
ਅਜਿਹਾ ਕਰ ਕੇ ਉਹ ਅਪਣੀ ਮਰਦਾਨਗੀ ਦੀ ਹਉਮੈ ਸ਼ਾਂਤ ਕਰਦੇ ਹਨ ਜਾਂ ਇਨਸਾਨੀਅਤ ਦਾ ਜਨਾਜ਼ਾ ਕੱਢ ਰਹੇ ਹੁੰਦੇ ਹਨ?
ਅਜਿਹਾ ਕਰ ਕੇ ਉਹ ਅਪਣੀ ਮਰਦਾਨਗੀ ਦੀ ਹਉਮੈ ਸ਼ਾਂਤ ਕਰਦੇ ਹਨ ਜਾਂ ਇਨਸਾਨੀਅਤ ਦਾ ਜਨਾਜ਼ਾ ਕੱਢ ਰਹੇ ਹੁੰਦੇ ਹਨ?
ਅਜਿਹੇ ਕਾਮੀ ਮਰਦਾਂ ਦੀਆਂ ਕਰਤੂਤਾਂ ਫਰੋਲਦਿਆਂ ਮੈਨੂੰ ਹਰਿਆਣੇ ਦੇ ਕਿਸੇ 'ਅਪਨਾ ਘਰ' ਦੀ ਘਟਨਾ ਯਾਦ ਆ ਗਈ ਜਿਥੇ ਬੇਆਸਰਾ ਕੁੜੀਆਂ ਦੀ ਸਾਂਭ-ਸੰਭਾਲ ਕਰਦੀ ਆਂਟੀ ਨੇ ਅਪਣੇ ਜਵਾਈ, ਚਪੜਾਸੀ ਅਤੇ ਚੌਕੀਦਾਰ ਆਦਿ ਸੱਭ ਮਰਦਾਂ ਲਈ ਇਨ੍ਹਾਂ ਮੁਟਿਆਰਾਂ ਦੇ ਬੂਹੇ ਖੁਲ੍ਹਵਾ ਦਿਤੇ ਤਾਕਿ ਇਨ੍ਹਾਂ ਦੀ ਬਦਨਸੀਬੀ ਦਾ ਫ਼ਾਇਦਾ ਉਠਾ ਕੇ ਇਹ ਬੁੱਢੀ ਅਪਣੀਆਂ ਚੰਮ ਦੀਆਂ ਚਲਾ ਸਕੇ।
ਬੁੱਢੀ ਉਮਰੇ, ਆਸਾਰਾਮ ਵਾਂਗ ਹੁਣ ਜੇਲ-ਜੀਵਨ ਗੁਜ਼ਾਰਦਿਆਂ ਅਤੇ ਚੱਕੀ ਪੀਂਹਦਿਆਂ ਇਸ ਮੱਕਾਰ ਔਰਤ ਨੂੰ ਪਤਾ ਲੱਗੇਗਾ ਕਿ ਇਨਸਾਨੀਅਤ ਤੋਂ ਡਿਗ ਕੇ ਕੀਤੇ ਕਾਰੇ ਕਿਸ ਅੰਜਾਮ ਤਕ ਪਹੁੰਚਾ ਸਕਦੇ ਹਨ। ਦਿੱਲੀ ਵਿਖੇ 'ਅਧਿਆਤਮਕ ਯੂਨੀਵਰਸਟੀ' ਦਾ ਫੱਟਾ ਲਾ ਕੇ ਅਤੇ ਮਾਪਿਆਂ ਦੀਆਂ ਅੱਖਾਂ ਵਿਚ ਮਿੱਟੀ ਪਾ ਕੇ ਰੰਗਰਲੀਆਂ ਮਨਾਉਣ ਵਾਲੇ ਢੌਂਗੀ ਬਾਬੇ ਦੀ ਤਲਿਸਮੀ ਦੁਨੀਆਂ ਦੀਆਂ ਪਰਤਾਂ ਵੀ ਦੁਨੀਆਂ ਨੇ ਸ਼ਰੇਆਮ ਤੱਕੀਆਂ ਹਨ ਅਤੇ ਸੌਦਾ ਸਾਧ ਦੇ ਜਾਦੂਈ ਸੰਸਾਰ ਨੇ ਕੀ-ਕੀ ਗੁਲ ਖਲਾਏ ਹਨ, ਸਾਨੂੰ ਸੱਭ ਨੂੰ ਪਤਾ ਹੈ।
