Diwali Special Article : ਆਉ ਇਸ ਦੀਵਾਲੀ ਇਨ੍ਹਾਂ ਦੇ ਘਰ ਵੀ ਰੁਸ਼ਨਾਈਏ!
Diwali Special Article : ਤਿਉਹਾਰ ਖ਼ੁਸ਼ੀ ਤੇ ਸਾਂਝ ਦਾ ਪ੍ਰਤੀਕ ਹੁੰਦੇ ਹਨ। ਭਾਰਤ ’ਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ : ਦੀਵਾਲੀ, ਦੁਸ਼ਹਿਰਾ, ਹੋਲੀ, ਲੋਹੜੀ, ਕ੍ਰਿਸਮਸ, ਵਿਸਾਖੀ ਆਦਿ। ਇਨ੍ਹਾਂ ਸਾਰੇ ਹੀ ਤਿਉਹਾਰਾਂ ’ਚੋਂ ਦੀਵਾਲੀ ਦਾ ਤਿਉਹਾਰ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਹਰ ਇਕ ਤਿਉਹਾਰ ਮਨਾਉਣ ਦੀ ਅਪਣੀ ਹੀ ਮਹੱਤਤਾ ਹੈ। ਦੀਵਾਲੀ ਦੀਆਂ ਤਿਆਰੀਆਂ ਬਹੁਤ ਹੀ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਅਪਣੇ ਘਰਾਂ ਨੂੰ ਰੰਗ ਰੋਗਨ ਕਰਦੇ ਹਨ, ਸਜਾਉਂਦੇ ਹਨ। ਇਹ ਤਿਉਹਾਰ ਰੌਸ਼ਨੀ ਦਾ ਪ੍ਰਤੀਕ ਹੈ। ਅਕਸਰ ਅਸੀਂ ਸਾਰੇ ਦੀਵਾਲੀ ਜਾਂ ਫਿਰ ਤਿਉਹਾਰਾਂ ਦੇ ਦਿਨਾਂ ’ਚ ਖ਼ਰੀਦਦਾਰੀ ਕਰਦੇ ਹਾਂ। ਸਾਡੇ ਦੇਸ਼ ’ਚ ਸਾਰੇ ਹੀ ਅਮੀਰ ਨਹੀਂ ਹਨ।
ਕੁਝ ਲੋਕ ਅਜਿਹੇ ਵੀ ਹਨ ਜੋ ਰੋਜ਼ ਦੀ ਰੋਜ਼ ਕਮਾਉਂਦੇ ਹਨ ਤੇ ਅਪਣਾ ਗੁਜ਼ਾਰਾ ਕਰਦੇ ਹਨ। ਉਹ ਲੋਕ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿਚ ਅਪਣੇ ਹੱਥੀਂ ਚੀਜ਼ਾਂ ਬਣਾ ਕੇ ਵੇਚਦੇ ਹਨ। ਤੁਸੀ ਦੇਖਿਆ ਹੋਣਾ ਹੈ ਕਿ ਇਹ ਲੋਕ ਸੜਕ ਦੇ ਕਿਨਾਰੇ ਅਪਣਾ ਸਾਮਾਨ ਰੱਖ ਲੈਂਦੇ ਹਨ ਤੇ ਉਨ੍ਹਾਂ ਦੀ ਵਿਕਰੀ ਕਰਦੇ ਹਨ। ਕਿਸੇ ਨੇ ਦੀਵੇ ਬਣਾਏ ਹੁੰਦੇ ਹਨ ਤੇ ਕਿਸੇ ਨੇ ਫੁੱਲ ਗੁਲਦਸਤੇ ਬਣਾਏ ਹੁੰਦੇ ਹਨ, ਕਿਸੇ ਨੇ ਰੰਗ ਬਿਰੰਗੀਆਂ ਲੜੀਆਂ ਰਖੀਆਂ ਹੁੰਦੀਆਂ ਹਨ, ਕਿਸੇ ਨੇ ਤਸਵੀਰਾਂ ਰੱਖੀਆਂ ਹੁੰਦੀਆਂ ਹਨ, ਕਿਸੇ ਨੇ ਮੋਮਬੱਤੀਆਂ, ਕਿਸੇ ਨੇ ਛੋਟੇ ਛੋਟੇ ਗਿਫ਼ਟ ਬਣਾਏ ਹੁੰਦੇ ਹਨ ਅਤੇ ਕਈ ਪੂਜਾ ਦਾ ਸਮਾਨ ਵੇਚ ਰਹੇ ਹੁੰਦੇ ਹਨ।
ਅਸੀਂ ਜਦੋਂ ਬਾਜ਼ਾਰ ’ਚ ਜਾਂਦੇ ਹਾਂ ਤਾਂ ਇਨ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਛੱਡ ਕੇ, ਅਸੀ ਵੱਡੀਆਂ ਸ਼ੀਸ਼ਿਆਂ ਵਾਲੀਆਂ ਦੁਕਾਨਾਂ, ਸ਼ੌਪਿੰਗ ਮਾਲ ’ਚ ਵੜ ਜਾਂਦੇ ਹਾਂ ਤੇ ਉਨ੍ਹਾਂ ਤੋਂ ਸਮਾਨ ਖ਼ਰੀਦਦੇ ਹਾਂ। ਪਰ ਸਾਨੂੰ ਇਨ੍ਹਾਂ ਜ਼ਰੂਰਤਮੰਦ ਲੋਕਾਂ ਤੋਂ ਸਮਾਨ ਖ਼ਰੀਦਣਾ ਚਾਹੀਦਾ ਹੈ ਜਿਹੜੇ ਅਪਣੀ ਦੋ ਵਕਤ ਦੀ ਰੋਟੀ ਲਈ ਸੜਕਾਂ ਕਿਨਾਰੇ ਬੈਠੇ ਹੁੰਦੇ ਹਨ। ਇਹ ਲੋਕ ਮੁਨਾਫ਼ਾ ਨਹੀਂ ਕਮਾਉਂਦੇ ਸਗੋਂ ਇਨ੍ਹਾਂ ਨੇ ਅਪਣਾ ਘਰ ਚਲਾਉਣਾ ਹੁੰਦਾ ਹੈ। ਜਦੋਂ ਅਸੀਂ ਇਨ੍ਹਾਂ ਤੋਂ ਖ਼ਰੀਦਦਾਰੀ ਕਰਾਂਗੇ ਤਾਂ ਇਨ੍ਹਾਂ ਦੇ ਘਰ ਵੀ ਰੌਸ਼ਨ ਹੋ ਜਾਣਗੇ। ਇਸ ਨਾਲ਼ ਇਨਾਂ ਦੇ ਘਰ ਵੀ ਖ਼ੁਸ਼ੀਆਂ ਆਉਣਗੀਆਂ। ਜਿੱਥੇ ਅਸੀਂ ਅਪਣੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦਿੰਦੇ ਹਾਂ ਤਾਂ ਜੇਕਰ ਅਸੀਂ ਇਕ ਇਕ ਤੋਹਫ਼ਾ ਇਨ੍ਹਾਂ ਲੋਕਾਂ ਨੂੰ ਦਈਏ ਤਾਂ ਇਹ ਲੋਕ ਵੀ ਖ਼ੁਸ਼ ਹੋਣਗੇ ਤੇ ਸਾਨੂੰ ਅਸੀਸਾਂ ਦੇਣਗੇ।
- ਗੁਰਿੰਦਰ ਰਾਜਪੁਰਾ
ਮੋਬਾਈਲ : 97815-08968
(For more news apart from Let's light up their homes this Diwali! News in Punjabi, stay tuned to Rozana Spokesman)