
ਸ਼ਰਧਾਲੂਆਂ ਨੂੰ ਲੰਗਰ ਸਟੀਲ ਦੀਆਂ ਪਲੇਟਾਂ ਤੇ ਪਾਣੀ ਸਟੀਲ ਦੇ ਗਿਲਾਸਾਂ 'ਚ ਦਿੱਤਾ ਜਾਵੇਗਾ।
ਨਵੀਂ ਦਿੱਲੀ : ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਤਰ੍ਹਾਂ ਦੇ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੱਤੀ।
Gurdwara Bangla Sahib
ਸਿਰਸਾ ਨੇ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ 'ਚ ਡਿਸਪੋਜ਼ੇਬਲ ਪਲੇਟਾਂ, ਗਲਾਸ, ਚੱਮਚ, ਥਰਮਾਕੋਲ ਕੱਪ ਅਤੇ ਪਲੇਟ ਆਦਿ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਲੰਗਰ ਸਟੀਲ ਦੀਆਂ ਪਲੇਟਾਂ ਤੇ ਪਾਣੀ ਸਟੀਲ ਦੇ ਗਿਲਾਸਾਂ 'ਚ ਦਿੱਤਾ ਜਾਵੇਗਾ। ਸਿਰਸਾ ਨੇ ਦਸਿਆ ਕਿ ਵਿਰਾਸਤੀ ਕੰਪਲੈਕਸ 'ਚ ਵਾਤਾਵਰਣ ਉਪਯੋਗੀ ਕਦਮਾਂ ਨਾਲ ਗੁਰਦੁਆਰਾ ਕੰਪਲੈਕਸ ਨੂੰ ਰਾਜਧਾਨੀ ਦਿੱਲੀ 'ਚ ਸਭ ਤੋਂ ਵਧ ਹਰਿਆਲੀ ਕੈਂਪਸ ਦੇ ਰੂਪ 'ਚ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰੇ 'ਚ ਏਕਲ ਉਪਯੋਗ ਪਲਾਸਟਿਕ ਪਲੇਟ, ਗਿਲਾਸ, ਚਮਚੇ, ਥਰਮਾਕੋਲ ਕੱਪ ਅਤੇ ਪਲਾਸਟਿਕ ਦੀਆਂ ਥਾਲੀਆਂ ਆਦਿ 'ਤੇ 2 ਅਕਤੂਬਰ ਤੋਂ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ
Gurudwara Bangla Sahib
ਸਿਰਸਾ ਨੇ ਕਿਹਾ ਕਿ ਇਸ ਕਦਮ ਨਾਲ ਗੁਰਦੁਆਰਾ ਕੰਪਲੈਕਸ 'ਚ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਣ 'ਚ ਹਰ ਦਿਨ ਇਸਤੇਮਾਲ ਕੀਤੇ ਜਾ ਰਹੇ ਲਗਭਗ 5 ਹਜ਼ਾਰ ਬੈਗ ਅਤੇ ਥਰਮਾਕੋਲ ਸਮਗਰੀ ਦੀ ਜਗ੍ਹਾ ਹੁਣ ਜੂਟ ਬੈਗ ਅਤੇ ਕਟੋਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁਰਦੁਆਰੇ 'ਚ ਹਰ ਦਿਨ 75 ਹਜ਼ਾਰ ਤੱਕ ਸ਼ਰਧਾਲੂ ਪਹੁੰਚਦੇ ਹਨ ਅਤੇ ਵਿਸ਼ੇਸ਼ ਮੌਕਿਆਂ 'ਤੇ ਇਹ ਗਿਣਤੀ 2 ਲੱਖ ਤੱਕ ਹੋ ਜਾਂਦੀ ਹੈ। ਕੰਪਲੈਕਸ 'ਚ ਫੁੱਲਾਂ ਅਤੇ ਪ੍ਰਸਾਦ ਦੀ ਬਚੀ ਸਮਗਰੀ, ਮਾਲਾ ਅਤੇ ਸੁੱਕੀਆਂ ਪਤੀਆਂ ਆਦਿ ਦੇ ਨਿਪਟਾਰੇ ਲਈ 2 ਟਨ ਪ੍ਰਤੀ ਦਿਨ ਸਮਰੱਥਾ ਦਾ ਰੀਸਾਈਕਲਿੰਗ ਪਲਾਂਟ ਸਥਾਪਤ ਕੀਤਾ ਗਿਆ ਹੈ, ਜੋ ਕਿ ਬਚੀ ਹੋਈ ਸਮਗਰੀ ਨੂੰ ਆਰਗੇਨਿਕ ਖਾਦ ਅਤੇ ਵਰਮੀ ਕੰਪੋਸਟ 'ਚ ਬਦਲ ਦੇਵੇਗਾ।