ਬਾਵਜੂਦ ਇਸ ਦੇ ਬਲਾਤਕਾਰਾਂ ਦਾ ਸਿਲਸਿਲਾ ਰੁਕਣ, ਘਟਣ ਅਤੇ ਬੰਦ ਹੋਣ ਦੀ ਬਜਾਏ ਇਹ ਲਗਾਤਾਰ ਜ਼ਰਬਾਂ ਖਾਈ ਜਾ ਰਿਹਾ ਹੈ, ਛਾਲਾਂ ਮਾਰਦਾ ਵੱਧ ਰਿਹਾ ਹੈ। ਨਾਬਾਲਗ, ਬਾਲਗ ਅਤੇ ਬੁੱਢੇ ਜਵਾਨ ਸੱਭ ਇਸ ਹਮਾਮ ਵਿਚ ਨੰਗੇ ਹਨ। ਦੋ ਮਹੀਨੇ, ਚਾਰ ਮਹੀਨੇ ਅਤੇ ਅੱਠ ਮਹੀਨਿਆਂ ਦੀਆਂ ਦੁੱਧ ਚੁੰਘਦੀਆਂ ਬੱਚੀਆਂ ਉਤੇ ਕਹਿਰ ਢਾਹੁਣ ਵਾਲੇ ਸਾਡੀ ਹੀ ਇਸ ਧਰਤੀ ਉਤੇ ਜੰਮੇ ਜਾਏ ਹਨ, ਇਹ ਸੋਚ ਹੀ ਸਾਹ ਲੈਣਾ ਦੁੱਭਰ ਕਰ ਰਹੀ ਹੈ।
1971 ਵਿਚ ਬੰਗਲਾਦੇਸ਼ ਲਈ ਹੋਏ ਯੁੱਧ ਸਮੇਂ ਕੀਤੇ ਬੇਸ਼ੁਮਾਰ ਜਬਰ ਜ਼ਨਾਹਾਂ ਵਲ ਸੰਕੇਤ ਕਰਦਿਆਂ ਪੰਜਾਬੀ ਦੇ ਮਰਹੂਮ ਸੁਪ੍ਰਸਿੱਧ ਕਵੀ ਡਾ. ਹਰਭਜਨ ਸਿੰਘ ਨੇ ਬਹੁਤ ਭਾਵਪੂਰਤ ਕਵਿਤਾ ਲਿਖੀ ਸੀ ਜਿਸ ਦੇ ਕੁੱਝ ਬੋਲ ਹਨ:-
ਨਗਨ ਯੋਨੀਆਂ ਜੇ ਜਣ ਦਿਤੇ ਕੀੜੇ ਮਕੌੜੇ
ਨਸਲ ਮਨੁੱਖ ਦੀ ਕੀੜਾ ਮਕੌੜਾ ਹੋ ਜਾਵੇਗੀ।
ਬਲਾਤਕਾਰ-ਪੀੜਤ ਚੰਡੀਗੜ੍ਹ ਲਾਗਲੀ ਦਸ ਸਾਲਾਂ ਦੀ ਬਾਲੜੀ ਨੇ ਅਪਣੇ ਹੀ ਮਾਮੇ ਤੋਂ ਜਿਸ ਨੰਨੀ-ਮੁੰਨ੍ਹੀ ਬੱਚੀ ਨੂੰ ਜਨਮ ਦਿਤਾ ਹੈ (ਅਜਿਹੀਆਂ ਉਦਾਹਰਨਾਂ ਹੋਰ ਵੀ ਬਹੁਤ ਹਨ) ਉਹ ਇਸ ਕੀੜੇ-ਮਕੌੜਾ ਨਸਲ ਦੀ ਹੀ ਸੰਕੇਤਕ ਹੈ। ਕੋਈ ਜੰਮ ਕੇ ਢੇਰ ਕੂੜਿਆਂ ਉਤੇ ਸੁੱਟ ਦਿੰਦੀ ਹੈ ਅਤੇ ਕੋਈ ਪੰਘੂੜਿਆਂ ਦਾ ਰਾਹ ਤਕਦੀ ਹੈ। ਪਰ 'ਮਾਂ' ਲਫ਼ਜ਼ ਦੇ ਪਾਕੀਜ਼ਾ ਅਰਥਾਂ ਵਿਚ ਹੁਣ ਹੋਰ ਵੀ ਘਟੀਆ ਆਯਾਮ ਜੁੜ ਰਹੇ ਹਨ ਜਿਸ ਕਰ ਕੇ ਇਸ ਪਵਿੱਤਰ ਰਿਸ਼ਤੇ ਦੀ ਗਰਿਮਾ ਕਲੰਕਿਤ ਹੋ ਰਹੀ ਹੈ। ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਇਸ ਨੂੰ ਦਾਗ਼ੀ ਕਰ ਕੌਣ ਰਿਹੈ?
