ਦੋ-ਦੋ ਕਰੋੜ ਦੀਆਂ ਗੱਡੀਆਂ ’ਚ ਘੁੰਮਣ ਵਾਲੇ ਚੰਨੀ ਨੇ ਆਮ ਆਦਮੀ ਹੋਣ ਦਾ ਡਰਾਮਾ ਕੀਤਾ : ਡਾ. ਚਰਨਜੀਤ ਸਿੰਘ
Published : Apr 29, 2022, 1:06 pm IST
Updated : Apr 29, 2022, 1:06 pm IST
SHARE ARTICLE
Dr Charanjit Singh
Dr Charanjit Singh

ਕਿਹਾ- ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ’ਚ ਫੈਲੇਗੀ ‘ਆਪ’, 2024 ’ਚ ਅਰਵਿੰਦ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ


 

ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੇ ਰਵਾਇਤੀ ਸਿਆਸਤ ਨੂੰ ਰੱਦ ਕਰਦੇ ਹੋਏ ਇਕ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਫ਼ਤਵਾ ਦਿਤਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਚੋਣਾਂ ਵਿਚ ਮੁੱਖ ਮੰਤਰੀ ਨੂੰ ਹਰਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਇਸ ਵਾਰ ਦੇ ਚੋਣ ਨਤੀਜਿਆਂ ਨੇ ਪੁਰਾਣੀ ਰਵਾਇਤ ਨੂੰ ਨਕਾਰ ਕੇ ਨਵੀਂ ਰਵਾਇਤ ਪੇਸ਼ ਕੀਤੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਕਿਲ੍ਹਾ ਢਹਿ-ਢੇਰੀ ਕਰਨ ਵਾਲੇ ਡਾਕਟਰ ਤੋਂ ਵਿਧਾਇਕ ਬਣੇ ਡਾ. ਚਰਨਜੀਤ ਸਿੰਘ ਨਾਲ ਖ਼ਾਸ ਇੰਟਰਵਿਊ ਕੀਤੀ ਗਈ। ਡਾ. ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਹਨ।

ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼ :

ਸਵਾਲ : ਇਸ ਵਾਰ ਚੋਣਾਂ ਵਿਚ ਕਈ ਡਾਕਟਰਾਂ ਨੇ ਕਮਾਲ ਕੀਤੀ ਹੈ, ਇਕ ਡਾ. ਨੇ ਸਿੱਧੂ ਤੇ ਮਜੀਠੀਆ ਨੂੰ ਹਰਾਇਆ ਅਤੇ ਤੁਸੀਂ ਮੁੱਖ ਮੰਤਰੀ ਨੂੰ ਹੀ ਹਰਾ ਦਿਤਾ?

ਜਵਾਬ : ਜੀ ਬਿਲਕੁਲ, ਇਹ ਮੌਕੇ ਦੀ ਜ਼ਰੂਰਤ ਸੀ। ਪੰਜਾਬ ਵਿਚ ਚਲ ਰਹੀ ਰਵਾਇਤੀ ਸਿਆਸਤ ਨੂੰ ਬਦਲਣ ਦੀ ਬਹੁਤ ਲੋੜ ਸੀ। ਆਮ ਆਦਮੀ ਪਾਰਟੀ ਤੀਜੇ ਬਦਲ ਦੇ ਰੂਪ ਵਿਚ ਸਾਹਮਣੇ ਆਈ। ਅਰਵਿੰਦ ਕੇਜਰੀਵਾਲ ਜੀ ਨੇ ਮੇਰੀ ਡਿਊਟੀ ਲਗਾਈ ਸੀ ਕਿ ਚਮਕੌਰ ਸਾਹਿਬ ਵਿਚ ਪਾਰਟੀ ਨੂੰ ਕਾਮਯਾਬ ਬਣਾਉਣਾ ਹੈ। ਪਹਿਲਾਂ ਚੰਨੀ ਕੈਬਨਿਟ ਮੰਤਰੀ ਸੀ ਤੇ ਆਖ਼ਰੀ ਦਿਨਾਂ ਵਿਚ ਉਹ ਮੁੱਖ ਮੰਤਰੀ ਬਣ ਗਏ, ਇਸ ਨਾਲ ਮੈਨੂੰ ਮੁੱਖ ਮੰਤਰੀ ਨੂੰ ਹਰਾਉਣ ਦਾ ਮੌਕਾ ਮਿਲਿਆ।

ਸਵਾਲ : 2017 ਵਿਚ ਵੀ ਤੁਸੀਂ ਚੋਣਾਂ ਲੜੀਆਂ ਸੀ ਪਰ ਉਦੋਂ ਜਿੱਤ ਨਹੀਂ ਸਕੇ। ਇਸ ਵਾਰ ਜਦੋਂ ਰੁਝਾਨ ਆ ਰਹੇ ਸੀ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਤੁਹਾਡੀ ਟੱਕਰ ਮੁੱਖ ਮੰਤਰੀ ਨਾਲ ਸੀ?

ਜਵਾਬ : ਮੈਂ ਛੇ ਮਹੀਨੇ ਪਹਿਲਾਂ ਹੀ ਪ੍ਰੈੱਸ ਸਾਹਮਣੇ ਕਹਿ ਦਿਤਾ ਸੀ ਕਿ ਇਸ ਵਾਰ ਜ਼ਰੂਰ ਜਿੱਤਾਂਗੇ। ਅਕਾਲ ਪੁਰਖ ਦੀ ਕਿਰਪਾ ਨਾਲ ਦਿ੍ਰੜ ਇਰਾਦਾ ਅਤੇ ਵਿਸ਼ਵਾਸ ਸੀ।

ਸਵਾਲ : ਜਦੋਂ ਨਤੀਜੇ ਆਏ ਅਤੇ ਪਤਾ ਲੱਗਾ ਕਿ ਤੁਸੀਂ 8 ਹਜ਼ਾਰ ਦੇ ਫ਼ਰਕ ਨਾਲ ਜਿੱਤੇ ਹੋ ਤਾਂ ਸੱਭ ਤੋਂ ਪਹਿਲਾਂ ਦਿਮਾਗ ਵਿਚ ਕੀ ਆਇਆ?

ਜਵਾਬ : ਬਹੁਤ ਵਧੀਆ ਮਹਿਸੂਸ ਹੋਇਆ ਅਤੇ ਮੈਂ ਅਕਾਲ ਪੁਰਖ ਦਾ ਧਨਵਾਦ ਕੀਤਾ। ਮੈਂ ਲੋਕਾਂ ਦਾ ਧਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਬਹੁਤ ਵੱਡੀ ਜਿੱਤ ਦਿਤੀ। 99 ਫ਼ੀ ਸਦ ਲੋਕ ਇਹੀ ਸੋਚਦੇ ਸਨ ਕਿ ਮੁੱਖ ਮੰਤਰੀ ਨੂੰ ਹਰਾਉਣਾ ਬਹੁਤ ਔਖਾ ਹੈ ਪਰ ਮੇਰਾ ਵਿਸ਼ਵਾਸ ਸੀ ਕਿ ਮੁੱਖ ਮੰਤਰੀ ਨੂੰ ਹਰਾਉਣਾ ਹੀ ਹਰਾਉਣਾ ਹੈ।

ਸਵਾਲ : ਚੋਣਾਂ ਤੋਂ ਪਹਿਲਾਂ ਚਰਨਜੀਤ ਚੰਨੀ ਬੱਕਰੀਆਂ ਚੋਂਦੇ ਰਹੇ, ਮੰਜੇ ਬੁਣਦੇ ਰਹੇ। ਤੁਹਾਡੇ ਦਿਮਾਗ਼ ਵਿਚ ਨਹੀਂ ਆਇਆ ਕਿ ਮੈਂ ਵੀ ਕੁੱਝ ਅਜਿਹਾ ਕਰਾਂ ਜਿਸ ਨਾਲ ਲੋਕਾਂ ਨੂੰ ਲੱਗੇ ਕਿ ਮੈਂ ਵੀ ਉਨ੍ਹਾਂ ਵਰਗਾ ਹਾਂ?

ਜਵਾਬ : ਨਹੀਂ, ਕਿਉਂਕਿ ਮੈਨੂੰ ਦਸਣ ਦੀ ਲੋੜ ਨਹੀਂ ਸੀ ਕਿ ਮੈਂ ਆਮ ਆਦਮੀ ਹਾਂ। ਉਨ੍ਹਾਂ ਨੂੰ ਅਜਿਹੀਆਂ ਸ਼ੋਸੇਬਾਜ਼ੀਆਂ ਕਰਨ ਦੀ ਲੋੜ ਪਈ ਸੀ ਕਿਉਂਕਿ ਉਹ ਇਕ ਮਖੌਟਾ ਪਾ ਕੇ ਬੈਠੇ ਸੀ। ਉਹ ਆਮ ਆਦਮੀ ਨਹੀਂ ਸੀ ਪਰ ਉਹ ਲੋਕਾਂ ਨੂੰ ਦਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਮੈਂ ਆਮ ਆਦਮੀ ਹਾਂ। ਆਮ ਆਦਮੀ ਦੋ-ਦੋ ਕਰੋੜ ਦੀਆਂ ਗੱਡੀਆਂ ਵਿਚ ਨਹੀਂ ਘੁੰਮਦਾ, ਉਹ ਕਰੋੜਾਂ ਦੇ ਮਹਿਲਾਂ ਵਿਚ ਨਹੀਂ ਰਹਿੰਦਾ। ਆਮ ਆਦਮੀ ਆਮ ਲੋਕਾਂ ਤੋਂ ਦੂਰੀ ਨਹੀਂ ਬਣਾ ਕੇ ਰਖਦਾ। ਚੰਨੀ ਆਮ ਆਦਮੀ ਨਹੀਂ ਸੀ।

ਸਵਾਲ : ਤੁਸੀਂ ਪੇਸ਼ੇ ਵਜੋਂ ਅੱਖਾਂ ਦੇ ਡਾਕਟਰ ਹੋ। ਚੋਣਾਂ ਤੋਂ ਪਹਿਲਾਂ ਵੀ ਲੋਕ ਤੁਹਾਡੇ ਕੋਲ ਆਉਂਦੇ ਹੋਣਗੇ ਅਤੇ ਹੁਣ ਵੀ ਆਉਂਦੇ ਹੋਣਗੇ। ਹੁਣ ਉਹ ਤੁਹਾਡੇ ਕੋਲ ਕਿਸ ਉਮੀਦ ਨਾਲ ਆਉਂਦੇ ਹਨ?

ਜਵਾਬ : ਮੈਂ 32 ਸਾਲ ਤੋਂ ਇਸੇ ਹਲਕੇ ਵਿਚ ਹਾਂ। ਇਹ ਬਹੁਤ ਪਵਿੱਤਰ ਧਰਤੀ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਮੈਨੂੰ ਇਸੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਜਿਥੇ ਵੱਡੇ ਸਾਹਿਬਜ਼ਾਦਿਆਂ ਨੇ ਅਪਣਾ ਖ਼ੂਨ ਡੋਲ੍ਹਿਆ। ਇਹ ਹਲਕਾ ਪਿਛਲੇ 32 ਸਾਲ ਤੋਂ ਮੇਰੀ ਕਰਮ ਭੂਮੀ ਰਿਹਾ ਹੈ। ਇਸੇ ਥਾਂ ਤੋਂ ਮੈਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਕਰੀਬ 2000 ਅੱਖਾਂ ਦੇ ਕੈਂਪ ਲਗਾਏ ਹਨ। 65 ਹਜ਼ਾਰ ਦੇ ਕਰੀਬ ਆਪਰੇਸ਼ਨ ਕੀਤੇ ਹਨ, ਉਨ੍ਹਾਂ ਵਿਚੋਂ 45 ਹਜ਼ਾਰ ਆਪਰੇਸ਼ਨ ਮੁਫ਼ਤ ਕੀਤੇ। ਸ਼ਾਇਦ ਹੀ ਹਲਕੇ ਦਾ ਕੋਈ ਘਰ ਅਜਿਹਾ ਹੋਵੇਗਾ, ਜਿਨ੍ਹਾਂ ਨੇ ਮੈਨੂੰ ਅੱਖਾਂ ਨਹੀਂ ਦਿਖਾਈਆਂ। ਇਹ ਵੀ ਇਕ ਕਾਰਨ ਰਿਹਾ ਹੈ ਕਿ ਮੈਂ ਲੋਕਾਂ ਦੇ ਦਿਲਾਂ ਵਿਚ ਵਸਣ ਲਈ ਕਾਮਯਾਬ ਹੋਇਆ।
ਮੈਂ ਲੋਕਾਂ ਦੀਆਂ ਅੱਖਾਂ ਵਿਚ ਪੜ੍ਹਦਾ ਰਿਹਾ ਕਿ ਉਨ੍ਹਾਂ ਦੇ ਸੁਪਨੇ ਕੀ ਹਨ। ਮੈਂ ਸਮਝਦਾ ਸੀ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਇਨ੍ਹਾਂ ਟੁੱਟੇ ਸੁਪਨਿਆਂ ਨੂੰ ਸਾਕਾਰ ਕਰ ਸਕਦੀ ਹੈ। ਉਹੀ ਇਸ ਵਾਰ ਹੋਇਆ। ਅਰਵਿੰਦ ਕੇਜਰੀਵਾਲ ਦਾ ‘ਦਿੱਲੀ ਮਾਡਲ’ ਲੋਕਾਂ ਨੂੰ ਬਹੁਤ ਪਸੰਦ ਆਇਆ। ਚੋਣਾਂ ਵਿਚ ਇਸ ਮਾਡਲ ਦਾ ਬਹੁਤ ਵੱਡਾ ਯੋਗਦਾਨ ਰਿਹਾ।

