
ਯੂਨਾਈਟਿਡ ਸਿੱਖਜ਼ ਸੰਸਥਾ ਮਨੁੱਖਤਾ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ : ਦਲਜੀਤ ਸਿੰਘ
ਲੁਧਿਆਣਾ : ਗੁਰੂ ਸਾਹਿਬ ਵਲੋਂ ਬਖ਼ਸ਼ੇ ਸੇਵਾ ਦੇ ਸਿਧਾਂਤ ਅਨੁਸਾਰ ਬੇਸਹਾਰਾ, ਲੋੜਵੰਦਾਂ ਅਤੇ ਕੁਦਰਤੀ ਆਫ਼ਤਾਂ ਦੀ ਸ਼ਿਕਾਰ ਮਨੁੱਖਤਾ ਦੀ ਮਦਦ ਕਰਨ ਦੇ ਸੰਕਲਪ ਨੂੰ ਲੈ ਕੇ ਯੂਨਾਈਟਿਡ ਸਿੱਖਜ਼ ਦੀ ਟੀਮ ਵਲੋਂ ਕੌਮਾਂਤਰੀ ਪੱਧਰ 'ਤੇ ਕੀਤੇ ਜਾ ਰਹੇ ਸੇਵਾ ਕਾਰਜਾਂ ਨੂੰ ਦੁਨੀਆਂ ਭਰ ਦੇ ਲੋਕਾਂ ਵਲੋਂ ਸਲਾਹਿਆ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਦਲਜੀਤ ਸਿੰਘ ਡਾਇਰੈਕਟਰ ਯੂਨਾਈਟਿਡ ਸਿੱਖਜ਼ ਨੇ ਸਥਾਨਕ ਮਾਡਲ ਟਾਊਨ ਐਕਸਟੈਸ਼ਨ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਯੂਨਾਈਟਿਡ ਸਿੱਖਜ਼ ਵਲੋਂ ਆਯੋਜਤ ਕੀਤੀ ਗਈ ਸਾਲਾਨਾ ਏ.ਜੀ.ਐਮ ਮੀਟਿੰਗ ਉਪਰੰਤ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਹੋਇਆ ਕੀਤਾ।
ਉਨ੍ਹਾਂ ਨੇ ਅਪਣੀ ਗੱਲਬਾਤ ਦੌਰਾਨ ਦਸਿਆ ਕਿ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਇਕੋ-ਇਕ ਅਜਿਹੀ ਸੰਸਥਾ ਹੈ ਜਿਸ ਨੂੰ ਯੂ.ਐਨ.ਓ. ਤੋਂ ਮਾਨਤਾ ਪ੍ਰਾਪਤ ਹੈ ਕਿਉਂਕਿ ਸਾਡੀ ਸੰਸਥਾ ਵਿਸ਼ਵ ਵਿਆਪੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਯੂ.ਐਨ.ਓ. ਨਾਲ ਮਿਲ ਕੇ ਅਪਣੇ ਸਮਾਜ ਸੇਵੀ ਕਾਰਜ ਸਮੁੱਚੇ ਸੰਸਾਰ ਅੰਦਰ ਕਰਦੀ ਹੈ।
ਖ਼ਾਸ ਕਰ ਕੇ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਹਮੇਸ਼ਾ ਹੀ ਕੁਦਰਤੀ ਆਫ਼ਤਾਂ ਤੋਂ ਪੀੜਤ ਲੋਕਾਂ ਦੀ ਮਦਦ ਕਰਨ, ਲੋੜਵੰਦਾਂ ਨੂੰ ਰਾਹਤ ਸਮੱਗਰੀ ਦੇਣ, ਖਾਣ-ਪੀਣ ਦੀਆਂ ਵਸਤਾਂ ਨਿਸ਼ਕਾਮ ਰੂਪ ਵਿਚ ਪਹੁੰਚਾਉਣ ਅਤੇ ਦੇਸ਼ਾ-ਵਿਦੇਸ਼ਾਂ ਵਿਚ ਲੋੜਵੰਦ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ। ਇਸ ਦੌਰਾਨ ਸ. ਦਲਜੀਤ ਸਿੰਘ ਨੇ ਦਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਇੱਕਤਰ ਹੋਏ ਸੰਸਥਾ ਦੇ ਡਾਇਰੈਕਟਰਾਂ ਤੇ ਪ੍ਰਮੁੱਖ ਅਹੁਦੇਦਾਰਾਂ ਨੇ ਸਾਂਝੇ ਰੂਪ ਵਿਚ ਫ਼ੈਸਲਾ ਲਿਆ ਹੈ ਕਿ ਭਾਰਤ ਦੇਸ਼ ਅੰਦਰ ਖ਼ਾਸ ਕਰ ਕੇ ਪੰਜਾਬ ਰਾਜ ਅੰਦਰ ਯੂਨਾਈਟਿਡ ਸਿੱਖਜ਼ ਸੰਸਥਾ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਜਾਗਰੂਕ ਮਹਿੰਮ ਚਲਾ ਕੇ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਸਾਹਿਬ ਵਲੋਂ ਬਖ਼ਸ਼ੇ ਹੋਈ ਸਿਧਾਂਤਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛੱਕੋ ਨਾਲ ਜੋੜਿਆ ਜਾਵੇਗਾ।