
ਉਕਤ ਮਾਮਲਿਆਂ ’ਚ ਫ਼ਰੀਦਕੋਟ ਦੀ ਅਦਾਲਤ ਵਿਚ ਟਰਾਇਲ ਚਲ ਰਿਹਾ ਸੀ
Beadbi Case ਕੋਟਕਪੂਰਾ (ਗੁਰਿੰਦਰ ਸਿੰਘ) : ਸਮੇਂ-ਸਮੇਂ ਵੱਖ-ਵੱਖ ਪਾਰਟੀਆਂ ਲਈ ਸਰਕਾਰਾਂ ਬਦਲਣ ਅਤੇ ਸਰਕਾਰਾਂ ਬਣਾਉਣ ’ਚ ਸਹਾਈ ਹੋਣ ਵਾਲੇ ਬੇਅਦਬੀ ਕਾਂਡ ਦਾ ਮਾਮਲਾ ਭਾਵੇਂ ਵਰਤਮਾਨ ਚੋਣਾਂ ਵਿਚ ਕਿਸੇ ਵੀ ਸਿਆਸੀ ਰੈਲੀ ਵਿਚ ਨਹੀਂ ਗੂੰਜਿਆ ਪਰ ਬੇਅਦਬੀ ਮਾਮਲਿਆਂ ਨਾਲ ਜੁੜੇ ਬਹਿਬਲ ਗੋਲੀਕਾਂਡ ਦਾ ਕੇਸ ਫ਼ਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰਨ ਨਾਲ ਜਿਥੇ ਰਾਜਨੀਤਕ ਅਤੇ ਪੰਥਕ ਹਲਕਿਆਂ ਵਿਚ ਹਲਚਲ ਹੋਈ ਹੈ, ਉਥੇ ਉਕਤ ਮਾਮਲਾ ਮੀਡੀਏ ਦੀਆਂ ਸੁਰਖੀਆਂ ਵੀ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਬੇਅਦਬੀ ਮਾਮਲਿਆਂ ਦੇ ਤਿੰਨ ਕੇਸ (ਪਾਵਨ ਸਰੁਪ ਚੋਰੀ, ਭੜਕਾਉ ਪੋਸਟਰ, ਬੇਅਦਬੀ ਕਾਂਡ) ਨੂੰ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਮੌਕੇ ਪੰਥਕ ਹਲਕਿਆਂ ਵਿਚ ਬਹੁਤ ਰੋਸ ਪਾਇਆ ਗਿਆ ਸੀ ਤੇ ਹੁਣ ਵੀ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ ਹਨ ਕਿ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨਾ ਵਲੋਂ ਸਮੇਂ-ਸਮੇਂ ਕੀਤੀ ਗਈ ਜਾਂਚ ਉਪਰੰਤ ਅਦਾਲਤ ਵਲੋਂ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਠਹਿਰਾਉਣ ਦੇ ਬਾਵਜੂਦ ਵੀ ਮੁਲਜ਼ਮਾਂ ਦੀਆਂ ਸ਼ਿਕਾਇਤਾਂ ’ਤੇ ਪਹਿਲਾਂ ਬੇਅਦਬੀ ਮਾਮਲਿਆਂ ਦੇ ਤਿੰਨ ਕੇਸ ਅਤੇ ਹੁਣ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਦੀ ਆਖ਼ਰ ਕੀ ਜ਼ਰੂਰਤ ਪੈ ਗਈ? ਉਕਤ ਮਾਮਲਿਆਂ ’ਚ ਫ਼ਰੀਦਕੋਟ ਦੀ ਅਦਾਲਤ ਵਿਚ ਟਰਾਇਲ ਚਲ ਰਿਹਾ ਸੀ ਅਤੇ ਉਕਤ ਮਾਮਲਿਆਂ ’ਚ ਨਾਮਜ਼ਦ ਮੋਗਾ ਦੇ ਸਾਬਕਾ ਐਸ.ਐਸ.ਪੀਸ਼ ਚਰਨਜੀਤ ਸ਼ਰਮਾ ਦੀ ਪਟੀਸ਼ਨ ਦੇ ਆਧਾਰ ’ਤੇ ਉਕਤ ਮਾਮਲੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰ ਦਿਤੇ ਗਏ।
ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੀ ਮਨਸਾ ’ਤੇ ਸਵਾਲ ਚੁਕਦਿਆਂ ਆਖਿਆ ਕਿ ਸਰਕਾਰ ਉਕਤ ਕੇਸ ਦੀ ਅਦਾਲਤ ਵਿਚ ਸਹੀ ਢੰਗ ਨਾਲ ਪੈਰਵਾਈ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਵਿਚ ਇਸ ਤਰ੍ਹਾਂ ਦੇ 6 ਕੇਸ ਲੱਗੇ ਸਨ ਪਰ ਉਨ੍ਹਾਂ ਨੇ ਇਸ ਮਾਮਲੇ ਵਿਚ ਡੱਟ ਕੇ ਪੈਰਵਾਈ ਕੀਤੀ ਤਾਂ ਅਦਾਲਤ ਵਲੋਂ ਮੁਲਜ਼ਮਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿਤਾ ਗਿਆ ਸੀ। ਇਕ ਨਿਜੀ ਟੀ.ਵੀ. ਨਾਲ ਗੱਲਬਾਤ ਦੌਰਾਨ ‘ਆਪ’ ਵਿਧਾਇਕ ਅਤੇ ਉਕਤ ਮਾਮਲਿਆਂ ਦੀ ਪੜਤਾਲ ਦੌਰਾਨ ਐਸ.ਆਈ.ਟੀ. ਦੇ ਪ੍ਰਮੁੱਖ ਮੈਂਬਰ ਰਹੇ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਦਿਆਨਤਦਾਰੀ ਨਹੀਂ ਦਿਖਾਈ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਦਾ ਰਵਈਆ ਦੋਸ਼ੀਆਂ ਪ੍ਰਤੀ ਨਰਮੀ ਵਾਲਾ ਹੋਵੇ।
ਉਨ੍ਹਾਂ ਕਿਹਾ ਕਿ ਫ਼ਰੀਦਕੋਟ ਤੋਂ ਉਕਤ ਮਾਮਲਾ ਚੰਡੀਗੜ੍ਹ ਤਬਦੀਲ ਹੋਣ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ ਕਿਉਂਕਿ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੀਤੀ ਗਈ ਜਾਂਚ ਨੂੰ ਅਦਾਲਤ ਨੇ ਸਹੀ ਕਰਾਰ ਦਿਤਾ ਸੀ। ਉਨ੍ਹਾਂ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮਾ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਚੁੱਕੀ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਬਾਦਲ ਸਰਕਾਰ ਦੀ ਪੁਲਿਸ ਨੇ ਬਹਿਬਲ ਵਿਖੇ ਪਹਿਲਾਂ ਸੰਗਤ ਵਲੋਂ ਗੋਲੀ ਚਲੀ ਹੋਣ ਦਾ ਦਾਅਵਾ ਕੀਤਾ ਸੀ ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਕਿ ਸੰਗਤ ਵਲੋਂ ਕੋਈ ਹਮਲਾ ਨਹੀਂ ਹੋਇਆ, ਸਗੋਂ ਪੁਲਿਸ ਦੀ ਜਿਪਸੀ ’ਤੇ ਪੁਲਿਸ ਅਧਿਕਾਰੀਆਂ ਨੇ ਖ਼ੁਦ ਗੋਲੀਆਂ ਮਾਰ ਕੇ ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਿਸ ਦੇ ਕਹਿਣ ’ਤੇ ਜਿਸ ਦੀ ਰਫਲ ਜਿਸ ਦੇ ਸਾਹਮਣੇ ਅਤੇ ਜਿਸ ਦੇ ਘਰ ਪੁਲਿਸ ਦੀ ਜਿਪਸੀ ’ਤੇ ਗੋਲੀਆਂ ਚਲਾਈਆਂ ਗਈਆਂ, ਉਨ੍ਹਾਂ ਸਾਰਿਆਂ ਦੇ ਬਕਾਇਦਾ ਅਦਾਲਤ ਵਿਚ ਬਿਆਨ ਦਰਜ ਹੋਏ ਹਨ, ਜਿਨ੍ਹਾਂ ਵਿਚ ਉਨ੍ਹਾਂ ਖ਼ੁਦ ਸਾਰੀ ਗੱਲ ਕਬੂਲ ਕੀਤੀ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਸਾਰਾ ਕੁੱਝ ਅਦਾਲਤ ਦੇ ਸਾਹਮਣੇ ਸਪੱਸ਼ਟ ਹੈ ਤਾਂ ਇਕ ਮੁਲਜ਼ਮ ਦੀ ਅਰਜ਼ੀ ਦੇ ਆਧਾਰ ’ਤੇ ਕੇਸ ਨੂੰ ਚੰਡੀਗੜ੍ਹ ਅਦਾਲਤ ਵਿਚ ਤਬਦੀਲ ਕਰਨ ਵਾਲੀ ਗੱਲ ਸਮਝ ਤੋਂ ਬਾਹਰ ਹੈ।