Dr Charanjit SinghDr Charanjit Singh

ਸਵਾਲ : ਤੁਸੀਂ ਲੋਕਾਂ ਦੀਆਂ ਨਜ਼ਰਾਂ ਠੀਕ ਕਰਦੇ ਹੋ, ਕੀ ਤੁਹਾਨੂੰ ਲਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਲੋਕਾਂ ਦਾ ਸਿਆਸਤ ਪ੍ਰਤੀ ਨਜ਼ਰੀਆ ਵੀ ਠੀਕ ਕਰੇਗੀ?

ਜਵਾਬ : ਬਿਲਕੁਲ, ਲੋਕਾਂ ਦਾ ਨਜ਼ਰੀਆ ਬਦਲਿਆ ਇਸੇ ਲਈ ਆਮ ਆਦਮੀ ਪਾਰਟੀ ਆਈ ਹੈ। ਜਦੋਂ ਨਜ਼ਰੀਆ ਬਦਲਦਾ ਹੈ ਤਾਂ ਸੱਭ ਕੁੱਝ ਬਦਲ ਜਾਂਦਾ ਹੈ। ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਵੀ ਹਨ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਨ੍ਹਾਂ ਉਮੀਦਾਂ ਨਾਲ ਉਹ ਸਾਨੂੰ ਅੱਗੇ ਲੈ ਕੇ ਆਏ ਹਨ, ਉਨ੍ਹਾਂ ਦੀ ਇਕ-ਇਕ ਉਮੀਦ ਪੂਰੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਮਹੀਨੇ ਵਿਚ ਕੀਤੇ ਗਏ ਐਲਾਨਾਂ ਤੋਂ ਪਤਾ ਲਗਦਾ ਹੈ ਕਿ ਉਹ ਪੰਜਾਬ ਦੀ ਨਬਜ਼ ਨੂੰ ਜਾਣਦੇ ਹਨ ਅਤੇ ਪੰਜਾਬੀਆਂ ਲਈ ਉਹ ਹਰ ਕੰਮ ਕਰਨਗੇ, ਜਿਸ ਦੀ ਉਨ੍ਹਾਂ ਨੂੰ ਲੋੜ ਹੈ।

ਸਵਾਲ : ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 1947 ਤੋਂ ਲੈ ਕੇ ਹੁਣ ਤਕ ਦੀ ਸਿਆਸਤ ਨੂੰ ਅਸੀਂ ਹੂੰਝਣਾ ਹੈ। ਲੜਾਈ ਬਹੁਤ ਲੰਬੀ ਹੈ, ਕੀ ਤੁਹਾਨੂੰ ਲਗਦਾ ਕਿ ਇਹ ਲੜਾਈ ਸਫ਼ਲ ਹੋਵੇਗੀ? ਪੰਜਾਬ ਵਿਚ ਵੀ ਮਾਈਨਿੰਗ, ਬੇਅਦਬੀ, ਨਸ਼ੇ ਦੇ ਮੁੱਦੇ ਅਹਿਮ ਹਨ।  

ਜਵਾਬ : ਮੇਰਾ ਪੂਰਾ ਵਿਸ਼ਵਾਸ ਹੈ ਕਿਉਂਕਿ ਜੇਕਰ ਤੁਹਾਡੀ ਨੀਅਤ ਅਤੇ ਨੀਤੀ ਸਾਫ਼ ਹੋਵੇ ਤਾਂ ਕੋਈ ਅਜਿਹਾ ਮੁਕਾਮ ਨਹੀਂ ਜਿਹੜਾ ਤੁਸੀਂ ਹਾਸਲ ਨਾ ਕਰ ਸਕੋ। ਇਹ ਬਹੁਤ ਵੱਡੇ ਮੁੱਦੇ ਹਨ। 74 ਸਾਲਾਂ ਤੋਂ ਰਵਾਇਤੀ ਪਾਰਟੀਆਂ ਨੇ ਸਿਆਸਤ ਨੂੰ ਗੰਧਲਾ ਕੀਤਾ ਹੈ ਅਤੇ ਉਸ ਨੂੰ ਸਾਫ਼ ਕਰਨ ਵਿਚ ਸਮਾਂ ਜ਼ਰੂਰ ਲੱਗੇਗਾ ਪਰ ਅਖ਼ੀਰ ਵਿਚ ਇਹ ਸਾਫ਼ ਜ਼ਰੂਰ ਹੋਵੇਗੀ।

ਸਵਾਲ : ਬੇਅਦਬੀ ਦਾ ਮੁੱਦਾ ਪੂਰੇ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਕੇਜਰੀਵਾਲ ਚੋਣਾਂ ਤੋਂ ਪਹਿਲਾਂ ਵੀ ਰੀਪੋਰਟ ਖੋਲ੍ਹਣ ਦੀ ਮੰਗ ਕਰਦੇ ਰਹੇ ਹਨ, ਉਹ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੀ ਗੱਲ ਵੀ ਕਰਦੇ ਸਨ। ਹੁਣ ਤਾਂ ਸੱਤਾ ‘ਆਪ’ ਦੇ ਹੱਥ ਵਿਚ ਹੈ। ਇਸ ਮਾਮਲੇ ਵਿਚ ਕਦੋਂ ਤਕ ਇਨਸਾਫ਼ ਮਿਲੇਗਾ?
ਜਵਾਬ : ਇਸ ਮਾਮਲੇ ਵਿਚ ਬਹੁਤ ਜਲਦ ਇਨਸਾਫ਼ ਮਿਲੇਗਾ। ਲੀਗਲ ਟੀਮ ਨੇ ਵੀ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ ਅਤੇ ਫ਼ੈਸਲਾ ਬਹੁਤ ਜਲਦ ਸਾਹਮਣੇ ਆਏਗਾ। ਲੋਕਾਂ ਨੂੰ ਜਲਦੀ ਇਨਸਾਫ਼ ਮਿਲੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇਗੀ।

ਸਵਾਲ : ਕੀ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਵੀ ਆਮ ਆਦਮੀ ਪਾਰਟੀ ਕੋਈ ਏਜੰਡਾ ਲੈ ਕੇ ਆਏਗੀ?

ਜਵਾਬ : ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਆਮ ਆਦਮੀ ਪਾਰਟੀ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਹਰ ਕੋਸ਼ਿਸ਼ ਕਰੇਗੀ। ਇਕ ਮਹੀਨੇ ਵਿਚ ਵੀ ਮਾਨ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਹੈ। ਆਉਣ ਵਾਲੇ ਸਮੇਂ ਵਿਚ ਵੀ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਕਿਸਾਨੀ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਫ਼ਸਲਾਂ ’ਤੇ ਐਮਐਸਪੀ ਨਹੀਂ ਹੈ, ਉਨ੍ਹਾਂ ਫ਼ਸਲਾਂ ’ਤੇ ਐਮਐਸਪੀ ਵੀ ਦੇਵੇਗੀ।

ਸਵਾਲ : ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਜਦੋਂ ਪੰਜਾਬ ਵਿਚ ਝੋਨੇ ਦੀ ਲਵਾਈ ਹੁੰਦੀ ਹੈ ਤਾਂ ਮਜ਼ਦੂਰਾਂ ਵਿਰੁਧ ਮਤੇ ਪੈ ਜਾਂਦੇ ਹਨ ਅਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਮਜ਼ਦੂਰਾਂ ਲਈ ਕੀ ਰਣਨੀਤੀ ਲੈ ਕੇ ਆ ਰਹੀ ਹੈ?
ਜਵਾਬ : ‘ਆਪ’ ਮਜ਼ਦੂਰਾਂ, ਆਮ ਲੋਕਾਂ ਅਤੇ ਛੋਟੇ ਕਿਸਾਨਾਂ ਦੀ ਪਾਰਟੀ ਹੈ। 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਨਾਲ ਮੱਧ ਵਰਗੀ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਸਾਡਾ ਅਗਲਾ ਟੀਚਾ ਚੰਗੀ ਸਿਖਿਆ ਅਤੇ ਚੰਗੀ ਸਿਹਤ ਨੂੰ ਲੈ ਕੇ ਨੀਤੀ ਬਣਾਉਣਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵੀ ਗਏ ਸੀ। ਪੰਜਾਬ ਵਿਚ ਵੀ ਉਹੀ ਮਾਡਲ ਲਾਗੂ ਕੀਤੇ ਜਾਣਗੇ। ਜਦੋਂ ਲੋਕਾਂ ਨੂੰ ਮੁਫ਼ਤ ਬਿਜਲੀ ਮਿਲੇਗੀ, ਮੁਫ਼ਤ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ, ਬੱਚਿਆਂ ਨੂੰ ਮੁਫ਼ਤ ਅਤੇ ਚੰਗੀ ਸਿਖਿਆ ਮਿਲੇਗੀ ਤਾਂ ਆਮ ਆਦਮੀ ਦੇ ਸਿਰ ਤੋਂ ਬਹੁਤ ਵੱਡਾ ਭਾਰ ਉਤਰ ਜਾਵੇਗਾ। ਆਮ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਬਹੁਤ ਜਲਦੀ ਹੱਲ ਕੀਤਾ ਜਾਵੇਗਾ।

Bhagwant Mann Bhagwant Mann

 

ਸਵਾਲ : ਤੁਸੀਂ ‘ਦਿੱਲੀ ਮਾਡਲ’ ਦੀ ਗੱਲ ਕਰ ਰਹੇ ਹੋ। ਪੰਜਾਬ ਤੇ ਦਿੱਲੀ ਦੇ ਹਾਲਾਤ ਬਹੁਤ ਵਖਰੇ ਹਨ। ਕੀ ਤੁਹਾਨੂੰ ਲਗਦਾ ਹੈ ਕਿ ਪੰਜਾਬ ਦੀ ਬਿਹਤਰੀ ਦਿੱਲੀ ਮਾਡਲ ਵਿਚ ਹੀ ਹੈ?
ਜਵਾਬ : ਭਾਵੇਂ ਦਿੱਲੀ ਅਤੇ ਪੰਜਾਬ ਦੇ ਹਾਲਾਤ ਵਖਰੇ ਹਨ ਪਰ ਪੰਜਾਬ ਲਈ ਪੰਜਾਬ ਦੇ ਹਾਲਾਤ ਅਨੁਸਾਰ ਹੀ ਮਾਡਲ ਲਾਂਚ ਕੀਤਾ ਜਾਵੇਗਾ। ਉਸ ਮਾਡਲ ਦੀ ਬੁਨਿਆਦ ਦਿੱਲੀ ਮਾਡਲ ਹੀ ਹੋਵੇਗਾ। ਦਿੱਲੀ ਦਾ ਮਾਡਲ ਪੰਜਾਬ ਵਿਚ ਵੀ ਕਾਮਯਾਬ ਹੋਵੇਗਾ।

