
ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ, 30 ਅਪ੍ਰੈਲ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਕਮ ਦੇ ਗੁਰਦੁਆਰਾ ਗੁਰੂਦੋਂਗ ਵਿਚ ਸਿੱਖਾਂ ਦੇ ਦਾਖ਼ਲੇ 'ਤੇ ਅਣਅਧਿਕਾਰਤ ਪਾਬੰਦੀ ਲਗਾਉਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਸਿੱਖਾਂ ਨੇ ਦੋਸ਼ ਲਗਾਇਆ ਹੈ ਕਿ ਗੁਰਦੁਆਰਾ ਸਾਹਿਬ 'ਤੇ ਕੰਟਰੋਲ ਕਰ ਕੇ ਉਸ ਦੇ ਨੇੜੇ ਬੋਧੀ ਮੱਠ ਦਾ ਨਿਰਮਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿਲੀਗੁੜੀ ਵਿਚ ਐਸਜੀਪੀਸੀ ਅਧੀਨ ਗੁਰਦੁਆਰਾ ਸਿੰਘ ਸਭਾ ਨੇ ਅਗੱਸਤ 2017 ਵਿਚ ਸਿੱਕਮ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਸੀ। ਕੁੱਝ ਸਥਾਨਕ ਨਿਵਾਸੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਗੁਰੂਦੋਂਗ ਤੋਂ ਗੁਰਦੁਆਰਾ ਚੁੰਗ ਥਾਂਗ ਵਿਚ ਤਬਦੀਲ ਕਰ ਦਿਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਰੂ ਨਾਨਕ ਦੇਵ ਦੀ ਯਾਤਰਾ ਨੂੰ ਦਰਸਾਉਂਦੇ ਹੋਏ ਬੋਰਡ ਵੀ ਬਦਲ ਦਿਤੇ ਗਏ ਸਨ ਅਤੇ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਇਕ ਨਵੀਂ ਦੁਕਾਨ ਖੋਲ੍ਹੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਇਹ ਵੀ ਦਾਅਵਾ ਕੀਤਾ ਕਿ ਅਰਜ਼ੀ ਨੂੰ ਸਵੀਕਾਰ ਕਰਨ ਤੋਂ ਬਾਅਦ ਸਿੱਕਮ ਹਾਈ ਕੋਰਟ ਨੇ ਇਸ ਮਾਮਲੇ ਵਿਚ ਸਥਿਤੀ ਦੇ ਜਾਇਜ਼ੇ ਦਾ ਆਦੇਸ਼ ਦਿਤਾ ਸੀ। ਇਸ ਨੇ ਦਾਅਵਾ ਕੀਤਾ ਕਿ ਸਿੱਖਾਂ 'ਤੇ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ ਜੋ ਆਮ ਤੌਰ 'ਤੇ ਹਰ ਸਾਲ ਅਪ੍ਰੈਲ ਅਖ਼ੀਰ ਤੋਂ ਜੁਲਾਈ ਤਕ ਖੁਲ੍ਹਾ ਰਹਿੰਦਾ ਸੀ।ਗੁਰਦੁਆਰਾ ਚੁੰਗ ਥਾਂਗ ਸਮੁੰਦਰ ਤਲ ਤੋਂ 5000 ਫ਼ੁੱਟ ਦੀ ਉਚਾਈ 'ਤੇ ਸਥਿਤ ਹੈ, ਜਦਕਿ ਗੁਰਦੁਆਰਾ ਗੁਰੂਦੋਗਾਰ ਸਮੁੰਦਰ ਤਲ ਤੋਂ 18 ਹਜ਼ਾਰ ਫ਼ੁੱਟ ਉਪਰ ਹੈ। ਦੋਹੇ ਗੁਰਦੁਆਰਿਆਂ ਵਿਚਕਾਰ 92 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਲਗਭਗ 6 ਘੰਟੇ ਲਗਦੇ ਹਨ।
