
'ਹੁਣ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਦਾ ਵਿਧੀ ਵਿਧਾਨ ਬਣੇ'
ਕੋਟਕਪੂਰਾ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਮਹਿਜ ਥੋੜੇ ਕੁ ਸਮੇਂ ਅੰਦਰ ਤਿੰਨ ਜਥੇਦਾਰਾਂ ਦੀ ਬਦਲੀ ਜਾਂ ਬਰਖ਼ਾਸਤਗੀ ’ਤੇ ਪ੍ਰਤੀਕਰਮ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ-ਏ-ਖ਼ਾਲਸਾ’ ਨੇ ਆਖਿਆ ਕਿ ਬਾਦਲਕਿਆਂ ਨੂੰ ਤਾਂ ਗੁਰਬਚਨ ਸਿੰਘ ਵਰਗਾ ਜਥੇਦਾਰ ਚਾਹੀਦਾ ਹੈ, ਜਿਹੜਾ ਇਨ੍ਹਾਂ ਦੀ ਕੋਠੀ ਵਿਚ ਆ ਕੇ ਸੌਦਾ ਸਾਧ ਨੂੰ ਬਿਨਾ ਮੰਗਿਆਂ ਮਾਫ਼ੀ ਦੇਣ ਤੋਂ ਵੀ ਗੁਰੇਜ਼ ਨਾ ਕਰੇ ਪਰ ਉਨ੍ਹਾਂ ਨੂੰ ਅਜੇ ਇਹ ਇਲਮ ਨਹੀਂ ਹੋਇਆ ਕਿ ਅਜਿਹੇ ਜਥੇਦਾਰਾਂ ਨੂੰ ਕੌਮ ਕਦੇ ਵੀ ਪਸੰਦ ਨਹੀਂ ਕਰਦੀ। ਭਾਈ ਮਾਝੀ ਨੇ ਆਖਿਆ ਕਿ ਜਿਹੜਾ ਜਥੇਦਾਰ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ, ਉਹ ਬਾਦਲਕਿਆਂ ਨੂੰ ਪਸੰਦ ਨਹੀਂ।
ਉਨ੍ਹਾਂ ਅਪਣੀ ਗੱਲ ਸਪੱਸ਼ਟ ਕਰਦਿਆਂ ਆਖਿਆ ਕਿ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਦੀ ‘ਫਸੀਲ’ ਤੋਂ ਹੋਏ ਫ਼ੈਸਲਿਆਂ ਦਾ ਸਿੱਖ ਕੌਮ ਵਲੋਂ ਸਵਾਗਤ ਹੋਇਆ ਸੀ ਅਤੇ ਅੱਜ ਵੀ ਪੂਰੀ ਦੁਨੀਆਂ ਦੀ ਸੰਗਤ ਵਲੋਂ ਇਸ ਦਾ ਸੁਆਗਤ ਹੈ ਪਰ ਸਿਰਫ਼ ਇਕ ਪਰਵਾਰ ਅਤੇ ਉਸ ਦੇ ਚਹੇਤਿਆਂ ਨੂੰ ਇਹ ਫ਼ੈਸਲੇ ਬੁਰੇ ਲੱਗ ਰਹੇ ਹਨ। ਇਹ ਪਰਵਾਰ ਜਦੋਂ ਅੱਜ ਰਾਜਨੀਤਕ ਤੌਰ ’ਤੇ ਮਰ ਚੁੱਕਾ ਹੈ ਤਾਂ ਵੀ ਜਥੇਦਾਰਾਂ ਨਾਲ ਕਿਵੇਂ ਦਾ ਸਲੂਕ ਕਰ ਰਿਹਾ ਹੈ? ਇਸ ਤੋਂ ਸੰਗਤ ਨੂੰ ਜਾਗਰੂਕ ਹੋਣ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ, ਵਿਚਾਰਧਾਰਾ, ਮਰਿਆਦਾ, ਪ੍ਰੰਪਰਾਵਾਂ ਆਦਿ ਦੇ ਹੋ ਰਹੇ ਘਾਣ ਦਾ ਵੀ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਇਹ ਹੈਂਕੜਬਾਜ ਅਕਾਲੀ ਆਗੂ ਸਰਕਾਰ ਵਿਚ ਸਨ ਤਾਂ ਜਥੇਦਾਰਾਂ ਦੇ ਹਾਲਾਤ ਕਿਵੇਂ ਦੇ ਹੋਣਗੇ? ਇਹ ਅੰਦਾਜ਼ਾ ਲਾਉਣਾ ਹੁਣ ਬਿਲਕੁਲ ਵੀ ਔਖਾ ਨਹੀਂ।
ਉਨ੍ਹਾ ਕਿਹਾ ਕਿ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਕਾਰਜ ਖੇਤਰ ਅਤੇ ਸੇਵਾਮੁਕਤੀ ਦਾ ਵਿਧੀ ਵਿਧਾਨ ਬਣਾਉਣ ਲਈ ਯਤਨ ਆਰੰਭਣੇ ਚਾਹੀਦੇ ਹਨ ਤਾਂ ਜੋ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਸੇ ਇਕ ਪਰਵਾਰ ਜਾਂ ਸਿਰਫ਼ ਇਕ ਕਮੇਟੀ ਦੇ ਅਧੀਨ ਨਾ ਰਹਿਣ, ਬਲਕਿ ਉਹ ਸੱਚਮੁੱਚ ਕੌਮ ਦੇ ਜਥੇਦਾਰ ਵਾਲੀ ਸਮਰੱਥਾ ਨੂੰ ਮਹਿਸੂਸ ਕਰਦੇ ਹੋਏ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਆਜ਼ਾਦ ਰੂਪ ਵਿਚ ਪੰਥਕ ਕਾਰਜ ਕਰ ਸਕਣ।