
ਬਸ ਇੰਜ ਦੀ ਹੀ ਗੱਲ ਹੈ ਕਿ ਮੁਹੱਲਾ ਲਿਟਨ ਸਟੋਨ ਦੇ ਇਕ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚੋਂ ਲੰਘਦਿਆਂ, ਇਕ ਸੂਲ ਹਿਰਦੇ ਵਿਚ ਚੁੱਭ ਗਈ। ਬਿਸਤਰੇ 'ਤੇ ਲੇਟੀ...
ਬਸ ਇੰਜ ਦੀ ਹੀ ਗੱਲ ਹੈ ਕਿ ਮੁਹੱਲਾ ਲਿਟਨ ਸਟੋਨ ਦੇ ਇਕ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚੋਂ ਲੰਘਦਿਆਂ, ਇਕ ਸੂਲ ਹਿਰਦੇ ਵਿਚ ਚੁੱਭ ਗਈ। ਬਿਸਤਰੇ 'ਤੇ ਲੇਟੀ 18 ਵਰ੍ਹਿਆਂ ਦੀ ਗੋਰੀ ਚਿੱਟੀ ਘੁੱਗੀ ਨਾਲੋਂ ਮਾਸੂਮ ਕੁੜੀ ਅੱਧਖੜ ਜਹੇ ਖੁੰਢ ਵਰਗੇ ਖਰ੍ਹਵੇ ਬੰਦੇ ਅੱਗੇ ਹੱਥ ਜੋੜ ਕੇ ਰੋਂਦੀ ਹੋਈ ਮਿੰਨਤਾਂ ਪਾ ਰਹੀ ਸੀ, ਜਿਵੇਂ ਕੋਈ ਬੇਗੁਨਾਹ ਮੁਲਜ਼ਮ ਰਾਸ਼ੀ ਥਾਣੇਦਾਰ ਕੋਲੋਂ ਖ਼ਲਾਸੀ ਚਾਹੁੰਦਾ ਹੋਵੇ। ਮੈਂ ਬਲਦੀਆਂ ਸੋਚਾਂ ਉਪਰ ਸਬਰ ਦਾ ਛੱਟਾ ਮਾਰ ਕੇ ਅੱਗੇ ਵੱਧ ਗਿਆ। ਰਾਣੀ ਮਲਿਕ ਦੀ ਬੀਮਾਰ ਮਾਂ ਦਾ ਹਾਲ ਚਾਲ ਪੁੱਛ ਕੇ ਪਰਤਿਆ ਤਾਂ ਰਾਣੀ ਵੀ ਮੇਰੇ ਨਾਲ ਸੀ।
ਮੈਂ ਜਾਣ ਕੇ ਐਮਰਜੈਂਸੀ ਵਾਰਡ ਵਿਚੋਂ ਦੀ ਲੰਘਿਆ। ਉਸ ਕੁੜੀ ਦੇ ਸਰਹਾਣੇ ਇਕ ਫਾਫਾਂ ਜਹੀ ਮਾਈ ਬੜੇ ਹੀ ਕੜੰਗੇ ਲਹਿਜੇ ਵਿਚ ਆਖ ਰਹੀ ਸੀ ''ਨੀ, ਰਿਆਜ਼ ਨੇ ਜੋ ਕੁੱਝ ਆਖਿਆ ਈ ਘੁੱਟ ਕੇ ਪੱਲੇ ਬੰਨ੍ਹ ਲਈਂ ਨਹੀਂ ਤਾਂ ਨਤੀਜਾ ਬੜਾ ਬੁਰਾ ਨਿਕਲੇਗਾ ਈ। ਜੇ ਤੂੰ ਇਸ ਗੱਲ ਦੀ ਧਵਾਂਖ ਕੱਢੀ ਤਾਂ ਪਵਾੜਾ ਪੈ ਜਾਣਾ ਈ। ਬਦਨਾਮੀ ਤੋਂ ਵੱਖ ਤੇਰੀ ਰੰਡੀ ਮਾਂ ਦਾ ਕੀ ਬਣੇਗਾ ਜਿਸ ਨੇ ਚਾਵਾਂ ਨਾਲ ਤੈਨੂੰ ਲੰਦਨ ਟੋਰਿਆ ਸੀ? ਪਿੰਡ ਵਾਲੇ ਵੱਖ ਸੌ ਸੌ ਗੱਲਾਂ ਕਰਨਗੇ''। ਰਾਣੀ ਨੂੰ ਟੋਹ ਕਰਾਈ ਤੇ ਉਹ ਖਲੋ ਕੇ ਗੱਲਾਂ ਸੁਣਨ ਲੱਗ ਪਈ।
ਸਾਨੂੰ ਵੇਖ ਕੇ ਫਾਫਾਂ ਮਾਈ ਗੱਲ ਦਾ ਪਾਸਾ ਪਲਟ ਕੇ ਕੁੜੀ ਨਾਲ ਹਮਦਰਦੀ ਦੇ ਫਫੜੇ ਕਰਨ ਲੱਗ ਪਈ। ਇਸ ਬੇਦੀਦ ਦੇਸ਼ ਦੀ ਰੀਤ ਤੇ ਨਹੀਂ ਪਰ ਰਾਣੀ ਨੇ ਨੇੜੇ ਹੋ ਕੇ ਪੁੱਛ ਹੀ ਲਿਆ, ''ਖ਼ਾਲਾ ਜੀ ਕੀ ਹੋਇਆ ਏ ਤੁਹਾਡੀ ਧੀ ਨੂੰ?''''ਨੀ ਹੋਣਾ ਕੀ ਐ ਭੈਣਾਂ, ਹੋਣੀ ਤਕਦੀਰ ਦੀ। ਬਸ ਸਟਾਪ 'ਤੇ ਖਲੋਤੀ ਹੋਈ ਸੀ ਕਿ ਕਿਸੇ ਗ਼ਰਕ ਜਾਣੇ ਕਾਲੇ ਨੇ ਗੱਲ ਵਿਚੋਂ ਹਾਰ ਲਾਹੁਣ ਦੀ ਕੋਸ਼ਿਸ਼ ਕਰਦਿਆਂ ਸੰਘੀ ਘੁੱਟ ਛੱਡੀ ਤੇ ਵਿਚਾਰੀ ਹੁਣ ਬੋਲ ਵੀ ਨਹੀਂ ਸਕਦੀ।'' ਮਾਈ ਦਾ ਧਿਆਨ ਰਾਣੀ ਵਲ ਸੀ ਤੇ ਮੇਰੀਆਂ ਅੱਖਾਂ ਕੁੜੀ ਦੇ ਚਿਹਰੇ ਉਤੇ ਕਿਸੇ ਜ਼ੁਲਮ ਦੀ ਤਫ਼ਤੀਸ਼ ਕਰਦਿਆਂ ਅਣ ਡਿੱਠੀ ਤਹਿਰੀਰ ਪੜ੍ਹ ਰਹੀਆਂ ਸਨ।
ਰੱਬ ਜਾਣੇ ਉਸ ਸ਼ੋਹਦੀ ਨੂੰ ਮੇਰੇ ਚਿਹਰੇ 'ਤੇ ਬੈਠਾ ਅਪਣਾ ਬਾਬਲ ਨਜ਼ਰ² ਆਇਆ ਜਾਂ ਕੋਈ ਬਾਬਲ ਵਰਗਾ ਵੀਰ। ਉਸ ਦੇ ਸਬਰ ਦੀ ਛੱਤ ਚੋ ਪਈ ਤੇ ਟਿੱਪ ਟਿੱਪ ਕਰਦਾ ਪਾਣੀ ਸਰਹਾਣੇ ਉਤੇ ਵਗਣ ਲੱਗ ਪਿਆ। ਨਾਲ ਹੀ ਫੱਫੇ ਕੁਟਣੀ ਸੱਸ ਕੋਲੋਂ ਅੱਖ ਬਚਾ ਕੇ ਛੇਤੀ ਨਾਲ ਅਪਣੇ ਗਲ ਤੋਂ ਲੀੜਾ ਚੁੱਕ ਕੇ ਜ਼ਖ਼ਮ ਮੈਨੂੰ ਵਿਖਾ ਦਿਤਾ। ਹੁਣ ਕਿਸੇ ਮਾਸੂਮੀਅਤ ਦੇ ਕਤਲ ਦਾ ਧੁੰਦਲਾ ਜਿਹਾ ਖੁਰਾ ਵਿਖਾਈ ਦੇਣ ਲੱਗ ਪਿਆ ਸੀ। ਕਿਸੇ ਗ਼ਰੀਬ ਦੇ ਝੁੱਗੇ ਨੂੰ ਸਨ੍ਹ ਲਾਉਣ ਵਾਲੇ ਸੰਦ ਉਪਰ ਵੀ ਝਾਤ ਪੈਂਦੀ ਸੀ। ਅਸਲ ਗੱਲ 'ਤੇ ਅਪੜਨ ਲਈ ਇਸ ਵੇਲੇ ਮੇਰੇ ਕੋਲ ਜੁਰਅਤ ਨਹੀਂ ਸੀ।
ਸੱਸ ਨੇ ਰਾਣੀ ਨੂੰ ਪੁੱਠੀ ਜਹੀ ਰਾਹ ਵਿਖਾ ਕੇ ਸ਼ਾਂਤ ਕਰ ਦਿਤਾ ਸੀ ਤੇ ਅਸੀ ਵਾਰਡ ਵਿਚੋਂ ਬਾਹਰ ਆ ਗਏ। ਮੈਂ ਰਾਣੀ ਨਾਲ ਕੁੜੀ ਦੀ ਗੱਲ ਛੇੜਨ ਹੀ ਲੱਗਾ ਸਾਂ ਪਰ ਹਰ ਕਿਸੇ ਨੂੰ ਅਪਣੀ ਹੀ ਪੀੜ ਦੀ ਟੀਸ ਸਤਾਉੁਂਦੀ ਹੈ। ਰਾਣੀ ਨੇ ਅਪਣੀ ਮਾਂ ਦੀ ਬੀਮਾਰੀ ਦਾ ਕਿੱਸਾ ਛੋਹ ਲਿਆ ਤੇ ਮੈਂ ਦੁਨੀਆਂਦਾਰੀ ਤੋਂ ਡਰਦੇ ਨੇ ਹਾਂ ਵਿਚ ਹਾਂ ਮਿਲਾ ਕੇ ਝੂਠਾ ਅਫ਼ਸੋਸ ਕੀਤਾ। ਰਾਣੀ ਦੀ ਮਾਂ ਭਾਵੇਂ ਮੇਰੀ ਵੀ ਮਾਵਾਂ ਵਰਗੀ ਸੀ ਪਰ ਉਹ ਪੰਜਾਹ ਸਾਲ ਪਾਕਿਸਤਾਨ ਹੰਢਾ ਕੇ ਪੈਂਤੀ ਵਰ੍ਹੇ ਲੰਦਨ ਦੀ ਬਹਾਰ ਵੀ ਲੁੱਟ ਚੁਕੀ ਹੈ। ਉਸ ਦੀ ਗੱਡੀ ਤਾਂ ਮੰਜ਼ਿਲ ਦੇ ਆਖ਼ਰੀ ਸਟੇਸ਼ਨ ਉਪਰ ਅਪੜੀ ਬੈਠੀ ਸੀ।
ਉਸ ਨੇ ਤਾਂ ਵਾਹੀ ਬੀਜੀ ਤੋਂ ਬਾਅਦ ਭਰੀਆਂ ਗਾਹ ਕੇ ਦਾਣਾ ਫੱਕਾ ਵੀ ਸਾਂਭ ਲਿਆ ਸੀ। ਬਸ ਹੁਣ ਤੇ ਜ਼ਿੰਦਗੀ ਦੇ ਪਿੜ ਵਿਚ ਚਾਰ ਦਾਣੇ ਹੀ ਸਨ ਜਿਨ੍ਹਾਂ ਨੂੰ ਮਾਂਜੇ ਨਾਲ ਹੂੰਝ ਰਹੀ ਸੀ। ਮੈਂ ਤੇ ਉਸ ਜਵਾਨ ਫ਼ਸਲ ਬਾਰੇ ਸੋਚ ਰਿਹਾ ਸਾਂ ਜਿਹੜੀ ਅਜੇ ਨਿਸਰੀ ਵੀ ਨਹੀਂ ਤੇ ਗ਼ਮਾਂ ਦੀ ਬੁਛਾੜ ਕਰਨ ਨੂੰ ਫਿਰਦੀ ਹੈ।