
ਤਲਾਕ ਦੇ ਵਧਦੇ ਮਾਮਲਿਆਂ ਪਿੱਛੇ ਦੂਜਾ ਵੱਡਾ ਕਾਰਨ ਅੱਜਕਲ ਦੀਆਂ ਵਿਆਹੁਤਾ ਮੁਟਿਆਰਾਂ ਨੂੰ ਪੇਕਿਆਂ ਦੀ ਬੇਲੋੜੀ ਸ਼ਹਿ ਵੀ ਹੈ।
Parents should give wisdom to their daughter: ਇਹ ਇਕ ਕੌੜੀ ਸਚਾਈ ਹੈ ਕਿ ਪਿਛਲੇ ਸਮੇਂ ਦੇ ਮੁਕਾਬਲੇ ਹੁਣ ਦੇ ਸਮੇਂ ਅੰਦਰ ਤਲਾਕ ਦੇ ਮਾਮਲੇ ਸਾਹਮਣੇ ਆਉਣ ਦੀ ਦਰ ’ਚ ਭਾਰੀ ਵਾਧਾ ਹੋਇਆ ਹੈ। ਹਰ ਸ਼ਹਿਰ ਦੇ ਥਾਣਿਆਂ ਅੰਦਰ ਬਣੇ ‘ਵਿਮੈੱਨ ਸੈੱਲਾਂ’ ਵਿਚ ਆਉਣ ਵਾਲੀਆਂ, ਪਤੀ-ਪਤਨੀ ਦਰਮਿਆਨ ਝਗੜਿਆਂ ਦੀਆਂ ਸ਼ਿਕਾਇਤਾਂ ਦੀ ਸੰਖਿਆ ਬਹੁਤ ਵੱਧ ਗਈ ਹੈ।
ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਹੈ ਕਿ ਅਜੋਕੇ ਸਮੇਂ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਅਪਣੇ ਹੱਕਾਂ ਪ੍ਰਤੀ ਕਾਫ਼ੀ ਜਾਗਰੂਕ ਹਨ ਤੇ ਪਿਛਲੇ ਸਮੇਂ ਦੀਆਂ ਔਰਤਾਂ ਵਾਂਗ ‘ਨਾਲੇ ਕੁੱਟ ਵੀ ਖਾਉ ਤੇ ਰੋਟੀਆਂ ਵੀ ਪਕਾਉ’ ਦੀ ਨੀਤੀ ’ਤੇ ਕੰਮ ਨਹੀਂ ਕਰਦੀਆਂ। ਹੱਕਾਂ ਪ੍ਰਤੀ ਜਾਗਰੂਕ ਹੋਣਾ ਚੰਗੀ ਗੱਲ ਹੈ ਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤਲਾਕ ਦੇ ਵਧਦੇ ਮਾਮਲਿਆਂ ਪਿੱਛੇ ਦੂਜਾ ਵੱਡਾ ਕਾਰਨ ਅੱਜਕਲ ਦੀਆਂ ਵਿਆਹੁਤਾ ਮੁਟਿਆਰਾਂ ਨੂੰ ਪੇਕਿਆਂ ਦੀ ਬੇਲੋੜੀ ਸ਼ਹਿ ਵੀ ਹੈ।
