
ਪੰਜਾਬ ਰੈਫ਼ਰੈਂਡਮ ਸਬੰਧੀ ਪੰਥਕ ਜਥੇਬੰਦੀਆਂ ਵਲੋਂ ਸਵਾਲ ਪੁਛਣ ਨੂੰ ਲੈ ਕੇ ਜੋ ਲੋਕ ਸ਼ੋਸ਼ਲ ਮੀਡੀਆ ਤੇ ਸਿੱਖਜ਼ ਫ਼ਾਰ ਜਸਟਿਸ ਅਤੇ ਪੰਥਕ ਜਥੇਬੰਦੀਆਂ............
ਲੰਡਨ : ਪੰਜਾਬ ਰੈਫ਼ਰੈਂਡਮ ਸਬੰਧੀ ਪੰਥਕ ਜਥੇਬੰਦੀਆਂ ਵਲੋਂ ਸਵਾਲ ਪੁਛਣ ਨੂੰ ਲੈ ਕੇ ਜੋ ਲੋਕ ਸ਼ੋਸ਼ਲ ਮੀਡੀਆ ਤੇ ਸਿੱਖਜ਼ ਫ਼ਾਰ ਜਸਟਿਸ ਅਤੇ ਪੰਥਕ ਜਥੇਬੰਦੀਆਂ ਦੀ ਆਪਸੀ ਪੰਥਕ ਸਾਂਝ ਤੇ ਪਿਆਰ ਵਿਚ ਤਰੇੜਾਂ ਪਾਉਣ ਦੀਆਂ ਕੋਸ਼ਿਸ਼ ਕਰ ਰਹੇ ਹਨ, ਉਹ ਲੋਕ ਅਪਣੀਆਂ ਹਰਕਤਾਂ ਤੋਂ ਬਾਜ਼ ਆਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਨੇ ਨੌਜਵਾਨਾਂ ਨੂੰ ਲੰਡਨ ਐਲਾਨਨਾਮੇ” ਵਿਚ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਹੇ। ਭਾਈ ਨਿੱਝਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਥਕ ਜਥੇਬੰਦੀਆਂ ਦੇ ਇਕ ਦੂਜੇ ਤੋਂ ਵਖਰੇ ਵਿਚਾਰ ਨਾ ਤਾਂ ਪਹਿਲੀ ਵਾਰ ਹੋਏ ਹਨ ਤੇ ਨਾ ਹੀ ਆਖ਼ਰੀ ਵਾਰ ਹੋਣੇ ਹਨ।
ਉਨ੍ਹਾਂ ਕਿਹਾ ਕਿ ਜੋ ਲੋਕ ਸਾਡੇ ਅੱਤ ਸਤਿਕਾਰਯੋਗ ਕੁਰਬਾਨੀ ਵਾਲੇ ਸਿੰਘਾਂ ਵਿਰੁਧ ਸ਼ੋਸ਼ਲ ਮੀਡੀਏ ਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਲਿਖ ਰਹੇ ਹਨ ਜਾਂ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਕੁਰਬਾਨੀ ਦਾ ਪਤਾ ਨਹੀਂ ਹੈ ਜਾਂ ਜਾਣ-ਬੁਝ ਕੇ ਕੌਮ ਵਿਚ ਦੁਬਿਧਾਵਾਂ ਪਾ ਰਹੇ ਹਨ ਅਜਿਹੇ ਲੋਕਾਂ ਦੀਆਂ ਇਨ੍ਹਾਂ ਘਟੀਆਂ ਚਾਲਾਂ ਨੂੰ ਕਦੇ ਵੀ ਸਿੱਖ ਕੌਮ ਕਾਮਯਾਬ ਨਹੀਂ ਹੋਣ ਦੇਵੇਗੀ। ਭਾਈ ਨਿੱਝਰ ਨੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰਖਦਿਆਂ ਸਰਕਾਰੀ ਏਜੰਸੀਆਂ ਦੀਆਂ ਚਾਲਾਂ ਨੂੰ ਨਕਾਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ।