
ਮਾਨ ਨੇ ਸੰਗਰੂਰ ਹਲਕੇ ਦੇ ਨਿਵਾਸੀਆਂ ਤੇ ਪੰਜਾਬ ਵਿਚ ਪਾਰਟੀ ਵਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਦਾ ਉਚੇਚੇ ਤੌਰ ’ਤੇ ਧਨਵਾਦ ਕੀਤਾ
Simranjit Singh Mann News: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 2024 ਦੀਆਂ ਪਾਰਲੀਮੈਟ ਚੋਣਾਂ ਦੇ ਆਏ ਨਤੀਜਿਆਂ ਮਗਰੋਂ ਪੰਜਾਬੀਆਂ ਤੇ ਖ਼ਾਲਸਾ ਪੰਥ ਨੂੰ ਮੁਖ਼ਾਤਬ ਹੁੰਦੇ ਹੋਏ, ਸਿਆਸੀ ਜੰਗ ਵਿਚ ਹੋਈ ਹਾਰ ਮਗਰੋਂ ਕਿਹਾ ਕਿ ਜਿੱਤਾਂ-ਹਾਰਾਂ ਸਿਆਸੀ ਜ਼ਿੰਦਗੀ ਦੇ ਪੜਾਅ ਤਾਂ ਹੋ ਸਕਦੇ ਹਨ, ਪਰ ਕੌਮੀ ਮੰਜ਼ਲ ਨਹੀ। ਇਸ ਲਈ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਮੈਬਰਾਂ, ਸਮਰਥਕਾਂ ਨੂੰ ਇਸ ਸਿਆਸੀ ਹਾਰ ਤੋਂ ਕਿਸੇ ਤਰ੍ਹਾਂ ਵੀ ਢਹਿੰਦੀ ਕਲਾਂ ਵਿਚ ਬਿਲਕੁਲ ਨਹੀ ਜਾਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਆਜ਼ਾਦੀ ਦੇ ਮਿਸ਼ਨ ਲਈ ‘ਇਨ ਗ਼ਰੀਬ ਸਿੱਖਨ ਕੋ ਦੇਊ ਪਾਤਸ਼ਾਹੀ’ ਦੇ ਸ਼ਬਦ ਉਚਾਰਕੇ ਅਪਣੇ ਖ਼ਾਲਸਾ ਪੰਥ ਦੇ ਰਾਜ ਭਾਗ ਕੌਮੀ ਪੰਥ ਦਰਦੀਆਂ ਦੇ ਸਪੁਰਦ ਕਰਨ ਤੇ ਅਪਣਾ ਖ਼ਾਲਸਾ ਪੰਥ ਦਾ ਰਾਜ ਸਥਾਪਤ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਬਚਨਾਂ ਉਤੇ ਸਾਨੂੰ ਸਾਰਿਆ ਨੂੰ ਹਰ ਤਰ੍ਹਾਂ ਦੇ ਉਤਰਾਅ-ਚੜਾਅ ਹੋਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਅਪਣੇ ਮਿਸ਼ਨ ਦੀ ਪ੍ਰਾਪਤੀ ਕਰਨ ਵਿਚ ਸਮੂਹਿਕ ਤੌਰ ’ਤੇ ਰੁੱਝ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪੰਥਕ ਸ਼ਖਸੀਅਤਾਂ ਤੇ ਚਿਹਰਿਆਂ ਨੂੰ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ ਹੈ, ਹੁਣ ਉਨ੍ਹਾਂ ਨੂੰ ਅਪਣੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਪਹਿਲਾਂ ਨਾਲੋਂ ਵੀ ਵਧੇਰੇ ਦ੍ਰਿੜਤਾ, ਦੂਰਅੰਦੇਸ਼ੀ ਅਤੇ ਸਮੂਹਕ ਤਾਕਤ ਨਾਲ ਯੋਗਦਾਨ ਪਾਉਣਾ ਹੋਵੇਗਾ। ਮਾਨ ਨੇ ਸੰਗਰੂਰ ਹਲਕੇ ਦੇ ਨਿਵਾਸੀਆਂ ਤੇ ਪੰਜਾਬ ਵਿਚ ਪਾਰਟੀ ਵਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਦਾ ਉਚੇਚੇ ਤੌਰ ’ਤੇ ਧਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਭਨਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਾਸ ਨੂੰ ਸਹਿਯੋਗ ਕੀਤਾ ਹੈ, ਉਸ ਲਈ ਸਦਾ ਅਪਣੇ ਮਨ ਆਤਮਾ ਵਿਚ ਸਤਿਕਾਰ ਪਿਆਰ ਰੱਖਾਂਗਾ।