਂ ‘ਦਲੀਲਾਂ’ ਸੁਣ ਕੇ ਮਾਸਟਰ ਤਾਰਾ ਸਿੰਘ ਪੂਰੀ ਤਰ੍ਹਾਂ ਟੁਟ ਚੁਕੇ ਲਗਦੇ ਸਨ (3restfallen) ਤੇ ਡਾਢੇ ਦੁਖੀ ਸਨ। ਅਕਾਲੀ ਲੀਡਰਾਂ ਦੀ ਇਕੱਤਰਤਾ ਵਿਚ ਸਾਰੀ ਗੱਲ ਸੁਣਾਈ ਗਈ। ਕੀ ਕੀਤਾ ਜਾਏ? ਮਾ: ਤਾਰਾ ਸਿੰਘ ਦਾ ਉੱਤਰ ਸੀ, ‘‘ਹੁਣ ਤਖ਼ਤ ਜਾਂ ਤਖ਼ਤਾ ਵਾਲੀ ਹਾਲਤ ਬਣ ਗਈ ਹੈ। ਜਦ ਤਕ ਇਨ੍ਹਾਂ ਵਲੋਂ ਕੀਤੇ ਵਾਅਦੇ ਲਾਗੂ ਨਹੀਂ ਕਰਵਾ ਲੈਂਦੇ, ਆਰਾਮ ਨਾਲ ਨਹੀਂ ਬੈਠਣਾ ਚਾਹੀਦਾ। ਕਰੋ ਜਾਂ ਮਰੋ ਦਾ ਨਾਹਰਾ ਲਾ ਕੇ ਤੇ ਗੁਰੂ ਦਾ ਆਸਰਾ ਲੈ ਕੇ ਠਿਲ੍ਹ ਪੈਣਾ ਚਾਹੀਦਾ ਹੈ।’’ ਸਾਰਿਆਂ ਨੇ ਜੈਕਾਰਾ ਛੱਡ ਦਿਤਾ। ਪਰ ਗਿ: ਕਰਤਾਰ ਸਿੰਘ ਅਪਣੇ ਮੁਦੱਬਰਾਨਾ ਅੰਦਾਜ਼ ਵਿਚ, ਇਕ ਵਖਰੀ ਆਵਾਜ਼ ਲੈ ਕੇ ਬੋਲੇ, ‘‘ਵੇਖੋ, ਨਾ ਸਾਡੀ ਕੌਮ ਕੋਲ ਇਸ ਵੇਲੇ ਪੈਸਾ ਹੈ, ਨਾ ਵਾਲੰਟੀਅਰ। ਕੌਣ ਜਾਏਗਾ ਜੇਲ੍ਹ ਵਿਚ? ਕੌਮ ਪਾਰਟੀਸ਼ਨ ਦੀ ਮਾਰ ਖਾ ਕੇ ਬੌਂਦਲੀ ਪਈ ਹੈ। ਅੱਧੀ ਕੌਮ ਸੜਕਾਂ ਤੇ ਰੁਲ ਰਹੀ ਹੈ। ਰੋਟੀ ਖਾਣ ਦੇ ਜੁਗਾੜ ਲੱਭਣ ਲਈ ਭਟਕਦੀ ਫਿਰਦੀ ਏ। ਇਹ ਵੇਲਾ ਨਹੀਂ ਮੋਰਚਿਆਂ ਦਾ। ਹਾਰ ਜਾਵਾਂਗੇ ਤਾਂ ਸਿੱਖ ਕੌਮ ਪੂਰੀ ਤਰ੍ਹਾਂ ਬੇਦਿਲ ਹੋ ਜਾਏਗੀ।’’

‘ਫਿਰ ਕੀ ਕੀਤਾ ਜਾਏ?’’ ਸਾਥੀਆਂ ਨੇ ਪੁਛਿਆ।