Sikkim Gurudwara
ਗੁਰੂ ਗ੍ਰੰਥ ਸਾਹਿਬ ਨੂੰ ਅਗੱਸਤ 2017 ਵਿਚ ਗੁਰਦੁਆਰਾ ਚੁੰਗ ਥਾਂਗ ਵਿਚ ਤਬਦੀਲ ਕਰ ਦਿਤਾ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਗੌਤਮ ਬੁੱਧ ਦੀਆਂ ਮੂਰਤੀਆਂ ਅਤੇ ਕੁੱਝ ਹੋਰ ਤਸਵੀਰਾਂ ਸਥਾਪਤ ਕੀਤੀਆਂ ਗਈਆਂ ਸਨ। ਸਿੱਖਾਂ ਨੇ 1892 ਵਿਚ ਸਿੱਖ ਵਿਦਵਾਨ ਗਿਆਨ ਸਿੰਘ ਵਲੋਂ ਲਿਖੇ ਗਏ ਗੁਰੂ ਖ਼ਾਲਸਾ ਤਵਾਰੀਖ਼ ਸਮੇਤ ਕਈ ਪੁਸਤਕਾਂ ਦਾ ਹਵਾਲਾ ਵੀ ਦਿਤਾ, ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰੂਦੋਂਗ ਵਿਚ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਨੂੰ ਵੇਰਵਾ ਸਮਝਾਇਆ ਸੀ ਅਤੇ ਗੁਰੂ ਨਾਨਕ ਦੀ ਯਾਤਰਾ ਦਾ ਸਬੂਤ ਦਿਤਾ ਸੀ। ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ, ਜਿਸ ਵਿਚ ਇਸ ਦੇ ਕਾਰਜਕਾਰੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਅਤੇ ਕਰਨਲ ਦਲਵਿੰਦਰ ਸਿੰਘ ਗਰੇਵਾਲ (ਸੇਵਾਮੁਕਤ) ਸ਼ਾਮਲ ਹਨ, ਜਿਨ੍ਹਾਂ ਨੂੰ ਹਾਲ ਹੀ ਵਿਚ ਗੁਰੂਦੋਂਗ ਵਲ ਸੜਕਾਂ 'ਤੇ ਜਾਣ ਦੀ ਇਜਾਜ਼ਤ ਸੀ। ਭਾਰਤੀ ਫ਼ੌਜ ਵਿਚ ਅਪਣੇ 32 ਸਾਲਾਂ ਵਿਚ ਸਿੱਕਮ ਵਿਚ 10 ਸਾਲਾਂ ਤਕ ਸੇਵਾ ਕਰਨ ਵਾਲੇ ਕਰਨਲ ਗਰੇਵਾਲ ਨੇ ਕਿਹਾ ਕਿ ਸਿੱਕਮ ਵਿਚ ਪ੍ਰਸ਼ਾਸਨ ਦੇ ਨਾਲ ਸਥਾਨਕ ਲੋਕਾਂ ਦੁਆਰਾ ਸਿੱਖਾਂ ਦੇ ਦਾਖ਼ਲੇ 'ਤੇ ਇਕ ਅਵਿਵਹਾਰਕ ਪਾਬੰਦੀ ਲਗਾਈ ਗਈ ਸੀ ਪਰ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਕ ਸਮਾਨ ਦੀ ਬੇਅਦਬੀ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਸੀ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਸਵਾਲ ਉਠਾਇਆ ਹੈ ਕਿ ਕੀ ਭਾਰਤ ਵਿਚ ਘੁੰਮਣ ਲਈ ਵੀ ਹੁਣ ਸਿੱਖਾਂ ਨੂੰ ਵੀਜ਼ਾ ਲੈਣਾ ਪਵੇਗਾ। ਉਨ੍ਹਾਂ ਦਸਿਆ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਸਿੱਕਮ ਜਾਣ 'ਤੇ ਸਿੱਕਮ ਸਰਕਾਰ ਨੇ ਰੋਕ ਲਗਾ ਦਿਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਚਿੱਠੀ ਭੇਜੀ ਹੈ। (ਏਜੰਸੀ)