
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ..............
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਪੱਤਰ ਦੇ ਕੇ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਸੰਦਰਭ ਵਿਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਫੈਸਲਾ ਕਰ ਕੇ ਸਿੱਖ ਸਿਧਾਂਤਾਂ ਨੂੰ ਲੈ ਕੇ ਆਪਸੀ ਵਿਚਾਰਾਂ ਦੇ ਵਖਰੇਵਿਆਂ ਕਾਰਨ ਪੰਥ ਵਿਚੋਂ ਛੇਕੇ ਗਏ ਵਿਅਕਤੀਆਂ ਨੂੰ ਪੰਥ ਵਿਚ ਮੁੜ ਤੋਂ ਆਪਣੇ ਆਪ ਸ਼ਾਮਲ ਕਰ ਲਿਆ ਜਾਵੇ ਤੇ ਪੇਸ਼ ਹੋਣ ਦੀ ਕੋਈ ਸ਼ਰਤ ਨਾ ਰੱਖੀ ਜਾਵੇ।
ਯਾਦ ਰਹੇ ਪਹਿਲਾਂ ਵੀ ਇਕ ਵਾਰ ਅਜਿਹੀ 'ਰਿਵਾਇਤ' ਦਾ ਐਲਾਨ ਕਰਦਿਆਂ ਕਿਹਾ ਗਿਆ ਸੀ ਕਿ ਅਕਾਲ ਤਖ਼ਤ 'ਤੇ ਪੇਸ਼ ਹੋਣ ਦੀ ਬਜਾਏ, ਸਥਾਨਕ ਗੁਰਦਵਾਰੇ ਵਿਚ ਜਾ ਕੇ ਅਪਣੇ ਆਪ ਅਰਦਾਸ ਕਰ ਲਈ ਜਾਵੇ। ਉਦੋਂ ਇਸ 'ਰਿਵਾਇਤ' ਨੂੰ ਕਿਸੇ ਨੇ ਪ੍ਰਵਾਨ ਨਹੀਂ ਸੀ ਕੀਤਾ। ਮਾਹਰਾਂ ਦਾ ਕਹਿਣਾ ਸੀ ਕਿ ਜੇ ਕਿਸੇ ਵਿਰੁਧ ਜਥੇਦਾਰਾਂ ਨੇ ਕਿੜ ਕੱਢਣ ਲਈ ਛੇਕਿਆ ਸੀ ਤਾਂ ਕੋਈ ਸ਼ਰਤ ਰੱਖੇ ਬਗੈਰ ਉਸ ਤਰ੍ਹਾਂ ਹੀ 'ਹੁਕਮਨਾਮਾ' ਵਾਪਸ ਲਿਆ ਜਾਣਾ ਚਾਹੀਦਾ ਹੈ, ਜਿਵੇਂ ਗਿਆਨੀ ਦਿੱਤ ਸਿੰਘ ਬਾਰੇ 100 ਸਾਲ ਮਗਰੋਂ ਕੀਤਾ ਗਿਆ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਹਰ ਮਾਮਲੇ ਨਾਲ ਗੁਣ-ਦੋਸ਼ ਦੇ ਆਧਾਰ 'ਤੇ ਨਜਿੱਠਣ ਚਾਹੀਦਾ ਹੈ ਤੇ ਸਭ ਉੱਤੇ ਇਕੋ ਤਰ੍ਹਾਂ ਦਾ ਫੈਸਲਾ ਲਾਗੂ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਮਾਹਰਾਂ ਅਨੁਸਾਰ ਹਰ ਛੇਕੇ ਹੋਏ ਨਾਲ ਆਪ ਗੱਲ ਕਰਨੀ ਚਾਹੀਦੀ ਹੈ ਤੇ ਉਸ ਦੀ ਪ੍ਰਵਾਨਗੀ ਲੈਣ ਮਗਰੋਂ ਹੀ ਕੋਈ ਐਲਾਨ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਪਿਛਲੀ ਵਾਰ ਵਾਂਗ ਹੀ ਸਭ ਬੇਕਾਰ ਹੋ ਜਾਵੇਗਾ। ਸ. ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਵੀ ਕੋਈ ਮੰਗ ਲੈ ਕੇ ਨਹੀ ਆਏ ਸਗੋ ਸਿਰਫ ਅਰਜ਼ ਕਰਨ ਵਾਸਤੇ ਆਏ ਹਨ