‘‘ਗਾਂਧੀ ਨਹਿਰੂ ਬਦਲ ਗਏ ਨੇ ਤਾਂ ਉਨ੍ਹਾਂ ਨੂੰ ਦਲੀਲ ਨਾਲ ਵੀ ਸਿੱਧੇ ਰਸਤੇ ਨਹੀਂ ਪਾਇਆ ਜਾ ਸਕਦਾ ਤੇ ਮੋਰਚਾ ਲਾ ਕੇ ਜਿੱਤਣ ਦੀ ਤਾਕਤ ਵੀ ਇਸ ਵੇਲੇ ਸਾਡੇ ਕੋਲ ਕੋਈ ਨਹੀਂ। ਪਰ ਸਾਰੇ ਹਿੰਦੁਸਤਾਨ ਵਿਚ ਭਾਸ਼ਾਈ ਰਾਜ ਬਣਾਏ ਜਾਣ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਇਹ ਪ੍ਰੋਗਰਾਮ ਬਣਾਇਆ ਸੀ। ਅਸੀ ਵੀ ਪੰਜਾਬ ਵਿਚ ਇਕ ਭਾਸ਼ਾਈ ਰਾਜ ਦੀ ਮੰਗ ਕਰ ਦੇਂਦੇ ਹਾਂ। ਇਹ ਉਹਨਾਂ ਨੂੰ ਦੇਣਾ ਹੀ ਪਵੇਗਾ ਕਿਉਂਕਿ ਬਾਕੀ ਸਾਰੇ ਦੇਸ਼ ਵਿਚ ਵੀ ਭਾਸ਼ਾਈ ਰਾਜ ਬਣਾ ਰਹੇ ਨੇ। ਹਰਿਆਣਾ ਵੱਖ ਹੋ ਜਾਏਗਾ ਤੇ ਇਥੇ ਸਾਡੀ ਗਿਣਤੀ 55 ਫ਼ੀ ਸਦੀ ਦੇ ਲਗਭਗ ਹੋ ਸਕਦੀ ਹੈ। ਮਤਲਬ ਕਿ ਦੁਨੀਆਂ ਦਾ ਪਹਿਲਾ ਸਿੱਖ ਬਹੁਗਿਣਤੀ ਵਾਲਾ ਰਾਜ ਕਾਇਮ ਹੋ ਜਾਵੇਗਾ। ਫਿਰ ਸਾਡੇ ਲਈ ਕੇਂਦਰ ਤੋਂ ਅਪਣੀ ਮੰਗ ਮਨਵਾਉਣੀ ਸੌਖੀ ਹੋ ਜਾਏਗੀ।’’

ਸਾਰਿਆਂ ਨੇ ਗਿ: ਕਰਤਾਰ ਸਿੰਘ ਦੀ ਗੱਲ ਦੀ ਹਮਾਇਤ ਵਿਚ ਜੈਕਾਰੇ ਛੱਡ ਦਿਤੇ। ਮਾ: ਤਾਰਾ ਸਿੰਘ ਕੁੱਝ ਦੇਰ ਅੜੇ ਪਰ ਅਖ਼ੀਰ ਉਨ੍ਹਾਂ ਨੂੰ ਵੀ ਸਹਿਮਤ ਹੋਣਾ ਪਿਆ ਤੇ ਪੰਜਾਬੀ ਸੂਬੇ ਦੀ ਮੰਗ ਰੱਖ ਦਿਤੀ ਗਈ। ਸਾਰੇ ਦੇਸ਼ ਵਿਚ ਭਾਸ਼ਾਈ ਰਾਜ ਬਣਾਉਣ ਵਾਲਿਆਂ ਨੇ ਪੰਜਾਬੀ ਸੂਬਾ ਬਣਾਉਣ ਤੋਂ ਵੀ ਇਨਕਾਰ ਕਰ ਦਿਤਾ। ਉਨ੍ਹਾਂ ਦੀ ਦਲੀਲ ਇਹੀ ਸੀ ਕਿ ਇਕ ਸਿੱਖ ਬਹੁਗਿਣਤੀ ਵਾਲਾ ਰਾਜ ਬਣ ਗਿਆ ਤਾਂ ਸਾਡੇ ਲਈ ਸਥਾਈ ਮੁਸ਼ਕਲ ਖੜੀ ਹੋ ਜਾਵੇਗੀ। ਅੱਗੇ ਹੀ ਕਸ਼ਮੀਰ ਵਿਚ ਮੁਸਲਿਮ ਬਹੁਗਿਣਤੀ ਦਾ ਇਕ ਰਾਜ ਹੈ ਤਾਂ ਉਹ ਸਾਨੂੰ ਹਰ ਵੇਲੇ ਚਿਖਾ ਤੇ ਟੰਗੀ ਰਖਦਾ ਹੈ ਤੇ ਨਾਰਥ-ਈਸਟ (ਉੱਤਰ ਪੂਰਬ) ਰਾਜਾਂ ਵਿਚ ਈਸਾਈਆਂ ਦੀ ਬਹੁਗਿਣਤੀ ਹੈ ਤਾਂ ਉਥੇ ਵੀ ਮੁਸੀਬਤ ਬਣੀ ਹੋਈ ਹੈ। ਇਕ ਹੋਰ ਗ਼ੈਰ-ਹਿੰਦੂ ਰਾਜ ਬਣਾ ਕੇ ਨਵਾਂ ਖ਼ਤਰਾ ਨਹੀਂ ਸਹੇੜਨਾ ਚਾਹੀਦਾ। ਆਪਸ ਵਿਚ ਤਾਂ ਉਹ ਇਹੀ ਦਲੀਲ ਦੁਹਰਾਉਂਦੇ ਸੀ ਪਰ ਲੋਕਾਂ ਸਾਹਮਣੇ ਤੇ ਅਖ਼ਬਾਰੀ ਪ੍ਰਤੀਨਿਧਾਂ ਸਾਹਮਣੇ ਉਨ੍ਹਾਂ ਦੀ ਬੋਲੀ ਹੋਰ ਹੋ ਜਾਂਦੀ ਸੀ। ਉਸ ਵੇਲੇ ਸਾਂਝੇ ਪੰਜਾਬ ਵਿਚ ਸਿੱਖਾਂ ਦੀ ਆਬਾਦੀ 30 ਫ਼ੀ ਸਦੀ ਸੀ ਤੇ ਪੰਜਾਬੀ ਹਿੰਦੂਆਂ, ਹਰਿਆਣਵੀਆਂ ਤੇ ਹਿਮਾਚਲੀਆਂ ਦੀ ਗਿਣਤੀ 70 ਫ਼ੀ ਸਦੀ ਸੀ। ਸੋ ਉਹ ਬਾਹਰ ਇਹ ਦਲੀਲ ਦੇਂਦੇ ਸੀ ਕਿ ਜਦ ਪੰਜਾਬ ਦੇ 70 ਫ਼ੀ ਸਦੀ ਲੋਕ ਪੰਜਾਬੀ ਸੂਬਾ ਨਹੀਂ ਚਾਹੁੰਦੇ ਤਾਂ 30 ਫ਼ੀ ਸਦੀ ਸਿੱਖਾਂ ਦੇ ਕਹਿਣ ਤੇ ਪੰਜਾਬੀ ਸੂਬਾ ਕਿਵੇਂ ਬਣਾ ਦਈਏ?
ਇਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਸਾਰੇ ਦੇਸ਼ ਵਿਚ ਭਾਸ਼ਾਈ ਰਾਜ ਬਣਾਉਣ ਦਾ ਮਤਾ ਕੇਵਲ ਪੰਜਾਬ ਵਿਚ ਲਾਗੂ ਕਰਨ ਤੋਂ ਇਨਕਾਰ ਕਰ ਦਿਤਾ ਗਿਆ... ਸਿਰਫ਼ ਇਸ ਲਈ ਕਿ ਇਥੇ ਸਿੱਖ ਬਹੁਗਿਣਤੀ ਦਾ ਰਾਜ ਬਣ ਜਾਏਗਾ।
ਬਾਕੀ ਅਗਲੇ ਹਫ਼ਤੇ (ਚਲਦਾ)                   ਜੋਗਿੰਦਰ ਸਿੰਘ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement