
ਕਾਲੀਆਂ ਸੂਚੀਆਂ ਤੁਰਤ ਰੱਦ ਕਰ ਕੇ ਸਿੱਖਾਂ ਨੂੰ ਅਪਣੇ ਪ੍ਰਵਾਰਾਂ ਵਿਚ ਜੀਵਨ ਗੁਜ਼ਾਰਨ ਦਾ ਅਧਿਕਾਰ ਵਾਪਸ ਦਿਤਾ ਜਾਵੇ : ਜਥੇਦਾਰ ਕਰਤਾਰਪੁਰ
Operation Blue Star 40th Anniversary ਬਲਵੇੜਾ/ਡਕਾਲਾ (ਗੁਰਸੇਵਕ ਸਿੰਘ ਕਰਹਾਲੀ ਸਾਹਿਬ) : ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਜੂਨ 1984 ਨੂੰ ਦੇਸ਼ ਦੀ ਤਤਕਾਲੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਉਪਰ ਕੀਤੇ ਫ਼ੌਜੀ ਹਮਲੇ ਦੌਰਾਨ ਸੁੱਟੇ ਗਏ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਅੱਲੇ੍ਹ ਹੋਏ ਜ਼ਖ਼ਮ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਜਿਉਂ ਦੇ ਤਿਉਂ ਸਿੱਖਾਂ ਦੇ ਵਲੂੰਦਰੇ ਹੋਏ ਹਿਰਦਿਆਂ ਉਪਰ ਸੂਲਾਂ ਵਾਂਗ ਚੋਭਦੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਿੱਖ ਕੌਂਸਲ ਦੇ ਸੂਬਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਸੰਨ ’47 ਤੋਂ ਲੈ ਕੇ ਸਿੱਖਾਂ ਨਾਲ ਹੁੰਦੇ ਆ ਰਹੇ ਧੱਕੇ, ਜਬਰ ਦੀ ਦਾਸਤਾਨ ਜੂਨ ਮਹੀਨਾ ਸ਼ੁਰੂ ਹੁਦਿਆ ਹੀ ਸਿੱਖਾਂ ਦੇ ਕਲੇਜੇ ਦੀ ਚੀਸ ਨਸੂਰ ਬਣ ਕੇ ਜ਼ਖ਼ਮਾਂ ਨੂੰ ਹਰਾ ਕਰ ਦੇਂਦੀ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਸੂਬੇ ਦੀ ਵਿਧਾਨ ਸਭਾ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤਕ ਸਮੇਂ-ਸਮੇਂ ’ਤੇ ਇਹ ਗਹਿਰੇ ਮਸਲੇ ਅਪਣੇ ਆਪ ਵੱਖੋ ਵੱਖਰੇ ਰੂਪ ’ਚ ਉਭਰ ਕੇ ਸਾਹਮਣੇ ਆਉਂਦੇ ਰਹੇ ਹਨ, ਪਰੰਤੂ ਦੇਸ਼ ਦੀ ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਅੰਦਰ ਬਣੇ ਸੰਵਿਧਾਨ ਦੇ ਰਾਖੇ ਕਹਾਉਣ ਵਾਲੇ ਰਾਜਨੀਤਿਕ ਦਲਾਂ ਦੀ ਲੀਡਰੀ ਚਮਕਾਉਣ ਵਾਲੇ ਪਹਿਰੇਦਾਰ ਵੀ ਸਿੱਖਾਂ ਨਾਲ ਹੋਏ ਧੱਕੇ ਦਾ ਇਨਸਾਫ਼ ਦਿਵਾਉਣ ਵਿਚ ਹਰ ਮੋੜ ’ਤੇ ਫੇਲ ਹੁੰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਨ 1978 ਤੋਂ ਬਾਅਦ ਪੰਜਾਬ ਅੰਦਰ ਲਗਾਤਾਰ ਸਿੱਖਾਂ ਦੇ ਖ਼ੂਨ ਦੀਆਂ ਨਦੀਆਂ ਵਹਾਈਆਂ ਗਈਆਂ ਅਤੇ ਇਕ ਲੱਖ ਤੋਂ ਵੱਧ ਸਿੱਖਾਂ ਨੂੰ ਕਾਲੀਆਂ ਸੂਚੀਆਂ ਵਿਚ ਪਾ ਕੇ ਸਰਕਾਰਾਂ ਨੇ ਦੇਸ਼ ਧਰੋਹੀ ਖ਼ਿਤਾਬ ਦੇ ਕੇ ਅਪਣੇ ਹੀ ਦੇਸ਼ ਵਿਚੋਂ ਕੱਢ ਦਿਤੇ ਗਏ। ਉਨ੍ਹਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਾਲੀਆਂ ਸੂਚੀਆਂ ਨੂੰ ਤੁਰਤ ਰੱਦ ਕਰ ਕੇ ਵਿਦੇਸ਼ਾਂ ਵਿਚ ਰਹਿ ਰਹੇ ਪਰਦੇਸੀ ਸਿੱਖਾਂ ਨੂੰ ਭਾਰਤ ਵਿਚ ਅਪਣੇ ਪ੍ਰਵਾਰਾਂ ਨਾਲ ਮਿਲਣ ਦਾ ਹੱਕ ਦਿਵਾ ਕੇ ਉਨ੍ਹਾਂ ਨੂੰ ਅਪਣੀ ਜ਼ਿੰਦਗੀ ਅਪਣੇ ਪ੍ਰਵਾਰਾਂ ਨਾਲ ਗੁਜ਼ਾਰਨ ਦਾ ਅਧਿਕਾਰ ਦਿਤਾ ਜਾਵੇ।