
ਇਸ ਕੋਠੀ ਵਿਚ ਤਾਂ ਬਹੁਤੇ ਦਿਨ ਕੋਈ ਨਹੀਂ ਟਿਕਦਾ
ਹੁਣ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿਤਾ ਗਿਆ ਹੈ ਤਾਂ ਵੇਖਣਾ ਹੋਵੇਗਾ ਕਿ ਚੰਡੀਗੜ੍ਹ ਦੇ ਸੋਲਾਂ ਸੈਕਟਰ ਦੀ ਜਿਸ 500 ਨੰਬਰ ਵਾਲੀ ਕੋਠੀ ਵਿਚ ਉਹ ਹੁਣ ਤਕ ਰਹਿ ਰਿਹਾ ਸੀ, ਉਸ ਵਿਚ ਹੁਣ ਛੇਤੀ-ਛੇਤੀ ਰੁਖ਼ਸਤ ਹੋਣ ਵਾਲਾ ਹੋਰ ਕੌਣ ਆਉਣਾ ਚਾਹੇਗਾ? ਇਹ ਕੋਠੀ ਖਹਿਰਾ ਨੂੰ ਖ਼ਾਲੀ ਕਰਨੀ ਪਵੇਗੀ ਕਿਉਂਕਿ ਉਸ ਦੀ ਥਾਂ 'ਤੇ ਦਿੜ੍ਹਬਾ ਤੋਂ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਇਸ ਅਹੁਦੇ 'ਤੇ ਬਿਠਾ ਦਿਤਾ ਗਿਆ ਹੈ।
ਉਂਜ ਇਹ ਕੋਠੀ ਪਹਿਲਾਂ ਐਚ.ਐਸ. ਫੂਲਕਾ ਨੂੰ ਅਲਾਟ ਕੀਤੀ ਗਈ ਸੀ, ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪਿਛੋਂ ਆਮ ਆਦਮੀ ਪਾਰਟੀ ਵਲੋਂ ਉਸ ਨੂੰ ਆਪ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਉਹ ਛੇਤੀ ਹੀ ਇਹ ਅਹੁਦਾ ਤਿਆਗ ਗਏ ਅਤੇ ਨਾਲ ਹੀ ਇਹ ਕੋਠੀ ਵੀ ਛਡਣੀ ਪਈ ਸੀ। ਵੈਸੇ ਇਸ ਕੋਠੀ ਦੀ ਹੋਣੀ ਇਹ ਹੈ ਕਿ ਪਿਛਲੇ ਪੰਜ-ਛੇ ਵਰ੍ਹਿਆਂ ਵਿਚ ਇਥੇ ਕਈ ਚਿਹਰੇ ਆਏ ਅਤੇ ਛੇਤੀ ਛੇਤੀ ਚਲਦੇ ਬਣੇ। 2012-13 'ਚ ਇਹ ਕੋਠੀ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨੂੰ ਰਿਟਾਇਰ ਹੋਣ ਪਿਛੋਂ ਦਿਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਕੋਠੀ ਉਨ੍ਹਾਂ ਕੋਲੋਂ ਬੜੇ ਜ਼ੋਰ ਨਾਲ ਖ਼ਾਲੀ ਕਰਵਾਉਣੀ ਪਈ।
Sukhpal Singh Khaira
ਪਿਛਲੀ ਬਾਦਲ ਸਰਕਾਰ ਵੇਲੇ ਜਦੋਂ ਸੁਨੀਲ ਜਾਖੜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੀ ਤਰਫ਼ੋਂ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਇਹ ਕੋਠੀ ਉਨ੍ਹਾਂ ਨੂੰ ਅਲਾਟ ਕੀਤੀ ਗਈ ਪਰ ਉਨ੍ਹਾਂ ਇਸ ਦਾ ਕਬਜ਼ਾ ਹੀ ਨਾ ਲਿਆ। ਉਹ ਦੋ ਸੈਕਟਰ ਵਾਲੀਆਂ ਕੋਠੀਆਂ ਵਿਚ, ਖ਼ਾਸ ਤੌਰ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਵਾਲੀ ਕੋਠੀ ਵਿਚ ਰਹਿਣਾ ਚਾਹੁੰਦੇ ਸਨ। ਭੱਠਲ ਇਸੇ ਕੋਠੀ ਵਿਚ ਮੁੱਖ ਮੰਤਰੀ ਵਜੋਂ ਵੀ ਰਹੀ ਅਤੇ ਉਪ ਮੁੱਖ ਮੰਤਰੀ ਵਜੋਂ ਵੀ।
ਬਾਦਲ ਸਰਕਾਰ ਵੇਲੇ ਕੁੱਝ ਸਮਾਂ ਉਨ੍ਹਾਂ ਦੇ ਇਕ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਇਸੇ ਕੋਠੀ ਵਿਚ ਰਹਿੰਦੇ ਰਹੇ। ਬਾਦਲ ਸਰਕਾਰ ਜਾਣ ਪਿਛੋਂ ਉਨ੍ਹਾਂ ਨੇ ਵੀ ਇਹ ਕੋਠੀ ਖ਼ਾਲੀ ਕਰ ਦਿਤੀ। ਕੈਪਟਨ ਸਰਕਾਰ ਸਮੇਂ ਇਹ ਕੋਠੀ ਫੂਲਕਾ ਨੂੰ ਦਿਤੀ ਗਈ। ਹੁਣ ਇਸ ਕੋਠੀ ਵਿਚ ਨਵੇਂ ਮਹਿਮਾਨ ਸ਼ਾਇਦ ਹਰਪਾਲ ਸਿੰਘ ਚੀਮਾ ਹੀ ਬਣਨ।
-ਸ਼ੰਗਾਰਾ ਸਿੰਘ ਭੁੱਲਰ