ਮੈਂ ਨਾਨਕਪੰਥੀ ਸਿਕਲੀਗਰ ਵਣਜਾਰਾ ਅੰਤਰਰਾਸ਼ਟਰੀ ਮਿਸ਼ਨ ਕੋਰ ਕਮੇਟੀ ਦੀ ਇਕ ਮੈਂਬਰ ਹਾਂ, ਇਸੇ ਕਰ ਕੇ ਕਠੂਆ ਦੀ ਇਸ ਵਣਜਾਰਾ-ਬੱਚੀ ਨਾਲ ਬੀਤੀ ਮਹਾਂਨਖਿੱਧ ਘਟਨਾ ਤੋਂ ਮੈਂ ਹੋਰ ਵੀ ਬੇਹੱਦ ਦੁਖੀ ਹੋਈ ਹਾਂ ਜਿਸ ਦੇ ਜਬਰ ਜ਼ਨਾਹ ਨੂੰ ਮੰਦਰ ਵਿਖੇ ਅੰਜਾਮ ਦਿਤੇ ਜਾਣ ਕਰ ਕੇ, ਮੁਸਲਮਾਨ ਜਥੇਬੰਦੀਆਂ ਨੇ ਜ਼ਹਿਰੀਲੀ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ।
ਸ਼ਾਇਦ ਇਸੇ ਦਾ ਬਦਲਾ ਲੈਣ ਲਈ ਇਕ ਹਿੰਦੂ ਬੱਚੀ ਨੂੰ ਗਾਜ਼ੀਆਬਾਦ ਦੇ ਮਦਰਸੇ ਵਿਚ ਜ਼ਬਰਦਸਤੀ ਦਾ ਸ਼ਿਕਾਰ ਬਣਾਇਆ ਗਿਆ ਜਦੋਂ ਕਿ ਮਗਰਲੀ ਘਟਨਾ ਤੋਂ ਪਹਿਲਾਂ ਹੀ ਕਠੂਆ ਵਾਲੀ ਘਟਨਾ ਤੂਲ ਫੜ ਚੁੱਕੀ ਸੀ ਅਤੇ 2012 ਦੇ ਦਿੱਲੀ ਕਾਂਡ ਤੋਂ ਬਾਅਦ ਸੱਭ ਤੋਂ ਵੱਧ ਚਰਚਿਤ ਵੀ ਹੋਈ, ਇਸੇ ਕਰ ਕੇ, ਵਕਤ ਦੇ ਡਾਹਢੇ ਹਾਕਮਾਂ ਨੂੰ ਲੋਕ-ਰੋਹ ਨੂੰ ਵੇਖਦਿਆਂ ਸਖ਼ਤ ਕਾਨੂੰਨ ਬਣਾਉਣ ਲਈ ਮਜਬੂਰ ਹੋਣਾ ਪਿਆ।
ਕੇਂਦਰ ਸਰਕਾਰ ਨੇ ਮਾਸੂਮ ਬੱਚੀਆਂ ਦੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰਵਾ ਲਿਆ ਹੈ ਜਦੋਂ ਕਿ 12 ਸਾਲਾਂ ਤੋਂ ਵੱਡੀਆਂ ਦੇ ਗੁਨਾਹਗਾਰਾਂ ਨੂੰ 20 ਸਾਲ ਦੀ ਸਜ਼ਾ ਹੋ ਸਕੇਗੀ। ਕੀ ਮੌਤ ਦਾ ਖ਼ੌਫ਼ ਇਨ੍ਹਾਂ ਜ਼ੋਰ ਜ਼ਬਰਦਸਤੀਆਂ ਨੂੰ ਰੋਕ ਸਕੇਗਾ? ਹਰਗਿਜ਼ ਵੀ ਨਹੀਂ ਕਿਉਂਕਿ ਰਾਸ਼ਟਰਪਤੀ ਦੇ ਦਸਤਖਤਾਂ ਪਿੱਛੋਂ ਕਾਨੂੰਨ ਬਣ ਜਾਣ ਉਪਰੰਤ ਵੀ ਇਹ ਜੁਰਮ ਘੱਟ ਨਹੀਂ ਰਹੇ। ਅਮਰੀਕਾ ਦੇ ਕਰੀਮੀਨਲ ਲਾਅ ਅਤੇ ਕਰੀਮੀਨੌਲੋਜੀ ਜਰਨਲ ਵਿਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਾਰੇ ਕਰੀਮੀਨੌਲੋਜਿਸਟ ਇਕਮੱਤ ਹਨ ਕਿ ਮੌਤ ਦੀ ਸਜ਼ਾ ਦਾ ਡਰ ਜੁਰਮ ਉਤੇ ਕੋਈ ਅਸਰ ਨਹੀਂ ਪਾ ਸਕਦਾ।
