
ਸਮਾਂ ਪਲਟ ਜਾਣ ਦਾ ਮਨੁੱਖ ਨੂੰ ਉਸ ਸਮੇਂ ਹੀ ਪਤਾ ਚਲਦਾ ਹੈ ਜਦੋਂ ਅਸਮਾਨ ਤੋਂ ਡਿਗਿਆ ਕਿਸੇ ਰੁੱਖ ਉਪਰ ਵੀ ਨਾ ਅਟਕੇ।
16 ਮਾਰਚ ਦੇ ਸੰਪਾਦਕੀ ਨੋਟ ਵਿਚ ਪਛਮੀ ਬੰਗਾਲ ਦੀਆਂ ਚੋਣਾਂ ਬਾਰੇ ਕਿਆਸ ਅਰਾਈਆਂ ਕਰਦਿਆਂ ਸਾਡੇ ਬੁਲਾਰੇ ‘ਸਪੋਕਸਮੈਨ’ ਨੇ ਜੋ ਚਰਚਾ ਕੀਤੀ ਹੈ, ਸਤਿਕਾਰਯੋਗ ਹੈ। ਬੰਗਾਲ ਦੀਆਂ ਚੋਣਾਂ ਸਾਬਤ ਕਰਦੀਆਂ ਹਨ ਕਿ ਇਸ ਚੋਣ ਦੰਗਲ ਦੇ ਰੂਪ ਵਿਚ ਕੀੜੀਆਂ ਦੀ ਹਾਥੀਆਂ ਨਾਲ ਜੰਗ ਸ਼ੁਰੂ ਹੋ ਚੁੱਕੀ ਹੈ। ਇਸੇ ਕਰ ਕੇ ਹੀ ਸਾਰੇ ਦੇਸ਼ ਵਿਚ ਤੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਤੋਂ ਬਿਨਾਂ ਹੋਰ ਵੀ ਇਨਸਾਫ਼ ਪਸੰਦ ਵਿਦਵਾਨ ਲੋਕਾਂ ਦੀ ਨਿਗਾਹ, ਪਛਮੀ ਬੰਗਾਲ ਉਪਰ ਟਿਕ ਗਈ ਹੈ।
ਹਾਥੀਆਂ ਦੀ ਕਮਜ਼ੋਰੀ ਇਸ ਗੱਲੋਂ ਸਪੱਸ਼ਟ ਹੋ ਜਾਂਦੀ ਹੈ ਕਿ ਕੇਂਦਰ ਦੇ ਐਮ.ਪੀ. ਤੇ ਉੱਘੇ ਸਿਆਸੀ ਲੀਡਰ ਸੰਸਦ ਛੱਡ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਅਜਿਹੇ ਆਗੂਆਂ ਤੇ ਬਹੁਤ ਵੱਡਾ ਪ੍ਰਸ਼ਨ ਆਣ ਲੱਗਾ ਹੈ ਕਿ ਜੇਕਰ ਇਨ੍ਹਾਂ ਨੇਤਾਵਾਂ ਦਾ ਪਾਸਾ ਅਸੈਂਬਲੀਆਂ ਵਿਚ ਵੀ ਪੁੱਠਾ ਪੈ ਗਿਆ ਤਾਂ ਫਿਰ ਇਹ ਪੰਚਾਇਤੀ ਚੋਣਾਂ ਲੜਨਗੇ ਜਾਂ ਸਨਿਆਸ ਲੈ ਲੈਣਗੇ? ਸਮਾਂ ਪਲਟ ਜਾਣ ਦਾ ਮਨੁੱਖ ਨੂੰ ਉਸ ਸਮੇਂ ਹੀ ਪਤਾ ਚਲਦਾ ਹੈ ਜਦੋਂ ਅਸਮਾਨ ਤੋਂ ਡਿਗਿਆ ਕਿਸੇ ਰੁੱਖ ਉਪਰ ਵੀ ਨਾ ਅਟਕੇ।
Election
ਜੇਕਰ ਕੀੜੀਆਂ ਨੇ ਹਾਥੀ ਢਾਹ ਮਾਰੇ ਤਾਂ ਫਿਰ ਸੰਘੀ ਢਾਂਚੇ ਦੀ ਉਸਾਰੀ ਪ੍ਰਪੱਕ ਸ਼ੁਰੂ ਹੋ ਜਾਵੇਗੀ। ਸੰਘੀ ਢਾਂਚੇ ਦੀਆਂ ਤਬਦੀਲੀਆਂ ਅਨੇਕਾਂ ਹੀ ਦੇਸ਼ਾਂ ਵਿਚ ਵੇਖਣ ਨੂੰ ਮਿਲ ਚੁਕੀਆਂ ਹਨ। ਅਸੀ ਇਕ ਵਿਚਾਰ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਜਿਥੇ ਸੰਘੀ ਢਾਂਚੇ ਦੀ ਉਸਾਰੂ ਤਬਦੀਲੀ ਦੀ ਸਾਡੇ ਭਾਰਤ ਵਰਸ਼ ਨੂੰ ਬਹੁਤ ਵੱਡੀ ਲੋੜ ਹੈ, ਉਥੇ ਸੰਘੀ ਢਾਂਚੇ ਦੀ ਸੁਰੱਖਿਆ ਕਰਨ ਲਈ ਵੀ ਬਹੁਤ ਵੱਡੀ ਦਾਰਸ਼ਨਿਕਤਾ ਦੀ ਲੋੜ ਹੈ ਕਿਉਂਕਿ ਜੇਕਰ ਸੰਘੀ ਢਾਂਚੇ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਨਾ ਹੋਵੇ ਤਾਂ ਸਾਡੇ ਸਾਹਮਣੇ ਈਰਾਨ, ਇਰਾਕ, ਸੀਰੀਆ, ਅਫ਼ਗਾਨਿਸਤਾਨ ਜਹੇ ਅਨੇਕਾਂ ਮੁਲਕਾਂ ਦੀਆਂ ਉਦਾਹਰਣਾਂ ਮੌਜੂਦ ਹਨ।
farmer
ਜੋ ਨਵੀਂ ਸਿਰਜਣਾ ਦੀ ਸ਼ੁਰੂਆਤ ਕਿਸਾਨ ਅੰਦੋਲਨ ਦੇ ਜੁਝਾਰੂ ਵਿਦਵਾਨਾਂ ਨੇ ਕਰ ਦਿੱਤੀ ਹੈ, ਇਸ ਤੋਂ ਦੇਸ਼ ਵਾਸੀਆਂ ਨੂੰ ਬਹੁਤ ਵੱਡੀਆਂ ਆਸਾਂ ਹਨ। ਵਿਗਿਆਨਕ ਤਰਕਾਂ ਦਾ ਇਕ ਨੇਮ ਪੱਕਾ ਹੁੰਦਾ ਹੈ ਕਿ ਜਿਸ ਮੰਜ਼ਲ ਤਕ ਪੁੱਜਣ ਲਈ ਮੱਲਾਂ ਮਾਰੀਆਂ ਜਾਂਦੀਆਂ ਹਨ, ਕਦੇ ਵੀ ਪਿਛਾਂਹ ਨਹੀਂ ਆਇਆ ਜਾਂਦਾ। ਜਿੱਤਾਂ ਹਾਰਾਂ ਦੀ ਵਿਚਾਰ ਹੋਰ ਹੁੰਦੀ ਹੈ ਕਿਉਂਕਿ ਜਿੱਤਾਂ ਹਾਰਾਂ ਤਾਕਤ ਤੇ ਨਿਰਭਰ ਕਰਦੀਆਂ ਹਨ। ਪ੍ਰੰਤੂ ਸਮਿਆਂ ਦੀਆਂ ਕਰਵਟਾਂ, ਵਿਰੋਧ ਤੇ ਵਿਕਾਸ ਦੇ ਨੇਮਾਂ ਨਾਲ ਹੁੰਦੀਆਂ ਹਨ। ਇਸ ਵਾਸਤੇ ਸਮਾਂ ਹੈ ਕੀੜੀਆਂ ਤੇ ਚਿੜੀਆਂ ਦੀ ਹਾਥੀਆਂ ਨਾਲ ਜੰਗ ਦਾ ਜਿਸ ਦੇ ਅੱਜ ਨਹੀਂ ਤਾਂ ਕੱਲ ਉਸਾਰੂ ਸਿੱਟੇ ਜ਼ਰੂਰ ਨਿਕਲਣਗੇ। ਅੱਜ ਦਾ ਕਿਸਾਨ ਅੰਦੋਲਨ ਪਿਛਲੇ ਇਤਿਹਾਸਕ ਅੰਦੋਲਨਾਂ ਵਿਚੋਂ ਸੰਸਾਰ ਵਿਚ ਬਹੁਤ ਵੱਡੀ ਤੇ ਵਖਰੀ ਇਤਿਹਾਸਕ ਮੋਹਰ ਲਗਾ ਚੁੱਕਾ ਹੈ ਜਿਸ ਕਰ ਕੇ ਜੁਝਾਰੂਆਂ ਨੂੰ ਕੋਟਿ-ਕੋਟਿ ਪ੍ਰਣਾਮ।
(ਮਾਸਟਰ ਧਰਮ ਸਿੰਘ ਧਿਆਨਪੁਰੀ
ਸੰਪਰਕ : 80548-88225)