ਕਿ ਸਿਧਾਂਤਾਂ ਤੇ ਵਿਚਾਰਾਂ ਦੇ ਵਖਰੇਵਿਆਂ ਕਾਰਨ ਜਿਹੜੇ ਸਿੱਖ ਵਿਦਵਾਨਾਂ ਤੇ ਹੋਰ ਵਿਅਕਤੀਆਂ ਨੂੰ ਪਿਛਲੇ ਸਮੇਂ ਦੌਰਾਨ ਪੰਥ ਵਿੱਚੋ ਛੇਕਿਆ ਗਿਆ ਹੈ ਉਹਨਾਂ ਦੀ ਪੰਥ ਵਿੱਚ ਮੁੜ ਵਾਪਸੀ ਦਾ ਰਾਹ ਪੱਧਰਾ ਕਰ ਕੇ ਉਹਨਾਂ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਮੌਕੇ ਤੇ ਆਮ ਪੰਥ ਵਾਪਸੀ ਦਾ ਰਾਹ ਖੋਲ੍ਹ ਕੇ ਪੰਥਕ ਏਕਤਾ ਨੂੰ ਮਜ਼ਬੂਤ ਕੀਤਾ ਜਾਏ ਤੇ ਕਿਸੇ ਨੂੰ ਇਹ ਗਿਲਾ ਨਾ ਰਹਿਣ ਦਿਤਾ ਜਾਏ ਕਿ ਉਸ ਨਾਲ ਧੱਕਾ ਹੋਇਆ ਹੈ। ਬਰਗਾੜੀ ਮੋਰਚੇ ਦੀ ਹਮਾਇਤ ਕਰਦਿਆ ਉਨ੍ਹਾਂ ਕਿਹਾ ਕਿ ਉਹ ਇਕ ਵਾਰੀ ਜਾ ਕੇ ਆਏ ਹਨ
ਤੇ ਉਹ ਪਾਕਿਸਤਾਨ ਤੋਂ ਪਰਤਣ ਉਪਰੰਤ ਇਕ ਵਾਰੀ ਫਿਰ ਜਾ ਕੇ ਆਉਣਗੇ ਤੇ ਮੋਰਚਾ ਲਗਾਉਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨਗੇ। ਉਨ੍ਹਾਂ ਜਸਟਿਸ ਰਣਜੀਤ ਸਿੰਘ ਦੇ ਇਕ ਮੈਂਬਰੀ ਕਮਿਸ਼ਨ ਵਲੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਦਿਤੀ ਰਿਪੋਰਟ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ 'ਤੇ ਸਰਕਾਰ ਬਣਦੀ ਕਾਰਵਾਈ ਕਰੇ। ਉਨ੍ਹਾਂ ਸੀ ਬੀ ਆਈ ਦੀ ਜਾਂਚ ਨੂੰ ਮੁੱਢੋਂ ਹੀ ਨਕਾਰਦਿਆਂ ਕਿਹਾ ਕਿ ਇਸ ਦੀ ਲੋੜ ਨਹੀ ਤੇ ਪਾਰਲੀਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਪਾਰਲੀਮੈਂਟ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸੀ ਬੀ ਆਈ ਦੀ ਜਾਂਚ ਨੂੰ ਨਕਾਰ ਚੁੱਕੇ ਹਨ।
ਉਨ੍ਹਾਂ ਬਰਗਾੜੀ ਮੋਰਚੇ ਵਾਲਿਆਂ ਨੂੰ ਆਈ ਐਸ ਆਈ ਤੋਂ ਆਉਂਦੇ ਫੰਡਾਂ ਦੇ ਦੋਸ਼ਾਂ ਨੂੰ ਵੀ ਨਕਾਰਦਿਆਂ ਕਿਹਾ ਕਿ ਜਿਹੜੇ ਵਿਅਕਤੀ ਇਹ ਦੋਸ਼ ਲਗਾ ਰਹੇ ਹਨ ਉਨ੍ਹਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਉਨ੍ਹਾਂ ਪਿਛਲੇ ਦਸ ਸਾਲਾਂ ਵਿਚ ਇੰਨੇ ਅਮੀਰ ਕੀ ਆਈ ਐਸ ਆਈ ਤੋਂ ਫੰਡ ਲੈ ਕੇ ਹੋਏ ਹਨ? ਇਸ ਸਮੇਂ ਉਨ੍ਹਾਂ ਦੇ ਨਾਲ ਦਲ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਤੇ ਹੋਰ ਸ਼ਾਮਿਲ ਸਨ ।