ਕਿਹਾ ਜਾਂਦਾ ਹੈ ਕਿ ਪੁਰਾਣੇ ਸਮਿਆਂ ’ਚ ਇਕ ਵਿਆਹੁਤਾ ਨਾਰੀ ਕੋਲ ਅਪਣੇ ਸਹੁਰੇ ਘਰ ’ਚ ਹੋਈ ਕਿਸੇ ਵਧੀਕੀ ਜਾਂ ਬਹਿਸਬਾਜ਼ੀ ਬਾਰੇ ਅਪਣੇ ਪੇਕਿਆਂ ਤਕ ਖ਼ਬਰ ਪਹੁੰਚਾਉਣ ਲਈ ਚਿੱਠੀ ਹੀ ਇਕਮਾਤਰ ਸਾਧਨ ਹੁੰਦਾ ਸੀ ਜੋ ਕਿ ਕੱੁਝ ਦਿਨਾਂ ਦੇ ਵਕਫ਼ੇ ਪਿੱਛੋਂ ਸਬੰਧਤ ਪ੍ਰਵਾਰ ਨੂੰ ਮਿਲਦੀ ਸੀ ਤੇ ਜਵਾਬ ਵਿਚ ਉਧਰੋਂ ਜਾਂ ਤਾਂ ਕੋਈ ਪ੍ਰਵਾਰਕ ਮੈਂਬਰ ਮਾਮਲਾ ਹੱਲ ਕਰਨ ਆ ਜਾਂਦਾ ਸੀ ਜਾਂ ਫਿਰ ਚਿੱਠੀ ਦੇ ਜਵਾਬ ’ਚ ਚਿੱਠੀ ਆ ਜਾਂਦੀ ਸੀ। ਇਸ ਸਾਰੇ ਆਉਣ-ਜਾਣ ਵਿਚ ਕੱੁਝ ਦਿਨਾਂ ਦਾ ਵਕਤ ਲੱਗ ਜਾਂਦਾ ਸੀ ਤੇ ਤਦ ਤਕ ਉਸ ਮੁਟਿਆਰ ਨੂੰ ਦਰਪੇਸ਼ ਸਮੱਸਿਆ ਦਾ ਹੱਲ ਵੀ ਹੋ ਚੁੱਕਾ ਹੁੰਦਾ ਸੀ ਪਰ ਹੁਣ ਸਾਡੇ ਕੋਲ ਮੌਜੂਦ ਮੋਬਾਈਲ ਫ਼ੋਨ ‘ਪੁਆੜੇ ਦੀ ਜੜ’ ਬਣਦਾ ਜਾ ਰਿਹਾ ਹੈ।
ਸਵੇਰੇ ਉੱਠਣ ਤੋਂ ਲੈ ਕੇ ਰਾਤੀਂ ਸੌਣ ਤਕ ਵਿਆਹੁਤਾ ਮੁਟਿਆਰ ਘੱਟੋ-ਘੱਟ ਚਾਰ ਜਾਂ ਵੱਧ ਵਾਰ ਅਪਣੇ ਪੇਕੇ ਫ਼ੋਨ ਕਰਦੀ ਹੈ ਜਾਂ ਉਧਰੋਂ ਆਪ ਹੀ ਇਕ ਅੱਧ ਵਾਰ ਫ਼ੋਨ ਆ ਜਾਂਦੈ ਜਿਸ ਵਿਚ ਉਸ ਦਿਨ ਬਣਾਈ ਗਈ ਸਬਜ਼ੀ-ਭਾਜੀ ਤੋਂ ਲੈ ਕੇ ਘਰ ’ਚ ਵਾਪਰੀ ਹਰ ਛੋਟੀ-ਵੱਡੀ ਗੱਲ ਇਧਰੋਂ-ਉਧਰ ਤੇ ਉਧਰੋਂ-ਇਧਰ ਦੱਸੀ ਜਾਂਦੀ ਹੈ ਜਿਸ ਨਾਲ ਕਈ ਨਾ-ਦਸਣਯੋਗ ਭਾਵ ਪਰਦੇ ’ਚ ਰੱਖਣਯੋਗ ਗੱਲਾਂ ਵੀ ਨਿਕਲ ਜਾਂਦੀਆਂ ਹਨ।