ਸਵਾਲ : ਬੇਰੁਜ਼ਗਾਰੀ ਦਾ ਮੁੱਦਾ ਵੱਡਾ ਮੁੱਦਾ ਹੈ। ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਮੇਰਾ ਹਰਾ ਪੈੱਨ ਸੱਭ ਤੋਂ ਪਹਿਲਾਂ ਰੁਜ਼ਗਾਰ ਦੇਣ ਲਈ ਚਲੇਗਾ ਪਰ ਆਊਟਸੋਰਸ ਕਾਮੇ ਪੱਕੇ ਹੋਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਦੀਆਂ ਮੰਗਾਂ ਕਦੋਂ ਪੂਰੀਆਂ ਹੋਣਗੀਆਂ?
ਜਵਾਬ : ਮਾਨ ਸਾਬ੍ਹ ਨੇ ਸਹੀ ਕਿਹਾ ਸੀ ਉਨ੍ਹਾਂ ਦਾ ਹਰਾ ਪੈੱਨ ਰੁਜ਼ਗਾਰ ਦੇਣ ਲਈ ਚਲੇਗਾ। ਸਰਕਾਰ ਬਣਦਿਆਂ ਹੀ ਉਨ੍ਹਾਂ ਨੇ ਪਹਿਲਾ ਫ਼ੈਸਲਾ 25 ਹਜ਼ਾਰ ਮੁਲਾਜ਼ਮ ਭਰਤੀ ਕਰਨ ਸਬੰਧੀ ਲਿਆ ਅਤੇ ਦੂਜਾ ਫ਼ੈਸਲਾ 35 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਲਿਆ ਗਿਆ। ਇਸ ਮਗਰੋਂ ਪੇਂਡੂ ਵਿਕਾਸ ਵਿਭਾਗ  ਵਿਚ 145 ਅਸਾਮੀਆਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦਾ ਹਰਾ ਪੈੱਨ ਰੁਜ਼ਗਾਰ ਲਈ ਹੀ ਚਲ ਰਿਹਾ ਹੈ। ਬਹੁਤ ਜਲਦੀ ਪੁਲਿਸ ਅਤੇ ਟ੍ਰਾਂਸਪੋਰਟ ਵਿਭਾਗ ਵਿਚ ਖ਼ਾਲੀ ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸਾਰੀਆਂ ਖ਼ਾਲੀ ਪੋਸਟਾਂ ਭਰੀਆਂ ਜਾਣਗੀਆਂ। ਪਿਛਲੀਆਂ ਸਰਕਾਰਾਂ ਮੁਲਾਜ਼ਮ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਸ ਦੀ ਪੋਸਟ ਹੀ ਖ਼ਤਮ ਕਰ ਦਿੰਦੀਆਂ ਸੀ ਪਰ ਸਾਡੀ ਸਰਕਾਰ ਸਾਰੀਆਂ ਅਸਾਮੀਆਂ ਭਰੇਗੀ ਅਤੇ ਕੱਚੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਦੇ 45 ਮੁਲਾਜ਼ਮਾਂ ਦੀ ਸਮੱਸਿਆ ਦਾ ਹੱਲ ਵੀ ਮੈਰਿਟ ਦੇ ਅਧਾਰ ’ਤੇ ਕੀਤਾ ਜਾਵੇਗਾ।

ਸਵਾਲ: ਕਿਹਾ ਜਾਂਦਾ ਹੈ ਕਿ ਜੇਕਰ ਵਿਰੋਧੀ ਧਿਰ ਮਜ਼ਬੂਤ ਹੋਵੇ ਤਾਂ ਸਰਕਾਰ ਬਹੁਤ ਚੰਗੀ ਤਰ੍ਹਾਂ ਕੰਮ ਕਰਦੀ ਹੈ। ਪੰਜਾਬ ਦੀ ਵਿਰੋਧੀ ਧਿਰ ਨੂੰ ਕਿਵੇਂ ਦੇਖਦੇ ਹੋ?
ਜਵਾਬ: ਵਿਰੋਧੀ ਧਿਰ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਇਨ੍ਹਾਂ ਦੇ ਜਿੰਨੇ ਲੀਡਰ ਨੇ, ਓਨੇ ਹੀ ਚੁੱਲ੍ਹੇ ਨੇ। ਅੱਜ ਜਿਵੇਂ ਬਾਦਲ ਗਰੁਪ ਖ਼ਤਮ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਕਾਂਗਰਸ ਦਾ ਵੀ ਇਹੀ ਹਾਲ ਹੋਵੇਗਾ। ਵਿਰੋਧੀ ਧਿਰ ਕਿਸੇ ਸਰਕਾਰ ਦਾ ਵਿਰੋਧ ਤਾਂ ਹੀ ਕਰ ਸਕਦੀ ਹੈ ਜੇਕਰ ਉਨ੍ਹਾਂ ਵਿਚ ਏਕਤਾ ਹੋਵੇ। ਅਸੀਂ ਚਾਹੁੰਦੇ ਸੀ ਕਿ ਵਿਰੋਧੀ ਧਿਰ ਇਕ ਸਕਾਰਾਤਮਕ ਸੋਚ ਲੈ ਕੇ ਚਲੇ ਪਰ ਇਨ੍ਹਾਂ ਦੇ ਹਾਲਾਤ ਦੇਖ ਕੇ ਲਗਦਾ ਹੈ ਕਿ ਵਿਰੋਧੀ ਧਿਰ ਬਿਲਕੁਲ ਹੀ ਖ਼ਤਮ ਹੈ। ਅਸੀਂ ਲੋਕਾਂ ਨਾਲ ਵਚਨਬੱਧ ਹਾਂ, ਅਸੀਂ ਪੰਜਾਬ ਬਦਲਣਾ ਹੈ। ਅਸੀਂ ਪੰਜਾਬ ਨੂੰ ਮੁੜ ਤੋਂ ਇਕ ਨੰਬਰ ਸੂਬਾ ਬਣਾਵਾਂਗੇ ਅਤੇ ਵਧੀਆ ਪੰਜਾਬ ਸਿਰਜਾਂਗੇ। ਇਸ ਤੋਂ ਬਾਅਦ ਸਾਡਾ ਅਗਲਾ ਟੀਚਾ ਹੈ ਕਿ 2024 ਵਿਚ ਭਾਰਤ ਵਿਚ ਵੀ ਇਹੀ ਬਦਲਾਅ ਲੈ ਕੇ ਆਉਣਾ ਹੈ।

ਸਵਾਲ : ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਾਏ ਗਏ ਹਨ। ਕੀ ਤੁਹਾਨੂੰ ਲਗਦਾ ਹੈ ਕਿ ਪ੍ਰਧਾਨ ਬਦਲਣ ਨਾਲ ਵਿਰੋਧੀ ਧਿਰ ਮਜ਼ਬੂਤ ਹੋਵੇਗੀ?
ਜਵਾਬ : ਕਾਂਗਰਸ ਵਿਚ ਸਾਰਿਆਂ ਦੇ ਰਸਤੇ ਵੱਖੋ ਵਖਰੇ ਹਨ। ਸਿੱਧੂ ਸਾਬ੍ਹ ਅਪਣੀ ਡਫਲੀ ਵਜਾ ਰਹੇ ਹਨ। ਬਾਜਵਾ ਹੋਰ ਟਰੈਕ ’ਤੇ ਹਨ। ਰਾਜਾ ਵੜਿੰਗ ਕੋਸ਼ਿਸ਼ ਕਰ ਰਹੇ ਹਨ ਪਰ ਜੋ ਹਾਲਾਤ ਨੇ ਉਸ ਤੋਂ ਲਗਦਾ ਹੈ ਕਿ ਕਾਂਗਰਸ ਦਾ ਪੰਜਾਬ ਵਿਚ ਵੀ ਉਹੀ ਹਾਲ ਹੋਵੇਗਾ, ਜੋ ਬਾਕੀ ਸੂਬਿਆਂ ਵਿਚ ਹੈ। ਕਾਂਗਰਸ ਆਉਣ ਵਾਲੇ ਸਮੇਂ ਵਿਚ ਖ਼ਤਮ ਹੋ ਜਾਵੇਗੀ।

