
ਵਿਦਿਆਰਥਣ ਦੇ ਮਾਪਿਆਂ ਅਤੇ ਸਿੱਖ ਆਗੂਆਂ ਨੇ ਜਤਾਇਆ ਵਿਰੋਧ
ਨਵੀਂ ਦਿੱਲੀ: ਕਾਉਂਸਿਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੇ ਪੇਪਰ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਪਾ ਕੇ ਪ੍ਰੀਖਿਆ ਹਾਲ ਵਿਚ ਦਾਖਣ ਹੋਣ ਦੀ ਮਨਜ਼ੂਰੀ ਨਹੀਂ ਦਿਤੀ ਗਈ। ਇਸ ਦੇ ਚਲਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਜਾਗੋ ਪਾਰਟੀ ਦੇ ਆਗੂ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਇਆ।
ਇਹ ਵੀ ਪੜ੍ਹੋ: ਕਿਸਾਨ ਹੁਣ ‘ਟਮਾਟਰ ਚੋਰਾਂ’ ਤੋਂ ਤੰਗ, ਖੇਤਾਂ ’ਚ ਰਾਖੀ ਲਈ ਲਾਏ ਤੰਬੂ
ਦਿੱਲੀ ਦੇ ਸਰਿਤਾ ਵਿਹਾਰ ਵਿਚ ਆਈ.ਸੀ.ਐਮ.ਆਰ. ਵਿਚ ਇਹ ਪ੍ਰੀਖਿਆ ਆਯੋਜਤ ਕੀਤੀ ਗਈ, ਜਿਸ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਉਤਾਰਨ ਲਈ ਕਿਹਾ ਗਿਆ। ਡੀ.ਐਸ.ਜੀ.ਐਮ.ਸੀ. ਦੇ ਆਗੂ ਸਤਨਾਮ ਸਿੰਘ ਅਤੇ ਜਤਿੰਦਰ ਸਿੰਘ ਬੋਬੀ ਨੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ। ਇਸ ਦੌਰਾਨ ਮਾਮਲਾ ਕਾਫੀ ਗਰਮਾ ਗਿਆ ਹਾਲਾਂਕਿ ਬਾਅਦ ਵਿਚ ਬੱਚਿਆਂ ਨੂੰ ਪ੍ਰੀਖਿਆ ਹਾਲ ਵਿਚ ਕੜੇ ਅਤੇ ਕਿਰਪਾਨ ਸਣੇ ਜਾਣ ਦੀ ਮਨਜ਼ੂਰੀ ਦਿਤੀ ਗਈ।
ਇਹ ਵੀ ਪੜ੍ਹੋ: ਮਲੋਟ: ਨੌਜੁਆਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਵਿਦਿਆਰਥਣ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਵਲੋਂ ਦਿਤੇ ਗਏ ਪਛਾਣ ਪੱਤਰ (ਪਾਸਪੋਰਟ) ਵਿਚ ਉਸ ਦੇ ਧਰਮ ਬਾਰੇ ਲਿਖਿਆ ਹੋਇਆ ਹੈ, ਇਸ ਦੇ ਬਾਵਜੂਦ ਉਸ ਨੂੰ ਕੜਾ ਉਤਾਰਨ ਲਈ ਕਿਹਾ ਗਿਆ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਕਾਰ ਸਾਡੀ ਪਛਾਣ ਹਨ, ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ: ਮੀਂਹ ਤੇ ਹਨੇਰੀ ਕਾਰਨ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਡਿੱਗਿਆ ਦਰੱਖ਼ਤ, ਬੁਰੀ ਤਰ੍ਹਾਂ ਨੁਕਸਾਨੀ ਕਾਰ
ਲੜਕੀ ਦੇ ਪਿਤਾ ਨੇ ਸਰਕਾਰ ਨੂੰ ਅਜਿਹੇ ਮਸਲਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਸਿੱਖਾਂ ਦੇ ਬੱਚਿਆਂ ਨਾਲ ਅਜਿਹੀਆਂ ਘਟਨਾਵਾਂ ਨਾ ਵਾਪਰੇ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਵੀ ਹੋਰ ਕਈ ਥਾਵਾਂ ’ਤੇ ਅਜਿਹੇ ਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖਾਂ ਦੇ ਕਾਨੂੰਨੀ ਹੱਕਾਂ ਲਈ ਲੜਦੇ ਰਹੇ ਹਾਂ ਅਤੇ ਕਿਸੇ ਵੀ ਹਾਲ ਵਿਚ ਇਨ੍ਹਾਂ ਹੱਕਾਂ ’ਤੇ ਡਾਕਾ ਨਹੀਂ ਪੈਣ ਦੇਵਾਂਗੇ।