
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਰੀਪੋਰਟ 'ਤੇ ਆਧਾਰਤ ਸਮੂਹ ਗ੍ਰੰਥੀ ਸਿੰਘਾਂ, ਰਾਗੀਆਂ ਅਤੇ ਪਾਠੀਆਂ ਨੂੰ ਇਕ ਆਦੇਸ਼ ਜਾਰੀ ਕੀਤਾ ਹੈ ...
ਕੋਟਕਪੂਰਾ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਰੀਪੋਰਟ 'ਤੇ ਆਧਾਰਤ ਸਮੂਹ ਗ੍ਰੰਥੀ ਸਿੰਘਾਂ, ਰਾਗੀਆਂ ਅਤੇ ਪਾਠੀਆਂ ਨੂੰ ਇਕ ਆਦੇਸ਼ ਜਾਰੀ ਕੀਤਾ ਹੈ ਕਿ ਉਹ 'ਮਹਿਲਾ ਪਦ ਦੀ ਥਾਂ ਮਹੱਲਾ ਸ਼ਬਦ ਹੀ ਉਚਾਰਣ ਕਰਨ', ਜਦਕਿ ਸੱਚ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਹਲਾ, ਮਹਲੁ, ਮਹਲਿ ਅਤੇ ਭਾਈ ਗੁਰਦਾਸ ਰਚਨਾਵਲੀ 'ਚ ਮਹਲਾ ਤੇ ਮਹਿਲ ਪਦ ਤਾਂ ਹਨ ਪਰ 'ਮਹਿਲਾ' ਪਦ ਤਾਂ ਕਿਧਰੇ ਵੀ ਨਹੀਂ ਹੈ, ਜਿਸ ਨੂੰ 'ਮਹੱਲਾ' ਉਚਾਰਣ ਕੀਤਾ ਜਾਵੇ।
ਇਹ ਵਿਚਾਰ ਹਨ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾ ਸਪੋਕਸਮੈਨ ਨੂੰ ਭੇਜੇ ਪ੍ਰੈੱਸ ਨੋਟ ਰਾਹੀਂ ਕਹੇ। ਉਨ੍ਹਾਂ ਲਿਖਿਆ ਹੈ ਕਿ ਪਤ੍ਰਿਕਾ ਦੀ ਸ਼ਬਦਾਵਲੀ ਤੋਂ ਭਾਵੇਂ ਸਪੱਸ਼ਟ ਨਹੀਂ ਹੁੰਦਾ ਕਿ ਪ੍ਰਧਾਨ ਦਾ ਆਦੇਸ਼ ਗੁਰਬਾਣੀ ਨਾਲ ਸਬੰਧਤ ਹੈ ਪਰ ਜੇ ਹੈ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੇ ਉਚਾਰਣ ਕਿਸੇ ਪਦ ਪਦਵੀ ਜਾਂ ਡੰਡੇ ਦੇ ਜ਼ੋਰ ਨਾਲ ਨਹੀਂ ਬਦਲੇ ਜਾ ਸਕਦੇ ਕਿਉਂਕਿ ਇਹ ਵਿਦਵਤਾ ਤੇ ਵਿਚਾਰ ਦੇ ਮਸਲੇ ਹਨ।
ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਇਕ ਗ੍ਰੰਥੀ ਜਾਂ ਕਿਸੇ ਇਕ ਸੰਪਰਦਾਈ ਡੇਰੇ ਦੀ ਧੌਂਸ ਮੰਨਣ ਦੀ ਥਾਂ ਤੁਸੀਂ ਗੁਰਬਾਣੀ ਦੀ ਵਿਆਕਰਣਿਕ ਤੇ ਸਿਧਾਂਤਕ ਸੂਝ ਰੱਖਣ ਵਾਲੇ ਸਰਬਪੱਖੀ ਵਿਦਵਾਨਾ ਤੇ ਭਾਸ਼ਾ ਵਿਗਿਆਨੀਆਂ ਦੀਆਂ ਵਿਚਾਰ ਗੋਸ਼ਟੀਆਂ ਕਰਵਾ ਕੇ ਨਿਰਣੈ ਕਰੋ ਤਾਕਿ ਉਨ੍ਹਾਂ ਨੂੰ ਸਾਰੇ ਸਿੱਖ ਪ੍ਰਵਾਨ ਕਰਨ।