Arvind KejriwalArvind Kejriwal

 

ਸਵਾਲ : 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਕੇਂਦਰ ਨੂੰ ਟੱਕਰ ਦੇ ਸਕੇਗੀ?
ਜਵਾਬ : ਬਿਲਕੁਲ ਦੇਵੇਗੀ। ਪੰਜਾਬ ਵਿਚ ਛੇ ਮਹੀਨਿਆਂ ਵਿਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ। ਵਿਗੜੇ ਸਿਸਟਮ ਨੂੰ ਠੀਕ ਕਰਨ ਵਿਚ ਥੋੜ੍ਹਾ ਸਮਾਂ ਜ਼ਰੂਰ ਲਗਦਾ ਹੈ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ ਸੂਬਿਆਂ ਨਾਲ ਉਤਰੀ ਭਾਰਤ ਵਿਚ ਬਦਲਾਅ ਦੀ ਲਹਿਰ ਆਏਗੀ ਤਾਂ ੲਹ ਪੂਰੇ ਦੇਸ਼ ਵਿਚ ਜੰਗਲ ਦੀ ਅੱਗ ਵਾਂਗ ਫੈਲੇਗੀ। ਸਾਨੂੰ ਪੂਰੀ ਉਮੀਦ ਹੈ ਕਿ 2024 ਵਿਚ ਅਰਵਿੰਦ ਕੇਜਰੀਵਾਲ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ।

ਸਵਾਲ : ਪਿਛਲੇ ਕੁੱਝ ਦਿਨਾਂ ਵਿਚ ਅਜਿਹੇ ਫ਼ੈਸਲੇ ਲਏ ਗਏ, ਜਿਨ੍ਹਾਂ ਕਾਰਨ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਉਣ ਦੇ ਨਾਲ-ਨਾਲ ਆਮ ਲੋਕਾਂ ਦੇ ਨਿਸ਼ਾਨੇ ’ਤੇ ਵੀ ਆ ਗਈ। ਜਿਸ ਤਰ੍ਹਾਂ ਪੰਜਾਬ ਪੁਲਿਸ ਦੀਆਂ ਟੀਮਾਂ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀਆਂ, ਇਸ ਨੂੰ ਲੈ ਕੇ ਪੁਲਿਸ ਦੇ ਸਿਆਸੀਕਰਨ ਦੇ ਇਲਜ਼ਾਮ ਲੱਗੇ। ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਪੰਜਾਬ ਪੁਲਿਸ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ।
ਜਵਾਬ : ਅਜਿਹੀ ਕੋਈ ਗੱਲ ਨਹੀਂ ਹੈ। ਪਿੱਛੇ ਝਾਤ ਮਾਰੀਏ ਤਾਂ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਅਜਿਹੀਆਂ ਬਿਆਨਬਾਜ਼ੀਆਂ ਕਰਦੇ ਰਹਿੰਦੇ ਸਨ ਜਿਸ ਨਾਲ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਹਜ਼ਮ ਨਹੀਂ ਹੋ ਰਹੀ। ਇਹ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਵਿਚ ਗੈਂਗਵਾਰ ਦੀਆਂ ਘਟਨਾਵਾਂ ਵੀ ਨਵੀਂ ਸਰਕਾਰ ਨੂੰ ਡਰਾਉਣ ਦੀ ਕੋਸ਼ਿਸ਼ ਹੈ ਪਰ ਇਸ ਨਾਲ ਨਜਿੱਠਣ ਲਈ ਸੀਐਮ ਭਗਵੰਤ ਮਾਨ ਵਲੋਂ ਐਂਟੀ ਗੈਂਗਸਟਰ ਟਾਸਕ ਫ਼ੋਰਸ ਬਣਾਈ ਗਈ। ਇਸ ਤੋਂ ਬਾਅਦ ਘਟਨਾਵਾਂ ਵਿਚ ਬਹੁਤ ਕਮੀ ਆਈ ਹੈ।

ਸਵਾਲ : ਕੀ ਤੁਹਾਨੂੰ ਲਗਦਾ ਹੈ ਕਿ ਇਸ ਨਾਲ ਗੁੰਡਾਗਰਦੀ ਨੂੰ ਠੱਲ੍ਹ ਪਈ ਹੈ ਕਿਉਂਕਿ ਅਚਾਨਕ ਪੰਜਾਬ ਵਿਚ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ। ਕੀ ਇਸ ਨਾਲ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਠੀਕ ਹੋਵੇਗੀ?
ਜਵਾਬ : ਬਿਲਕੁਲ ਠੀਕ ਹੋਵੇਗੀ ਕਿਉਂਕਿ ਖ਼ਰਾਬ ਕਾਨੂੰਨ ਵਿਵਸਥਾ ਸਾਨੂੰ ਵਿਰਾਸਤ ਵਿਚ ਮਿਲੀ ਹੈ। ਇਹ 74 ਸਾਲ ਦੀ ਗੰਦੀ ਰਾਜਨੀਤੀ ਦਾ ਹਿੱਸਾ ਸੀ। ਹਰ ਚੀਜ਼ ਨੂੰ ਸਹੀ ਹੋਣ ਵਿਚ ਸਮਾਂ ਲਗਦਾ ਹੈ। ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਕਿ ਬਦਲਾਅ ਨਹੀਂ ਹੋਇਆ। 6 ਮਹੀਨੇ ਜਾਂ ਸਾਲ ਵਿਚ ਇਕ ਨਵਾਂ ਪੰਜਾਬ ਸਿਰਜਿਆ ਜਾਵੇਗਾ। ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪਏਗਾ।