ਯਾਦ ਰੱਖੋ ਜਿੱਥੇ ਚਾਰ ਭਾਂਡੇ ਹੁੰਦੇ ਹਨ ਉਹ ਖੜਕਦੇ ਜ਼ਰੂਰ ਹਨ ਭਾਵ ਜਿਥੇ ਚਾਰ ਜੀਅ ਵਸਦੇ ਹਨ, ਉੱਥੇ ਛੋਟੀਆਂ-ਮੋਟੀਆਂ ਗੱਲਾਂ-ਬਾਤਾਂ ਤੇ ਨੋਕ-ਝੋਕ ਜਾਂ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ ਪਰ ਪੇਕਿਆਂ ਨਾਲ ਰੋਜ਼ਾਨਾ ਗੱਲਬਾਤ ਕਰਨ ਕਰ ਕੇ ਸਹੁਰੇ ਘਰ ਦੀਆਂ ਬਹੁਤ ਸਾਰੀਆਂ ਨਿੱਕੀਆਂ ਤੇ ਨਜ਼ਰ-ਅੰਦਾਜ਼ ਕਰਨਯੋਗ ਗੱਲਾਂ ਵੀ ਪੇਕਿਆਂ ਤਕ ਪੁੱਜ ਜਾਂਦੀਆਂ ਹਨ। ਸਭ ਤੋਂ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਵਿਆਹੁਤਾ ਮੁਟਿਆਰ ਦੀ ਮਾਂ ਜਾਂ ਵੱਡੀ ਭੈਣ ਕਿਸੇ ਦੱਸੀ ਗਈ ਗੱਲ ਦੇ ਜਵਾਬ ’ਚ ਇਹ ਆਖ ਦਿੰਦੀ ਹੈ ‘‘ਤੂੰ ਡਰਿਆ ਨਾ ਕਰ.... ਠੋਕ ਕੇ ਜਵਾਬ ਦਿਆ ਕਰ... ਅਸੀਂ ਖੜੇ ਆਂ ਤੇਰੇ ਪਿੱਛੇ... ਤੂੰ ਅਪਣੇ ਆਪ ਨੂੰ ਇਕੱਲੀ ਨਾ ਸਮਝੀਂ।”
ਇਹ ਇਕ ਸੰਵਾਦ ਰੂਪੀ ਸ਼ਹਿ ਸਬੰਧਤ ਮੁਟਿਆਰ ਦਾ ਹੌਸਲਾ ਇਸ ਕਦਰ ਬੁਲੰਦ ਕਰ ਦਿੰਦੀ ਹੈ ਕਿ ਉਹ ਰਿਸ਼ਤਿਆਂ ਦੀ ਮਾਣ ਮਰਿਆਦਾ ਭੁੱਲ ਕੇ ਹਰ ਗੱਲ ਦਾ ਠੋਕਵਾਂ ਜਵਾਬ ਦੇਣ ਲੱਗ ਜਾਂਦੀ ਹੈ ਤੇ ਇਹ ਭੁੱਲ ਜਾਂਦੀ ਹੈ ਕਿ ਘਰ ਤੇ ਰਿਸ਼ਤੇ ਤਾਂ ਸਹਿਣਸ਼ੀਲਤਾ, ਪਿਆਰ, ਸਤਿਕਾਰ ਅਤੇ ਸਲੂਕ ਦੀਆਂ ਨੀਹਾਂ ’ਤੇ ਉਸਰਦੇ ਹਨ। ਤਕਰਾਰ, ਬਹਿਸ, ਇਲਜ਼ਾਮ-ਤਰਾਸ਼ੀ ਕਰਨ ਤੇ ਦੂਜਿਆਂ ਨੂੰ ਨੀਵਾਂ ਵਿਖਾ ਕੇ ਅਪਣੇ ਆਪ ਨੂੰ ਵੱਡਾ ਵਿਖਾਉਣ ਦਾ ਵਤੀਰਾ ਸਦਾ ਹੀ ਹਸਦੇ-ਵਸਦੇ ਘਰਾਂ ਨੂੰ ਬਰਬਾਦ ਕਰ ਦਿੰਦਾ ਹੈ।