ਰਾਣੀ ਦੀ ਗੱਲ ਮੁੱਕੀ ਤੇ ਮੈਂ ਡਰਦੇ ਡਰਦੇ ਨੇ ਕੁੜੀ ਦਾ ਜ਼ਿਕਰ ਛੋਹਿਆ। ਡਰਦਾ ਇਸ ਕਰ ਕੇ ਸਾਂ ਕਿ ਮੈਂ ਹਮੇਸ਼ਾ ਹੀ ਸੱਚ ਦੇ ਆਖੇ ਲੱਗ ਕੇ, ਪਰਾਈ ਅੱਗ ਵਿਚ ਕੁੱਦ ਕੇ ਰਾਣੀ ਦੇ ਪੈਰੀਂ ਵੀ ਛਾਲੇ ਪਾਏ ਹਨ।
ਮੈਂ ਨਾਇਨਸਾਫ਼ੀਆਂ ਨਾਲ ਆਢੇ ਲਾ ਕੇ ਉਸ ਵਿਚਾਰੀ ਨੂੰ ਵੀ ਖੱਜਲ ਕੀਤਾ ਹੈ। ਉਹ ਆਖਣ ਲੱਗੀ, ''ਜਦ ਉਸ ਦੀ ਸੱਸ ਆਖਦੀ ਏ ਕਿ ਕਿਸੇ ਨੇ ਹਾਰ ਲਾਹੁੰਦਿਆਂ ਸੰਘ ਘੁਟਿਆ ਏ ਤੇ ਕਿਉਂ ਗੱਲ ਹੋਰ ਪਾਸੇ ਖੜਨੀ ਏ ਤੇ ਨਾਲੇ ਅਸੀ ਕਾਹਨੂੰ ਕਿਸੇ ਲਫੜੇ ਵਿਚ ਲੱਤ ਫਸਾਈਏ?'' ਮੈਂ ਘੜੀ ਦੀ ਘੜੀ ਦੜ ਵੱਟੀ ਤੇ ਫਿਰ ਉਹੀ ਕੁੱਤੇ ਦੀ ਪੂਛ ਵਾਲੀ ਗੱਲ। ਹਸਪਤਾਲ ਵਿਚ ਪਈ ਕੁੜੀ ਦਾ ਦਰਦ ਲੈ ਬੈਠਾ।
ਤੰਗ ਆ ਕੇ ਰਾਣੀ ਉਖੜ ਗਈ। ਆਖਣ ਲੱਗੀ, ''ਤੇਰੀਆਂ ਇਨ੍ਹਾਂ ਆਦਤਾਂ ਤੋਂ ਅੱਗੇ ਹੀ ਹਰ ਕੋਈ ਤੇਰੇ ਤੋਂ ਪੱਲਾ ਛੁਡਾ ਕੇ ਦੂਰ ਹੋ ਗਿਐ। ਤੂੰ ਹੀ ਦੱਸ ਇਨ੍ਹਾਂ ਹਮਦਰਦੀਆਂ ਨੇ ਤੈਨੂੰ ਅੱਗੇ ਕੀ ਦਿਤਾ ਹੈ? ਤੂੰ ਲੋਕਾਂ ਨਾਲ ਹੇਜ ਜਗਾਇਆ ਤੇ ਲੋਕ ਤੇਰੇ ਵੈਰੀ ਹੋ ਗਏ। ਕੀ ਲੱਭਾ ਹੈ ਤੈਨੂੰ ਸੱਚ ਦੀ ਕੰਡਿਆਲੀ ਸੇਜ ਤੋਂ।''
ਮੈਂ ਨਹੀਂ ਸੋਚਿਆ ਸੀ ਕਿ ਗੱਲ ਐਡੀ ਗੰਭੀਰ ਹੋ ਜਾਏਗੀ।