ਸਵਾਲ : ਪੰਜਾਬ ਵਿਚ ਏਡੀਜੀਪੀ ਵਲੋਂ ਜੁਗਾੜੂ ਮੋਟਰਸਾਈਕਲ ਤੇ ਰੇਹੜੀਆਂ ਨੂੰ ਬੰਦ ਕਰਨ ਸਬੰਧੀ ਫ਼ੈਸਲਾ ਲਿਆ ਗਿਆ ਸੀ ਹਾਲਾਂਕਿ ਵਿਰੋਧ ਹੋਣ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ। ਇਸ ਤੋਂ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਅਫ਼ਸਰਸ਼ਾਹੀ ਸੀਐਮ ਉਤੇ ਭਾਰੀ ਪੈ ਰਹੀ ਹੈ?
ਜਵਾਬ : ਨਹੀਂ ਅਜਿਹੀ ਕੋਈ ਗੱਲ ਨਹੀਂ। ਨਵੀਂ ਸਰਕਾਰ ਹੈ, ਕਈ ਵਾਰ ਗ਼ਲਤੀਆਂ ਵੀ ਹੋ ਜਾਂਦੀਆਂ ਹਨ। ਮਾਨ ਸਾਬ੍ਹ ਨੇ ਬਾਅਦ ਵਿਚ ਬਹੁਤ ਵਧੀਆ ਫ਼ੈਸਲਾ ਲਿਆ ਕਿਉਂਕਿ ਸਾਡਾ ਮਕਸਦ ਕਿਸੇ ਗ਼ਰੀਬ ਦੀ ਰੋਟੀ ਖੋਹਣਾ ਨਹੀਂ ਹੈ। ਇਸ ਫ਼ੈਸਲੇ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਸਕਦੇ ਸੀ। ਦੇਰ ਆਏ ਦਰੁਸਤ ਆਏ। ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ।

CM channiCharanjit Singh Channi

ਸਵਾਲ : ਚੰਡੀਗੜ੍ਹ ਦੇ ਮੁੱਦੇ ’ਤੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਵਿਰੋਧੀ ਵੀ ਨਾਲ ਆ ਕੇ ਖੜੇ ਪਰ ਹੁਣ ਹਰਿਆਣਾ ਅੱਖਾਂ ਦਿਖਾ ਰਿਹਾ ਹੈ। ਇਸ ਬਾਰੇ ਕੀ ਕਹੋਗੇ?
ਜਵਾਬ : ਇਹ ਰਵਾਇਤੀ ਪਾਰਟੀਆਂ ਦੀਆਂ ਕੀਤੀਆਂ ਹੋਈਆਂ ਗ਼ਲਤੀਆਂ ਹਨ। ਸੱਭ ਤੋਂ ਵੱਡੀ ਗ਼ਲਤੀ ਇਹੀ ਹੈ ਕਿ ਤੁਸੀਂ ਅਪਣੇ ਸੂਬੇ ਦੇ ਤਿੰਨ ਹਿੱਸੇ ਕੀਤੇ, ਪੰਜਾਬ ਦੀ ਇਹ ਵੰਡ ਨਹੀਂ ਹੋਣੀ ਚਾਹੀਦੀ ਸੀ। ਪੰਜਾਬ ਨਾਲ ਅੱਜ ਤਕ ਵਿਤਕਰਾ ਹੁੰਦਾ ਆਇਆ ਹੈ। 1947 ਵਿਚ 85 ਫ਼ੀ ਸਦ ਕੁਰਬਾਨੀਆਂ ਪੰਜਾਬੀਆਂ ਨੇ ਦਿਤੀਆਂ ਅਤੇ ਫਿਰ ਵੀ ਪੰਜਾਬ ਦੇ ਦੋ ਹਿੱਸੇ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਦੀ ਦੁਬਾਰਾ ਵੰਡ ਨਹੀਂ ਹੋਣੀ ਚਾਹੀਦੀ ਸੀ ਪਰ ਅਕਾਲੀ ਦਲ ਜਾਂ ਬਾਦਲਾਂ ਨੇ ਅਪਣੇ ਹਿਤਾਂ ਲਈ ਪੰਜਾਬ ਦੇ ਤਿੰਨ ਹਿੱਸੇ ਕੀਤੇ। ਜਦੋਂ ਕਿਸੇ ਸੂਬੇ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ ਤਾਂ ਉਸ ਦੀ ਰਾਜਧਾਨੀ ਪੇਰੈਂਟ ਸਟੇਟ ਕੋਲ ਜਾਂਦੀ ਹੈ। ਉਦੋਂ ਸਾਨੂੰ ਅਪਣਾ ਹੱਕ ਮੰਗਣਾ ਚਾਹੀਦਾ ਸੀ ਪਰ ਰਵਾਇਤੀ ਪਾਰਟੀਆਂ ਨੇ ਇਹ ਮੰਗ ਨਹੀਂ ਰੱਖੀ। ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਦਿਲੋਂ ਇਹ ਮੰਗ ਨਹੀਂ ਰੱਖੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪਣਾ ਬਣਦਾ ਹੱਕ ਮੰਗਿਆ ਹੈ ਅਤੇ ਇਹ ਜਾਇਜ਼ ਮੰਗ ਹੈ। ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ।

ਸਵਾਲ : ਕਿਸਾਨੀ ਅੰਦੋਲਨ ਨੇ ਪੰਜਾਬ ਅਤੇ ਹਰਿਆਣਾ ਦੀ ਭਾਈਚਾਰਕ ਸਾਂਝ ਨੂੰ ਬਹੁਤ ਮਜ਼ਬੂਤ ਕੀਤਾ। ਇਸ ਸਾਂਝ ਦੀਆਂ ਗੱਲਾਂ ਪੂਰੀ ਦੁਨੀਆਂ ਵਿਚ ਹੋਈਆਂ ਪਰ ਇਕ ਮੁੱਦਾ ਅਜਿਹਾ ਉਠਿਆ ਜਿਸ ਨੇ ਫਿਰ ਤੋਂ ਇਨ੍ਹਾਂ ਨੂੰ ਵੱਖ ਕੀਤਾ।
ਜਵਾਬ : ਅਪਣੇ ਹੱਕ ਲਈ ਹਰ ਕਿਸੇ ਨੂੰ ਲੜਨਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਦਾ ਹੈ ਅਤੇ ਇਸ ਜ਼ਰੀਏ ਹਰਿਆਣੇ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ।

ਸਵਾਲ : ਤੁਸੀਂ ਪਹਿਲੀ ਵਾਰ ਹਲਕਾ ਚਮਕੌਰ ਸਾਹਿਬ ਤੋਂ ਵਿਧਇਕ ਬਣੇ ਹੋ। ਤੁਸੀਂ ਅਪਣੇ ਹਲਕੇ ਲਈ ਕਿਹੜਾ ਸੁਪਨਾ ਵੇਖਿਆ ਸੀ?

