
ਸਿਰਸਾ ਦੇ ਬਿਆਨਾਂ ਕਾਰਨ ਫਸੇ ਅਕਾਲੀਆਂ ਨੂੰ ਉਪਰੋਂ ਆਏ ਹੁਕਮਾਂ ਸਦਕਾ ਆਦੇਸ਼ ਨਾਲ ਬਚਾ ਲਿਆ
ਅੰਮ੍ਰਿਤਸਰ (ਪਰਮਿੰਦਰ ਅਰੋੜਾ): ਪੰਥਕ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਕ ਵਾਰ ਫਿਰ ਤੋਂ ਅਕਾਲੀ ਦਲ ਦੇ ਸੰਕਟ ਮੋਚਨ ਦੀ ਭੂਮਿਕਾ ਵਿਚ ਹੈ। ਕੁੱਝ ਸੂਤਰਾਂ ਦੀ ਮੰਨੀ ਜਾਵੇ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਨਮੋਸ਼ੀ ਤੋਂ ਬਚਾਉਣ ਲਈ ਅਕਾਲੀ ਦਲ ਨੇ ਜਥੇਦਾਰ ਰਾਹੀਂ ਇਸ ਮਾਮਲੇ ਵਿਚ ਪੂਰਾ ਯੋਗਦਾਨ ਪਾਇਆ। ਜਥੇਦਾਰ ਹਰਪੀ੍ਰਤ ਸਿੰਘ ਨੇ ਵੀ ਬੀਬੇ ਬੱਚੇ ਵਾਂਗ ਅਕਾਲੀ ਦਲ ਦੇ ਆਦੇਸ਼ ਨੂੰ ਸਿਰ ਮੱਥੇ ਤੇ ਸਵੀਕਾਰ ਕਰਦਿਆਂ ਫ਼ੈਸਲਾ ਸੁਣਾ ਦਿਤਾ।
SGPC
ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਨੂੰ ਲੈ ਕੇ ਰਾਜਨੀਤੀ ਦਾ ਇਕ ਨਵਾਂ ਅਧਿਆਏ ਸ਼ੁਰੂ ਹੋ ਚੁੱਕਾ ਹੈ। ਦਿੱਲੀ ਅਕਾਲੀ ਦਲ ਨੇ ਜਦ ਗੁਰਦਵਾਰਾ ਨਾਨਕ ਪਿਆਉ ਤੋਂ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤਕ ਨਗਰ ਕੀਰਤਨ ਲੈ ਕੇ ਜਾਣ ਦਾ ਐਲਾਨ ਕੀਤਾ ਤਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਬਰਾਬਰ ਤੇ ਨਗਰ ਕੀਰਤਨ ਕਢਣ ਲਈ ਬਿਆਨ ਜਾਰੀ ਕਰ ਦਿਤੇ।
Manjinder Sirsa
ਸ. ਸਿਰਸਾ ਦੇ ਬਿਆਨਾਂ ਤੋਂ ਬਾਅਦ ਪਾਕਿਸਤਾਨ ਦੇ ਵੱਖ ਵੱਖ ਮਹਿਕਮੇ ਬਾਰ ਬਾਰ ਇਹ ਕਹਿੰਦੇ ਰਹੇ ਕਿ ਸਾਡੇ ਵਲੋਂ ਸਿਰਫ ਇਕ ਹੀ ਨਗਰ ਕੀਰਤਨ ਦੀ ਇਜਾਜ਼ਤ ਦਿਤੀ ਗਈ ਹੈ ਤੇ ਉਹ ਨਗਰ ਕੀਰਤਨ ਦਿੱਲੀ ਅਕਾਲੀ ਦਲ ਵਲੋਂ ਸ. ਪਰਮਜੀਤ ਸਿੰਘ ਸਰਨਾ ਲੈ ਕੇ ਆ ਰਹੇ ਹਨ। ਇਸ ਦੇ ਬਾਵਜੂਦ ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਅਪਣੀ ਕਹੀ ਗਲ ਨੂੰ ਬਾਰ ਬਾਰ ਦਹੁਰਾਉਂਦੇ ਰਹੇ। ਉਨ੍ਹਾਂ ਨਾਲ ਲੈ ਕੇ ਜਾਣ ਵਾਲੀਆਂ ਸੰਗਤਾਂ ਕੋਲੋ ਪਾਸਪੋਰਟ ਵੀ ਲੈ ਲਏ ਤਾਕਿ ਵੀਜ਼ਾ ਜਾਰੀ ਕਰਵਾ ਸਕਣ।
Giani Harpreet Singh
ਅਖ਼ਬਾਰਾਂ ਵਿਚ ਨਗਰ ਕੀਰਤਨ ਨੂੰ ਲੈ ਕੇ ਸ. ਸਿਰਸਾ ਦੇ ਬਿਆਨ ਵੇਖ ਕੇ ਹਰ ਕੋਈ ਹੈਰਾਨ ਸੀ। ਜਿਸ ਵਿਸ਼ਵਾਸ ਨਾਲ ਸ. ਸਿਰਸਾ ਬਿਆਨ ਜਾਰੀ ਕਰ ਰਹੇ ਸਨ ਉਸ ਨੂੰ ਵੇਖ ਕੇ ਲਗਦਾ ਸੀ ਕਿ ਸ਼ਾਇਦ ਉਹ ਵੀ ਨਗਰ ਕੀਰਤਨ ਲੈ ਕੇ ਜਾਣ। ਜਦ ਕਿ ਸ. ਸਿਰਸਾ ਇਹ ਭਲੀ-ਭਾਂਤ ਜਾਣਦੇ ਸਨ ਕਿ ਉਨ੍ਹਾਂ ਕੋਲ ਨਗਰ ਕੀਰਤਨ ਦੀ ਕੋਈ ਇਜਾਜ਼ਤ ਨਹੀ ਹੈ।
ਜਨਤਕ ਤੌਰ ਤੇ ਹੋਣ ਵਾਲੀ ਨਮੋਸ਼ੀ ਤੋਂ ਬਚਣ ਲਈ ਹੱਥ-ਪੈਰ ਮਾਰਦੇ ਅਤੇ ਧਰਮ ਦੇ ਨਾਮ ਤੇ ਰਾਜਨੀਤੀ ਦੀ ਬਿਸਾਤ ਤੇ ਮੋਹਰੇ ਸੈਟ ਕਰ ਰਹੇ ਸ. ਸਿਰਸਾ ਨੇ ਆਖ਼ਰ ਧਰਮ ਦਾ ਸਹਾਰਾ ਲਿਆ। ਪਹਿਲਾਂ ਨਗਰ ਕੀਰਤਨ ਦੀ ਤਰੀਕ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋ ਕਰਦਿਆਂ ਤਰੀਕ ਬਦਲੀ ਗਈ ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ''ਆਦੇਸ਼ ਨੂੰ ਮੰਨਦਿਆਂ'' ਹੁਣ ਜਥੇਦਾਰ ਦੇ ਫ਼ੈਸਲੇ ਤੇ ਫੁੱਲ ਝੜਾ ਦਿਤੇ ਹਨ। ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਕ ਵਾਰ ਫਿਰ ਤੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਕਾਲੀ ਦਲ ਦਾ ਸੰਕਟ ਮੋਚਨ ਬਣਿਆ।