
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਤੇ ਹਰਮਨਦੀਪ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਪ੍ਰਵੀਨ ਕੁਮਾਰ.............
ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਤੇ ਹਰਮਨਦੀਪ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਪ੍ਰਵੀਨ ਕੁਮਾਰ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਝੂਠੇ ਮੁਕਾਬਲਿਆਂ ਦੇ 35 ਪੀੜਤ ਪਰਵਾਰ ਇਨਸਾਫ਼ ਨਾ ਮਿਲਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਖੁੱਲ੍ਹੀ ਚਿੱਠੀ ਲਿਖੀ ਹੈ।
ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਲੋਕਾਂ ਨੂੰ ਮਾਫ਼ੀ ਦੇਣ ਦੀ ਮੰਗ ਕੀਤੀ ਹੈ, ਜੋ ਬੇਗੁਨਾਹ ਕਤਲ ਕਰਨ ਲਈ ਜ਼ੁੰਮੇਵਾਰ ਹਨ। ਇਹ ਕਾਰਵਾਈ ਅਦਾਲਤੀ ਪ੍ਰਣਾਲੀ ਵਿਚ ਵਿਘਨ ਪਾਉਣ ਵਾਲੀ ਹੈ। ਪੀੜਤ ਪਰਵਾਰ ਲੰਮੇ ਅਰਸੇ ਤੋਂ ਅਦਾਲਤਾਂ ਦੇ ਚੱਕਰ ਇਨਸਾਫ਼ ਲਈ ਕੱਟ ਰਹੇ ਹਨ। ਬਹਿਬਲ ਗੋਲੀ ਕਾਂਡ ਵਿਚ ਅੱਧੀ ਦਰਜਨ ਨਿਰਦੋਸ਼ਾਂ ਨੂੰ ਮਨੁੱਖੀ ਢਾਲ ਬਣਾ ਕੇ ਸ਼ਹੀਦ ਕੀਤਾ ਗਿਆ। ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਝੂਠੇ ਮੁਕਾਬਲਿਆਂ ਲਈ ਜ਼ੁੰਮੇਵਾਰ ਹੈ ਪਰ ਇਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਵਿਚ ਸੈਣੀ ਵਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਕੁਲਵੰਤ ਸਿੰਘ ਦੇ ਪਰਵਾਰ ਨੂੰ ਖ਼ਤਮ ਕਰਨ ਦਾ ਜਿਕਰ ਕੀਤਾ। ਉਨ੍ਹਾਂ ਬੀਬੀ ਅਮਰ ਕੌਰ ਦੇ ਅਦਾਲਤ ਵਿਚ ਚਲ ਰਹੇ ਕੇਸ ਦਾ ਵੀ ਵੇਰਵਾ ਪਾਇਆ। ਪਰ ਸੈਣੀ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਕੀੜੀ ਬੋਤਲਾਂ ਕਾਂਡ 'ਚ ਮਾਰੇ 7 ਨਿਰਦੋਸ਼ਾਂ ਦੀ ਪੜਤਾਲ ਨਹੀਂ ਹੋਈ। ਪੱਤਰਕਾਰ ਰਾਮ ਸਿੰਘ ਬਲਿੰਗ ਦੇ ਕਤਲ ਦਾ ਸੁਰਾਗ ਨਹੀਂ ਮਿਲਿਆ। ਪੁਲਿਸ ਵਲੋਂ ਐਡਵੋਕੇਟ ਰਣਬੀਰ ਸਿੰਘ ਮਾਨਸ਼ਾਹੀਆ ਦੇ ਕਤਲ ਦਾ ਵੀ ਕੁੱਝ ਨਹੀਂ ਬਣਿਆ।
ਉਨ੍ਹਾਂ ਮੁੱਖ ਮੰਤਰੀ 'ਤੇ ਜ਼ੋਰ ਦਿਤਾ ਕਿ ਉਹ ਝੂਠੇ ਮੁਕਾਬਲੇ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰ ਕੇ ਇਨਸਾਫ਼ ਦੇਣ ਜਾਂ ਫਿਰ ਨੈਤਿਕਤਾ ਦੇ ਆਧਾਰ 'ਤੇ ਅਹੁਦਾ ਛੱਡਣ। ਇਸ ਮੌਕੇ ਸੁਖਚੈਨ ਸਿੰਘ ਬਹਿਲਾ, ਬੀਬੀ ਸੁਖਵੰਤ ਕੌਰ, ਬੀਬੀ ਜਸਬੀਰ ਕੌਰ, ਕਿੱਲੀ ਬੋਦਲਾਂ, ਗੁਰਬਚਨ ਸਿੰਘ, ਹਰਜਿੰਦਰ ਸਿੰਘ ਮੁਰਾਦਪੁਰ, ਗੁਰਜੀਤ ਸਿੰਘ ਤਰਸਿੱਕਾ, ਸਵਿੰਦਰ ਕੌਰ ਡੇਅਰੀਵਾਲ, ਸਿਮਰਜੀਤ ਕੌਰ, ਸੇਵਾ ਸਿੰਘ, ਬਲਕਾਰ ਸਿੰਘ ਆਦਿ ਮੌਜੂਦ ਸਨ।