ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਪੀੜਤ ਸਿੱਖ ਦੇ ਹੱਕ ਵਿਚ ਨਾ ਖੜਨਾ, ਸ਼ਰਮ ਦੀ ਗੱਲ : ਬਿੰਦਰਾ
ਨਵੀਂ ਦਿੱਲੀ: ਕਾਨਪੁਰ ਵਿਖੇ ਸਿੱਖ ਨੌਜਵਾਨ ਅਮੋਲਦੀਪ ਸਿੰਘ ’ਤੇ ਭਾਜਪਾ ਕੌਂਸਲਰ ਦੇ ਬੰਦਿਆਂ ਨੇ ਹਮਲਾ ਕਰ ਕੇ, ਉਸ ਦੀ ਇਕ ਅੱਖ ਬਾਹਰ ਕੱਢ ਦਿਤੀ। ਇਸ ਦਰਿੰਦਗੀ ਬਾਰੇ ਯੂਪੀ ਪੁਲਿਸ ਨੇ ਬਹੁਤ ਹੀ ਹਲਕੀਆਂ ਧਾਰਾਵਾਂ ਵਿਚ ਐਫ਼ ਆਈ ਆਰ ਦਰਜ ਕੀਤੀ, ਪਰ ਹੁਣ ਉਸ ਨੌਜਵਾਨ ਨੂੰ ਡਰਾਉਣ ਤੇ ਧਮਕਾਉਣ ਲਈ ਉਲਟਾ ਉਸ ’ਤੇ ਕੌਂਸਲਰ ਨਾਲ ਛੇੜਛਾੜ ਆਦਿ ਕਰਨ ਦੀ ਐਫ਼ਆਈਆਰ ਦਰਜ ਕਰ ਦੇਣਾ ਮੰਦਭਾਗਾ ਹੈ।
ਇਥੇ ਇਹ ਪ੍ਰਗਟਾਵਾ ਕਰਦੇ ਹੋਏ ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਸ.ਅਜੀਤਪਾਲ ਸਿੰਘ ਬਿੰਦਰਾ ਨੇ ਕਿਹਾ,“ਇਹ ਅਫ਼ਸੋਸ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਪੀੜਤ ਸਿੱਖ ਨਾਲ ਖੜੇ ਹੋਣ ਦੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ। ਕੀ ਦਿੱਲੀ ਕਮੇਟੀ ਭਾਜਪਾ ਦੀ ਨਾਰਾਜ਼ਗੀ ਤੋਂ ਡਰ ਕੇ ਚੁੱਪ ਹੈ? ਸ਼੍ਰੋਮਣੀ ਕਮੇਟੀ ਦੀ ਜ਼ਮੀਰ ਕਿਉਂ ਨਹੀਂ ਜਾਗ ਰਹੀ, ਉਹ ਤਾਂ ਸਿੱਖਾਂ ਦੇ ਰਾਖੇ ਬਣੇ ਫਿਰਦੇ ਹਨ?
ਸਿੱਖਾਂ ਦੇ ਹੱਕ ਵਿਚ ਵੱਡੇ ਵੱਡੇ ਦਾਅਵੇ ਕਰਨ ਵਾਲੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਕਿਉਂ ਚੁਪ ਹਨ, ਉਹ ਕਿਉਂ ਨਹੀਂ ਅਪਣੀ ਲੀਡਰਸ਼ਿਪ ਨਾਲ ਗੱਲ ਕਰ ਕੇ ਪੀੜਤ ਸਿੱਖ ਨੂੰ ਇਨਸਾਫ਼ ਦਿਵਾਉਂਦੇ? ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿੱਖ ਅਹੁਦੇਦਾਰਾਂ ਨੇ ਵੀ ਇਸ ਮਾਮਲੇ ਤੋਂ ਕਿਨਾਰਾ ਕੀਤਾ ਹੋਇਆ ਹੈ। ਪੀੜਤ ਸਿੱਖ ਇਨਸਾਫ਼ ਲਈ ਜਾਏ ਤਾਂ ਜਾਏ ਕਿਥੇ? ਕੀ ਇਕ
ਸਿੱਖ ਦੇ ਮਸਲੇ ਨੂੂੰ ਹੁਣ ਪਾਰਟੀਆਂ ਦੇ ਚਸ਼ਮੇ ਵਿਚੋਂ ਵੇਖ ਕੇ, ਉਸ ਦੀ ਮਦਦ ਕੀਤੀ ਜਾਵੇਗੀ ਜਾਂ ਦੁਤਕਾਰ ਦਿਤਾ ਜਾਵੇਗਾ?” ਸ.ਬਿੰਦਰਾ ਨੇ ਕਿਹਾ, ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਸਹਿ ਇੰਚਾਰਜ ਸ.ਜਰਨੈਲ ਸਿੰਘ ਦੀ ਅਗਵਾਈ ਹੇਠ ਕੌਮੀ ਘੱਟ-ਗਿਣਤੀ ਕਮਿਸ਼ਨ ਨੂੰ ਮੰਗ ਪੱਤਰ ਦਿਤਾ ਗਿਆ ਸੀ, ਬਾਵਜੂਦ ਇਸ ਦੇ ਪੀੜਤ ਸਿੱਖ ਦੀ ਕੋਈ ਸੁਣਵਾਈ ਨਾ ਹੋਣਾ, ਹੈਰਾਨ ਕਰਦਾ ਹੈ।