ਯੋਰਪੀਅਨ ਯੂਨੀਅਨ ਵਿਚ ਬੇਲਾਰੂਸ ਨੂੰ ਛੱਡ ਕੇ ਬਾਕੀਆਂ ਨੇ ਮੌਤ ਦੀ ਸਜ਼ਾ ਬੰਦ ਕਰ ਦਿਤੀ ਹੈ ਪਰ ਉਥੇ ਬਾਵਜੂਦ ਇਸ ਦੇ ਅਪਰਾਧਾਂ ਦੀ ਗਿਣਤੀ ਵਧਣ ਦੀ ਬਜਾਏ ਘਟੀ ਹੈ। ਸਾਡੇ ਲਾਅ ਕਮਿਸ਼ਨ ਨੇ 2017 ਵਿਚ ਹੀ ਮੌਤ ਦੀ ਸਜ਼ਾ ਖ਼ਤਮ ਕਰਨ ਲਈ ਇਸ ਉਮੀਦ ਨਾਲ ਸਿਫ਼ਾਰਸ਼ ਕੀਤੀ ਸੀ ਕਿ ਜੁਰਮ ਰੋਕਣ ਅਤੇ ਸਜ਼ਾ ਦੇਣ ਲਈ ਹੁਣ ਬੇਹੱਦ ਵਿਕਸਤ ਤਕਨੀਕਾਂ ਆ ਗਈਆਂ ਹਨ। ਇਸ ਲਈ ਹੁਣ ਅਪਰਾਧੀਆਂ ਨੂੰ ਫਾਂਸੀ ਉਤੇ ਲਟਕਾਉਣ ਦੀ ਜ਼ਰੂਰਤ ਨਹੀਂ ਰਹਿ ਗਈ ਪਰ ਸਿਤਮਜ਼ਰੀਫ਼ੀ ਇਹ ਕਿ ਕੁੱਝ ਹੀ ਅਰਸੇ ਬਾਅਦ ਸਾਡੀ ਸਰਕਾਰ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਵਿਸ਼ੇਸ਼ ਕਾਨੂੰਨ ਬਣਾਉਣਾ ਪਿਆ ਹੈ।
ਕਈ ਵਿਦੇਸ਼ੀ ਅਧਿਐਨ ਇਸ ਗੱਲ ਉਤੇ ਮੋਹਰ ਲਾਉਂਦੇ ਹਨ ਕਿ ਸਜ਼ਾ ਐਲਾਨਣ ਜਾਂ ਬਰੀ ਕਰਨ ਦਾ ਐਲਾਨ ਭਾਵੇਂ ਬਹੁਤ ਲੰਮੀ ਚੌੜੀ ਬਹਿਸ ਅਤੇ ਗਵਾਹੀਆਂ ਭੁਗਤਾਉਣ ਪਿੱਛੋਂ ਕੀਤਾ ਜਾਂਦਾ ਹੈ ਫਿਰ ਵੀ ਗ਼ਲਤੀਆਂ ਦਾ ਪੁਤਲਾ ਹੋਣ ਕਾਰਨ ਇਨਸਾਨ ਕਈ ਵਾਰ ਗ਼ਲਤ ਫ਼ੈਸਲੇ ਵੀ ਕਰ ਦਿੰਦਾ ਹੈ। ਯੂ.ਕੇ. ਦੇ ਕਈ ਕੇਸਾਂ ਵਿਚ (ਮਿਸਾਲ ਦੇ ਤੌਰ ਉਤੇ ਈਵਾਨਜ਼ ਕੇਸ) ਮੌਤ ਦੀ ਸਜ਼ਾ ਹਾਸਲ ਕਰ ਚੁੱਕੇ ਅਪਰਾਧੀ ਮਰਨ ਪਿੱਛੋਂ ਬਰੀ ਕਰਾਰ ਦਿਤੇ ਗਏ।
ਇੰਜ, ਉਹੀ ਪ੍ਰਬੰਧਨ ਜੋ ਹਰ ਹਾਲਤ ਵਿਚ ਸੰਪੂਰਨ ਅਤੇ ਦੋਸ਼-ਮੁਕਤ ਹੈ, ਮੌਤ ਦੀ ਸਜ਼ਾ ਦੇ ਸਕਦਾ ਹੈ ਪਰ ਸਾਡੇ ਦੇਸ਼ ਵਰਗੇ ਨਾਕਸ ਸਿਸਟਮ ਵਾਲੇ ਦੇਸ਼ ਵਿਚ ਹਮੇਸ਼ਾ ਘਪਲੇਬਾਜ਼ੀ ਦੀ ਗੁੰਜਾਇਸ਼ ਹੈ ਅਤੇ ਰਹੇਗੀ ਵੀ। ਇਥੇ ਦੋਸ਼ੀ ਛੁੱਟ ਜਾਣਗੇ ਅਤੇ ਬੇਕੂਸਰ ਫਾਹੇ ਟੰਗੇ ਜਾਣਗੇ ਜਿਵੇਂ ਕਿ ਕਠੂਆ ਕਾਂਡ ਦੇ ਤਿੰਨ ਫੜੇ ਗਏ ਕਥਿਤ ਦੋਸ਼ੀਆਂ ਨੇ ਸੁਪਰੀਮ ਕੋਰਟ ਵਿਚ ਰਿੱਟ ਪਾ ਕੇ ਅਪਣੀ ਬੇਗੁਨਾਹੀ ਦੇ ਸਬੂਤ ਦਿਤੇ ਹਨ ਤੇ ਇਸ ਕੇਸ ਵਿਚ ਮੀਡੀਆ ਵਲੋਂ ਵੀ ਸ਼ੰਕਾ ਜ਼ਾਹਰ ਕੀਤੀ ਜਾ ਚੁੱਕੀ ਹੈ।
ਨੈਸ਼ਨਲ ਲਾਅ ਸਕੂਲ ਵਲੋਂ 39 ਸੇਵਾਮੁਕਤ ਜੱਜਾਂ ਉਤੇ ਇਕ ਅਧਿਐਨ ਕਰਵਾਇਆ ਗਿਆ ਹੈ ਜਿਸ ਦੇ 38 ਜੱਜਾਂ ਨੇ ਮੰਨਿਆ ਹੈ ਕਿ ਤਸ਼ੱਦਦ ਕਰ ਕੇ, ਝੂਠੀਆਂ ਗਵਾਹੀਆਂ ਭੁਗਤਾ ਕੇ ਅਤੇ ਜਾਅਲੀ ਬਿਆਨਾਂ ਨਾਲ ਨਿਆਂ ਪ੍ਰਣਾਲੀ ਦਾ ਜਨਾਜ਼ਾ ਕਢਿਆ ਜਾ ਸਕਦਾ ਹੈ। ਅੱਜ ਲੋੜ ਸਾਡੀ ਮਾਨਸਕ ਤਬਦੀਲੀ ਦੀ ਹੈ, ਲੱਖ ਕਾਨੂੰਨ ਬਣਾ ਲਉ,
ਜੇ ਮਨਾਂ ਵਿਚ ਕਾਮੁਕਤਾ ਰੂਪੀ ਗੰਦਗੀ ਦੇ ਕੀੜੇ ਕੁਰਬਲ ਕੁਰਬਲ ਕਰ ਰਹੇ ਹਨ ਤਾਂ ਪਾਪੀ ਪਾਪ ਕਰਨ ਲੱਗਾ ਹਰਗਿਜ਼ ਵੀ ਸਜ਼ਾ ਬਾਰੇ ਨਹੀਂ ਸੋਚਦਾ। ਨੈਤਿਕ ਸਿਖਿਆ, ਬੱਚਿਆਂ ਪ੍ਰਤਿ ਮੁਕੰਮਲ ਜ਼ਿੰਮੇਵਾਰੀ ਅਤੇ ਉਨ੍ਹਾਂ ਨੂੰ ਪੂਰਾ ਸਮਾਂ ਦਿਤੇ ਬਗ਼ੈਰ ਬਲਾਤਕਾਰੀ ਕੈਂਸਰ ਨਹੀਂ ਘਟ ਸਕਦਾ। ਆਉ! ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਅਤੇ ਸਹੀ ਇਨਸਾਨ ਬਣੀਏ ਅਤੇ ਸੱਭ ਨੂੰ ਸਵੈਮਾਣ ਭਰੀ ਜ਼ਿੰਦਗੀ ਜਿਉਣ ਦਾ ਹੱਕ ਦੇਈਏ।
ਸੰਪਰਕ : 98156-20515