ਮੇਰੀ ਮਜਬੂਰੀ ਹੈ ਕਿ ਮੈਂ ਆਰਥਕ ਜਾਂ ਸਰੀਰਕ ਖ਼ਸਾਰੇ ਤਾਂ ਝੱਲ ਲੈਂਦਾ ਹਾਂ ਪਰ ਜਜ਼ਬਾਤੀ ਘਾਟੇ ਬਰਦਾਸ਼ਤ ਕਰਨਾ ਮੇਰੇ ਵੱਸ ਵਿਚ ਨਹੀਂ। ਰਾਣੀ ਦੇ ਸਾਰੇ ਕੌੜੇ ਕੁਸੈਲੇ ਤਾਅਨੇ ਸੁਣ ਕੇ ਸਾਰੀ ਰਾਹ ਚੁੱਪ ਚਾਪ ਅਪਣੇ ਆਪ ਨਾਲ ਹੀ ਗੱਲਾਂ ਕਰਦੇ ਘਰ ਅੱਪੜ ਗਏ। ਘਰ ਆ ਕੇ ਮੈਂ ਅਪਣੇ ਦੁੱਖਾਂ ਦੀ ਬੁੱਕਲ ਮਾਰ ਕੇ ਕਮਰੇ ਦੀ ਉਦਾਸੀ ਨੂੰ ਗੱਲ ਲਾਇਆ ਤੇ ਬਿਸਤਰੇ ਵਿਚ ਜਾ ਵੜਿਆ।
ਬੀਵੀ ਅਪਣਾ ਫ਼ਰਜ਼ ਪਛਾਣਦੀ ਹੋਵੇ ਜਾਂ ਖ਼ਾਵੰਦ ਨੂੰ ਰਾਂਝਾ ਮੰਨ ਕੇ ਇਸ਼ਕ ਦੀ ਚੂਰੀ ਕੁਟਣੀ ਆਉਂਦੀ ਹੋਵੇ ਤਾਂ ਇਹ ਗੁੱਝੀ ਮਾਂ ਕਦੀ ਕਦੀ ਮਾਂ ਤੋਂ ਵੀ ਅੱਗੇ ਲੰਘ ਜਾਂਦੀ ਹੈ। ਰਾਣੀ ਨੂੰ ਪਤਾ ਸੀ ਕਿ ਸਾਰੇ ਜਹਾਨ ਨਾਲ ਮੱਥਾ ਲਾ ਲੈਣ ਵਾਲਾ ਇਹ ਕਮਲਾ ਜਦੋਂ ਜਜ਼ਬਾਤੀ ਬਾਵਾ ਬਣ ਕੇ ਬਾਲਾਂ ਵਾਲੀ ਸ਼ਕਲ ਧਾਰ ਲੈਂਦਾ ਏ ਤਾਂ ਰਜਾਈ ਵਿਚ ਮੂੰਹ ਦੇ ਕੇ ਬੜਾ ਹੀ ਰੋਂਦਾ ਏ। ਨਾਲੇ ਇਸ ਵਿਚਾਰੇ ਨਾਲ ਰੋਂਦ ਮਾਰਨਾ ਬੜਾ ਹੀ ਜ਼ੁਲਮ ਹੈ। ਆਸ ਮੈਨੂੰ ਵੀ ਸੀ ਕਿ ਮੈਨੂੰ ਭੁੱਖਾ ਨਹੀਂ ਕਿਸੇ ਸੌਣ ਦੇਣਾ।
ਮੂੰਹ ਤੋਂ ਰਜਾਈ ਚੁੱਕ ਕੇ ਆਖਣ ਲੱਗੀ, ''ਰੋਟੀ ਖਾ ਲੈ, ਸਵੇਰੇ ਜਿਹੜੇ ਵੀ ਪਵਾੜੇ ਵਿਚ ਲੱਤ ਫਸਾਏਂਗਾ, ਨਾਲ ਟੁਰ ਪਵਾਂਗੀ। ਜੇ ਤੂੰ ਪੈਸਾ ਸੁੱਟ ਕੇ ਲੜਾਈ ਲੈਣ ਦਾ ਚਾਅ ਨਹੀਂ ਛਡਦਾ ਤਾਂ ਮੈਂ ਵੀ ਤੈਨੂੰ ਨਹੀਂ ਛੱਡ ਸਕਦੀ।'' ਇਹ ਮਾਵਾਂ ਵਰਗਾ ਪਿਆਰ ਸੀ ਤੇ ਸ਼ਰੀਕਾਂ ਵਰਗਾ ਮਿਹਣਾ ਵੀ।ਮੈਂ ਆਖਿਆ, ''ਰਾਣੀ ਤੂੰ ਤਾਅਨਾ ਦਿਤਾ ਏ ਤਾਂ ਹੁਣ ਗੱਲ ਵੀ ਕਰ ਲਵਾਂ, ਅੰਦਰੋਂ ਤੈਨੂੰ ਸਾਰਾ ਪਤਾ ਹੈ ਕਿ ਲੋਕੀ ਮੇਰੇ ਕੋਲੋਂ ਕਾਂ ਵਾਂਗ ਇਸ ਲਈ ਨਸਦੇ ਹਨ ਕਿ ਕਿਧਰੇ ਸੱਚ ਦਾ ਗਲੇਲਾ ਨਾ ਵੱਜ ਜਾਏ। ਯਾਦ ਕਰ, ਇਤਿਹਾਸ ਗਵਾਹ ਹੈ ਕਿ ਹਰ ਸੱਚ ਬੋਲਣ ਵਾਲੇ ਨੂੰ ਲੋਕਾਂ ਨੇ ਵੱਟੇ ਹੀ ਮਾਰੇ ਨੇ।