ਦਲੀਲ, ਸੂਝ ਤੇ ਪਿਆਰ ਦੀ ਵਰਤੋਂ ਕਰ ਕੇ ਸਮਝਾਈ ਜਾਂ ਕਹੀ ਗੱਲ ਅਸਰ ਜ਼ਰੂਰ ਕਰਦੀ ਹੈ ਪਰ ਧੌਂਸ, ਹੈਂਕੜ, ਗੁੱਸੇ ਤੇ ਤੰਜ਼ ’ਚ ਕਹੀ ਗਈ ਗੱਲ ਦਿਲਾਂ ਤੇ ਰਿਸ਼ਤਿਆਂ ਨੂੰ ਜ਼ਖ਼ਮੀ ਹੀ ਕਰਦੀ ਹੈ ਤੇ ਫਿਰ ਇਹ ਜ਼ਖ਼ਮੀ ਹੋਏ ਰਿਸ਼ਤੇ ਹੌਲੀ-ਹੌਲੀ ਮਰਨ ਲੱਗ ਜਾਂਦੇ ਹਨ ਤੇ ਗੱਲ ਘਰਾਂ ’ਚ ਕੰਧਾਂ ਖੜੀਆਂ ਕਰਨ ਜਾਂ ਥਾਣਿਆਂ-ਕਚਹਿਰੀਆਂ ਜਾ ਕੇ ਤਲਾਕ ਲੈਣ ਤਕ ਪੁੱਜ ਜਾਂਦੀ ਹੈ।
ਜਿਨ੍ਹਾਂ ਮਾਪਿਆਂ ਨੇ ਅਪਣੀਆਂ ਧੀਆਂ ਸਹੁਰੇ ਘਰੀਂ ਵਸਾਉਣੀਆਂ ਹੁੰਦੀਆਂ ਹਨ, ਉਹ ਅਪਣੀ ਅਮੀਰੀ ਜਾਂ ਉੱਚੇ ਅਹੁਦਿਆਂ ਦੀ ਧੌਂਸ ਦੇਣਾ ਅਪਣੀ ਧੀ ਨੂੰ ਕਦੇ ਨਹੀਂ ਸਿਖਾਉਂਦੇ। ਪੜ੍ਹੇ-ਲਿਖੇ ਬੰਦੇ ਦਾ ਮਤਲਬ ਇਹ ਹੈ ਕਿ ਉਸ ਨੂੰ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਬੰਦਿਆਂ ਨਾਲੋਂ ਜ਼ਿਆਦਾ ਵਧੀਆ ਢੰਗ ਨਾਲ ਅਪਣੀ ਗੱਲ ਕਹਿਣੀ ਆਉਂਦੀ ਹੈ।
ਇਸ ਲਈ ਵਿਆਹੁਤਾ ਦੇ ਮਾਪਿਆਂ ਨੂੰ ਚਾਹੀਦੈ ਕਿ ਉਹ ਅਪਣੀ ਧੀ ਨੂੰ ਸਹੁਰੇ ਤੋਰਨ ਤੋਂ ਪਹਿਲਾਂ ਇਹ ਮੱਤ ਜ਼ਰੂਰ ਦੇਣ ਕਿ ‘‘ਧੀਏ ਹੁਣ ਤੇਰਾ ਸਹੁਰਾ ਘਰ ਹੀ ਤੇਰਾ ਅਸਲੀ ਤੇ ਅਪਣਾ ਘਰ ਹੈ। ਤੇਰੇ ਸੱਸ-ਸਹੁਰਾ ਹੀ ਹੁਣ ਤੇਰੇ ਮਾਪੇ ਹਨ। ਤੂੰ ਉੱਥੇ ਜਾ ਕੇ ਹਰ ਕਿਸੇ ਨਾਲ ਪਿਆਰ, ਸਤਿਕਾਰ ਤੇ ਅਪਣੱਤ ਨਾਲ ਪੇਸ਼ ਆਉਣਾ ਹੈ ਤੇ ਸਾਨੂੰ ਅਪਣੀ ਕੋਈ ਵੀ ਸਮੱਸਿਆ ਉਦੋਂ ਹੀ ਦਸਣੀ ਹੈ ਜਦੋਂ ਤੈਨੂੰ ਲੱਗੇ ਕਿ ਤੇਰੇ ਤੋਂ ਹੱਲ ਨਹੀਂ ਹੋ ਪਾਉਣੀ। ਸਹੁਰੇ ਘਰ ’ਚ ਤੈਨੂੰ ਨਵਾਂ ਮਾਹੌਲ ਤੇ ਨਵੇਂ ਪ੍ਰਵਾਰਕ ਜੀਅ ਮਿਲਣੇ ਹਨ ਤੇ ਤੂੰ ਕੇਵਲ ਅਪਣੇ ਸੁੱਖ ਦਾ ਨਹੀਂ ਸਗੋਂ ਸਭ ਦੇ ਸੁੱਖ ਦਾ ਖਿਆਲ ਰਖਣਾ ਹੈ।
ਤੂੰ ਉਨ੍ਹਾਂ ਦੇ ਘਰ ਦੀ ਮਰਿਆਦਾ ਅਨੁਸਾਰ ਅਪਣੀਆਂ ਆਦਤਾਂ ਤੇ ਤੌਰ ਤਰੀਕੇ ਬਦਲਣੇ ਹਨ ਤੇ ਉਨ੍ਹਾਂ ਦੀ ਸੇਵਾ ਤੇ ਖ਼ੁਸ਼ੀ ਲਈ ਅਪਣੀ ਪੂਰੀ ਵਾਹ ਲਾਉਣੀ ਹੈ ਤੇ ਘਰ ’ਚ ਹੋਈ ਛੋਟੀ-ਮੋਟੀ ਗੱਲ ਨੂੰ ਨਜ਼ਰ-ਅੰਦਾਜ਼ ਕਰਨਾ ਹੈ ਤੇ ਹਰ ਗੱਲ ਸਾਡੇ ਤਕ ਨਹੀਂ ਪਹੁੰਚਾਉਣੀ। ਹੁਣ ਤੇਰੀ ਪੜ੍ਹਾਈ-ਲਿਖਾਈ ਦੀ ਅਸਲ ਪ੍ਰੀਖਿਆ ਉਸ ਘਰ ’ਚ ਹੋਣੀ ਹੈ ਤੇ ਉਸ ਪ੍ਰੀਖਿਆ ’ਚ ਆਪੇ ਪਾਸ ਹੋਣ ਲਈ ਤੂੰ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਹੈ।”
ਜੇਕਰ ਵਿਆਹੁਤਾ ਮੁਟਿਆਰ ਦੇ ਮਾਪੇ ਉਸ ਨੂੰ ‘ਸ਼ਹਿ’ ਦੇਣ ਦੀ ਥਾਂ ਇਸ ਤਰ੍ਹਾਂ ਦੀ ‘ਸੂਝ’ ਦੇਣਗੇ ਤਾਂ ਕੋਈ ਸ਼ੱਕ ਨਹੀਂ ਕਿ ਉਸ ਕਾਬਲ ਧੀ ਦੇ ਘਰ ਦੇ ਮੱਥੇ ’ਤੇ ਖ਼ੁਸ਼ੀਆਂ ਤੇ ਸੁੱਖਾਂ ਦੀ ਇਬਾਰਤ ਸਾਫ਼-ਸਾਫ਼ ਲਿਖੀ ਜਾਵੇਗੀ ਤੇ ਵਿਆਹੁਤਾ ਦੇ ਮਾਪੇ ਅਪਣੀ ਧੀ ਦੀ ਸਿਫ਼ਤ ਸੁਣ ਕੇ ਮਾਣ ਨਾਲ ਸੀਨਾ ਚੌੜਾ ਕਰ ਕੇ ਉਸ ਦੇ ਸਹੁਰੇ ਘਰ ਆਉਣਗੇ। ਇਹ ਫ਼ੈਸਲਾ ਹੁਣ ਮਾਪਿਆਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਅਪਣੀ ਧੀ ਨੂੰ ਸੂਝ ਦੇਣੀ ਹੈ ਜਾਂ ਸ਼ਹਿ।