ਜਵਾਬ : ਚਮਕੌਰ ਸਾਹਿਬ ਬਹੁਤ ਪਵਿੱਤਰ ਧਰਤੀ ਹੈ ਤੇ ਪਿਛਲੇ 15 ਸਾਲਾਂ ਤੋਂ ਇਸ ਦੀ ਪਵਿੱਤਰਤਾ ਨੂੰ ਭੰਗ ਕੀਤਾ ਜਾ ਰਿਹਾ ਸੀ। ਚਮਕੌਰ ਸਾਹਿਬ ਇਕ ਤਰ੍ਹਾਂ ਨਸ਼ਿਆਂ ਦੀ ਰਾਜਧਾਨੀ ਬਣਿਆ ਹੋਇਆ ਸੀ। ਇਹ ਨਾਜਾਇਜ਼ ਮਾਈਨਿੰਗ ਦੀ ਰਾਜਧਾਨੀ ਬਣਿਆ ਹੋਇਆ ਸੀ। ਸੱਭ ਤੋਂ ਪਹਿਲਾ ਸੁਪਨਾ ਇਹੀ ਸੀ ਕਿ ਨਾਜਾਇਜ਼ ਮਾਈਨਿੰਗ ਨੂੰ ਖ਼ਤਮ ਕੀਤਾ ਜਾਵੇ ਅਤੇ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ। ਇਕ ਮਹੀਨੇ ਵਿਚ ਹੀ ਹਲਕੇ ਵਿਚ ਨਾਜਾਇਜ਼ ਮਾਈਨਿੰਗ ਬਿਲਕੁਲ ਖ਼ਤਮ ਹੋ ਗਈ ਹੈ ਤਾਂ ਨਸ਼ੇ ਖ਼ਤਮ ਕਰਨ ਵਿਚ ਵੀ 75 ਫ਼ੀ ਸਦ ਕਾਮਯਾਬੀ ਮਿਲ ਚੁੱਕੀ ਹੈ। ਛੇ ਮਹੀਨਿਆਂ ਵਿਚ ਨਸ਼ੇ ਬਿਲਕੁਲ ਖ਼ਤਮ ਹੋ ਜਾਣਗੇ।
ਇਸ ਤੋਂ ਇਲਾਵਾ ਅੱਜ ਤਕ ਹਲਕਾ ਚਮਕੌਰ ਸਾਹਿਬ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਸਕਿਆ। ਮੇਰੀ ਇੱਛਾ ਹੈ ਕਿ ਚਮਕੌਰ ਸਾਹਿਬ ਨੂੰ ਧਾਰਮਕ ਸੈਰ ਸਪਾਟਾ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਸੰਗਤਾਂ ਜਿਵੇਂ ਹਰਿਮੰਦਰ ਸਾਹਿਬ ਅਤੇ ਅਨੰਦਪੁਰ ਸਾਹਿਬ ਜਾਂਦੇ ਹਨ, ਉਸੇ ਤਰ੍ਹਾਂ ਚਮਕੌਰ ਸਾਹਿਬ ਆਉਣ ਅਤੇ ਉਨ੍ਹਾਂ ਨੂੰ ਵਧੀਆ ਸਹੂਲਤਾਂ ਮਿਲਣ। ਸਿੱਖੀ ਦੀ ਨੀਂਹ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਰੱਖੀ ਗਈ। ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਕਰ ਕੇ ਹੀ ਸਿੱਖੀ ਕਾਇਮ ਹੈ। ਹਲਕੇ ਵਿਚ ਇੰਡਸਟਰੀ ਨਹੀਂ ਹੈ, ਸਰਕਾਰੀ ਕਾਲਜ ਨਹੀਂ ਹੈ ਅਤੇ ਲੋਕਾਂ ਦੀ ਮੰਗ ਸੀ ਕਿ ਚਮਕੌਰ ਸਾਹਿਬ ਨੂੰ ਦੋਆਬੇ ਨਾਲ ਜੋੜਿਆ ਜਾਵੇ, ਜਿਸ ਲਈ ਸਤਲੁਜ ਉਤੇ ਪੁਲ ਪੈਣਾ ਹੈ। ਅਸੀਂ ਇਨ੍ਹਾਂ ਮੰਗਾਂ ਉਤੇ ਕੰਮ ਕਰ ਰਹੇ ਹਾਂ।

ਸਵਾਲ : ਤੁਸੀਂ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਮਿਲਦੇ ਹੋ। ਕਈ ਲੋਕ ਮਹਿੰਗੇ ਇਲਾਜ ਅਤੇ ਅਪਰੇਸ਼ਨ ਨਹੀਂ ਕਰਵਾ ਸਕਦੇ। ਕੀ ਤੁਸੀਂ ਕੋਈ ਅਜਿਹੀ ਯੋਜਨਾ ਤਿਆਰ ਕਰ ਰਹੇ ਹੋ ਜਿਸ ਨਾਲ ਆਮ ਲੋਕਾਂ ਨੂੰ ਇਲਾਜ ਲਈ ਉੱਚ ਪਧਰੀ ਸਹੂਲਤਾਂ ਮਿਲ ਸਕਣ।
ਜਵਾਬ : ਇਹ ਸਾਡੀ ਪਾਰਟੀ ਦੀ ਤਰਜੀਹ ਹੈ ਕਿ ਹਰ ਪਿੰਡ ਵਿਚ ਕਲੀਨਿਕ ਬਣਾਇਆ ਜਾਵੇ। ਸ਼ਹਿਰਾਂ ਵਿਚ ਵੈਲਨੈਸ ਸੈਂਟਰ ਬਣਾਏ ਜਾਣ। ਅੱਖਾਂ ਦੇ ਕੈਂਪ ਜਿਵੇਂ ਮੈਂ ਪਹਿਲਾਂ ਲਗਾਉਂਦਾ ਸੀ, ਹੁਣ ਵੀ ਲਗਾ ਰਿਹਾ ਹਾਂ। ਚਾਹੇ ਮੈਂ ਵਿਧਾਇਕ ਹਾਂ ਪਰ ਮੈਂ ਨਾਲ-ਨਾਲ ਅਪਣਾ ਕੰਮ ਵੀ ਕਰ ਰਿਹਾ ਹਾਂ। ਅਸੀਂ ਅਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ। ਮੈਨੂੰ ਅੱਖਾਂ ਦੇ ਕੰਮ ਕਰ ਕੇ ਜਾਣਿਆ ਜਾਂਦਾ ਹੈ, ਮੈਂ ਉਹ ਕੰਮ ਨਹੀਂ ਛੱਡ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement