
ਕੈਪਟਨ ਦੇ ਬਿਆਨ ਅਤੇ ਐਸਆਈਟੀ ਦੇ ਕੰਮਾਂ ਤੋਂ ਪੀੜਤਾਂ ਨੂੰ ਬੱਝੀ ਇਨਸਾਫ਼ ਦੀ ਆਸ
ਕੋਟਕਪੂਰਾ : ਭਾਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਚੋਣ ਜ਼ਾਬਤਾ ਹਟਣ ਤੋਂ ਬਾਅਦ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਦੁਬਾਰਾ ਫਿਰ ਐਸਆਈਟੀ ਨਾਲ ਜੋੜਨ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ 'ਚ ਨਾ ਬਖ਼ਸ਼ਣ ਦੇ ਦਿਤੇ ਬਿਆਨ ਨੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਉਣ ਦਾ ਕੰਮ ਕੀਤਾ ਹੈ ਪਰ ਐਸਆਈਟੀ ਵਲੋਂ ਕੁੰਵਰਵਿਜੈ ਪ੍ਰਤਾਪ ਦੀ ਬਦਲੀ ਦੇ ਬਾਵਜੂਦ ਕੀਤੀ ਜਾ ਰਹੀ ਕਾਰਵਾਈ ਤੋਂ ਵੀ ਪੀੜਤ ਪਰਵਾਰ ਸੰਤੁਸ਼ਟ ਜਾਪਦੇ ਹਨ।
Bargari Kand
ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਗਗਨਪ੍ਰੀਤ ਸਿੰਘ ਡਿੰਪਲ ਦੀ ਪੁਲਿਸ ਵਲੋਂ ਕੀਤੀ ਗਈ ਬੇਤਹਾਸ਼ਾ ਕੁੱਟਮਾਰ ਤੋਂ ਬਾਅਦ ਉਸ ਨੂੰ ਬੇਹੋਸ਼ ਕਰ ਦੇਣ ਅਤੇ ਉਸ ਦੀ ਮਾਤਾ ਵਲੋਂ ਮਿੰਨਤਾਂ, ਤਰਲੇ ਅਤੇ ਵਾਸਤੇ ਪਾਉਣ ਦੇ ਬਾਵਜੂਦ ਇਲਾਜ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਦੀਆਂ ਗੱਲਾਂ ਤਾਂ ਭਾਵੇਂ ਐਸਆਈਟੀ ਕੋਲ ਲਿਖਤੀ ਰੂਪ 'ਚ ਦਰਜ ਕਰਵਾਈਆਂ ਜਾ ਚੁਕੀਆਂ ਹਨ ਪਰ ਅੱਜ ਫਿਰ ਐਸਆਈਟੀ ਨੇ ਗਗਨਪ੍ਰੀਤ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰੀ ਮੁਆਇਨਾ ਕਰਵਾਇਆ।
Bargari Kand
ਗਗਨਪ੍ਰੀਤ ਨੇ ਦਸਿਆ ਕਿ ਪੁਲਿਸ ਦੇ ਭਾਰੀ ਤਸ਼ੱਦਦ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਸਰੀਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਸੀ ਬਚਿਆ ਜਿਸ ਉਪਰ ਸੋਟੀਆਂ ਅਤੇ ਡਾਂਗਾਂ ਦੇ ਨਿਸ਼ਾਨ ਨਾ ਛਪੇ ਹੋਣ। ਗਗਨਪ੍ਰੀਤ ਨੇ ਦਸਿਆ ਕਿ ਐਸਆਈਟੀ ਨੇ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤਕ 27 ਵਖੋ ਵਖਰੇ ਐਕਸਰੇ ਕਰਵਾਏ ਕਿਉਂਕਿ ਉਸ ਕੋਲ ਪੁਲਿਸੀਆ ਅਤਿਆਚਾਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਮੌਜੂਦ ਸਨ ਅਤੇ ਉਨ੍ਹਾਂ ਤਸ਼ੱਦਦ ਵਾਲੇ ਨਿਸ਼ਾਨਾ ਦੇ ਆਧਾਰ 'ਤੇ ਐਸਆਈਟੀ ਨੇ 27 ਐਕਸਰੇ ਕਰਵਾਏ। ਐਸਆਈਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਬਾਰੇ ਭਾਵੇਂ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਪਰ ਪੀੜਤ ਪਰਵਾਰਾਂ ਨੂੰ ਹੁਣ ਐਸਆਈਟੀ ਦੀ ਜਾਂਚ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਪੂਰੀ ਆਸ ਬੱੱਝੀ ਹੈ।