ਰਹਿ ਗਈ ਇਹ ਗੱਲ ਕਿ ਸੱਚ ਬੋਲ ਕੇ ਅੱਜ ਤਕ ਕਿਹੜਾ ਘਾਟਾ ਪਿਆ ਹੈ? ਤੂੰ ਹੀ ਦਸ ਕਿ ਤੈਨੂੰ ਇਸ ਜ਼ਿੰਦਗੀ ਨਾਲ ਕੋਈ ਗਿਲਾ ਸ਼ਿਕਵਾ ਹੈ? ਕਮਲੀਏ! ਕਦੀ ਕਿਸੇ ਦੀ ਹਾਅ ਨਹੀਂ ਲਈ, ਕਿਸੇ ਪੀੜ ਨਾਲ ਹਾਏ ਵੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਦਾ ਹੌਕਾ ਭਰਿਆ ਈ। ਜੇ ਜ਼ਿੰਦਗੀ ਵਿਚੋਂ ਹਾਅ, ਹੌਕਾ ਅਤੇ ਹਾਏ ਨਿਕਲ ਜਾਏ ਤਾਂ ਹੋਰ ਕੀ ਲੈਣਾ ਏ ਰੱਬ ਕੋਲੋਂ? ਤੂੰ ਆਖਦੀ ਏਂ, ਮੈਂ ਹਮੇਸ਼ਾ ਪੈਸਾ ਸੁੱਟ ਕੇ ਲੜਾਈ ਲੈਂਦੇ ਹਾਂ।
ਮੈਂ ਆਖਾਂਗਾ ਕਿ ਮੈਂ ਪੈਸਾ ਲਾ ਕੇ ਭਲਾਈ ਖਟਦਾ ਹਾਂ। ਇੰਜ ਦੀ ਲੜਾਈ ਵਿਚ ਮੈਂ ਮੁੱਕ ਵੀ ਜਾਵਾਂ ਤਾਂ ਜ਼ਿੰਦਾ ਰਵ੍ਹਾਂਗਾ। ਨਾਲੇ ਹੁਣ ਜ਼ਿੰਦਗੀ ਰਹਿ ਵੀ ਕਿੰਨੀ ਗਈ ਏ? ਤੇਲ ਤਾਂ ਮੁੱਕ ਗਿਆ ਹੈ, ਬਸ ਬੱਤੀ ਨੂੰ ਹੀ ਅੱਗ ਲੱਗੀ ਹੋਈ ਏ। ਉਹ ਵੀ ਸੜ ਕੇ ਮੁੱਕਣ ਹੀ ਵਾਲੀ ਏ।''ਉਹ ਅੱਖਾਂ ਵਿਚ ਹੰਝੂ ਭਰ ਕੇ ਆਖਣ ਲੱਗੀ ''ਤੇਰੀਆਂ ਗੱਲਾਂ ਨਾਲ ਤੇ ਪੱਥਰ ਵੀ ਕਲਮਾ ਪੜ੍ਹਨ ਲੱਗ ਪੈਂਦੇ ਨੇ, ਮੈਂ ਤੇ ਕੱਚੀ ਜਹੀ ਕਾਫ਼ਰ ਹਾਂ।'' (ਚਲਦਾ)
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39