
ਕਤਲ ਦੇ ਇਕ ਕੇਸ ਵਿਚ ਪੰਜਾਬ ਦੀ ਜੇਲ ਵਿਚ ਬੰਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿਚ ਬਰਤਾਨਵੀ ਸੰਸਦ ਦੇ ਲਗਭਗ 70 ਭਾਰਤੀ ਸੰਸਦ ਮੈਂਬਰਾਂ........
ਲੰਦਨ : ਕਤਲ ਦੇ ਇਕ ਕੇਸ ਵਿਚ ਪੰਜਾਬ ਦੀ ਜੇਲ ਵਿਚ ਬੰਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿਚ ਬਰਤਾਨਵੀ ਸੰਸਦ ਦੇ ਲਗਭਗ 70 ਭਾਰਤੀ ਸੰਸਦ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇ ਕੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ। ਸਟਾਕਲੈਂਡ ਦੇ ਡਮਬਾਰਟਨ ਇਲਾਕੇ ਵਿਚ ਰਹਿਣ ਵਾਲਾ ਜੌਹਲ ਪਿਛਲੇ ਸਾਲ ਨਵੰਬਰ ਮਹੀਨੇ 'ਚ ਵਿਆਹ ਵਿਚ ਸ਼ਾਮਲ ਹੋਣ ਲਈ ਜਲੰਧਰ ਗਿਆ ਸੀ। ਉਸ ਸਮੇਂ ਸਾਦੀ ਵਰਦੀ ਵਿਚ ਆਈ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਜੋਹਲ ਉਨ੍ਹਾਂ ਚਾਰ ਸ਼ੱਕੀ ਵਿਅਕਤੀਆਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਸੂਬੇ ਵਿਚ ਇਕ ਹਿੰਦੂ ਨੇਤਾ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਲੰਦਨ ਵਿਚ ਰਹਿੰਦੇ ਸਿੱਖਾਂ ਨੇ ਜਗਤਾਰ ਸਿੰਘ ਦੀ ਰਿਹਾਈ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਅਤੇ ਇਹ ਮਾਮਲਾ ਹਾਊਸ ਆਫ਼ ਕਾਮਨਜ਼ ਵਿਚ ਵੀ ਉਠਾਇਆ ਗਿਆ ਹੈ। ਸਿੱਖਾਂ ਲਈ ਕੰਮ ਕਰਨ ਵਾਲੇ ਸਰਬ ਪਾਰਟੀ ਸੰਸਦੀ ਸਮੂਹ (ਏਪੀਪੀਜੀ) ਨੇ ਇਕ ਚਿੱਠੀ 'ਤੇ 70 ਸੰਸਦ ਮੈਂਬਰਾ ਦੇ ਹਸਤਾਖ਼ਰ ਕਰਵਾ ਕੇ ਮੰਗ ਕੀਤੀ ਹੈ ਕਿ ਇੰਗਲੈਂਡ ਦੇ ਵਿਸ਼ੇਸ਼ ਸਕੱਤਰ ਬੋਰਿਸ ਜਾਨਸਨ ਭਾਰਤ ਵਿਚ ਜੋਹਲ ਦੀ ਰਿਹਾਸਤ ਬਾਰੇ ਸੰਸਦੀ ਬਿਆਨ ਜਾਰੀ ਕਰਨ।
Prime Minister Theresa May
ਦੋ ਜੁਲਾਈ ਨੂੰ ਲਿਖੀ ਚਿੱਠੀ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਅਤੇ ਏਪੀਪੀਜੀ ਦੇ ਪ੍ਰਧਾਨ ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਜੋਹਲ ਨੇ ਦੋਸ਼ ਲਗਾਏ ਹਨ ਕਿ ਭਾਰਤੀ ਸੁਰੱਖਿਆ ਬਲਾਂ ਵਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਜੋਹਲ ਨੂੰ ਰੋਜ਼ਾਨਾ ਤਸੀਹੇ ਦਿਤੇ ਜਾ ਰਹੇ ਹਨ। ਉਸ ਨੂੰ ਬਿਜਲੀ ਦੇ ਝਟਕੇ ਲਗਾਤਾਰ ਦਿਤੇ ਜਾ ਰਹੇ ਹਨ। ਜਗਤਾਰ ਜੋਹਲ ਨੂੰ ਡਰ ਹੈ ਕਿ ਉਸ ਨੂੰ ਕਿਸੇ ਅਣਦਸੀ ਥਾਂ 'ਤੇ ਲਿਜਾ ਕੇ ਗੋਲੀ ਮਾਰੀ ਜਾ ਸਕਦੀ ਹੈ।
ਜੋਹਲ ਦੇ ਕਮਰੇ ਵਿਚੋਂ ਪਟਰੌਲ ਵੀ ਮਿਲਿਆ ਹੈ ਜਿਸ ਕਾਰਨ ਉਸ ਨੂੰ ਅੱਗ ਲਗਾਏ ਜਾਣ ਦਾ ਵੀ ਡਰ ਹੈ। ਇਸ ਚਿੱਠੀ 'ਤੇ ਲੇਬਰ ਪਾਰਟੀ ਦੇ ਐਮਪੀ ਤਨਮਨਜੀਤ ਸਿੰਘ ਢੇਸੀ, ਏਪੀਪੀਜੀ ਦੇ ਮੀਤ ਪ੍ਰਧਾਨ ਅਤੇ ਲੇਬਰ ਪਾਟੀ ਦੇ ਸੰਸਦ ਮੈਂਬਰ ਸੀਮਾ ਮਲਹੋਤਰਾ, ਵਰਿੰਦਰ ਸ਼ਰਮਾ ਅਤੇ ਕੇਥ ਵਾਜ਼ ਨੇ ਹਸਤਾਖ਼ਰ ਕੀਤੇ ਹਨ। (ਪੀ.ਟੀ.ਆਈ.)